Wednesday 24 October 2018

ਕਿਸੇ ਵੱਲੋਂ ਤਾਂ ਸੀ ਤਕਸੀਰ ਹੋਈ,
ਨਵੀਂ ਦੁਨੀਆ ਜਦੋਂ ਤਾਮੀਰ ਹੋਈ ।

ਇਹ ਦਰਿਆ ਵੀ ਕਦੇ ਦਰਿਆ ਸੀ ਹੁੰਦੇ ,
ਬੜੀ ਗ਼ਮਗੀਨ ਹੁਣ ਤਸਵੀਰ ਹੋਈ ।

ਗ਼ੁਲਾਮੀ ਕਰਦਾ ਬੰਦਾ ਥੱਕਿਆ ਨਾ ,
ਰਹੀ ਧਨ ਨੇ ਕਸੀ ਜ਼ੰਜੀਰ ਹੋਈ ।

ਤਿਰੇ ਲੋਭੀ ਸੁਭਾਅ ਦੀ ਹੈ ਗਵਾਹੀ ,
ਕੁੜੱਤਣ ਜਿਹੜੀ ਆਲਮਗੀਰ ਹੋਈ ।

ਵਿਰਾਸਤ ਵਿਚ ਮਿਲੀ ਹਰ ਚੀਜ਼ ਸਾਨੂੰ,
ਅਸਾਡੀ ਕੀਮਤੀ ਜਾਗੀਰ ਹੋਈ ।

Monday 22 October 2018

ਵੇਖੋ ਖ਼ਾਲਕ ਦੀ ਇਨਾਇਤ ਤੇ ਸਹਾਰੇ ਵੇਖੋ ,
ਤੇ ਕਿਵੇਂ ਕੰਮ ਬਣਨ ਆਪ ਮੁਹਾਰੇ ਵੇਖੋ ।

ਮਾਲੋ ਜ਼ਰ ਦੇ ਨਾ ਇਲਾਵਾ ਜਿਨ੍ਹਾਂ ਨੂੰ ਕੁਝ ਵੀ ਦਿਸੇ,
ਸੱਖਣੇ ਰੂਹ ਤੇ ਦਿਲ ਤੋਂ ਉਹ ਵਿਚਾਰੇ ਵੇਖੋ ।

ਉਹਨਾਂ ਨੇ ਕਿੱਦਾਂ ਬਸਰ ਕੀਤੀ ਹੈ ਭਾਗਾਂ ਦੇ ਬਿਨਾਂ,
ਦੋਜ਼ਖ਼ਾਂ ਵਿਚ ਵੀ ਕਿਵੇਂ ਹੁੰਦੇ ਗੁਜ਼ਾਰੇ ਵੇਖੋ ।

ਲੋੜ ਤੋਂ ਵੱਧ ਕੇ ਸੱਚਾ ਨਹੀਂ ਹੋਵਣ ਦਿੱਤਾ,
ਏਸ ਚਿੰਤਾ ਨੇ ਕਿ ਰੁਸ ਜਾਣ ਨਾ ਪਿਆਰੇ ਵੇਖੋ ।

ਚੰਨ ਦੇ ਬਾਝੋਂ ਵੀ ਹੁੰਦਾ ਹੈ ਗਗਨ ਚੰਗਾ ਭਲਾ,
ਸ਼ਾਨ ਅੰਬਰ ਦੀ ਤਾਂ ਹੁੰਦੇ ਨੇ ਸਿਤਾਰੇ ਵੇਖੋ ।

ਵਕਤ ਨੇ ਸਾਰੇ ਗ਼ਰੂਰਾਂ 'ਚ ਹੀ ਡੁੱਬੇ ਬੰਦੇ ,
ਕਿੱਦਾਂ ਉੱਤੇ ਚੜ੍ਹਾ ਕੇ ਥੱਲੇ ਉਤਾਰੇ ਵੇਖੋ ।

ਸੂਫ਼ੀਆਂ ਸੰਤਾਂ ਦੀ ਵੀ ਮੰਨੋ ਤੇ ਉਸ ਮਾਲਕ ਦੇ,
ਝਾਤੀਆਂ ਮਾਰ ਕੇ ਦਿਲ ਵਿੱਚ ਇਸ਼ਾਰੇ ਵੇਖੋ ।

ਜਾਣਦੇ ਨੇ ਕਿ ਤਲਾਤੁਮ ਨੇ ਬੜੇ ਸਾਗਰ ਵਿਚ ,
ਫਿਰ ਵੀ ਆਬਾਦ ਕਰੀ ਬੈਠੇ ਕਿਨਾਰੇ ਵੇਖੋ ।

ਇਸ ਜ਼ਮਾਨੇ ਦੀਆਂ ਹੀਰਾਂ ਦੇ ਵੀ ਖੇੜੇ ਵੇਖੋ ,
ਅੱਜ ਦੇ ਰਾਂਝਿਆਂ ਦੇ ਤਖ਼ਤ ਹਜ਼ਾਰੇ ਵੇਖੋ ।

ਮਨ ਤਾਂ ਭਰਦਾ ਹੀ ਨਹੀਂ ਭਾਵੇਂ ਤੁਸੀਂ ਜਗ ਉੱਤੇ,
ਜਿੰਨੇ ਮਰਜ਼ੀ ਹੀ ਤਮਾਸ਼ੇ ਤੇ ਨਜ਼ਾਰੇ ਵੇਖੋ ।

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...