Sunday, 20 September 2026

ਗ਼ਜ਼ਲ

ਨਾ ਅੱਲ੍ਹੜਾਂ 'ਤੇ ਮਰ, ਕਿ ਜ਼ਮਾਨਾ ਖ਼ਰਾਬ ਹੈ।

ਰੱਖ ਬੰਦ ਦਿਲ ਦੇ ਦਰ, ਕਿ ਜ਼ਮਾਨਾ ਖ਼ਰਾਬ ਹੈ। 


ਸੁਣ ਸੋਹਣਿਆ! ਤੂੰ ਹੈਂ ਬੜਾ ਭੋਲਾ ਤੇ ਸਾਦਾ-ਦਿਲ,

ਤੈਨੂੰ ਨਹੀਂ ਖ਼ਬਰ ਕਿ ਜ਼ਮਾਨਾ ਖ਼ਰਾਬ ਹੈ।


ਇਕ ਆਦਮੀ 'ਤੇ ਵੀ ਤੇਰੀ ਮਿੱਠੀ ਜ਼ੁਬਾਨ ਦਾ,

ਹੋਣਾ ਨਹੀਂ ਅਸਰ, ਕਿ ਜ਼ਮਾਨਾ ਖ਼ਰਾਬ ਹੈ। 


ਵੈਰੀ ਹੋਏ ਜਾਂ ਯਾਰ, ਕਿਸੇ 'ਤੇ ਨਹੀਂ ਯਕੀਨ,

ਮੈਨੂੰ ਹੈ ਸਭ ਦਾ ਡਰ, ਕਿ ਜ਼ਮਾਨਾ ਖ਼ਰਾਬ ਹੈ। 


ਦੁਨੀਆ 'ਚ ਹੁਣ ਰਿਹਾ ਨਾ ਕੋਈ ਮਰਦ ਪਾਕ-ਬੀਨ, 

ਮਾੜੀ ਹੈ ਹਰ ਨਜ਼ਰ, ਕਿ ਜ਼ਮਾਨਾ ਖ਼ਰਾਬ ਹੈ।


ਰੱਬਾ! ਤੇਰੇ ਜਹਾਨ ਦੇ ਅੰਦਰ ਤੇਰੇ ਗ਼ੁਲਾਮ,

ਰੁਲਦੇ ਨੇ ਦਰ-ਬ-ਦਰ, ਕਿ ਜ਼ਮਾਨਾ ਖ਼ਰਾਬ ਹੈ। 


ਦਾਨੇ ਵੀ ਹੁਣ ਜ਼ਮੀਰ-ਫ਼ਰੋਸ਼ੀ ਦਾ ਕਾਰੋਬਾਰ,

ਕਰਦੇ ਨੇ ਉਮਰ ਭਰ, ਕਿ ਜ਼ਮਾਨਾ ਖ਼ਰਾਬ ਹੈ।


ਵਾਪਸ ਜਦੋਂ ਤੋਂ ਆਇਆ ਹੈ ਤੇਰੀ ਗਲੀ 'ਚੋਂ ਉਹ,

ਕਹਿੰਦਾ ਹੈ ਨਾਮਾ-ਬਰ ਕਿ ਜ਼ਮਾਨਾ ਖ਼ਰਾਬ ਹੈ। 


ਬੇ-ਦਰਦੀਆਂ ਦੀ ਬਜ਼ਮ ਵਿਚ ਆਪਣੀ ਗ਼ਜ਼ਲ ਨਾ ਕਹਿ,

ਰੱਖ ਸਾਂਭ ਕੇ ਹੁਨਰ, ਕਿ ਜ਼ਮਾਨਾ ਖ਼ਰਾਬ ਹੈ।


ਐਵੇਂ ਜਣੇ-ਖਣੇ ਨੂੰ ਨਾ ਤੂੰ ਆਖ ਮੁਹਤਬਰ,

ਨਾ ਕੋਈ ਮੁਹਤਬਰ, ਕਿ ਜ਼ਮਾਨਾ ਖ਼ਰਾਬ ਹੈ।


