Saturday 27 May 2017

ਫਿਤਰਤ

ਓ ਰੱਬਾ! ਤੂੰ ਮਨੁੱਖ ਦੀ ਫਿਤਰਤ ਵੀ ਅਜੀਬ ਬਣਾਈ ਹੈ ,
ਬੜੀ ਅਨੋਖੀ ਖੇਡ ਇਸ ਜੱਗ ਉੱਤੇ ਤੂੰ ਰਚਾਈ ਹੈ ,
ਜਦ ਕਦੇ ਵੀ ਇਨ੍ਹਾਂ ਵਿਚਾਰਾਂ ਵਿੱਚ ਡੁੱਬਿਆ ਹਾਂ ਮੈਂ ,
ਮੇਰੀ ਸੋਚ ਉੱਤੇ ਸਿਰਫ ਹੈਰਤ ਹੀ ਹੈਰਤ ਛਾਈ ਹੈ ।

ਹਰ ਕੋਈ ਚਲਾਉਣਾ ਚਾਹੁੰਦਾ ਹੈ ਆਪਣੀ ਚਾਲ ਨੂੰ ,
ਮਹੱਤਤਾ ਦਿੰਦਾ ਸਭ ਤੋਂ ਵੱਧ ਦੌਲਤ ਦੀ ਭਾਲ ਨੂੰ ,
ਕਿੱਥੇ ਰਾਜ਼ੀ ਹੈ ਕੋਈ ਸੁਣ ਕੇ ਵਿਚਾਰ ਹੋਰਾਂ ਦੇ ,
ਬਸ ਲਫ਼ਜ਼ ਦੇਣਾ ਚਾਹੁੰਦਾ ਹੈ ਆਪਣੇ ਦਿਲ ਵਿੱਚ ਆਏ ਖਿਆਲ ਨੂੰ ।

ਕੋਈ ਥਾਂ ਅਬਾਦ ਕਰਦਾ , ਬਸ ਆਪਣੇ ਮਤਲਬ ਲਈ ,
ਦੂਜਿਆਂ ਦੇ ਘਰ ਬਰਬਾਦ ਕਰਦਾ , ਬਸ ਆਪਣੇ ਮਤਲਬ ਲਈ ,
ਇਹਦੇ ਸਵਾਰਥ ਦੇ ਦਰਿਆ ਦਾ ਕੋਈ ਕੰਢਾ ਨਜ਼ਰ ਨਹੀਂ ਆਉਂਦਾ ,
ਰੱਬਾ ਤੈਨੂੰ ਵੀ ਯਾਦ ਕਰਦਾ , ਬਸ ਆਪਣੇ ਮਤਲਬ ਲਈ ।

ਜਾਤ-ਪਾਤ ਦੇ ਨਾਂ ਤੇ ਇਹਨੂੰ ਵੰਡਣਾ ਖੂਬ ਆਉਂਦਾ ਹੈ ,
ਸਰਹੱਦਾਂ ਬਣਾ ਕੇ ਆਪਸ ਵਿੱਚ ਦੂਰੀਆਂ ਵਧਾਉਂਦਾ ਹੈ ,
ਸਭ ਨੂੰ ਇੱਕ ਅੱਖ ਨਾਲ ਵੇਖਣ ਲਈ ਕਹਿੰਦੇ ਨੇ ਧਰਮ ,
ਪਰ ਗ਼ਾਫ਼ਿਲ ਇਹ , ਧਰਮ ਦੇ ਨਾਂ ਤੇ ਲਹੂੰ ਵਗਾਉਂਦਾ ਹੈ।

ਕਾਮ, ਕ੍ਰੋਧ , ਲੋਭ , ਮੋਹ , ਹੰਕਾਰ ਦੀ ਗ਼ੁਲਾਮ ਹੈ ਫਿਤਰਤ ,
ਮਾਇਆ ਦੇ ਮੋਹ ਵਿੱਚੋਂ ਨਿਕਲਣ ਤੋਂ ਨਾਕਾਮ ਹੈ ਫਿਤਰਤ ,
ਜਿਹੜੀ ਦੁੱਖਾਂ ਵਿੱਚ ਨੇੜੇ ਅਤੇ ਸੁੱਖਾਂ ਵਿੱਚ ਦੂਰ ਰੱਖਦੀ ,
ਅਕਿਰਤਘਣ ਬਣਾਉਣ ਵਾਲੀ ਸ਼ੈਅ ਦਾ ਨਾਮ ਹੈ ਫਿਤਰਤ ।

ਜਿਸ ਬੰਦੇ ਨੇ ਤੇਰੇ ਨਾਲ ਲਗਾਈ ਗੂੜ੍ਹੀ ਪ੍ਰੀਤ,
ਤੇਰੀ ਸਿਫਤ-ਸਲਾਹ ਵਿੱਚ ਆਪਣਾ ਜੀਵਨ ਕੀਤਾ ਬਤੀਤ ,
"ਮਨ ਨੀਵਾਂ, ਮੱਤ ਉੱਚੀ" ਦੀ ਸਿਖਿਆ ਉੱਤੇ ਅਮਲ ਜਿਹਨੇ ਕੀਤਾ ,
ਫਿਤਰਤ ਨੂੰ ਸਰ ਕਰਕੇ ਬਣ ਗਿਆ ਉਹ ਅਜੀਤ ।

