Sunday, 9 December 2018

ਪੰਜਾਬ ਤੈਨੂੰ ਪੁੱਤ ਪਏ ਸੂਲੀ ਤੇ ਚਾੜ੍ਹ ਦੇ ,
ਤਸਵੀਰ ਰੰਗਲੀ ਜਿਹੀ ਜਾਂਦੇ ਵਿਗਾੜ ਦੇ ।

ਧਰਤੀ ਦਾ ਦਿਲ ਹੈ ਟੁੱਟਦਾ ਮਿੱਟੀ ਦੀ ਕੂਕ ਸੁਣ ,
ਖੇਤਾਂ 'ਚ ਜਦ ਕਦੇ ਵੀ ਪਰਾਲੀ ਨੂੰ ਸਾੜ ਦੇ ।

ਲਾਲਚ ਨੇ ਹੀ ਇਹ ਪਾਠ ਪੜ੍ਹਾਇਆ ਮਨੁੱਖ ਨੂੰ ,
ਸ਼ਹਿਰ ਆਪਣੇ ਉਸਾਰ ਤੂੰ ਜੰਗਲ ਉਜਾੜ ਦੇ ।

ਸੋਚਾਂ ਦਿਆਂ ਪਰਾਂ ਨੂੰ ਵਧਾ ਵੀ ਲਈ ਜ਼ਰੂਰ ,
ਪਹਿਲਾਂ ਤੂੰ ਇਹਦੇ ਉੱਤੇ ਲਗੀ ਧੂੜ ਝਾੜ ਦੇ ।

ਸਰਦ ਉਹਦਾ ਦਿਲ ਹੈ ਪੋਹਾਂ ਤੇ ਮਾਘਾਂ ਦੇ ਵਾਂਗਰਾਂ ,
ਪਰ ਉਹ ਵਿਖਾਵੇ ਕਰਦਾ ਪਿਆ ਜੇਠ ਹਾੜ ਦੇ ।

Wednesday, 24 October 2018

ਕਿਸੇ ਵੱਲੋਂ ਤਾਂ ਸੀ ਤਕਸੀਰ ਹੋਈ,
ਨਵੀਂ ਦੁਨੀਆ ਜਦੋਂ ਤਾਮੀਰ ਹੋਈ ।

ਇਹ ਦਰਿਆ ਵੀ ਕਦੇ ਦਰਿਆ ਸੀ ਹੁੰਦੇ ,
ਬੜੀ ਗ਼ਮਗੀਨ ਹੁਣ ਤਸਵੀਰ ਹੋਈ ।

ਗ਼ੁਲਾਮੀ ਕਰਦੇ ਬੰਦਾ ਥੱਕਿਆ ਨਾ ,
ਰਹੀ ਧਨ ਨੇ ਕਸੀ ਜ਼ੰਜੀਰ ਹੋਈ ।

ਤਿਰੇ ਲੋਭੀ ਸੁਭਾਅ ਦੀ ਹੈ ਗਵਾਹੀ ,
ਕੁੜੱਤਣ ਜਿਹੜੀ ਆਲਮਗੀਰ ਹੋਈ ।

ਵਿਰਾਸਤ ਵਿਚ ਮਿਲੀ ਹਰ ਚੀਜ਼ ਸਾਨੂੰ,
ਅਸਾਡੀ ਕੀਮਤੀ ਜਾਗੀਰ ਹੋਈ ।

Monday, 22 October 2018

ਵੇਖੋ ਖ਼ਾਲਕ ਦੀ ਇਨਾਇਤ ਤੇ ਸਹਾਰੇ ਵੇਖੋ ,
ਤੇ ਕਿਵੇਂ ਕੰਮ ਬਣਨ ਆਪ ਮੁਹਾਰੇ ਵੇਖੋ ।

ਮਾਲੋ ਜ਼ਰ ਦੇ ਨਾ ਇਲਾਵਾ ਜਿਨ੍ਹਾਂ ਨੂੰ ਕੁਝ ਵੀ ਦਿਸੇ,
ਸੱਖਣੇ ਰੂਹ ਤੇ ਦਿਲ ਤੋਂ ਉਹ ਵਿਚਾਰੇ ਵੇਖੋ ।

ਉਹਨਾਂ ਨੇ ਕਿੱਦਾਂ ਬਸਰ ਕੀਤਾ ਹੈ ਭਾਗਾਂ ਦੇ ਬਿਨਾਂ,
ਦੋਜ਼ਖ਼ਾਂ ਵਿਚ ਵੀ ਕਿਵੇਂ ਹੁੰਦੇ ਗੁਜ਼ਾਰੇ ਵੇਖੋ ।