ਬੱਸ! ਹੁਣ ਨਹੀਂ ਨਿਕਲਣਾ ਦੁਬਾਰਾ ਸਫ਼ਰ 'ਤੇ ਮੈਂ,

ਰਹਿਣਾ ਮੈਂ ਆਪਣੇ ਘਰ, ਕਿ ਜ਼ਮਾਨਾ ਖ਼ਰਾਬ ਹੈ।


ਤੂੰ ਦਿਲ ਵਿਸ਼ਾਲ ਰੱਖ ਅਤੇ ਚੰਗੀ ਮਿਸਾਲ ਬਣ,

ਤੂੰ ਇਹਦਾ ਗ਼ਮ ਨਾ ਕਰ ਕਿ ਜ਼ਮਾਨਾ ਖ਼ਰਾਬ ਹੈ।

Wednesday, 16 September 2026

ਗ਼ਜ਼ਲ

ਗਿਆ ਬਜ਼ਮ ਵਿਚ ਮੈਂ ਅਦਾਕਾਰ ਹੋ ਕੇ,

ਤਬੱਸੁਮ ਦੇ ਅੰਦਰ ਗ਼ਮਾਂ ਨੂੰ ਲੁਕੋ ਕੇ।


ਅਸੀਂ ਦਿਨ ਗੁਜ਼ਾਰੇ ਖ਼ਿਆਲਾਂ 'ਚ ਖੋ ਕੇ,

ਤੇ ਰਾਤਾਂ ਵੀ ਕੱਟੀਆਂ ਨੇ ਯਾਦਾਂ 'ਚ ਰੋ ਕੇ।


ਅਸੀਂ ਰੋਜ਼ ਖ਼ੁਦ ਨੂੰ ਨਵੇਂ ਜ਼ਖ਼ਮ ਦਿੱਤੇ,

ਮੁਹੱਬਤ ਦੇ ਖ਼ੰਜਰ ਜਿਗਰ ਵਿਚ ਖੁਭੋ ਕੇ।


ਲਹੂ ਦੇ ਨਿਸ਼ਾਨਾਂ ਤੋਂ ਹੈ ਤੰਗ ਜੱਲਾਦ,

ਇਹ ਧੱਬੇ ਨਾ ਮਿਟਦੇ ਨੇ ਕੁੜਤੇ ਨੂੰ ਧੋ ਕੇ।


ਨਾ ਭੱਜਦਾ ਜਾ ਹਰ ਦਮ ਜ਼ਮਾਨੇ ਦੇ ਪਿੱਛੇ,

ਕਦੀ ਵੇਖ ਕੁਦਰਤ ਨੂੰ ਇਕ ਪਲ ਖਲੋ ਕੇ


ਕਿਵੇਂ ਖ਼ੁਦ ਨੂੰ ਧਰਮੀ ਕਹਾਉਂਦੇ ਹੋ ਲੋਕੋ,

ਤੁਸੀਂ ਮਨ ਦੀ ਮਾਲਾ 'ਚ ਤਲਖ਼ੀ ਪਰੋ ਕੇ?


ਜ਼ਰਾ ਸੋਚੋ ਕੀ ਫਲ ਮਿਲੇਗਾ ਤੁਹਾਨੂੰ,

ਜ਼ਮੀਨਾਂ ਦੇ ਵਿਚ ਬੀਜ ਨਫ਼ਰਤ ਦੇ ਬੋ ਕੇ।

Tuesday, 15 September 2026

ਗ਼ਜ਼ਲ

ਨਾ ਆਸ਼ਿਕਾਂ ਨੂੰ ਕੋਈ ਦੁੱਖ, ਨਾ ਗ਼ਮ ਹਸੀਨਾਂ ਨੂੰ,
ਕਿ ਸਜਦਿਆਂ 'ਚ ਯਕੀਂ ਨਾ ਰਿਹਾ ਜਬੀਨਾਂ ਨੂੰ।

