Wednesday 23 May 2018

ਨਹੀਂ ਹੋਣਾ ਕਦੇ ਫਿਰ ਰੱਬ ਦਾ ਦੀਦਾਰ ਧਰਤੀ ਤੇ

ਨਹੀਂ ਹੋਣਾ ਕਦੇ ਫਿਰ ਰੱਬ ਦਾ ਦੀਦਾਰ ਧਰਤੀ 'ਤੇ
ਜੇ ਕੀਤਾ ਨਾ ਤੂੰ ਕੁਦਰਤ ਦਾ ਜ਼ਰਾ ਸਤਕਾਰ ਧਰਤੀ 'ਤੇ ।

ਹਵਾ, ਪਾਣੀ, ਜ਼ਮੀਂ, ਮਿੱਟੀ, ਪਲੀਤ ਆਲਾ ਦੁਆਲਾ ਕਰ
ਉਤਾਰੇ ਵਾਰੋਂ ਵਾਰੀਂ ਅਣਗਿਣਤ ਸ਼ਿੰਗਾਰ ਧਰਤੀ 'ਤੇ ।

ਬਣੇ ਕੁਦਰਤ ਦੇ ਸਭ ਕਾਮਿਲ ਨਿਜ਼ਾਮਾਂ ਦੀ ਤਬਾਹੀ 'ਤੇ
ਚਮਕਦੇ, ਜਗਮਗਾਂਦੇ ਸ਼ਹਿਰ ਜਾਪਣ ਖ਼ਾਰ ਧਰਤੀ 'ਤੇ । 

ਥਾਂ ਥਾਂ ਉੱਤੇ ਵਿਛਾ ਕੇ ਬੰਦੇ ਨੇ ਕੰਕ੍ਰੀਟ ਦੇ ਜੰਗਲ
ਖ਼ੁਦ ਅਪਣੇ ਆਪ ਨੂੰ ਹੀ ਕਰ ਲਿਆ ਬੀਮਾਰ ਧਰਤੀ 'ਤੇ ।  

ਕਰੇ ਗੱਲਾਂ ਕਿਵੇਂ ਹੁਣ ਇਹ ਖਿਲਾਰਾ ਸਾਂਭਿਆ ਜਾਵੇ
ਜਿਵੇਂ ਇਹਨੇ ਕੋਈ ਕਰਨਾ ਹੈ ਹੁਣ ਉਪਕਾਰ ਧਰਤੀ 'ਤੇ । 

ਭੁਲਾ ਕੇ ਸੁਰਤ ਸਾਰੀ ਲੋਭ ਲਾਲਚ ਦੇ ਤਲਿਸਮ ਅੰਦਰ
ਚਲਾਇਆ ਉਹਨੇ ਫਿਰ ਇਕ ਸਿਲਸਿਲਾ ਖ਼ੂੰ-ਖ਼੍ਵਾਰ ਧਰਤੀ 'ਤੇ ।

ਸਦਾ ਦਿੰਦੇ ਸੀ ਫਿਰਦੇ ਜੀਵ ਸਾਰੇ ਵੀ ਅਨਲ-ਹਕ ਦੀ
ਚੜ੍ਹੇ ਸੂਲੀ ਤਾਂ ਹੀ ਮਨਸੂਰ ਦੇ ਸਭ ਯਾਰ ਧਰਤੀ 'ਤੇ ।

No comments:

Post a Comment

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...