Wednesday, 5 April 2017

ਮੈਂ ਹਿਮਾਲਿਆ ਬੋਲਦਾ

ਸਮਝਦੇ ਹੋ ਤੁਸੀਂ ਜਿਸ ਨੂੰ ਸਵਰਗ ਦੇ ਕੋਲ ਦਾ ,
ਸੁਣੋ ਦੁਨੀਆ ਵਾਲਿਓ ਅੱਜ ਮੈਂ ਹਿਮਾਲਿਆ ਬੋਲਦਾ,
ਜਿਹੜੇ ਗਿਲੇ ਸ਼ਿਕਵੇ ਨੇ ਤੁਹਾਡੇ ਨਾਲ, ਉਹ ਸੁਣਾਉਣਾ ਚਾਹੁੰਦਾ ਹਾਂ,
ਤੁਹਾਡੇ ਨਾਲ ਆਪਣੇ ਰਿਸ਼ਤੇ ਦਾ ਅਹਿਸਾਸ ਕਰਾਉਣਾ ਚਾਹੁੰਦਾ ਹਾਂ ।

ਵੱਡੇ ਵੱਡੇ ਸ਼ਾਇਰਾਂ ਵਿਦਵਾਨਾਂ ਨੇ ਲਿਖੇ ਮੇਰੀਆਂ ਸਿਫ਼ਤਾਂ ਦੇ ਗੀਤ,
ਭੁੱਲ ਗਏ ਜਗ ਦੇ ਝਗੜੇ ਝੇੜੇ ਉਹ, ਜਦ ਲੱਗੀ ਮੇਰੇ ਨਾਲ ਪ੍ਰੀਤ,
ਆਪਣੀਆਂ ਮਹਿਕਦੀਆਂ ਬਹਾਰਾਂ ਨਾਲ ਲੋਕਾਂ ਨੂੰ ਦੀਵਾਨਾ ਬਣਾ ਛੱਡਿਆ,
ਵੱਡੀਆਂ ਆਕੜਾਂ ਵਾਲਿਆਂ ਕੋਲੋਂ ਵੀ ਸਜਦਾ ਕਰਾ ਛੱਡਿਆ ।

ਨਸ਼ੀਲੀਆਂ ਹਵਾਵਾਂ ਨਾਲ ਮਸਤ ਹੋਏ ਤੁਹਾਡੇ ਵੱਡੇ ਵਡੇਰੇ,
ਮਨਮੋਹਣੇ ਜੀਵ ਲਾਉਂਦੇ ਰਹੇ ਮੇਰੇ ਆਲੇ-ਦੁਆਲੇ ਗੇੜੇ,
ਪਰ ਭੈੜੇ ਤੋਂ ਭੈੜੇ ਵੇਲੇ ਵੀ ਉਨ੍ਹਾਂ ਨੂੰ ਨਹੀਂ ਆਇਆ ਹੋਵੇਗਾ ਇਹ ਖ਼ਿਆਲ,
ਕਿ ਇੱਕ ਦਿਨ ਮੇਰਾ ਇੰਨਾ ਮੰਦੜਾ ਹੋਵੇਗਾ ਹਾਲ ।

ਸੋਹਣੇ ਦਰੱਖਤਾਂ ਅਤੇ ਫੁੱਲਾਂ ਨਾਲ ਰੱਬ ਨੇ ਫੈਲਾਈ ਮੇਰੀ ਸੁਗੰਧੀ ,
ਬਰਫ਼ ਦੀ ਸੋਹਣੀ ਚਿੱਟੀ ਦਸਤਾਰ ਨਾਲ ਕੀਤੀ ਮੇਰੀ ਦਸਤਾਰਬੰਧੀ ,
ਅੱਜ ਕਿਉਂ ਉਹ ਦਸਤਾਰ ਉਧੇੜ ਕੇ ਮੇਰੀ ਸ਼ਾਨ ਵਿਗਾੜ ਰਹੇ ਹੋ ?
ਮੈਨੂੰ ਬਖਸ਼ੇ ਗਏੇ ਖੂਬਸੂਰਤ ਜੰਗਲਾਂ ਨੂੰ ਕਿਉਂ ਉਜਾੜ ਰਹੇ ਹੋ ?

ਉਹ ਵੀ ਨਿਰਾਲੇ ਦਿਨ ਸੀ ਜਦੋਂ ਜੀਵ ਸੁੱਖੀ-ਸਾਂਦੀਂ ਵੱਸਦੇ ਸਨ,
ਮੇਰੇ ਦਾਮਨ ਵਿੱਚ ਸਾਰੇ ਖੇਡਦੇ, ਟੱਪਦੇ ਅਤੇ ਹੱਸਦੇ ਸਨ ,
ਅੱਜ ਥਾਂ ਉਨ੍ਹਾਂ ਦੀ ਮੱਲ੍ਹ ਲਈ ਹੈ ਤੁਹਾਡੀਆਂ ਰੇਲਗੱਡੀਆਂ ਨੇ,
ਸੁਰੰਗਾਂ ਨੇ, ਸੜਕਾਂ ਨੇ , ਇਮਾਰਤਾਂ ਵੱਡੀਆਂ ਵੱਡੀਆਂ ਨੇ ।

ਕਿਸੇ ਵੇਲੇ ਸੀ ਹੱਸ ਕੇ ਜਾਂਦੀਆਂ ਖੇਤਾਂ ਵਲ ਮੇਰੀਆਂ ਨਦੀਆਂ,
ਆਪਣੇ ਆਪਣੇ ਸ਼ਹਿਰਾਂ ਵਿੱਚ ਸੀ ਸ਼ਾਨ ਨਾਲ ਵਗਦੀਆਂ,
ਹੱਸ ਕੇ ਜਾਂਦੀਆਂ ਸਨ ਮੇਰੀ ਗੋਦੀ ਵਿੱਚੋਂ ਤੁਹਾਡੀ ਸੇਵਾ ਕਰਨ ਲਈ ,
ਤੁਹਾਡੇ ਨਗਰਾਂ ਦੀਆਂ ਹਵਾਵਾਂ ਵਿੱਚ ਰੱਬ ਦੀ ਮਹਿਕ ਭਰਨ ਲਈ ।