ਹਾਲੇ ਮੇਰੀ ਮੰਜ਼ਿਲ ਹੈ ਬੜੀ ਦੂਰ ,
ਫਿਤਰਤ ਦੇ ਅੱਗੇ ਅਜੇ ਵੀ ਹਾਂ ਮਜਬੂਰ ,
ਹੌਂਸਲੇ ਪੂਰੇ ਕਾਇਮ ਅਤੇ ਮਿਹਰ ਭਰਿਆ ਹੱਥ ਰੱਖੀ ,
ਆਪਣੇ ਅੰਦਰੋਂ ਸ਼ੈਤਾਨ ਦਾ ਖਾਤਮਾ ਕਰ ਲਵਾਂਗਾ ਜ਼ਰੂਰ।

Monday 8 May 2017

ਪੰਜਾਬੀਏ ਜ਼ੁਬਾਨੇ

ਪੰਜਾਬੀਏ ਜ਼ੁਬਾਨੇ, ਤੇਰੀ ਸਿਫਤ ਲਈ ਸਦਾ ਜੀਭ ਭੁੱਖੀ ਰਹੇ,
ਤੇਰੀਆਂ ਅਸੀਸਾਂ ਅਤੇ ਦੁਆਵਾਂ ਨਾਲ ਰੂਹ ਮੇਰੀ ਸੁੱਖੀ ਰਹੇ ।

ਮੇਰੇ ਦਿਲ ਅੰਦਰ ਖ਼ਾਸ ਥਾਂ ਤੂੰ ਮੱਲ੍ਹ ਬੈਠੀ,
ਕੀ ਜੁੱਰਅਤ ਕਿਸੀ ਓਪਰੀ ਬੋਲੀ ਦੀ ਕਿ ਇੱਥੇ ਬਣ ਮੁਖੀ ਰਹੇ ?

ਸ਼ਹਿਦ ਨਾਲੋਂ ਮਿੱਠੇ ਨੇ ਤੇਰੇ ਲੋਕ ਗੀਤਾਂ ਦੇ ਬੋਲ ,
ਤੇਰੀ ਮਮਤਾ ਦੀ ਨਦੀ ਇੱਕ ਪਲ ਲਈ ਵੀ ਨਾ ਸੁੱਕੀ ਰਹੇ ।

ਸੱਚੀ ਬਾਣੀ ਰਚਾ ਕੇ ਗੁਰੂਆਂ ਨੇ ਸ਼ਿੰਗਾਰਿਆ ਤੈਨੂੰ,
ਪੂਰਾ ਖਿਆਲ ਰੱਖਿਆ ਕਿ ਸੱਚੀ ਬਾਤ ਨਾ ਕੋਈ ਲੁਕੀ ਰਹੇ ।

ਰੱਬ ਦੇ ਗੁਣ ਗਾਉਣ ਲਈ ਹੁੰਦੀ ਰਹੀ ਤੇਰੀ ਵਰਤੋਂ,
ਪੀਰਾਂ, ਫਕੀਰਾਂ ਤੇ ਸੂਫ਼ੀਆਂ ਦੀ ਬੋਲੀ ਲਈ ਅੱਖ ਮੇਰੀ ਝੁਕੀ ਰਹੇ।

ਸ਼ਾਲਾ ਹਰ ਪੰਜਾਬੀ ਦੇ ਬੁੱਲ੍ਹਾਂ ਉੱਤੇ ਤੇਰਾ ਰਾਜ ਹੋਵੇ ,
ਪੰਜਾਬ ਦੀ ਗਲੀ- ਗਲੀ ਦੇ ਵਿੱਚ ਲਿਖੀ ਗੁਰਮੁਖੀ ਰਹੇ ।

ਪੰਜ ਦਰਿਆਵਾਂ ਦੀ ਪਹਿਚਾਣ ਸਦਾ ਕਾਇਮ ਰਹੇ ,
ਹਰੇ ਭਰੇ ਖੇਤਾਂ ਵਿੱਚ ਤੇਰੀ ਮਹਿਕ ਨਾ ਕਦੇ ਮੁੱਕੀ ਰਹੇ ।

ਤੇਰੀ ਸੇਵਾ ਦੇ ਵਿੱਚ ਹਰ ਪਲ ਹਾਜ਼ਿਰ ਹੈ 'ਹਰਸਿਮਰਨ',
ਰੱਬ ਕਰੇ ਕਿ ਹਰ ਪੰਜਾਬੀ ਵੱਲੋਂ ਇਹ ਸਹੁੰ ਚੁੱਕੀ ਰਹੇ ।

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...