ਫ਼ਜ਼ੂਲ ਮਾਣ ਸੀ ਇਲਮਾਂ ਦਾ ਅਕਲਮੰਦਾਂ ਨੂੰ,
ਉਨ੍ਹਾਂ ਤੋਂ ਵੱਧ ਕੇ ਹੁਨਰ ਆ ਗਏ ਮਸ਼ੀਨਾਂ ਨੂੰ।

ਸਿਪਾਹੀਆਂ ਤੋਂ ਸ਼ਿਕਾਇਤ ਕਦੇ ਨਹੀਂ ਹੁੰਦੀ,
ਹਕੂਮਤਾਂ ਤੋਂ ਗਿਲੇ ਰਹਿੰਦੇ ਸਰਜ਼ਮੀਨਾਂ ਨੂੰ। 

ਮੈਂ ਜਾਣਦਾ ਹਾਂ ਮੇਰਾ ਹੀ ਕਸੂਰ ਕੱਢੇਗਾ,
ਜਹਾਨ ਦੋਸ਼ ਨਹੀਂ ਦਿੰਦਾ ਨਾਜ਼ਨੀਨਾਂ ਨੂੰ।

ਹਜ਼ਾਰ ਨਾਗ ਤੇ ਖ਼ੰਜਰ ਇਹਦੇ 'ਚੋਂ ਨਿਕਲਣਗੇ,
ਜ਼ਰਾ ਫਰੋਲ ਕੇ ਵੇਖੋ ਤਾਂ ਆਸਤੀਨਾਂ ਨੂੰ!

ਮੇਰੇ ਹਸੀਨ ਖ਼ਿਆਲਾਂ 'ਚ ਕੌਣ ਕਰਦਾ ਹੈ ਰਾਜ?
ਇਹਦੀ ਖ਼ਬਰ ਨਾ ਹੋਈ ਮੇਰੇ ਹਮ-ਨਸ਼ੀਨਾਂ ਨੂੰ।

Tuesday, 1 September 2026

ਗ਼ਜ਼ਲ

ਤੈਨੂੰ ਅਨੋਖਾ ਸ਼ੌਕ ਹੈ ਦਿਲ ਨੂੰ ਦੁਖਾ ਕੇ ਰੋਣ ਦਾ,
ਨਿੱਕੀ ਜਿਹੀ ਇਕ ਗੱਲ ਨੂੰ ਹੱਦ ਤੋਂ ਵਧਾ ਕੇ ਰੋਣ ਦਾ।

ਕੀ ਲਾਭ ਹੈ ਸੰਸਾਰ ਦੇ ਧੋਖੇ ਗਿਣਾ ਕੇ ਰੋਣ ਦਾ?
ਕੀ ਫ਼ਾਇਦਾ ਹੈ ਦੋਸਤਾਂ ਨੂੰ ਆਜ਼ਮਾ ਕੇ ਰੋਣ ਦਾ?

ਉਸ ਬੇ-ਵਫ਼ਾ ਨੇ ਸਭ ਤੋਂ ਪਹਿਲਾਂ ਉੱਠ ਕੇ ਜਾਣਾ ਬਜ਼ਮ 'ਚੋਂ,
ਹੋਣਾ ਸ਼ੁਰੂ ਜਦ ਸਿਲਸਿਲਾ ਗ਼ਮ ਨੂੰ ਸੁਣਾ ਕੇ ਰੋਣ ਦਾ।

ਇਹ ਜਿਓਣ ਵੀ ਦਿੰਦਾ ਨਹੀਂ ਤੇ ਮਰਨ ਵੀ ਦਿੰਦਾ ਨਹੀਂ,
ਇਹ ਹੈ ਅਜਬ ਅੰਦਾਜ਼ ਤੇਰਾ ਮੁਸਕੁਰਾ ਕੇ ਰੋਣ ਦਾ। 

ਕੱਲ੍ਹ ਰਾਤ ਕੀਤਾ ਸ਼ਹਿਰ ਦੇ ਦੀਵਾਨਿਆਂ ਨੇ ਫ਼ੈਸਲਾ,
ਇਕ ਦਿਲ-ਰੁਬਾ ਦੀ ਯਾਦ ਵਿਚ ਮਹਿਫ਼ਿਲ ਸਜਾ ਕੇ ਰੋਣ ਦਾ।

ਐ ਭੋਲਿਓ! ਦੀਵਾਨਿਓ! ਚੱਜ ਦਾ ਕੋਈ ਕੰਮ ਲੱਭ ਲਵੋ!
ਇਹ ਕਿਸ ਤਰ੍ਹਾਂ ਦਾ ਸ਼ੁਗਲ ਹੈ ਹੰਝੂ ਵਹਾ ਕੇ ਰੋਣ ਦਾ?

