Thursday, 6 August 2026

ਗ਼ਜ਼ਲ

ਰੱਖਦਾ ਜ਼ਹੀਨ ਆਦਮੀ, ਅਕਲ ਨਜ਼ਰ ਦੇ ਨਾਲ ਨਾਲ, 
ਬੋਧ ਲਈ ਹੈ ਲਾਜ਼ਮੀ, ਇਲਮ ਖ਼ਬਰ ਦੇ ਨਾਲ ਨਾਲ।

ਰੂਹ ਅਜ਼ਲ ਤੋਂ ਲੋਚਦੀ, ਪ੍ਰੇਮ-ਭਗਤ ਤੇ ਗਿਆਨ-ਧਿਆਨ,
ਦੇਹ ਫ਼ਿਰਾਕ ਵਿਚ ਸੜੇ, ਦਿਲ ਤੇ ਜਿਗਰ ਦੇ ਨਾਲ ਨਾਲ। 

ਇਸ਼ਕ ਦੇ ਸ਼ਹਿਰ ਅੰਦਰ ਇਕ ਸਾਦਾ ਜਿਹਾ ਹੈ ਘਰ ਮੇਰਾ,
ਰਹਿੰਦੀ ਹੈ ਜਿਸ 'ਚ ਇਕ ਉਮੀਦ, ਫ਼ਿਕਰ ਤੇ ਡਰ ਦੇ ਨਾਲ ਨਾਲ।

ਤੇਰਾ ਕਮਾਲ ਤੇ ਤੇਰਾ ਜਾਹੋ ਜਲਾਲ ਵੇਖ ਕੇ,
ਮੈਂ ਵੀ ਗ਼ੁਲਾਮ ਹੋ ਗਿਆ, ਸਾਰੇ ਨਗਰ ਦੇ ਨਾਲ ਨਾਲ। 

ਜਿਹੜੀ ਬੁਲੰਦੀਆਂ ਤੋਂ ਵੀ, ਵੇਖ ਸਕੇ ਜ਼ਮੀਨ ਤੱਕ,
ਬਾਜ਼ ਨੂੰ ਉਸ ਨਿਗਾਹ ਦੀ ਵੀ, ਲੋੜ ਹੈ ਪਰ ਦੇ ਨਾਲ ਨਾਲ।

ਹੁਸਨ ਦੇ ਜਲਵਿਆਂ ਦੇ ਨਾਲ, ਇਸ਼ਕ ਦੀ ਘਾਲਣਾ ਵੀ ਵੇਖ,
ਵੇਖ ਸ਼ਹੀਦ ਦੇ ਨਿਸ਼ਾਨ, ਯਾਰ ਦੇ ਦਰ ਦੇ ਨਾਲ ਨਾਲ। 

ਹੋਵੇ ਨਾ ਦਿਲ 'ਚ ਪੀੜ ਤਾਂ ਸ਼ਿਅਰ ਨਾ ਕਹਿ ਤੂੰ ਸ਼ਾਇਰਾ,
ਤੈਥੋਂ ਗ਼ਜ਼ਲ ਹੈ ਮੰਗਦੀ, ਦਰਦ ਹੁਨਰ ਦੇ ਨਾਲ ਨਾਲ।

Wednesday, 5 August 2026

ਗ਼ਜ਼ਲ

ਕੋਈ ਜੋਗੀ ਹੋ ਜਾਂਦਾ ਹੈ ਤੇ ਕੋਈ ਚਾਕ ਹੁੰਦਾ ਹੈ,

ਹਰ ਇਕ ਆਸ਼ਿਕ ਤੇਰੇ ਰਾਹਾਂ 'ਚ ਰੁਲ ਕੇ ਖ਼ਾਕ ਹੁੰਦਾ ਹੈ। 


ਸਮਾਇਆ ਜਿਸ ਨੇ ਦਿਲ ਅੰਦਰ ਗੁਰੂ ਦਾ ਵਾਕ ਹੁੰਦਾ ਹੈ,

ਉਹ ਗੁਰਸਿੱਖ ਹੀ ਵਿਕਾਰਾਂ ਦੀ ਲਗਨ ਤੋਂ ਪਾਕ ਹੁੰਦਾ ਹੈ।


ਨਹੀਂ ਤਾਰੀਫ਼ ਹੁੰਦੀ ਉਸ ਤੋਂ ਝੂਠੇ ਬਾਦਸ਼ਾਹਾਂ ਦੀ,

ਕਿ ਸੱਚੇ ਰਾਹ ਦਾ ਪਾਂਧੀ ਬੜਾ ਬੇਬਾਕ ਹੁੰਦਾ ਹੈ। 


ਤੁਹਾਡੇ ਤਰਲਿਆਂ ਦੇ ਨਾਲ ਉਹਦੀ ਅੱਖ ਕਿਉਂ ਭਿੱਜੇ?

