Thursday, 23 October 2025

ਪੰਥ ਖ਼ਾਲਸਾ

ਪਾਟਾ ਤੇ ਮੈਲਾ ਸੀ ਝੱਗਾ, ਹਿੰਦ ਦੀ ਆਬਰੂ ਦਾ,
ਮਿਲਦਾ ਨਹੀਂ ਸੀ ਕੋਈ ਸਿਲਾ, ਬੇ-ਜ਼ਾਰ ਜੁਸਤੁਜੂ ਦਾ,
ਚਹੁੰ ਪਾਸੀਂ ਛਾਇਆ ਹੋਇਆ ਸੀ ਖ਼ੌਫ਼ ਤਕੜੇ ਅਦੂ ਦਾ,
ਬਾਜ਼ੀ ਪਲਟ ਗਈ ਜਦ ਮਿਲਿਆ ਥਾਪੜਾ ਸਤਿਗੁਰੂ ਦਾ।

ਨਾਂ ਲੈ ਕੇ ਕਰਤੇ ਦਾ ਘੋਲੇ, ਪਾਣੀਆਂ ਵਿਚ ਪਤਾਸੇ,
ਭਰ ਦਿੱਤੇ ਉਸ ਦੀ ਬਖ਼ਸ਼ਿਸ਼ ਨੇ, ਆਸ ਨਾਲ ਬੇ-ਆਸੇ,
ਪਿਤਾ ਜਦੋਂ ਪਾਤਸ਼ਾਹ ਹੋਵੇ, ਪੁੱਤ ਦੱਬ ਕੇ ਨਾ ਰਹਿੰਦਾ,
ਕੌਣ ਉਹਨੂੰ ਅੱਖਾਂ ਵਿਖਾਉਂਦਾ? ਕੌਣ ਉਸ ਨਾਲ ਖਹਿੰਦਾ?

ਮੁੱਢੋਂ ਪੰਥ ਖ਼ਾਲਸਾ ਆਪਣਾ ਫ਼ਰਜ਼ ਨਿਭਾਉਂਦਾ ਆਇਆ,
ਦਿੱਲੀ ਤੋਂ ਕਾਬੁਲ ਤੱਕ ਛਾਇਆ, ਅਨੰਦਪੁਰ ਦਾ ਜਾਇਆ,
ਰਣ ਤੱਤੇ 'ਚ ਹਰ ਇਕ ਵਾਰ ਦਾ, ਦਿੱਤਾ ਜਵਾਬ ਪੂਰਾ,
ਦੁਸ਼ਮਣ ਦੀ ਇਕ ਇਕ ਕਰਨੀ ਦਾ, ਕੀਤਾ ਹਿਸਾਬ ਪੂਰਾ।

ਸਾਧਾਂ ਦੀ ਨਗਰੀ ਦੇ ਅੰਦਰ, ਉਮਰ ਸੇਵਾ 'ਚ ਲਾਵੇ,
ਕੂੜ-ਕਪਟ ਦੀ ਬਸਤੀ ਉੱਤੇ, ਡਾਢਾ ਕਹਿਰ ਕਮਾਵੇ,
ਕਦੇ ਦੁਨਿਆਵੀ ਸ਼ਾਹਾਂ ਤੋਂ ਨ, ਭੀਖ ਨਿਆਂ ਦੀ ਮੰਗੇ,
ਆਗਿਆ ਲੈ ਕੇ ਅਕਾਲ ਕੋਲੋਂ, ਜ਼ਾਲਮ ਸੂਲੀ ਟੰਗੇ।

ਵੱਜਣ ਜਦੋਂ ਨਗਾਰੇ ਇਹਦੇ, ਕੰਬਣ ਜਾਬਰ ਲੱਖਾਂ,
ਜਲਾਲ ਵੇਖ ਕੇ ਖ਼ਾਲਸੇ ਦਾ, ਰੜਕਣ ਲੱਗਣ ਅੱਖਾਂ,
ਆਖਣ ਭਾਵੇਂ ਬੁਜ਼ਦਿਲ ਹਾਕਿਮ, ਬਗ਼ਾਵਤਾਂ ਨੂੰ ਦੰਗਾ,
ਪਰ ਦਾਨਾ-ਬੀਨਾ ਪਰਮੇਸ਼ਰ, ਜਾਣੇ ਮੰਦਾ-ਚੰਗਾ।

ਅੱਜ ਵੀ ਇਹਦੇ ਖ਼ਿਲਾਫ਼ ਵੈਰੀ, ਘੜਣ ਸਾਜ਼ਿਸ਼ਾਂ ਲੱਖਾਂ,
ਦਾਗ਼ ਲਾਉਣ ਲਈ ਖ਼ਾਲਸੇ 'ਤੇ, ਕਰਨ ਕੋਸ਼ਿਸ਼ਾਂ ਲੱਖਾਂ,
ਪਰ ਇਹ ਖ਼ਾਸ ਰੂਪ ਸਤਿਗੁਰ ਦਾ, ਸਦਾ ਨਿਰਮਲ ਰਹੇਗਾ,
ਮਿਟਾ ਕੇ ਜ਼ਾਲਮਾਂ ਦਾ ਨਿਸ਼ਾਨ, ਤਖ਼ਤ ਉੱਤੇ ਬਹੇਗਾ। 

ਪੰਥ ਖ਼ਾਲਸਾ

ਪਾਟਾ ਤੇ ਮੈਲਾ ਸੀ ਝੱਗਾ, ਹਿੰਦ ਦੀ ਆਬਰੂ ਦਾ, ਮਿਲਦਾ ਨਹੀਂ ਸੀ ਕੋਈ ਸਿਲਾ, ਬੇ-ਜ਼ਾਰ ਜੁਸਤੁਜੂ ਦਾ, ਚਹੁੰ ਪਾਸੀਂ ਛਾਇਆ ਹੋਇਆ ਸੀ ਖ਼ੌਫ਼ ਤਕੜੇ ਅਦੂ ਦਾ, ਬਾਜ਼ੀ ਪਲਟ ਗਈ ਜ...