ਸੁੱਤੀ ਹੋਈ ਅਣਖ ਜਗਾ ਰੱਬਾ ,
ਮਾਣ ਪੰਜਾਬ ਦਾ ਵਧਾ ਰੱਬਾ ।
ਮਾਣ ਪੰਜਾਬ ਦਾ ਵਧਾ ਰੱਬਾ ।
ਜੋ ਪਛਾਣ ਆਪਣੀ ਭੁਲਾ ਬੈਠੇ,
ਉਹਨਾਂ ਵੀਰਾਂ ਨੂੰ ਤੂੰ ਜਗਾ ਰੱਬਾ ।
ਨਾ ਘਟਣ ਦੇਵੀਂ ਸ਼ੋਭਾ ਭੋਰਾ ਵੀ,
ਮਿੱਟੀ ਨੂੰ ਹੋਰ ਵੀ ਸਜਾ ਰੱਬਾ ।
ਸਾਂਭ ਲੈ ਭੱਜਦੇ ਮਨੁੱਖ ਨੂੰ ਤੂੰ,
ਹੋਵੇ ਨਾ ਕੁਦਰਤੋਂ ਜੁਦਾ ਰੱਬਾ ।
ਸਿਰਫ਼ ਖ਼ੁਦ ਵਾਰੇ ਸੋਚਦਾ ਜਿਹੜਾ ,
ਉਹਦੀ ਖ਼ੁਦਗ਼ਰਜ਼ੀ ਨੂੰ ਘਟਾ ਰੱਬਾ ।
ਕਾਤਲਾਂ ਨੂੰ ਵੀ ਲੋਕੀਂ ਪੂਜਦੇ ਨੇ ,
ਅੱਖਾਂ ਤੋਂ ਪਰਦੇ ਨੂੰ ਹਟਾ ਰੱਬਾ ।
ਕੰਧਾਂ ਸਭ ਨਫ਼ਰਤਾਂ ਦੀਆਂ ਢਾਹ ਕੇ ,
ਲੋਕਾਂ ਵਿਚ ਕੁਰਬਤਾਂ ਵਧਾ ਰੱਬਾ ।
ਅੱਜ ਵੀ ਦੋਹਾਂ ਦੇ ਗੁਲਾਬਾਂ ਨੂੰ ,
ਛੇੜਦੀ ਹੈ ਉਹੀ ਸਬਾ ਰੱਬਾ ।
ਪੰਜ ਐਬਾਂ ਦੀ ਕੈਦ ਭੈੜੀ ਬੜੀ ,
ਦਾਸ ਨੂੰ ਤੂੰ ਕਰਾ ਰਿਹਾ ਰੱਬਾ ।
ਦੱਸ ਦੇ ਹੋਣੀ ਹੈ ਕਬੂਲ ਕਦੋਂ ?
ਪਾਕ ਧਰਤੀ ਦੀ ਇਲਤਜਾ ਰੱਬਾ ।
No comments:
Post a Comment