ਰਹਿੰਦੇ ਹੋ ਤੁਸੀਂ ਹਰ ਵੇਲੇ ਕੋਈ ਨਾ ਕੋਈ ਥੋੜ ਵਿੱਚ,
ਆਪਣਾ ਤੇ ਜੀਵਾਂ ਦਾ ਖਾਤਮਾ ਕਰ ਰਹੇ ਹੋ ਤਰੱਕੀ ਦੀ ਹੋੜ ਵਿੱਚ,
'ਦੇਵੀਆਂ' ਵਰਗੀਆਂ ਨਦੀਆਂ ਦੀ ਕਰਦੇ ਹੋ ਕੂੜੇਦਾਨ ਵਾਂਗ ਵਰਤੋਂ,
ਅੱਜ ਕੰਬਦੀਆਂ ਨੇ ਉਹ ਜਾਣ ਲੱਗ ਤੁਹਾਡੇ ਕੋਲ ਮੇਰੇ ਦਰ ਤੋਂ ।

ਸੁਣਾਈ ਰੋ-ਰੋ ਕੇ ਜਦ ਧਰਤੀ ਮਾਤਾ ਨੂੰ ਮੈਂ ਆਪਣੀ ਦਾਸਤਾਨ,
ਪਹਿਲਾਂ ਤੋਂ ਹੀ ਉਦਾਸ ਮਾਤਾ ਨੂੰ ਹੋਰ ਕਰ ਦਿੱਤਾ ਪਰੇਸ਼ਾਨ,
ਓਹਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਵਗਣੋਂ ਨਹੀਂ ਰੁੱਕਦੇ ਸਨ ,
ਓਹਦੇ ਬੱਚਿਆਂ ਦੇ ਦੁੱਖ ਭਰੇ ਕਿੱਸੇ ਹੀ ਨਹੀਂ ਮੁੱਕਦੇ ਸਨ ।

ਮਾਤਾ ਕੋਲੋਂ ਜਾਣਿਆ ਮੈਂ ਆਪਣੇ ਵੱਡੇ ਵੀਰਾਂ ਦਾ ਹਾਲ,
'ਅੰਟਾਰਕਟਿਕ' ਅਤੇ 'ਆਰਕਟਿਕ' ਵੀ ਤੜਪ ਰਹੇ ਮੇਰੇ ਨਾਲ ਨਾਲ,
ਸੁਨੇਹਾ ਭੇਜ ਕੇ ਮਾਤਾ ਰਾਹੀਂ ਉਨ੍ਹਾਂ ਨੂੰ ਵੀ ਦੱਸੇ ਆਪਣੇ ਜਜ਼ਬਾਤ,
ਪਾਣੀ ਪਾਣੀ ਹੋ ਗਿਆ ਮੈਂ ਸੁਣ ਕੇ ਉਨ੍ਹਾਂ ਦਾ ਜਵਾਬ ।

"ਕਿਹੜੇ ਸ਼ੈਤਾਨਾਂ ਨੂੰ ਹਿਮਾਲਿਆ ਤੂੰ ਦੇ ਦਿੱਤੀ ਪਨਾਹ?
ਸਾਡੇ ਦਾਮਨ ਵਿੱਚ ਵੱਸਦੇ ਜੀਵਾਂ ਨੂੰ ਰਹੇ ਮਾਰ ਮੁਕਾ,
ਗੁਜ਼ਾਰਾ ਕਰਦੇ ਸੀ ਸਾਡੇ ਕੋਲ ਮਨੁੱਖਾਂ ਤੋਂ ਲੱਖਾਂ ਕੋਹਾਂ ਦੂਰ,
ਇਹਨਾਂ ਕਰਕੇ ਬੇ-ਘਰ ਹੋ ਰਹੇ ਨਿਰਦੋਸ਼, ਬੇ ਕਸੂਰ ।

ਕੀ ਅਸੀਂ ਮਨੁੱਖ ਦਾ ਵਿੰਗਾ ਇੱਕ ਵੀ ਵਾਲ ਕੀਤਾ ਸੀ?
ਬਿਨਾ ਕੁਝ ਵਿਗਾੜੇ ਇਹਨਾਂ ਦਾ, ਗੁਜ਼ਾਰਾ ਲੱਖਾਂ ਸਾਲ ਕੀਤਾ ਸੀ,
ਕੀ ਸਿਰਫ ਹੈ ਇਸੇ ਦਾ ਸਾਰੀ ਦੁਨੀਆ ਤੇ ਹੱਕ?
ਬਾਕੀ ਜੀਵ ਜੰਤਾਂ ਨੂੰ ਇਹ ਸਮਝਦਾ ਨਹੀਂ ਕੱਖ ।

ਸਵਾਰਥ ਵਿੱਚ ਅੰਨ੍ਹਾ ਇਹ ਤਾਂ ਕਿਸੇ ਦੈਂਤ ਤੋਂ ਘੱਟ ਨਹੀਂ,
ਲਹੂ ਵਗਾਉਂਦਾ ਦੂਜਿਆਂ ਦਾ ਸ਼ਰੇਆਮ, ਪਰ ਜਰਦਾ ਇੱਕ ਵੀ ਸੱਟ ਨਹੀਂ,
ਮਨੁੱਖ ਦੇ ਕਰਕੇ ਸਾਡਾ ਸਭ ਕੁਝ ਸੜਦਾ ਪਿਆ ਹੈ,
ਪਰ ਫਿਰ ਵੀ ਤੂੰ ਇਸ ਦੀ ਹਿਮਾਇਤ ਕਰਦਾ ਪਿਆ ਹੈ।"

ਮੇਰੇ ਵੀਰਾਂ ਨੇ ਤਾਂ ਛੱਡ ਦਿੱਤੀ ਹੈ ਸਾਰੀ ਆਸ,
ਪਰ ਮੈਂ ਮਨੁੱਖ ਦੀ ਛੋਹ ਦਾ ਕੀਤਾ ਹੈ ਅਹਿਸਾਸ,
ਮੈਨੂੰ ਪਤਾ ਹੈ ਤੁਹਾਡੇ ਦਿਲਾਂ ਦੇ ਕਈ ਰਾਜ਼,
ਮੈਨੂੰ ਵੇਖ ਕੇ ਤੁਸੀਂ ਬਣਾਏ ਆਪਣੇ ਸਾਜ਼ ।

ਇਸ ਡੁੱਬਦੀ ਹੋਈ ਦੁਨੀਆ ਨੂੰ ਤੁਸੀਂ ਅੱਜ ਵੀ ਬਚਾ ਸਕਦੇ ਹੋ ,
ਬਿਨਾ ਕੁਝ ਵਿਗਾੜੇ ਧਰਤੀ ਦਾ, ਤੁਸੀਂ ਕਈ ਸੁੱਖ ਪਾ ਸਕਦੇ ਹੋ ,
ਆਪਣੇ ਸਿਰ ਉੱਤੋਂ ਪਾਪਾਂ ਦਾ ਬੋਝ ਉਤਾਰੋ,
ਜ਼ਰਾ ਇਕੱਲੇ ਬਹਿ ਕੇ ਤੁਸੀਂ ਇਸ ਵਾਰੇ ਸੋਚ ਵਿਚਾਰੋ ।

Friday, 17 March 2017

ਕੀ ਇਹ ਕਾਬਿਲ ਸਨ ?