ਲੋੜ ਤੋਂ ਵੱਧ ਕੇ ਸੱਚਾ ਨਹੀਂ ਹੋਵਣ ਦਿੱਤਾ,
ਏਸ ਚਿੰਤਾ ਨੇ ਕਿ ਰੁਸ ਜਾਣ ਨਾ ਪਿਆਰੇ ਵੇਖੋ ।

ਚੰਨ ਦੇ ਬਾਝੋਂ ਵੀ ਹੁੰਦਾ ਹੈ ਗਗਨ ਚੰਗਾ ਭਲਾ,
ਸ਼ਾਨ ਅੰਬਰ ਦੀ ਤਾਂ ਹੁੰਦੇ ਨੇ ਸਿਤਾਰੇ ਵੇਖੋ ।

ਵਕਤ ਨੇ ਸਾਰੇ ਗ਼ਰੂਰਾਂ 'ਚ ਹੀ ਡੁੱਬੇ ਬੰਦੇ ,
ਕਿੱਦਾਂ ਉੱਤੇ ਚੜ੍ਹਾ ਕੇ ਥੱਲ੍ਹੇ ਉਤਾਰੇ ਵੇਖੋ ।

ਸੂਫ਼ੀਆਂ ਸੰਤਾਂ ਦੀ ਵੀ ਮੰਨੋ ਤੇ ਉਸ ਮਾਲਕ ਦੇ,
ਝਾਤੀਆਂ ਮਾਰ ਕੇ ਦਿਲ ਵਿੱਚ ਇਸ਼ਾਰੇ ਵੇਖੋ ।

ਜਾਣਦੇ ਨੇ ਕੇ ਤਲਾਤੁਮ ਨੇ ਬੜੇ ਸਾਗਰ ਵਿਚ ,
ਫਿਰ ਵੀ ਆਬਾਦ ਕਰੀ ਬੈਠੇ ਕਿਨਾਰੇ ਵੇਖੋ ।

ਇਸ ਜ਼ਮਾਨੇ ਦੀਆਂ ਹੀਰਾਂ ਦੇ ਵੀ ਖੇੜੇ ਵੇਖੋ ,
ਅੱਜ ਦੇ ਰਾਂਝਿਆ ਦੇ ਤਖ਼ਤ ਹਜ਼ਾਰੇ ਵੇਖੋ ।

ਮਨ ਤਾਂ ਭਰਦਾ ਹੀ ਨਹੀਂ ਭਾਵੇਂ ਤੁਸੀਂ ਜਗ ਉੱਤੇ,
ਜਿੰਨੇ ਮਰਜ਼ੀ ਹੀ ਤਮਾਸ਼ੇ ਤੇ ਨਜ਼ਾਰੇ ਵੇਖੋ ।

Saturday, 29 September 2018

ਉਦਾਸ ਹਾਂ ਬੜਾ ਪਰ ਸ਼ਿਕਵੇ ਦੀ ਮਜਾਲ ਨਹੀਂ ,
ਜਹਾਨ ਉੱਤੇ ਤਾਂ ਕੋਈ ਸ਼ੈਅ ਲਾ ਜ਼ਵਾਲ ਨਹੀਂ ।

ਇਕੋ ਹੀ ਧਰਤ ਹੈ ਪਰ ਲੋਕ ਐਂਵੇਂ ਤੁਰ ਰਹੇ ਨੇ ,
ਜਿਵੇਂ ਕਿ ਸਾਨੀ ਕੋਈ ਲੱਭਣਾ ਮੁਹਾਲ ਨਹੀਂ ।

ਜੋ ਰਾਹ-ਏ-ਹੱਕ ਤੇ ਤੁਰਦਾ ਹੈ ਔਕੜਾਂ ਦੇ ਨਾਲ ,
ਨਿਢਾਲ ਭਾਵੇਂ ਦਿਸੇ ਹੁੰਦਾ ਪਰ ਨਿਢਾਲ ਨਹੀਂ। 

ਕਿਵੇਂ ਸੁਣੇਗਾ ਮਨੁੱਖ ਧਰਤੀ ਦੇ ਇਹ ਨਗ਼ਮੇ ਹੁਣ ,
ਜ਼ਮਾਨੇ ਵਿਚ ਤਾਂ ਇਹਨੂੰ ਖ਼ੁਦ ਦਾ ਵੀ ਖ਼ਿਆਲ ਨਹੀਂ ।

