ਕੀ ਹੋ ਗਈ ਹੈ ਕੌਮ ਦੀ ਹਾਲਤ! ਕਿਵੇਂ ਕਹਾਂ?
ਬੇ-ਜ਼ੌਕ ਸਜਦਿਆਂ ਨੂੰ ਇਬਾਦਤ ਕਿਵੇਂ ਕਹਾਂ?
ਕੁਝ ਸਰਦ ਜਜ਼ਬਿਆਂ ਨੂੰ ਮੁਹੱਬਤ ਕਿਵੇਂ ਕਹਾਂ?
ਬਖ਼ਸ਼ੀ ਸੀ ਜਿਹੜੇ ਤਖ਼ਤ ਨੇ ਧਰਤੀ ਨੂੰ ਆਬਰੂ,
ਕੀ ਰਹਿ ਗਈ ਉਹ ਤਖ਼ਤ ਦੀ ਇੱਜ਼ਤ! ਕਿਵੇਂ ਕਹਾਂ?
ਜਿਹੜੇ ਨਿਆਣਿਆਂ ਨੇ ਫ਼ਸਾਨੇ ਹੀ ਨੇ ਸੁਣੇ,
ਪੁੱਛਦੇ ਨੇ ਹੁਣ ਉਹ ਮੈਥੋਂ ਹਕੀਕਤ! ਕਿਵੇਂ ਕਹਾਂ?
ਜਦ ਭੀੜ ਨੇ ਗ਼ਰੀਬੜੇ ਦੇ ਘਰ ਨੂੰ ਲਾਈ ਅੱਗ,
ਹੋਈ ਨਾ ਮੈਨੂੰ ਕਿਉਂ ਕੋਈ ਹੈਰਤ? ਕਿਵੇਂ ਕਹਾਂ?
ਜੀਹਨੂੰ ਮਿਲੇ ਬਗ਼ੈਰ ਨਾ ਇਕ ਦਿਨ ਸੀ ਲੰਘਦਾ,
ਉਹ ਭੁੱਲ ਗਿਆ ਹੈ ਮੇਰੀ ਰਫ਼ਾਕਤ! ਕਿਵੇਂ ਕਹਾਂ?
ਪ੍ਰੀਤਮ ਦੇ ਦਰ 'ਤੇ ਸੀਸ ਝੁਕਾਵਣ ਦੇ ਵਾਸਤੇ,
ਮਿਲਦੀ ਨਹੀਂ ਹੈ ਕਿਉਂ ਕੋਈ ਮੁਹਲਤ? ਕਿਵੇਂ ਕਹਾਂ?
ਸ਼ੇਖ ਇਹ ਕਹੇ ਕਿ ਮੈਨੂੰ ਉਹ ਦਿੰਦਾ ਸਲਾਹ, ਪਰ,
ਮੈਂ ਉਹਦੇ ਤਾਅਨਿਆਂ ਨੂੰ ਨਸੀਹਤ ਕਿਵੇਂ ਕਹਾਂ?
ਹੁਣ ਖ਼ੁਸ਼-ਮਿਜ਼ਾਜ ਯਾਰਾਂ ਦੀਆਂ ਮਹਿਫ਼ਿਲਾਂ ਦੇ ਵਿੱਚ,
ਕਰਦਾ ਨਹੀਂ ਮੈਂ ਕਿਉਂ ਕਦੇ ਸ਼ਿਰਕਤ? ਕਿਵੇਂ ਕਹਾਂ?
ਵਹਿਸ਼ੀ ਗ਼ਜ਼ਾਲ ਵਾਂਗ ਖ਼ਿਆਲਾਂ ਦੇ ਦਸ਼ਤ ਵਿੱਚ,
ਘੁੰਮਦੀ ਪਈ ਹੈ ਗ਼ੈਰ ਦੀ ਸੂਰਤ! ਕਿਵੇਂ ਕਹਾਂ?
ਰੱਬਾ! ਜੋ ਮੇਰੇ ਦਿਲ ਨੂੰ ਅਜਬ ਵਲਵਲੇ ਮਿਲੇ,
ਇਹ ਹੈ ਕੋਈ ਅਜ਼ਾਬ ਕਿ ਬਰਕਤ? ਕਿਵੇਂ ਕਹਾਂ!