ਓ ਰੱਬਾ! ਤੇਰੇ ਲਈ ਹੈ ਇੱਕ ਸਵਾਲ ਮੇਰੇ ਕੋਲ,
ਮਰਨ ਤੀਕਰ ਉਡੀਕਾਂ ਗਾਂ ਤੇਰੇ ਜਵਾਬੀ ਬੋਲ,
ਮੇਰੀ ਸਮਝ ਤੋਂ ਬਾਹਰ ਦੇ ਕੁਝ ਰਾਜ਼ ਤੂੰ ਖੋਲ,
ਹੁਣ ਰਿਹਾ ਇੱਕ ਕਵਿਤਾ ਹੰਝੂਆਂ ਵਿੱਚ ਘੋਲ,
ਉਂਜ ਤਾਂ ਤੇਰੀ ਰਹਿਮਤ ਦੇ ਰੰਗ ਹਰ ਇੱਕ ਉੱਤੇ ਨੇ,
ਪਰ ਜਿਨ੍ਹਾਂ ਉੱਤੇ ਖਾਸ ਬਖ਼ਸ਼ਿਸ਼ ਕੀਤੀ, ਅੱਜ ਉਹ ਪਏ ਸੁੱਤੇ ਨੇ।

ਰੁੱਝਿਆ ਪਿਆ ਸੀ ਜਾਤ ਪਾਤ ਦੇ ਵਿੱਚ ਹਿੰਦੁਸਤਾਨ,
ਨਾ ਕੋਈ ਸੱਚਾ ਹਿੰਦੂ ਸੀ, ਨਾ ਸੱਚਾ ਮੁਸਲਮਾਨ,
ਤੇਰਾ ਨਾਂ ਲੈਣਾ ਭੁੱਲ ਗਈ ਸੀ ਇਨ੍ਹਾਂ ਦੀ ਜ਼ੁਬਾਨ,
ਸਾਰਿਆਂ ਉੱਤੇ ਚੜ੍ਹਾਈ ਕਰਕੇ ਅੰਧ ਵਿਸ਼ਵਾਸ ਸੀ ਸੁਲਤਾਨ,
ਭੇਜਿਆ ਫਿਰ ਤੂੰ ਗੁਰੂ ਨਾਨਕ ਹੱਥੋਂ ਆਪਣਾ ਸੁਨੇਹਾ,
ਮੈਂ ਮੈਂ ਨੂੰ ਤਿਆਗ ਕੇ ਜਿਹਨੇ ਤੇਰਾ ਤੇਰਾ ਕਿਹਾ।

ਗੁਰੂਆਂ ਨੇ ਫਿਰ ਕੀਤਾ ਸੱਚ ਦਾ ਪ੍ਰਚਾਰ,
ਉਜਾੜ ਕੇ ਰੱਖ ਦਿੱਤੇ ਪਖੰਡੀਆਂ ਦੇ ਬਜ਼ਾਰ,
ਫੋਕੀਆਂ ਰਸਮਾਂ ਉੱਤੇ ਕੀਤਾ ਕੱਸ ਕੇ ਵਾਰ,
ਤੇਰੇ ਤੱਕ ਪਹੁੰਚਣ ਦਾ ਸੱਚਾ ਰਾਹ ਕੀਤਾ ਤਿਆਰ,
ਸੱਚ ਆਖਿਆ ਕਿ ਨਿਰੇ ਪੱਥਰ ਨੇ ਬੁੱਤ,
ਜੇ ਦਰਗਾਹ ਥਾਂ ਚਾਹੁੰਦਾ, ਭੇਡ ਚਾਲ ਤੋਂ ਉੱਤੇ ਉੱਠ ।

ਹਾਕਮ ਤੋੜ ਰਹੇ ਸੀ ਜਦੋਂ ਮਜ਼ਲੂਮਾਂ ਦੇ ਸਾਹ,
ਹਿੰਦੁਸਤਾਨੀਆਂ ਦੀ ਹੋਂਦ ਨੂੰ ਰਹੇ ਸੀ ਮਿਟਾ,
ਧੱਕੇ ਨਾਲ ਸੀ ਆਪਣਾ ਦੀਨ ਰਹੇ ਮਨਵਾ,
ਸਭ ਤੋਂ ਪਹਿਲਾਂ ਚੜ੍ਹਿਆ ਸਿੱਖਾਂ ਨੂੰ ਲੜਨ ਦਾ ਚਾਹ,
ਦੇਸ਼ ਦੀ ਰਾਖੀ ਲਈ ਸ਼ਹੀਦਾਂ ਦੀਆਂ ਕਤਾਰਾਂ ਲਗਾ ਛੱਡੀਆਂ,
ਹਜ਼ਾਰਾਂ ਪਾਪੀਆਂ ਅਤੇ ਗੁਨਹਗਾਰਾਂ ਦੀਆਂ ਗਰਦਨਾਂ ਉਡਾ ਛੱਡੀਆਂ ।

ਜੇਕਰ ਅਸੀਂ ਸੁੱਖਾਂ ਅਤੇ ਆਰਾਮਾਂ ਦੇ ਚਾਹਵਾਨ ਹੁੰਦੇ,
ਕਿਉਂ ਫਿਰ ਜ਼ਾਲਮ ਹਾਕਮਾਂ ਦੇ ਕਰਦੇ ਨੁਕਸਾਨ ਹੁੰਦੇ?
ਜੇਕਰ ਸਲਾਮਤ ਇਹਨਾਂ ਹਾਕਮਾਂ ਦੇ ਈਮਾਨ ਹੁੰਦੇ,
ਕਿਓਂ ਫਿਰ ਅਸੀਂ ਤੇਗ਼ ਰੱਖਦੇ ਵਿੱਚ ਮਿਆਨ ਹੁੰਦੇ?
ਸਮਾਜ ਨੂੰ ਸੁਧਾਰਨ ਦਾ ਸੀ ਅਸੀਂ ਟੀਚਾ ਮਿਥਿਆ,
ਤਾਂਹੀਉੰ ਸਿਆਣਿਆਂ ਨੇ ਸਾਡੇ ਵਾਰੇ ਸਤਿਕਾਰ ਨਾਲ ਲਿਖਿਆ ।

