Friday 12 April 2019

ਪੰਜਾਬ ਦੀ ਸਰਜ਼ਮੀਨ ਦੀ ਫ਼ਰਿਆਦ

ਕਿਉਂ ਨਹੀਂ ਸੁਣਦਾ ਪਿਆ ਤੱਤੜੀ ਦੀ ਚੀਕ ਕੋਈ ?
ਰਾਤ ਭਾਰੀ ਰਹੇ ਗੀ ਦੱਸੋ ਕਦੋਂ ਤੀਕ ਕੋਈ ?
ਮੈਨੂੰ ਸੂਰਜ ਨੂੰ ਵੀ ਵੇਖੇ ਹੋਏ ਮੁੱਦਤ ਹੋ ਗਈ
ਆਸ ਦੇ ਬੂਟੇ ਮਿਰੇ ਨੂੰ ਮੋਏ ਮੁੱਦਤ ਹੋ ਗਈ
ਛਾਇਆ ਹੋਇਆ ਹੈ ਬੜਾ ਡਾਢਾ ਹਨੇਰਾ ਇੱਥੇ
ਪੀੜਾਂ, ਦਰਦਾਂ ਤੇ ਗ਼ਮਾਂ ਲਾਇਆ ਹੈ ਡੇਰਾ ਇੱਥੇ

ਆਏ ਜਰਵਾਣੇ ਤੇ ਲੁੱਟ ਪੁੱਟ ਕੇ ਸਗਲ ਧਨ ਲੈ ਗਏ
ਸ਼ਾਨ ਮੇਰੀ, ਅਦਾ ਮੇਰੀ ਅਤੇ ਜੋਬਨ ਲੈ ਗਏ
ਵੀਰਾਂ ਨੂੰ ਜਾਨ ਦੇ ਵੈਰੀ ਬਣਾ ਕੇ ਰੱਖ ਦਿੱਤਾ
ਘਰ 'ਚ ਭਾਂਬੜ ਬੜਾ ਉਹਨਾਂ ਮਚਾ ਕੇ ਰੱਖ ਦਿੱਤਾ
ਜਾਂਦੇ ਜਾਂਦੇ ਤਾਂ ਜਮਾਂ ਨ੍ਹੇਰ ਲਿਆ ਦਿੱਤਾ ਸੀ
ਖ਼ੰਜਰਾਂ ਨਾਲ ਮਿਰਾ ਸੀਨਾ ਸਜਾ ਦਿੱਤਾ ਸੀ

ਹੁਣ ਜੋ ਆਲਮ ਹੈ, ਬਿਆਨ ਉਹਨੂੰ ਕਿਵੇਂ ਕੋਈ ਕਰੇ
ਪੁੱਤ ਮੇਰਾ ਵੀ ਕੋਈ ਨਾ ਮਿਰੀ ਦਿਲ ਜੋਈ ਕਰੇ
ਧਰਤੀ ਤਾਂ ਵੰਡੀ ਹੀ, ਇਹ ਦਰਿਆ ਵੀ ਕੀਤੇ ਤਕਸੀਮ
ਕਿੱਥੇ ਉਹ ਰੰਗ ਗਏ , ਕਿੱਥੇ ਗਈ ਸ਼ਾਨ-ਏ-ਕਦੀਮ?
ਕਿਉਂ ਤੁਹਾਨੂੰ ਇਹ ਨਜ਼ਾਰਾ ਭਲਾ ਲੱਗੇ ਚੰਗਾ ?
ਵਿਚ ਦੋ ਆਜ਼ਾਦ ਵਤਨ , ਕੈਦ ਹੋਏ ਪੰਜ ਦਰਿਆ
ਅਕਲ ਵਾਲੇ ਹੀ ਨੇ ਸਾਰੇ ਤਾਂ ਹੀ ਨਫ਼ਰਤ ਵੱਸੇ
ਕੋਈ ਦਿਲ ਵਾਲਾ ਜੇ ਹੋਵੇ ਤਾਂ ਮੁਹੱਬਤ ਹੱਸੇ

ਕਾਹਤੋਂ ਬਾਲੀ ਹੈ ਤੁਸੀਂ ਦਿਲ 'ਚ ਨ-ਜਾਇਜ਼ ਹੀ ਅੱਗ
ਕਿਉਂ ਲਹੂ ਖੌਲਦੇ ਹੋ ਲੀਡਰਾਂ ਦੇ ਆਖੇ ਲੱਗ ?
ਲੀਡਰਾਂ , ਮੀਡੀਆ ਤੇ ਹੋਰਾਂ ਦਾ ਤਾਂ ਕੰਮ ਹੀ ਇਹ ਹੈ
ਲੁੱਟਣਾ ਖੋਹਣਾ ਤਾਂ ਹੈ , ਚੋਰਾਂ ਦਾ ਤਾਂ ਕੰਮ ਹੀ ਇਹ ਹੈ
ਤੁਸੀਂ ਕਿਉਂ ਇਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਹੋ
ਤੈਸ਼ ਵਿਚ ਆ ਕੇ ਤੁਸੀਂ ਸੁਰਤ ਭੁਲਾ ਜਾਂਦੇ ਹੋ
ਨੇੜੇ ਹੁੰਦੇ ਹੋਏ ਵੀ ਦੂਰੀ ਪਾ ਕੇ ਬਹਿ ਗਏ ਹੋ
ਇਕ ਤਮਾਸ਼ਾ ਜਿਹਾ ਬਣ ਕੇ ਤੁਸੀਂ ਹੁਣ ਰਹਿ ਗਏ ਹੋ
ਖ਼ੁਦ ਤਾਂ ਰੋਂਦੇ ਹੀ ਹੋ , ਮੈਨੂੰ ਵੀ ਰੁਲਾਉਂਦੇ ਹੋ ਤੁਸੀਂ
ਫ਼ਾਸਲੇ ਜਦ ਵੀ ਦਿਲਾਂ ਵਿੱਚ ਵਧਾਉਂਦੇ ਹੋ ਤੁਸੀਂ

ਜ਼ਰਾ ਵੇਖੋ ਤਾਂ ਸਹੀ ਧਰਤੀ ਤੁਹਾਡੀ ਇੱਕ ਹੈ
ਰੰਗ ਇਕ ਹੈ ਤੇ ਜ਼ੁਬਾਂ ਬੋਲੀ ਤੁਹਾਡੀ ਇੱਕ ਹੈ
ਸੱਚ ਆਖਾਂ ਤਾਂ ਨਸਾਂ ਵਿੱਚ ਲਹੂ ਵੀ ਇੱਕ ਹੈ
ਇਹ ਤੁਹਾਡੀ ਹਵਾ ਦਾ ਰੰਗ ਤੇ ਬੂ ਵੀ ਇੱਕ ਹੈ
ਫ਼ਰਕ ਮਜ਼ਹਬ ਦੇ ਤੁਸੀਂ ਲੱਭ ਨਿਖੇੜੇ ਕੀਤੇ
ਸੈਂਕੜੇ ਹੀ ਖੜੇ ਫਿਰ ਝਗੜੇ ਤੇ ਝੇੜੇ ਕੀਤੇ
ਰੱਬ ਮੂਹਰੇ ਕਰਾਂ ਮੈਂ ਬੱਸ ਇਹੋ ਹੀ ਫ਼ਰਿਆਦ
ਜ਼ਿਹਨ ਖ਼ਲਕਤ ਦਾ ਕਰੀ ਕੈਦੋਂ ਖ਼ੁਦਾਇਆ ਆਜ਼ਾਦ

No comments:

Post a Comment

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...