ਬਗ਼ੈਰ ਟਾਲ ਮਟੋਲਾਂ ਦੇ ਨਾ ਜਵਾਬ ਆਇਆ ,
ਦਿਲਾਂ ਲਈ ਹੈ ਇਹ ਅਕਲਾਂ ਲਈ ਸਵਾਲ ਨਹੀਂ ।

ਪਲੀਤੀ ਜਿਹੜੀ ਭਰੀ ਹੋਈ ਹੈ ਮਨਾਂ ਅੰਦਰ,
ਇਹਨੂੰ ਮਿਟਾਉਣ ਤੋਂ ਵੱਡਾ ਕੋਈ ਕਮਾਲ ਨਹੀਂ। 

ਅਵੇਸਲਾ ਨਾ ਹੋ ਯਾਰਾ ਵੇ ਗ਼ੌਰ ਫ਼ਰਮਾ ਤੂੰ,
ਉਹ ਕਿਹੜੀ ਥਾਂ ਹੈ ਕਿ ਜਿੱਥੇ ਉਹਦਾ ਜਮਾਲ ਨਹੀਂ ?

Friday, 10 August 2018

ਸੁੱਤੀ ਹੋਈ ਅਣਖ ਜਗਾ ਖ਼ਾਲਕ ,
ਮਾਣ ਪੰਜਾਬ ਦਾ ਵਧਾ ਖ਼ਾਲਕ ।

ਜੋ ਪਛਾਣ ਆਪਣੀ ਭੁਲਾ ਬੈਠੇ,
ਉਹ ਜਵਾਨਾਂ ਨੂੰ ਹੁਣ ਜਗਾ ਖ਼ਾਲਕ ।

ਨਾ ਘਟਣ ਦੇਵੀਂ ਸ਼ੋਭਾ ਭੋਰਾ ਵੀ,
ਮਿੱਟੀ ਨੂੰ ਹੋਰ ਵੀ ਸਜਾ ਖ਼ਾਲਕ ।

ਸਾਂਭ ਲੈ ਭੱਜਦੇ ਮਨੁੱਖ ਨੂੰ ਤੂੰ,
ਹੋਵੇ ਨਾ ਕੁਦਰਤੋਂ ਜੁਦਾ ਖ਼ਾਲਕ ।

ਸਿਰਫ਼ ਖ਼ੁਦ ਵਾਰੇ ਸੋਚਦਾ ਜਿਹੜਾ ,
ਉਹਦੀ ਖ਼ੁਦਗ਼ਰਜ਼ੀ ਨੂੰ ਘਟਾ ਖ਼ਾਲਕ ।

ਕਾਤਲਾਂ ਨੂੰ ਵੀ ਲੋਕੀਂ ਪੂਜਦੇ ਨੇ ,
ਅੱਖਾਂ ਤੋਂ ਪਰਦੇ ਨੂੰ ਹਟਾ ਖ਼ਾਲਕ ।

ਢਾਹ ਕੇ ਕੰਧਾਂ ਨਫ਼ਰਤਾਂ ਦੀਆਂ  ਹੁਣ,
ਲੋਕਾਂ ਵਿਚ ਕੁਰਬਤਾਂ ਵਧਾ ਖ਼ਾਲਕ ।

ਅੱਜ ਵੀ ਦੋਹਾਂ ਦੇ ਇਹ ਫੁੱਲਾਂ ਨੂੰ ,
ਛੇੜਦੀ ਹੈ ਉਹੀ ਸਬਾ ਖ਼ਾਲਕ ।

ਪੰਜ ਐਬਾਂ ਦੀ ਕੈਦ ਭੈੜੀ ਬੜੀ ,
ਦਾਸ ਨੂੰ ਤੂੰ ਕਰਾ ਰਿਹਾ ਖ਼ਾਲਕ ।

ਦੱਸ ਦੇ ਹੋਣੀ ਹੈ ਕਬੂਲ ਕਦੋਂ ?
ਪਾਕ ਧਰਤੀ ਦੀ ਇਲਤਜਾ ਖ਼ਾਲਕ ।

Friday, 6 July 2018

ਹਕੀਕਤ ਤੋਂ ਬੇ ਖ਼ਬਰ

ਸੀ ਜਿਨ੍ਹਾਂ ਦੀ ਹੋਂਦ ਤੋਂ ਰੌਸ਼ਨ ਨਗਰ ਵੇਖੇ ਬੜੇ,
ਅੱਜ ਹਕੀਕਤ ਆਪਣੀ ਤੋਂ ਬੇ ਖ਼ਬਰ ਵੇਖੇ ਬੜੇ ।

ਹੌਸਲਾ ਸ਼ਿਕਨੀ 'ਚ ਵਡਿਆਈ ਤੁਸੀਂ ਕੀ ਭਾਲਦੇ ?
ਬੱਚਿਆਂ ਕੋਲੇ ਵੀ ਮੈਂ ਐਸੇ ਹੁਨਰ ਵੇਖੇ ਬੜੇ ।

ਮੰਜ਼ਲਾਂ ਤਾਮੀਰ ਕਰਨਾ ਨੀਂਹ ਨੂੰ ਵੇਖੇ ਬਗ਼ੈਰ ,
ਕੌਮਾਂ ਦੀ ਗ਼ਫ਼ਲਤ ਦੇ ਤਾਂ ਭੈੜੇ ਅਸਰ ਵੇਖੇ ਬੜੇ ।