ਤੇਰੇ ਨਾਮ ਦਾ ਗੂੜ੍ਹਾ ਰੰਗ ਚੜ੍ਹਾ ਕੇ,
ਬਾਣੀ ਨਾਲ ਰੂਹ ਦੀ ਤ੍ਰੇਹ ਬੁਝਾ ਕੇ,
ਪੰਜ ਕਕਾਰਾਂ ਦਾ ਧਾਰਨੀ ਬਣਾ ਕੇ,
ਮਜ਼ਲੂਮਾਂ ਨੂੰ ਗਿੱਦੜਾਂ ਤੋਂ ਸ਼ੇਰ ਬਣਾ ਕੇ,
ਸੰਤ ਸਿਪਾਹੀ ਬਣਨ ਦਾ ਕਲਗੀਧਰ ਨੇ ਪੈਗ਼ਾਮ ਸੁਣਾਇਆ,
ਤੇਰੀਆਂ ਸਿਫ਼ਤਾਂ ਨਾਲ ਸ਼ਿੰਗਾਰਿਆ ਆਪਣਾ ਕਲਾਮ ਸੁਣਾਇਆ ।

ਆਪਣੇ ਧਰਮ ਦੇ ਪੂਰੇ ਪੱਕੇ ਗੁਰਸਿੱਖ ਰਹੇ ,
ਘੱਲੂਘਾਰਿਆਂ ਵਿੱਚ ਵੀ ਜਪਦੇ ਤੇਰਾ ਨਾਮ ਰਹੇ,
ਆਪਣੇ ਸ਼ਰੀਰਾਂ ਉੱਤੇ ਅਣਗਿਣਤ ਤਸੀਹੇ ਸਹੇ,
ਹਾਕਮਾਂ ਵੱਲੋਂ ਉਨ੍ਹਾਂ ਸਿਰਾਂ ਦੇ ਭਾਰੇ ਮੁੱਲ ਪਏ,
ਆਰਿਆਂ ਨਾਲ ਚਿਰਾਏ ਗਏ ਤੇ ਕਟਾਏੇ ਬੰਦ ਬੰਦ,
ਸੀਸ ਤਿਆਗ ਦਿੱਤੇ ਪਰ ਸਲਾਮਤ ਰੱਖੇ ਕੇਸ ਅੰਗ ਅੰਗ।

ਕੋਈ ਕਸਰ ਨਹੀਂ ਛੱਡੀ ਜ਼ਾਲਮ ਬਾਹਵਾਂ ਨੇ,
ਤੱਪਦੀ ਧੁੱਪਾਂ ਤੋਂ ਨਹੀਂ ਸਹਾਰਾ ਦਿੱਤਾ ਛਾਵਾਂ ਨੇ,
ਪਰ ਸਿਦਕ ਨਹੀਂ ਹਾਰਿਆ ਸਿੱਖ ਭਰਾਵਾਂ ਨੇ,
ਨਿੱਕੇ ਪੁੱਤ ਵੀ ਤੀਰਾਂ ਦੀ ਭੇਟ ਚੜ੍ਹਾਏ ਮਾਵਾਂ ਨੇ,
ਜੇ ਛੱਡ ਦਿੰਦੇ ਸਿੱਖੀ, ਤਾਂ ਵਕ਼ਤ ਬੜਾ ਸੌਖਾ ਹੁੰਦਾ,
ਪਰ ਗੁਰੂ ਦੀ ਰਾਹ ਤੇ ਤੁਰਨ ਦਾ ਆਨੰਦ ਅਨੋਖਾ ਹੁੰਦਾ।

ਹਕੂਮਤਾਂ ਨੇ ਕੀਤਾ ਸਿੱਖਾਂ ਦਾ ਅੰਨ੍ਹੇਵਾਹ ਕਤਲ-ਏ-ਆਮ,
ਵਿੱਚ ਗਲ੍ਹੀਆਂ ਦੇ ਵਰਸਾਇਆ ਲਹੂ ਦਾ ਮੀਂਹ ਸ਼ਰ-ਏ-ਆਮ,
ਸਿੱਖਾਂ ਦੀ ਹੋਂਦ ਮਿਟਾਉਣ ਤੋਂ ਰਹੇ ਫਿਰ ਵੀ ਨਾਕਾਮ,
ਕੰਡਿਆਂ ਦੀ ਸੇਜ ਵਿਛਾਈ, ਕੀਤਾ ਜੰਗਲਾਂ ਵਿੱਚ ਆਰਾਮ,
ਚੜ੍ਹਦੀਕਲਾ ਵਿੱਚ ਰਹਿਣ ਦੀ ਕਲਾ ਸਿਖਾਈ ਸਿੱਖਾਂ ਨੇ,
ਮੁਗ਼ਲ ਤੇ ਅਫ਼ਗ਼ਾਨੀ ਲਸ਼ਕਰਾਂ ਉੱਤੇ ਕੀਤੀ ਚੜ੍ਹਾਈ ਸਿੱਖਾਂ ਨੇ ।

ਪਰ ਕੀ ਦੱਸਾਂ ਮੈਂ ਅੱਜ ਕੱਲ੍ਹ ਦੇ ਸਿੱਖਾਂ ਦਾ ਹਾਲ,
ਕੌਮ ਦਾ ਭਵਿੱਖ ਸੋਚ ਕੇ ਆਉਂਦੇ ਡਰਾਉਣੇ ਖ਼ਿਆਲ,
ਨਹੀਂ ਹੋ ਰਹੀ ਇਨ੍ਹਾਂ ਤੋਂ ਵਿਰਾਸਤ ਦੀ ਸੰਭਾਲ,
ਪਤਾ ਨਹੀਂ ਦੇ ਰਹੇ ਨੇ ਕਿਹੜੀ ਸਿੱਖੀ ਦੀ ਮਿਸਾਲ,
ਘੁੰਮਦੇ ਪਏ ਨੇ ਫਿਰ ਪਖੰਡੀਆਂ ਦੇ ਆਲੇ ਦੁਆਲੇ,
ਆਪਣੇ ਦਿਮਾਗ ਵਿੱਚ ਲੱਖਾਂ ਵਹਿਮ ਭਰਮ ਪਾਲੇ।