ਤੇਰੀ ਜੁਦਾਈ ਵਿਚ ਅਵੱਲਾ ਰੋਗ ਲਾ ਬੈਠਾ ਹਾਂ ਮੈਂ,
ਗ਼ੈਰਾਂ ਦੇ ਤਾਅਨੇ ਮਿਹਣਿਆਂ ਨੂੰ ਦਿਲ 'ਤੇ ਲਾ ਕੇ ਰੋਣ ਦਾ।

ਕਿੱਸਾ ਤੇਰਾ ਛੇੜਾਂ ਜਦੋਂ ਪੁੱਛੇ ਕੋਈ ਮੈਥੋਂ ਸਬੱਬ,
ਦੁਨੀਆ ਦੀਆਂ ਨਜ਼ਰਾਂ ਦੇ ਵਿਚ ਖ਼ੁਦ ਨੂੰ ਗਿਰਾ ਕੇ ਰੋਣ ਦਾ। 

ਕਹਿੰਦੇ ਕਹਾਉਂਦੇ ਆਕਲਾਂ ਨੇ ਹਾਰ ਕੇ ਮੰਨੀ ਇਹ ਗੱਲ,
ਵੱਖਰਾ ਮਜ਼ਾ ਹੈ ਆਪਣੀ ਹਸਤੀ ਮਿਟਾ ਕੇ ਰੋਣ ਦਾ।

ਜੀਵਨ ਦਿਆਂ ਸੁੱਖਾਂ ਦੇ ਵਿੱਚੋਂ ਸਭ ਤੋਂ ਉੱਤਮ ਹੈ ਉਹ ਸੁੱਖ,
ਜੋ ਸੁੱਖ ਗੁਰੂ ਦੇ ਸਾਮ੍ਹਣੇ ਸਿਰ ਨੂੰ ਨਿਵਾ ਕੇ ਰੋਣ ਦਾ।

Thursday, 6 August 2026

ਗ਼ਜ਼ਲ

ਰੱਖਦਾ ਜ਼ਹੀਨ ਆਦਮੀ, ਅਕਲ ਨਜ਼ਰ ਦੇ ਨਾਲ ਨਾਲ, 
ਬੋਧ ਲਈ ਹੈ ਲਾਜ਼ਮੀ, ਇਲਮ ਖ਼ਬਰ ਦੇ ਨਾਲ ਨਾਲ।

ਰੂਹ ਅਜ਼ਲ ਤੋਂ ਲੋਚਦੀ, ਪ੍ਰੇਮ-ਭਗਤ ਤੇ ਗਿਆਨ-ਧਿਆਨ,
ਦੇਹ ਫ਼ਿਰਾਕ ਵਿਚ ਸੜੇ, ਦਿਲ ਤੇ ਜਿਗਰ ਦੇ ਨਾਲ ਨਾਲ। 

ਇਸ਼ਕ ਦੇ ਸ਼ਹਿਰ ਅੰਦਰ ਇਕ ਸਾਦਾ ਜਿਹਾ ਹੈ ਘਰ ਮੇਰਾ,
ਰਹਿੰਦੀ ਹੈ ਜਿਸ 'ਚ ਇਕ ਉਮੀਦ, ਫ਼ਿਕਰ ਤੇ ਡਰ ਦੇ ਨਾਲ ਨਾਲ।