ਤੁਸੀਂ ਦੱਸੋ ਕਿ ਮਾਰੂਥਲ ਕਦੇ ਨਮਨਾਕ ਹੁੰਦਾ ਹੈ?


ਤੂੰ ਕਿੱਦਾਂ ਸਹਿ ਲਏ ਹੱਸ ਕੇ ਹਜ਼ਾਰਾਂ ਜ਼ਖ਼ਮ ਐ ਪੰਜਾਬ?

ਤੇਰੇ ਕਿੱਸੇ ਨੂੰ ਸੁਣ ਕੇ ਜੱਗ ਦਾ ਦਿਲ ਗ਼ਮਨਾਕ ਹੁੰਦਾ ਹੈ।

Sunday, 31 May 2026

ਗ਼ਜ਼ਲ

ਵੇਖਣੇ ਜੱਗ ਦੇ ਨਜ਼ਾਰੇ ਔਖੇ,
ਰੋਕਣੇ ਅੱਥਰੂ ਖਾਰੇ ਔਖੇ।

ਬੰਦਿਆ! ਪਾਏ ਜੋ ਤੂੰ ਧਰਤੀ 'ਤੇ,
ਕੱਠੇ ਕਰਨੇ ਉਹ ਖਿਲਾਰੇ ਔਖੇ।

ਸਿਰਫ਼ ਧਰਤੀ ਨਹੀਂ ਆਦਮ ਤੋਂ ਤੰਗ,
ਇਹਦੇ ਤੋਂ ਚੰਨ ਸਿਤਾਰੇ ਔਖੇ।

ਜੋ ਕਦੇ ਕਰਦੇ ਸੀ ਔਖਾ ਮੈਨੂੰ,
ਅੱਜ ਉਹ ਲੋਕ ਵਿਚਾਰੇ ਔਖੇ।

ਤੇਰੇ ਨਖ਼ਰੇ ਬੜੇ ਭਾਰੇ ਸੀ ਯਾਰ,
ਤੇਰੇ ਕਰਕੇ ਹੋਏ ਸਾਰੇ ਔਖੇ।

ਇਸ ਤਰ੍ਹਾਂ ਜ਼ੋਰ ਕੇ ਨਾ ਹੱਸਿਆ ਕਰ,
ਹੁੰਦੇ ਨੇ ਦਰਦ ਦੇ ਮਾਰੇ ਔਖੇ।

ਬੰਦ ਤਾਂ ਇਸ਼ਕ ਦੇ ਧੰਦੇ ਹੋ ਗਏ,
ਜਰਨੇ ਇਹਦੇ ਸੀ ਖ਼ਸਾਰੇ ਔਖੇ।

ਜਦੋਂ ਹਮਰਾਹ ਤੇਰੀ ਯਾਦ ਨਾ ਸੀ,
ਅਸੀਂ ਉਹ ਵਕਤ ਗੁਜ਼ਾਰੇ ਔਖੇ।

ਤੈਨੂੰ ਕੀ ਫ਼ਰਕ ਪਵੇ ਦਰਿਆਵਾ!
ਹੋਣ ਜੇ ਤੈਥੋਂ ਕਿਨਾਰੇ ਔਖੇ!

ਮੈਂ ਤਾਂ ਸਿੱਧਾ ਹੀ 'ਨਾ' ਕਹਿ ਦਿੰਦਾ ਹਾਂ,
ਲਾਉਣੇ ਮੇਰੇ ਲਈ ਲਾਰੇ ਔਖੇ।

ਰਾਹ ਵਿਚ ਰੋੜੇ ਤਾਂ ਮਿਲ ਜਾਂਦੇ ਨੇ,
ਹੁੰਦੇ ਪਰ ਲੱਭਣੇ ਸਹਾਰੇ ਔਖੇ।

ਜਿੰਦ ਦੇ ਵਿੰਗ-ਵਲਾਂ ਨੇ 'ਸਿਮਰਨ',
ਕੀਤੇ ਸੰਸਾਰ 'ਚ ਸਾਰੇ ਔਖੇ।

Thursday, 9 April 2026

ਆਪਨੜੇ ਗਿਰੀਵਾਨ ਮਹਿ

ਤੈਨੂੰ ਮੋਹਿਤ ਇਹ ਜਹਾਂ ਫ਼ਾਨੀ ਕਰੇ,
ਹਰ ਕਦਮ ਉੱਤੇ ਤੂੰ ਨਾਦਾਨੀ ਕਰੇ,
ਭੁੱਲ ਕੇ ਗੁਰਮਤ ਨੂੰ ਤੂੰ ਮਨਮਾਨੀ ਕਰੇ,
ਇਸ ਤਰ੍ਹਾਂ ਰਾਜ਼ੀ ਨਾ ਦਿਲਬਰ ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ।