ਅੱਜ ਫਿਰ ਇਹ ਬੁੱਤਾਂ ਨੂੰ ਮੱਥੇ ਟੇਕ ਰਹੇ ਨੇ,
ਫੋਕੀਆਂ ਰਸਮਾਂ ਦੇ ਬਹਾਨੇ ਅੱਗਾਂ ਸੇਕ ਰਹੇ ਨੇ,
ਬੇਲੋੜੇ ਵਰਤ ਰੱਖਣ ਵਿੱਚ ਸੁੱਖ ਵੇਖ ਰਹੇ ਨੇ,
ਪਖੰਡੀਆਂ ਦੀਆਂ ਸਿਫ਼ਤਾਂ ਦੇ ਲਿਖ ਲੇਖ ਰਹੇ ਨੇ,
ਗੁਰੂਆਂ ਦੀਆਂ ਸਿੱਖਿਆਵਾਂ ਤੋਂ ਨੇ ਅਣਜਾਣ,
ਆਖਿਰ ਕਿਉਂ ਨਹੀਂ ਇਹ ਸੱਚ ਨੂੰ ਰਹੇ ਪਛਾਣ?

ਕੇਸ ਕਟਾਉਣ ਦੇ ਨੇ ਇਨ੍ਹਾਂ ਕੋਲ ਬਹਾਨੇ ਹਜ਼ਾਰ,
ਲਾਹ ਕੇ ਸੁੱਟ ਛੱਡਿਆ ਗੁਰੂ ਦਾ ਬਖਸ਼ਿਆ ਸ਼ਿੰਗਾਰ,
ਬੇਅਦਬੀ ਕਰਦਿਆਂ ਕੇਸਾਂ ਦੀ ਨਹੀਂ ਡਰਦੇ ਇੱਕ ਵਾਰ,
ਤੇਰਾ ਸਾਬਤ ਸੂਰਤ ਰੂਪ ਵਿਗਾੜ ਛੱਡਦੇ ਵਾਰ ਵਾਰ,
ਸਿੱਖਾਂ ਦੇ ਕੀਤੇ ਸੰਘਰਸ਼ਾਂ ਨੂੰ ਪੁਰਾਣੇ ਜ਼ਮਾਨੇ ਸਮਝਦੇ,
ਆਪਣੇ ਆਪ ਨੂੰ ਗੁਰੂ ਤੋਂ ਵੱਧ ਸਿਆਣੇ ਸਮਝਦੇ ।

ਮਾਵਾਂ ਨੂੰ ਔਖੇ ਲੱਗਦੇ ਨੇ ਪੁੱਤ ਪਾਲਣੇ,
ਨਹੀਂ ਆਉਂਦੇ ਇਨ੍ਹਾਂ ਨੂੰ ਬੱਚੇ ਦੇ ਕੇਸ ਸੰਭਾਲਣੇ,
ਕਿਵੇਂ ਯਾਦ ਰੱਖਣਗੇ ਇਹ ਸਿੱਖੀ ਕਿੱਸੇ ਸੁਣਾਵਣੇ,
ਇਹ ਭੁੱਲ ਜਾਂਦੇ ਨੇ ਗੁਰੂਆਂ ਦੇ ਨਾਮ ਬਤਾਵਣੇ ,
ਗਿੱਝ ਗਏ ਨੇ ਬੱਚੇ ਇਨ੍ਹਾਂ ਦੇ ਲਾਡ ਪਿਆਰ ਨਾਲ,
ਕਿੱਦਾਂ ਕਰਨਗੇ ਆਸ਼ਿਕੀ ਸਰਹਿੰਦ ਦੀ ਦੀਵਾਰ ਨਾਲ?

ਮੰਨਿਆ ਸ਼ਾਮਿਲ ਨੇ ਕੌਮ ਵਿੱਚ ਕਈ ਹੁਸ਼ਿਆਰ,
ਜੀਅ ਜਾਨ ਨਾਲ ਕਰਦੇ ਜਿਹੜੇ ਸਿੱਖੀ ਦਾ ਪ੍ਰਚਾਰ,
ਤੇਰੇ ਬਖ਼ਸ਼ੇ ਸਾਬਤ ਸੂਰਤ ਰੂਪ ਨਾਲ ਕਰਦੇ ਪਿਆਰ,
ਸੱਚੇ ਮਨ ਨਾਲ ਕਰਦੇ ਗੁਰੂ ਦੀ ਬਾਣੀ ਦਾ ਵਿਚਾਰ,
ਪਰ ਲੱਖਾਂ ਉੱਤੇ ਤੇਰੀਆਂ ਪਹਿਲਾਂ ਵਰਗੀਆਂ ਬਰਕਤਾਂ ਨਹੀਂ,
ਪਹਿਲਾਂ ਵਰਗੀਆਂ ਉੱਚੀਆਂ ਸੁੱਚੀਆਂ ਇਨ੍ਹਾਂ ਦੀਆਂ ਹਰਕਤਾਂ ਨਹੀਂ।

ਤੈਨੂੰ ਵੀ ਹੈ ਪਤਾ, ਨਹੀਂ ਹੈ ਸੌਖਾ ਸਿੱਖੀ ਦਾ ਰਾਹ,
ਉਹ ਹੀ ਤੁਰ ਸਕਦਾ ਹੈ ਜਿਹਨੂੰ ਹੈ ਗੁਰੂ ਦੀ ਸ਼ਰਨ ਦਾ ਚਾਹ,
ਇਹ ਅੱਜ ਜਿਹੜੇ ਆਪਣੇ ਆਪ ਨੂੰ ਸਿੱਖ ਰਹੇ ਕਹਾ,
ਧੱਕੇ ਨਾਲ ਆਪਣੀ ਰੂਹ ਨੂੰ ਝੂਠੀ ਗੱਲ ਰਹੇ ਮਨਵਾ,
ਸਿੱਖੀ ਵਿੱਚ ਜੰਮੇ, ਵੱਡੇ ਭਾਗ ਇਨ੍ਹਾਂ ਕੋਲ ਹਾਸਿਲ ਸਨ,
ਪਰ ਸਵਾਲ ਇਹ, ਕੀ ਇਹ ਇਸ ਦੇ ਕਾਬਿਲ ਸਨ ?