ਤੇਰਾ ਕਮਾਲ ਤੇ ਤੇਰਾ ਜਾਹੋ ਜਲਾਲ ਵੇਖ ਕੇ,
ਮੈਂ ਵੀ ਗ਼ੁਲਾਮ ਹੋ ਗਿਆ, ਸਾਰੇ ਨਗਰ ਦੇ ਨਾਲ ਨਾਲ। 

ਜਿਹੜੀ ਬੁਲੰਦੀਆਂ ਤੋਂ ਵੀ, ਵੇਖ ਸਕੇ ਜ਼ਮੀਨ ਤੱਕ,
ਬਾਜ਼ ਨੂੰ ਉਸ ਨਿਗਾਹ ਦੀ ਵੀ, ਲੋੜ ਹੈ ਪਰ ਦੇ ਨਾਲ ਨਾਲ।

ਹੁਸਨ ਦੇ ਜਲਵਿਆਂ ਦੇ ਨਾਲ, ਇਸ਼ਕ ਦੀ ਘਾਲਣਾ ਵੀ ਵੇਖ,
ਵੇਖ ਸ਼ਹੀਦ ਦੇ ਨਿਸ਼ਾਨ, ਯਾਰ ਦੇ ਦਰ ਦੇ ਨਾਲ ਨਾਲ। 

ਹੋਵੇ ਨਾ ਦਿਲ 'ਚ ਪੀੜ ਤਾਂ ਸ਼ਿਅਰ ਨਾ ਕਹਿ ਤੂੰ ਸ਼ਾਇਰਾ,
ਤੈਥੋਂ ਗ਼ਜ਼ਲ ਹੈ ਮੰਗਦੀ, ਦਰਦ ਹੁਨਰ ਦੇ ਨਾਲ ਨਾਲ।

Wednesday, 5 August 2026

ਗ਼ਜ਼ਲ

ਕੋਈ ਜੋਗੀ ਹੋ ਜਾਂਦਾ ਹੈ ਤੇ ਕੋਈ ਚਾਕ ਹੁੰਦਾ ਹੈ,

ਹਰ ਇਕ ਆਸ਼ਿਕ ਤੇਰੇ ਰਾਹਾਂ 'ਚ ਰੁਲ ਕੇ ਖ਼ਾਕ ਹੁੰਦਾ ਹੈ। 


ਸਮਾਇਆ ਜਿਸ ਨੇ ਦਿਲ ਅੰਦਰ ਗੁਰੂ ਦਾ ਵਾਕ ਹੁੰਦਾ ਹੈ,

ਉਹ ਗੁਰਸਿੱਖ ਬਾਹਰੋਂ ਤੇ ਅੰਦਰੋਂ ਵੀ ਪਾਕ ਹੁੰਦਾ ਹੈ।


ਨਹੀਂ ਤਾਰੀਫ਼ ਹੁੰਦੀ ਉਸ ਤੋਂ ਝੂਠੇ ਬਾਦਸ਼ਾਹਾਂ ਦੀ,

ਕਿ ਸੱਚੇ ਰਾਹ ਦਾ ਪਾਂਧੀ ਬੜਾ ਬੇਬਾਕ ਹੁੰਦਾ ਹੈ। 


ਤੁਹਾਡੇ ਤਰਲਿਆਂ ਦੇ ਨਾਲ ਉਹਦੀ ਅੱਖ ਕਿਉਂ ਭਿੱਜੇ?

ਤੁਸੀਂ ਦੱਸੋ ਕਿ ਮਾਰੂਥਲ ਕਦੇ ਨਮਨਾਕ ਹੁੰਦਾ ਹੈ?


ਤੂੰ ਕਿੱਦਾਂ ਸਹਿ ਲਏ ਹੱਸ ਕੇ ਹਜ਼ਾਰਾਂ ਜ਼ਖ਼ਮ ਐ ਪੰਜਾਬ?

