ਹਰ ਕਦਮ ਉੱਤੇ ਤੂੰ ਨਾਦਾਨੀ ਕਰੇ,
ਭੁੱਲ ਕੇ ਗੁਰਮਤ ਨੂੰ ਤੂੰ ਮਨਮਾਨੀ ਕਰੇ,
ਇਸ ਤਰ੍ਹਾਂ ਰਾਜ਼ੀ ਨਾ ਦਿਲਬਰ ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ।
ਨਾ ਕਦੇ ਹਉਮੈਂ ਦੇ ਬੰਧਨ ਤੋੜਦਾ,
ਨਾ ਕਦੇ ਮਾਇਆ ਦੇ ਫੁਰਨੇ ਮੋੜਦਾ,
ਨਾ ਕਦੇ ਤੂੰ ਧਿਆਨ ਰੱਬ ਵਿਚ ਜੋੜਦਾ,
ਮਨ ਕਦੇ ਨਾ ਹੱਦ ਅੰਦਰ ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ।
ਈਸ਼ਵਰ ਨੂੰ ਯਾਦ ਨਾ ਕੀਤਾ ਕਦੇ,
ਮਨ ਟਿਕਾ ਕੇ ਸ਼ਾਦ ਨਾ ਕੀਤਾ ਕਦੇ,
ਕੈਦ ਤੋਂ ਆਜ਼ਾਦ ਨਾ ਕੀਤਾ ਕਦੇ,
ਹਰ ਘੜੀ ਦਮ ਦਾ ਨਿਰਾਦਰ ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ।
ਹੁਕਮ ਦੇ ਉੱਤੇ ਤੂੰ ਕਰਦਾ ਤਰਕ ਹੈ,
ਅਕਲ ਦੀ ਮਸਤੀ ਦੇ ਅੰਦਰ ਗ਼ਰਕ ਹੈ,
ਆਲਿਮਾਂ ਤੇ ਆਸ਼ਿਕਾਂ ਵਿਚ ਫ਼ਰਕ ਹੈ,
ਨਾਮ ਆਸ਼ਿਕ ਦਾ ਹੀ ਆਖ਼ਰ ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ।
ਬੇ-ਮੁਖਾਂ ਦਾ ਰਾਹ ਤੂੰ ਛੱਡਦਾ ਨਹੀਂ,
ਹਿਰਸ ਨੂੰ ਹਿਰਦੇ 'ਚੋਂ ਤੂੰ ਕੱਢਦਾ ਨਹੀਂ,
ਮੋਹ ਦੀ ਗਰਦਨ ਨੂੰ ਤੂੰ ਵੱਢਦਾ ਨਹੀਂ,
ਕਤਰਾ ਇੱਦਾਂ ਨਾ ਸਮੁੰਦਰ ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ।
ਕ੍ਰੋਧ ਦੇ ਭਾਂਬੜ ਨਾ ਸ਼ੀਤਲ ਹੋਂਵਦੇ,
ਕਾਮ ਦੇ ਚਾਅ ਵਾਂਗ ਦਲਦਲ ਹੋਂਵਦੇ,
ਬੋਲ ਵੀ ਰੁੱਖੇ! ਨਾ ਕੋਮਲ ਹੋਂਵਦੇ,
ਕੂੜ ਦੁਨੀਆ ਦਾ ਤੇਰੇ ਘਰ ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ।
ਵੇਖ ਹਰਸਿਮਰਨ ਤੂੰ ਅਪਣੇ ਆਪ ਨੂੰ,
ਤੂਲ ਨਾ ਦੇ ਫ਼ਿਕਰ, ਦੁੱਖ, ਸੰਤਾਪ ਨੂੰ,
ਲਿਖ ਰਹੇ ਨੇ ਉਹ ਤੇਰੇ ਹਰ ਪਾਪ ਨੂੰ,
ਇਸ ਤਰ੍ਹਾਂ ਨਾ ਵਾਸ 'ਸੋ ਦਰੁ' ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ।
No comments:
Post a Comment