Monday, 16 January 2017

ਅਲੋਪ ਹੋ ਰਹੀ ਹੈ

ਖੁਦ ਦੇ ਘਰ ਉਸਾਰਨ ਲਈ ਦਿੱਤੇ ਜਿਨ੍ਹਾਂ ਦੇ ਢਾਹ ,
ਔਖਾ ਕਰ ਦਿੱਤਾ ਜਿਨ੍ਹਾਂ ਲਈ ਲੈਣਾ ਇੱਕ ਵੀ ਸਾਹ ,
ਆਪਣੇ ਸ਼ੌਂਕ ਪੂਰੇ ਕਰਨ ਲਈ ਜਿਨ੍ਹਾਂ ਦੀ ਹੋਂਦ ਰਿਹਾ ਮਿਟਾ ,
ਸਮਝ ਨਹੀਂ ਰਿਹਾ ਤੂੰ ਜਿਨ੍ਹਾਂ ਦੇ ਜਜ਼ਬਾਤ ,
ਅਲੋਪ ਹੋ ਰਹੀ ਹੈ ਉਨ੍ਹਾਂ ਜੀਵਾਂ ਦੀ ਜਾਤ |

ਇੱਥੇ ਕਰਦੇ ਸੀ ਸਾਰੇ ਸੁੱਖੀ ਸਾਂਦੀਂ ਗੁਜ਼ਾਰੇ ,
ਰੱਬ ਦੀ ਖੂਬਸੂਰਤ ਦੁਨੀਆ ਦੇ ਲੈਂਦੇ ਸੀ ਨਜ਼ਾਰੇ ,
ਪਰ ਮਨੁੱਖ ਦੇ ਸਵਾਰਥ ਅੱਗੇ ਬੇਬਸ ਹੋ ਗਏ ਸਾਰੇ ,
ਕਰ ਦਿੱਤੀ ਮਨੁੱਖ ਨੇ ਇਹਨਾਂ ਦੇ ਲਹੂਆਂ ਦੀ ਬਰਸਾਤ ,
ਅਲੋਪ ਹੋ ਰਹੀ ਹੈ ਉਨ੍ਹਾਂ ਜੀਵਾਂ ਦੀ ਜਾਤ |

ਇਹਨਾਂ ਜੀਵਾਂ ਦੀ ਅਵਾਜ਼ ਨਾਲ ਰੌਣਕ ਰਹਿੰਦੀ ਸੀ ਪੂਰੀ ,
ਇਹ ਸਾਜ਼ ਨੇ ਧਰਤੀ ਲਈ ਬਹੁਤ ਜ਼ਰੂਰੀ ,
ਸਮਝੋ ਦੁਨੀਆ ਵਾਲਿਓ ਧਰਤੀ ਦੀ ਮਜਬੂਰੀ ,
ਮਸ਼ੀਨਾਂ ਦੇ ਰੌਲੇ ਕਰ ਕੇ ਸਿਰ-ਦਰਦ ਰਹਿੰਦਾ ਦਿਨ ਰਾਤ ,
ਅਲੋਪ ਹੋ ਰਹੀ ਹੈ ਉਨ੍ਹਾਂ ਜੀਵਾਂ ਦੀ ਜਾਤ |

ਇੱਥੇ ਹਰ ਇੱਕ ਜੀਵ ਕਰ ਲੈਂਦਾ ਪੂਰੀਆਂ ਲੋੜ੍ਹਾਂ ,
ਪਰ ਇੱਕ ਮਨੁੱਖ ਲਈ ਹੈ ਇਸ ਧਰਤੀ ਤੇ ਥੋੜ੍ਹਾਂ ਹੀ ਥੋੜ੍ਹਾਂ ,
ਆਪਣਾ ਸੰਦੂਕ ਵੇਖ ਕੇ ਸੋਚਦਾ ,"ਹੋਰ ਕੀ ਕੀ ਜੋੜਾਂ?",
ਇਸੇ ਲਾਲਚ ਨੇ ਕੀਤੀ ਹੈ ਤਬਾਹੀ ਦੀ ਸ਼ੁਰੂਆਤ ,
ਅਲੋਪ ਹੋ ਰਹੀ ਹੈ ਉਨ੍ਹਾਂ ਜੀਵਾਂ ਦੀ ਜਾਤ |

Thursday, 5 January 2017

ਹੋ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਦਾ ਹਿਸਾਬ

ਭਾਵੇਂ ਹਜ਼ਾਰ ਵਿਧਵਾਨ ਰਲ ਮਿਲ ਕੇ ਬੈਠਣ ਹਜ਼ਾਰਾਂ ਸਾਲ,
ਹੋ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਦਾ ਹਿਸਾਬ |

9 ਸਾਲ ਦੀ ਉਮਰ ਵਿਚ ਕੌਣ ਤੋਰਦਾ ਪਿਤਾ ਨੂੰ ਹੋਣ ਲਈ ਸ਼ਹੀਦ ,
ਅੱਜ ਉਸੀ ਸ਼ਹਾਦਤ ਕਰਕੇ ਹੁੰਦੀ ਇਸ ਬੇਤੁੱਲੇ ਭਾਰਤ ਦੀ ਦੀਦ ,
ਨਹੀਂ ਤਾਂ ਹੋ ਜਾਣੀ ਸੀ ਹਿੰਦੁਸਤਾਨ ਦੀ ਸ਼ਾਨ ਕੈਦ , ਵਿਚ ਇਤਿਹਾਸ ਦੀ ਕਿਤਾਬ ,
ਹੋ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਦਾ ਹਿਸਾਬ |

ਚਮਕੌਰ ਦੀ ਜੰਗ ਦੀ ਲੱਭਣੀ ਨਹੀਂ ਇਸ ਜੱਗ ਤੇ ਕੋਈ ਮਿਸਾਲ ,
ਮੈਦਾਨ - ਏ - ਜੰਗ ਵਿਚ ਹੱਸ ਕੇ ਭੇਜੇ ਪਿਤਾ ਨੇ ਆਪਣੇ ਦੋ ਲਾਲ ,
ਆਪਣੀਆਂ ਅੱਖਾਂ ਨਾਲ ਵੇਖੀ ਅਜੀਤ , ਜੁਝਾਰ ਦੀ ਸ਼ਹਾਦਤ ਲਾਜਵਾਬ ,
ਹੋ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਦਾ ਹਿਸਾਬ |

ਓਹਦੇ ਛੋਟੇ ਸਾਹਿਬਜ਼ਾਦਿਆਂ ਦਾ ਸਿਦਕ ਦੱਸਦੀ ਸਰਹਿੰਦ ਦੀ ਦੀਵਾਰ ,
ਉਨ੍ਹਾਂ ਦੇ ਜੈਕਾਰਿਆਂ ਨਾਲ ਹਿਲ ਗਿਆ ਸਾਰਾ ਦਰਬਾਰ ,
ਆਪਣੇ ਵਿਚਾਰਾਂ ਨਾਲ ਉਨ੍ਹਾਂ ਨੂੰ ਗੁਮਰਾਹ ਨਾ ਕਰ ਸਕਿਆ ਨਵਾਬ ,
ਹੋ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਦਾ ਹਿਸਾਬ |

