Monday 3 July 2017

ਇੱਕ ਚੀਜ਼ ਦੀ ਥੋੜ੍ਹ


ਅੱਜ ਕਰ ਰਿਹਾ ਹਾਂ ਆਪਣੀ ਮਾਂ ਬੋਲੀ ਦੀ ਗੱਲ ,
ਖਿੱਚਦੀ ਵਾਰ-ਵਾਰ ਮੈਨੂੰ ਜਿਹੜੀ ਆਪਣੇ ਵੱਲ ,
ਸੰਘਣੀ ਹੈ ਬੜੀ ਇਹਦੇ ਰੁੱਖ ਦੀ ਛਾਂ ,
ਕਈ ਪੀਰਾਂ ਫ਼ਕੀਰਾਂ ਨੇ ਵੀ ਛਕੇ ਜੀਹਦੇ ਫਲ ,
ਵੱਡੇ ਵੱਡੇ ਵਿਦਵਾਨਾਂ ਦੇ ਮਨ ਨੂੰ ਮੋਹ ਲਿਆ ,
ਦੁੱਖੀ ਆਸ਼ਿਕਾ ਦੇ ਵੀ ਇਹਨੇ ਜ਼ਖ਼ਮ ਦਿੱਤੇ ਮੱਲ੍ਹ ,
ਪੰਜਾਬ ਨੂੰ ਰੰਗਲਾ ਬਣਾਇਆ ਪੰਜਾਬੀ ਨੇ ,
ਇਸ ਦੀ ਨਿਰੋਲ ਮਿੱਟੀ ਦੀ ਖੁਸ਼ਬੂ ਨਾਲ ਰਲ ,
ਕਿਵੇਂ ਬਿਆਨ ਕਰਾਂ ਮੈਂ ਇਹਦੇ ਸਾਹਿਤ ਦੀ ਵਡਿਆਈ ,
ਅਫਸੋਸ ਕਿ ਮੇਰੇ ਲਫ਼ਜ਼ਾਂ ਵਿੱਚ ਨਹੀਂ ਹੈ ਇੰਨਾ ਬਲ ,
ਵੇਖੋ ਇਸ ਅੱਧ-ਖਿੜੇ ਫੁੱਲ ਨੇ ਤਾਰੀਫ਼ ਕਿਹਦੀ ਕਰਨੀ ਚਾਹੀ,
ਉਸ ਬੇ-ਕਿਨਾਰ ਬਾਗ਼ ਦੀ ਜਿਹਦੀ ਸ਼ਾਨ ਹੈ ਅਟੱਲ ।
।।
ਹਾਂ ਪਰ ਹੈ ਇਹਦੇ ਕੋਲ ਇੱਕ ਚੀਜ਼ ਦੀ ਥੋੜ੍ਹ ,
ਵੱਧਣ-ਫੁੱਲਣ ਦੇ ਲਈ ਹੈ ਜਿਸਦੀ ਬੜੀ ਲੋੜ ,
ਅੱਜ ਕੋਲ ਨਹੀਂ ਹੈ ਇਹਦੇ ਪਿਆਰ ਆਪਣੇ ਬੱਚਿਆਂ ਦਾ,
ਅੱਜ ਕੋਲ ਨਹੀਂ ਹੈ ਇਹਦੇ ਸਤਿਕਾਰ ਆਪਣੇ ਬੱਚਿਆਂ ਦਾ,
ਮੰਜ਼ਿਲ ਸੀ ਇਹਦੀ ਅਸਮਾਨ ਦੇ ਤਾਰਿਆਂ ਤੋਂ ਪਾਰ ,
ਇਹਦੇ ਖੰਬਾਂ ਦੇ ਜ਼ੋਰ ਨੂੰ ਤੱਕਦਾ ਸਾਰਾ ਸੰਸਾਰ ,
ਕੱਟ ਛੱਡੇ ਖੰਬ ਇਹਦੇ ਖੁਦ ਦੀ ਔਲਾਦ ਨੇ ,
ਵੱਡਾ ਧੋਖਾ ਖਾਇਆ ਇਸ ਪੰਛੀ ਆਜ਼ਾਦ ਨੇ ,
ਪਰ ਸੰਘਰਸ਼ ਇਸ ਪੰਛੀ ਦਾ ਅਜੇ ਵੀ ਜਾਰੀ ਹੈ ,
ਲਾ ਸਕਦਾ ਇਹ ਅੱਜ ਵੀ ਲੰਬੀ ਉਡਾਰੀ ਹੈ ,
ਪਰ ਆਪਣਾ ਜਲਵਾ ਕਿਵੇਂ ਵਿਖਾਏ, ਪਿੰਜਰੇ ਵਿੱਚ ਕੈਦ ਹੈ, 
ਇਹਦੇ ਬੱਚਿਆਂ ਦਾ ਖੂਨ ਅਜੇ ਵੀ ਸਫੈਦ ਹੈ ।
।।।
ਤੁਹਾਡੀ ਸੋਚ ਮੇਰੇ ਦਿਲ ਨੂੰ ਬਹੁਤ ਰੁਲਾਉਂਦੀ ਹੈ ,