ਤੇਰੇ ਕਿੱਸੇ ਨੂੰ ਸੁਣ ਕੇ ਜੱਗ ਦਾ ਦਿਲ ਗ਼ਮਨਾਕ ਹੁੰਦਾ ਹੈ।

Sunday, 31 May 2026

ਗ਼ਜ਼ਲ

ਵੇਖਣੇ ਜੱਗ ਦੇ ਨਜ਼ਾਰੇ ਔਖੇ,
ਰੋਕਣੇ ਅੱਥਰੂ ਖਾਰੇ ਔਖੇ।

ਬੰਦਿਆ! ਪਾਏ ਜੋ ਤੂੰ ਧਰਤੀ 'ਤੇ,
ਕੱਠੇ ਕਰਨੇ ਉਹ ਖਿਲਾਰੇ ਔਖੇ।

ਸਿਰਫ਼ ਧਰਤੀ ਨਹੀਂ ਆਦਮ ਤੋਂ ਤੰਗ,
ਇਹਦੇ ਤੋਂ ਚੰਨ ਸਿਤਾਰੇ ਔਖੇ।

ਜੋ ਕਦੇ ਕਰਦੇ ਸੀ ਔਖਾ ਮੈਨੂੰ,
ਅੱਜ ਉਹ ਲੋਕ ਵਿਚਾਰੇ ਔਖੇ।

ਤੇਰੇ ਨਖ਼ਰੇ ਬੜੇ ਭਾਰੇ ਸੀ ਯਾਰ,
ਤੇਰੇ ਕਰਕੇ ਹੋਏ ਸਾਰੇ ਔਖੇ।

ਇਸ ਤਰ੍ਹਾਂ ਜ਼ੋਰ ਕੇ ਨਾ ਹੱਸਿਆ ਕਰ,
ਹੁੰਦੇ ਨੇ ਦਰਦ ਦੇ ਮਾਰੇ ਔਖੇ।

ਬੰਦ ਤਾਂ ਇਸ਼ਕ ਦੇ ਧੰਦੇ ਹੋ ਗਏ,
ਜਰਨੇ ਇਹਦੇ ਸੀ ਖ਼ਸਾਰੇ ਔਖੇ।

ਜਦੋਂ ਹਮਰਾਹ ਤੇਰੀ ਯਾਦ ਨਾ ਸੀ,
ਅਸੀਂ ਉਹ ਵਕਤ ਗੁਜ਼ਾਰੇ ਔਖੇ।

ਤੈਨੂੰ ਕੀ ਫ਼ਰਕ ਪਵੇ ਦਰਿਆਵਾ!
ਹੋਣ ਜੇ ਤੈਥੋਂ ਕਿਨਾਰੇ ਔਖੇ!

ਮੈਂ ਤਾਂ ਸਿੱਧਾ ਹੀ 'ਨਾ' ਕਹਿ ਦਿੰਦਾ ਹਾਂ,
ਲਾਉਣੇ ਮੇਰੇ ਲਈ ਲਾਰੇ ਔਖੇ।

ਰਾਹ ਵਿਚ ਰੋੜੇ ਤਾਂ ਮਿਲ ਜਾਂਦੇ ਨੇ,
ਹੁੰਦੇ ਪਰ ਲੱਭਣੇ ਸਹਾਰੇ ਔਖੇ।

ਜਿੰਦ ਦੇ ਵਿੰਗ-ਵਲਾਂ ਨੇ 'ਸਿਮਰਨ',
ਕੀਤੇ ਸੰਸਾਰ 'ਚ ਸਾਰੇ ਔਖੇ।

ਗ਼ਜ਼ਲ

ਨਾ ਅੱਲ੍ਹੜਾਂ 'ਤੇ ਮਰ, ਕਿ ਜ਼ਮਾਨਾ ਖ਼ਰਾਬ ਹੈ। ਰੱਖ ਬੰਦ ਦਿਲ ਦੇ ਦਰ, ਕਿ ਜ਼ਮਾਨਾ ਖ਼ਰਾਬ ਹੈ।  ਸੁਣ ਸੋਹਣਿਆ! ਤੂੰ ਹੈਂ ਬੜਾ ਭੋਲਾ ਤੇ ਸਾਦਾ-ਦਿਲ, ਤੈਨੂੰ ਨਹੀਂ ਖ਼ਬ...