ਨਾ ਕਦੇ ਹਉਮੈਂ ਦੇ ਬੰਧਨ ਤੋੜਦਾ,
ਨਾ ਕਦੇ ਮਾਇਆ ਦੇ ਫੁਰਨੇ ਮੋੜਦਾ,
ਨਾ ਕਦੇ ਤੂੰ ਧਿਆਨ ਰੱਬ ਵਿਚ ਜੋੜਦਾ,
ਮਨ ਕਦੇ ਨਾ ਹੱਦ ਅੰਦਰ ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ।

ਈਸ਼ਵਰ ਨੂੰ ਯਾਦ ਨਾ ਕੀਤਾ ਕਦੇ,
ਮਨ ਟਿਕਾ ਕੇ ਸ਼ਾਦ ਨਾ ਕੀਤਾ ਕਦੇ,
ਕੈਦ ਤੋਂ ਆਜ਼ਾਦ ਨਾ ਕੀਤਾ ਕਦੇ,
ਹਰ ਘੜੀ ਦਮ ਦਾ ਨਿਰਾਦਰ ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ।

ਹੁਕਮ ਦੇ ਉੱਤੇ ਤੂੰ ਕਰਦਾ ਤਰਕ ਹੈ,
ਅਕਲ ਦੀ ਮਸਤੀ ਦੇ ਅੰਦਰ ਗ਼ਰਕ ਹੈ,
ਆਲਿਮਾਂ ਤੇ ਆਸ਼ਿਕਾਂ ਵਿਚ ਫ਼ਰਕ ਹੈ,
ਨਾਮ ਆਸ਼ਿਕ ਦਾ ਹੀ ਆਖ਼ਰ ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ।

ਬੇ-ਮੁਖਾਂ ਦਾ ਰਾਹ ਤੂੰ ਛੱਡਦਾ ਨਹੀਂ,
ਹਿਰਸ ਨੂੰ ਹਿਰਦੇ 'ਚੋਂ ਤੂੰ ਕੱਢਦਾ ਨਹੀਂ,
ਮੋਹ ਦੀ ਗਰਦਨ ਨੂੰ ਤੂੰ ਵੱਢਦਾ ਨਹੀਂ,
ਕਤਰਾ ਇੱਦਾਂ ਨਾ ਸਮੁੰਦਰ ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ।

ਕ੍ਰੋਧ ਦੇ ਭਾਂਬੜ ਨਾ ਸ਼ੀਤਲ ਹੋਂਵਦੇ,
ਕਾਮ ਦੇ ਚਾਅ ਵਾਂਗ ਦਲਦਲ ਹੋਂਵਦੇ,
ਬੋਲ ਵੀ ਰੁੱਖੇ! ਨਾ ਕੋਮਲ ਹੋਂਵਦੇ,
ਕੂੜ ਦੁਨੀਆ ਦਾ ਤੇਰੇ ਘਰ ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ। 

ਵੇਖ ਹਰਸਿਮਰਨ ਤੂੰ ਅਪਣੇ ਆਪ ਨੂੰ,
ਤੂਲ ਨਾ ਦੇ ਫ਼ਿਕਰ, ਦੁੱਖ, ਸੰਤਾਪ ਨੂੰ,
ਲਿਖ ਰਹੇ ਨੇ ਉਹ ਤੇਰੇ ਹਰ ਪਾਪ ਨੂੰ,
ਇਸ ਤਰ੍ਹਾਂ ਨਾ ਵਾਸ 'ਸੋ ਦਰੁ' ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ।

ਗ਼ਜ਼ਲ

ਰੱਖਦਾ ਜ਼ਹੀਨ ਆਦਮੀ, ਅਕਲ ਨਜ਼ਰ ਦੇ ਨਾਲ ਨਾਲ,  ਬੋਧ ਲਈ ਹੈ ਲਾਜ਼ਮੀ, ਇਲਮ ਖ਼ਬਰ ਦੇ ਨਾਲ ਨਾਲ। ਰੂਹ ਅਜ਼ਲ ਤੋਂ ਲੋਚਦੀ, ਪ੍ਰੇਮ-ਭਗਤ ਤੇ ਗਿਆਨ-ਧਿਆਨ, ਦੇਹ ਫ਼ਿਰਾਕ ਵਿਚ ਸੜ...