ਮਜ਼ਲੂਮਾਂ ਦੀ ਰੱਖਿਆ ਲਈ ਰਹਿੰਦੇ ਸੀ ਸਦਾ ਤਿਆਰ ,
ਦੇਸ ਤੇ ਕੌਮ ਦੀ ਖਾਤਿਰ ਵਾਰ ਦਿੱਤਾ ਸਾਰਾ ਪਰਿਵਾਰ ,
ਹੈ ਨਹੀਂ ਹਰਸਿਮਰਨ ਓਹਦੀ ਕੁਰਬਾਨੀ ਦਾ ਕੋਈ ਜਵਾਬ ,
ਹੋ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਦਾ ਹਿਸਾਬ |

Thursday, 10 November 2016

ਕੁਝ ਕਰਕੇ ਵਿਖਾਉਣ ਦਾ ਜੋ ਚਾਅ ਸੀ ਮੇਰੇ ਅੰਦਰ,
ਅੱਜ ਉਸ ਚਾਅ ਦਾ ਸਾਹ ਘੁੱਟਦਾ ਹੋਇਆ ਨਜ਼ਰ ਆਉਂਦਾ ,
ਤੜਪਦਾ ਰਹਿੰਦਾ ਦਿਲ ਹਰ ਵੇਲੇ ,
ਇੱਕ ਪਲ ਵੀ ਇਹ ਖੁਸ਼ੀ ਨਹੀਂ ਮਨਾਉਂਦਾ |
ਮੇਰਾ ਜੀਅ ਨਹੀਂ ਲੱਗਦਾ ਇਸ ਸੰਸਾਰ ਵਿਚ ,
ਮਹਿਫ਼ਿਲਾਂ ਵਿਚ ਖੁਦ ਨੂੰ ਬੇਲੋੜਾ ਮਹਿਸੂਸ ਕਰਦਾ ,
ਮੇਰੇ ਮਨ ਨੂੰ ਨਹੀਂ ਭਾਉਂਦੀ ਜੱਗ ਦੀ ਇੱਕ ਵੀ ਗੱਲ ,
ਆਪਣੇ ਅੰਦਰ ਉਤਸ਼ਾਹ ਬੜਾ ਥੋੜ੍ਹਾ ਮਹਿਸੂਸ ਕਰਦਾ |
ਇੰਝ ਜਾਪਦਾ ਜਿਵੇਂ ਕੋਈ ਅਣਡਿੱਠਾ ਦੈਂਤ ,
ਮੇਰੇ ਅੰਦਰੋਂ ਚੂਸ ਰਿਹਾ ਉਮੀਦ ਤੇ ਜਜ਼ਬੇ ਦਾ ਰੱਸ ,
ਦੁਨੀਆ ਦੇ ਵਿਚ ਘੁਲਾ ਮਿਲਾ ਕਿਵੇਂ ,
ਇਕੱਲੇਪਣ ਦੇ ਸੱਪ ਰਹੇ ਮੈਨੂੰ ਡੱਸ |
ਹਜ਼ਾਰਾਂ ਲੋਕਾਂ ਦੇ ਵਿਚ ਹੋਣ ਦੇ ਬਾਵਜੂਦ ,
ਮੈਨੂੰ ਇਹ ਜਗ ਬੜਾ ਸੁੰਞਾ ਨਜ਼ਰ ਆਉਂਦਾ ,
ਯਾਰਾਂ ਬੇਲੀਆਂ ਤੋਂ ਵੱਧ ਤਾਂ ਮੈਂ ,
ਕੰਧਾਂ ਤੇ ਦਰੱਖਤਾਂ ਨੂੰ ਆਪਣੇ ਦਿਲ ਦੀਆਂ ਸੁਣਾਉਂਦਾ |
ਰੱਬਾ ਤੇਰੇ ਅੱਗੇ ਮੈਂ ਫਰਿਆਦ ਇਹ ਕਰਾਂ ,
ਕੇ ਮੇਰੀ ਇਹ ਕਵਿਤਾ ਕਿਸੇ ਨੂੰ ਸਮਝ ਨਾ ਆਵੇ ,
ਇਸ ਜੱਗ ਵਿਚ ਸੁਖੀ ਵੱਸਦਾ ਰਹੇ ਹਰ ਕੋਈ ,
ਇਹ ਕਵਿਤਾ ਕਿਸੇ ਦੇ ਵੀ ਦਿਲ ਵਿਚ ਨਾ ਜਾਵੇ |
ਆਪਣੇ ਯਾਰਾਂ ਬੇਲੀਆਂ ਦੇ ਵਿਚ ਰੁੱਝੇ ਰਹਿਣ ਸਾਰੇ ,
ਮੇਰੀ ਤਨਹਾਈ ਦੇ ਉੱਤੇ ਰਹਿਣ ਸਦਾ ਹੱਸਦੇ ,
ਮੁਸਕਰਾਉਂਦਾ ਰਹੇ ਇਸ ਜੱਗ ਉੱਤੇ ਹਰ ਕੋਈ ,
ਇਸ ਦੁਨੀਆ ਵਿਚ ਰਹਿਣ ਸਾਰੇ ਸੁਖੀ ਵੱਸਦੇ |

Wednesday, 9 November 2016

ਉਹ ਕੌਮ

ਜਿਹੜੀ ਕੌਮ ਆਪਣੀ ਮਾਂ ਬੋਲੀ ਤੇ ਕਰਦੀ ਮਾਣ,
ਓਹੀ ਕੌਮ ਹੈ ਜਗ ਵਿਚ ਇੱਜ਼ਤ ਖੱਟਦੀ ,
ਹੁੰਦੀ ਉਸ ਕੌਮ ਦੀ ਜਗ ਤੇ ਵੱਖਰੀ ਸ਼ਾਨ ,
ਫੇਰ ਉਹ ਕੌਮ ਤਰੱਕੀਆਂ ਕਰਨੋਂ ਨਹੀਂ ਹੱਟਦੀ  ।