ਮੇਰੇ ਹੰਜੂਆਂ ਦੀ ਨਦੀ ਲਹੂ-ਲੁਹਾਣ ਹੋ ਜਾਂਦੀ ਹੈ ,
ਤੁਹਾਡੇ ਵਿੱਚੋ ਕੋਈ ਉੱਚਾ ਸੋਚਦਾ ਹੀ ਨਹੀਂ ,
ਮਾਂ ਬੋਲੀ ਵਿੱਚ ਗੱਲ ਕਰਨ ਨੂੰ ਦਿਲ ਲੋਚਦਾ ਹੀ ਨਹੀਂ,
ਵੇਖ ਤੂੰ ਇਸ ਦੁਨੀਆ ਦੇ ਨਜ਼ਾਰੇ ਪੂਰੇ ਧਿਆਨ ਨਾਲ ,
ਕੌਮਾਂ ਵਧੀਆਂ ਅੱਗੇ ਜਿਹੜੀਆਂ ਮਾਂ ਬੋਲੀ ਬੋਲਦੀਆਂ ਸ਼ਾਨ ਨਾਲ ,
ਆਪਣੇ ਬੱਚਿਆਂ ਨੂੰ ਤੂੰ ਪੰਜਾਬੀ ਸਿਖਾ ਕੇ ਨਹੀਂ ਰਾਜ਼ੀ ,
ਲਗਦਾ ਹੈ ਤੂੰ ਹੋਵੇਗਾ ਆਪਣੀ ਪਹਿਚਾਣ ਮਿਟਾ ਕੇ ਹੀ ਰਾਜ਼ੀ ,
ਨਾ ਸੀਨੇ ਵਿੱਚ ਅੱਗ , ਨਾ ਕੋਈ ਜੋਸ਼, ਨਾ ਉਤਸ਼ਾਹ ਹੈ ,
ਨਾ ਮਾਂ ਬੋਲੀ ਨੂੰ ਅੱਗੇ ਵਧਾਉਣ ਦਾ ਤੈਨੂੰ ਚਾਅ ਹੈ ,
ਨਾ ਧਰਤੀ ਲਈ ਪਿਆਰ , ਨਾ ਅੱਖਾਂ ਵਿੱਚ ਸੁਪਨਾ ਹਸੀਨ ਹੈ,
ਤੇਰੇ ਵਰਗਿਆਂ ਨੂੰ ਜੰਮ ਕੇ ਕੋਸਦੀ ਖੁਦ ਨੂੰ ਜ਼ਮੀਨ ਹੈ ।
IV
ਹਾਲੇ ਵੀ ਹੈ ਵੇਲਾ , ਤੂੰ ਪਛਾਣ ਆਪਣੇ ਆਪ ਨੂੰ ,
ਮਾਂ ਬੋਲੀ ਦੇ ਨਾਲ ਵਧਾ ਆਪਣੇ ਮੇਲ ਮਿਲਾਪ ਨੂੰ ,
ਹੌਂਸਲੇ ਪੂਰੇ ਰੱਖ ਕਿ ਤੂੰ ਕਿਸੇ ਤੋਂ ਘੱਟ ਨਾ ,
ਤੇ ਮਾਂ ਬੋਲੀ ਦੀ ਸੇਵਾ ਕਰਨੋਂ ਤੂੰ ਹੱਟ ਨਾ ,
ਉਪਰਾਲੇ ਕਰ ਤਾਂ ਜੋ ਸਿਰ ਉੱਚਾ ਹੋਵੇ ਪੰਜਾਬੀ ਦਾ ,
ਮਮਤਾ ਦਾ ਦਰਿਆ ਹੋਰ ਸੁੱਚਾ ਹੋਵੇ ਪੰਜਾਬੀ ਦਾ ,
ਇੱਜਤ ਨਾਲ ਵੇਖੇ ਗੀ ਦੁਨੀਆ ਪੰਜਾਬ ਨੂੰ ,
ਜੇ ਕਰੇਗਾ ਮਾਂ ਬੋਲੀ ਨਾਲ ਪਿਆਰ ਬੇ ਹਿਸਾਬ ਤੂੰ ,
ਵੇਖੀ ਕਿਵੇਂ ਬਦਲਣਗੇ ਫੇਰ ਇਹ ਚਾਰ ਚੁਫੇਰੇ ,
ਜਦ ਮਾਂ ਬੋਲੀ ਦੀਆਂ ਅਸੀਸਾਂ ਨਾਲ ਹੋਵਣਗੀਆਂ ਤੇਰੇ ।

No comments:

Post a Comment

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...