ਰੁਲ਼ ਗਿਆ ਪੰਜਾਬ ਜਦ ਪੁੱਤਾਂ ਨੇ ਕੀਤਾ ਸੀ ਧਰੋਹ,
ਉਂਜ ਤਾਂ ਜਰਵਾਣੇ ਇਹਦੇ ਹੀ ਮਗਰ ਵੇਖੇ ਬੜੇ ।

ਹੰਭਿਆ ਹੋਇਆ ਲਹੂ ਜਿਸ ਸਦਕਾਂ ਜਾਣੇ ਖ਼ੁਦ ਦਾ ਮੁਲ,
ਰੱਬਾ ਤੇਰੇ ਉਸ ਕਰਮ ਦੇ ਮੁੰਤਜ਼ਰ ਵੇਖੇ ਬੜੇ ।

ਇਲਮ ਵੰਡਣ ਦੀ ਤੇਰੀ ਇਹ ਭਾਵਨਾ ਚੰਗੀ ਹੈ ਪਰ,
ਦੇ ਦੇ ਵਾਧੂ ਮਤ ਗਵਾਉਂਦੇ ਮੈਂ ਕਦਰ ਵੇਖੇ ਬੜੇ ।

Wednesday, 23 May 2018

ਨਹੀਂ ਹੋਣਾ ਕਦੇ ਫਿਰ ਰੱਬ ਦਾ ਦੀਦਾਰ ਧਰਤੀ ਤੇ

ਨਹੀਂ ਹੋਣਾ ਕਦੇ ਫਿਰ ਰੱਬ ਦਾ ਦੀਦਾਰ ਧਰਤੀ ਤੇ ,
ਜੇ ਕੀਤਾ ਨਾ ਤੂੰ ਕੁਦਰਤ ਦਾ ਜ਼ਰਾ ਸਤਕਾਰ ਧਰਤੀ ਤੇ ।

ਹਵਾ , ਪਾਣੀ , ਜ਼ਮੀਂ , ਮਿੱਟੀ, ਪਲੀਤ ਆਲਾ ਦੁਆਲਾ ਕਰ,
ਉਤਾਰੇ ਵਾਰੋਂ ਵਾਰੀਂ ਅਣਗਿਣਤ ਸ਼ਿੰਗਾਰ ਧਰਤੀ ਤੇ ।

ਬਣੇ ਕੁਦਰਤ ਦੇ ਸਭ ਕਾਮਿਲ ਨਿਜ਼ਾਮਾਂ ਦੀ ਤਬਾਹੀ ਤੇ,
ਚਮਕਦੇ , ਜਗਮਗਾਂਦੇ ਸ਼ਹਿਰ ਜਾਪਣ ਖ਼ਾਰ ਧਰਤੀ ਤੇ । 

ਸਦਾ ਦਿੰਦੇ ਸੀ ਫਿਰਦੇ ਜੀਵ ਸਾਰੇ ਵੀ ਅਨਲ-ਹਕ ਦੀ,
ਚੜ੍ਹੇ ਸੂਲੀ ਤਾਂ ਹੀ ਮਨਸੂਰ ਦੇ ਸਭ ਯਾਰ ਧਰਤੀ ਤੇ ।

ਕਿਵੇਂ ਮੈਂ ਬੰਦਿਸ਼ਾਂ ਦੇ ਵਿਚ ਬਿਆਂ ਕਿੱਸਾ ਕਰਾਂ ਸਾਰਾ ?
ਜੋ ਕੀਤਾ ਘਾਣ ਬੰਦੇ ਨੇ ਹੋ ਬੇ ਇਖ਼ਤਿਆਰ ਧਰਤੀ ਤੇ ।

ਪੰਜਾਬ ਤੈਨੂੰ ਪੁੱਤ ਪਏ ਸੂਲੀ ਤੇ ਚਾੜ੍ਹ ਦੇ , ਤਸਵੀਰ ਰੰਗਲੀ ਜਿਹੀ ਜਾਂਦੇ ਵਿਗਾੜ ਦੇ । ਧਰਤੀ ਦਾ ਦਿਲ ਹੈ ਟੁੱਟਦਾ ਮਿੱਟੀ ਦੀ ਕੂਕ ਸੁਣ , ਖੇਤਾਂ 'ਚ ਜਦ ਕਦੇ ਵੀ ...