ਜਿਹੜੀ ਕੌਮ ਆਪਣੇ ਵਿਰਸੇ ਨੂੰ ਰੱਖਦੀ ਸੰਭਾਲ ਕੇ ,
ਹੁੰਦੀ ਉਸ ਕੌਮ ਦੀ ਜਗ ਤੇ ਜੈ-ਜੈਕਾਰ ,
ਹੁੰਦਾ ਉਸ ਕੌਮ ਨੂੰ ਵਿਸ਼ਵਾਸ ਆਪਣੇ ਆਪ ਤੇ ,
ਤਾਹੀਓਂ ਸਾਰਾ ਸੰਸਾਰ ਸੁਣਦਾ ਓਹਦੇ ਵਿਚਾਰ ।

ਪਰ ਜਿਹੜੀ ਕੌਮ ਆਪਣੀ ਮਾਂ ਬੋਲੀ ਦੀ ਕਦਰ ਨਾ ਪਾਵੇ ,
ਉਸ ਤੋਂ ਰੱਖੋਗੇ ਤੁਸੀਂ ਕਿਸ ਚੀਜ਼ ਦੀ ਆਸ ?
ਜਿਸ ਕੌਮ ਨੂੰ ਮਾਂ ਬੋਲੀ ਵਿਚ ਗੱਲ ਕਰਦੇ ਹੋਏ ਸ਼ਰਮ ਆਵੇ ,
ਕਿਵੇਂ ਬਣਾਏਗੀ ਉਹ ਜਗ ਤੇ ਆਪਣੀ ਪਛਾਣ ਖਾਸ ?

ਦੂਜਿਆਂ ਦੀ ਬੋਲੀ ਬੋਲਦਾ ਤੋਤਾ ,
ਤਾਹੀਓਂ ਰਹਿੰਦਾ ਪਿੰਜਰੇ ਵਿਚ ਬੰਦ ਬਣ ਕੇ ਗੁਲਾਮ ,
ਕਰਦਾ ਨਾ ਜੇ ਹੋਰਾਂ ਦੀ ਰੀਸ,
ਉੱਚਾ ਉੱਡਦਾ ਉਹ ਵੀ ਬਾਜ਼ਾਂ ਵਾਂਗ ਸ਼ਰ-ਏ- ਆਮ  |

Thursday, 27 October 2016

ਕਿਓਂ ਪਰਦਾ ਕਰਕੇ ਬੈਠਾ ਹੈ?

ਕਿਓਂ ਪਰਦਾ ਕਰਕੇ ਬੈਠਾ ਹੈ ,
ਇੱਕ ਵਾਰੀ ਸਾਮ੍ਹਣੇ ਤਾਂ ਆ ,
ਅੱਜ ਲੋੜ ਬੜੀ ਹੈ ਸਾਨੂੰ ਤੇਰੀ ,
ਸਾਡੇ ਵੱਲ ਮੁੱਖ ਤਾਂ ਘੁਮਾ  ।

ਰਲ ਮਿਲ ਮੌਜਾਂ ਮਾਣੇ ਸਾਰਾ ਸੰਸਾਰ ,
ਪਰ ਆਵੇ ਨਾ ਮੇਰੇ ਦਿਲ ਨੂੰ ਕਰਾਰ ,
ਮੇਰੇ ਕੋਲ ਨਹੀਂ ਹੈ ਤੇਰੀ ਸਾਰ ,
ਮੰਦੜਾ ਹਾਲ ਕੀਤਾ ਹੋਇਆ ਤੂੰ ,
ਆਪਣੇ ਆਸ਼ਿਕ਼ ਨੂੰ ਰਿਹਾ ਤੜਪਾ ,
ਕਿਓਂ ਪਰਦਾ ਕਰਕੇ ਬੈਠਾ ਹੈ ,
ਇੱਕ ਵਾਰੀ ਸਾਮ੍ਹਣੇ ਤਾਂ ਆ ।

ਮੰਨਿਆ ਹੋਈਆਂ ਮੇਰੇ ਤੋਂ ਬੜੀਆਂ ਖ਼ਤਾਵਾਂ ,
ਪਰ ਤੇਰੇ ਬਾਝੋਂ ਕਿਸ ਨੂੰ ਆਪਣਾ ਕਹਾਵਾਂ ,
ਹੋਰ ਕਿਸ ਨੂੰ ਆਪਣੇ ਦਿਲ ਦੀਆਂ ਸੁਣਾਵਾਂ ,
ਤੇਰੇ ਬਾਝੋਂ ਇਸ ਧਰਤੀ ਤੇ ਸੁੱਖ ਆਵੇ ਕਿਹੜੀ ਥਾਂ ,
ਕਿਓਂ ਪਰਦਾ ਕਰਕੇ ਬੈਠਾ ਹੈ ,
ਇੱਕ ਵਾਰੀ ਸਾਮ੍ਹਣੇ ਤਾਂ ਆ ।

ਮੇਰੇ ਮਨ ਨੂੰ ਨਾ ਭਾਵੇ ਜਗ ਦੀ ਇੱਕ ਵੀ ਗੱਲ ,
ਦੱਸ ਉਹ ਰਾਹ ਮੈਨੂੰ ਜਿਹੜਾ ਜਾਵੇ ਤੇਰੇ ਵੱਲ ,
ਤੇਰੀ ਦੀਦ ਬਿਨਾ ਨਹੀਂ ਇਹ ਮੁਸ਼ਕਿਲ ਹੁੰਦੀ ਹੱਲ,
ਇੱਕ ਪਲ ਲਈ ਹੀ ਸਹੀ ,
ਪਰ ਕੁਝ ਚਾਨਣਾ ਤਾਂ ਦਿਖਾ ,
ਕਿਓਂ ਪਰਦਾ ਕਰਕੇ ਬੈਠਾ ਹੈ ,
ਇੱਕ ਵਾਰੀ ਸਾਮ੍ਹਣੇ ਤਾਂ ਆ ।

ਗ਼ਜ਼ਲ

ਵੇਖਣੇ ਜੱਗ ਦੇ ਨਜ਼ਾਰੇ ਔਖੇ, ਰੋਕਣੇ ਅੱਥਰੂ ਖਾਰੇ ਔਖੇ। ਬੰਦਿਆ! ਪਾਏ ਜੋ ਤੂੰ ਧਰਤੀ 'ਤੇ, ਕੱਠੇ ਕਰਨੇ ਉਹ ਖਿਲਾਰੇ ਔਖੇ। ਸਿਰਫ਼ ਧਰਤੀ ਨਹੀਂ ਆਦਮ ਤੋਂ ਤੰਗ, ਇਹਦੇ ਤੋ...