Saturday, 29 September 2018

ਉਦਾਸ ਹਾਂ ਬੜਾ ਪਰ ਸ਼ਿਕਵੇ ਦੀ ਮਜਾਲ ਨਹੀਂ ,
ਜਹਾਨ ਉੱਤੇ ਤਾਂ ਕੋਈ ਸ਼ੈਅ ਲਾ ਜ਼ਵਾਲ ਨਹੀਂ ।

ਇਕੋ ਹੀ ਧਰਤ ਹੈ ਪਰ ਲੋਕ ਐਂਵੇਂ ਤੁਰ ਰਹੇ ਨੇ ,
ਜਿਵੇਂ ਕਿ ਸਾਨੀ ਕੋਈ ਲੱਭਣਾ ਮੁਹਾਲ ਨਹੀਂ ।

ਜੋ ਰਾਹ-ਏ-ਹੱਕ ਤੇ ਤੁਰਦਾ ਹੈ ਔਕੜਾਂ ਦੇ ਨਾਲ ,
ਨਿਢਾਲ ਭਾਵੇਂ ਦਿਸੇ ਹੁੰਦਾ ਪਰ ਨਿਢਾਲ ਨਹੀਂ। 

ਕਿਵੇਂ ਸੁਣੇਗਾ ਮਨੁੱਖ ਧਰਤੀ ਦੇ ਇਹ ਨਗ਼ਮੇ ਹੁਣ ,
ਜ਼ਮਾਨੇ ਵਿਚ ਤਾਂ ਇਹਨੂੰ ਖ਼ੁਦ ਦਾ ਵੀ ਖ਼ਿਆਲ ਨਹੀਂ ।

ਬਗ਼ੈਰ ਟਾਲ ਮਟੋਲਾਂ ਦੇ ਵੀ ਜਵਾਬ ਦਿਓ !
ਦਿਲਾਂ ਲਈ ਹੈ ਇਹ ਅਕਲਾਂ ਲਈ ਸਵਾਲ ਨਹੀਂ ।

ਪਲੀਤੀ ਜਿਹੜੀ ਭਰੀ ਹੋਈ ਹੈ ਮਨਾਂ ਅੰਦਰ,
ਇਹਨੂੰ ਮਿਟਾਉਣ ਤੋਂ ਵੱਡਾ ਕੋਈ ਕਮਾਲ ਨਹੀਂ। 

ਅਵੇਸਲਾ ਨਾ ਹੋ ਯਾਰਾ ਵੇ ਗ਼ੌਰ ਫ਼ਰਮਾ ਤੂੰ,
ਉਹ ਕਿਹੜੀ ਥਾਂ ਹੈ ਕਿ ਜਿੱਥੇ ਉਹਦਾ ਜਮਾਲ ਨਹੀਂ ?

Friday, 10 August 2018

ਸੁੱਤੀ ਹੋਈ ਅਣਖ ਜਗਾ ਰੱਬਾ  ,
ਮਾਣ ਪੰਜਾਬ ਦਾ ਵਧਾ ਰੱਬਾ  ।

ਜੋ ਪਛਾਣ ਆਪਣੀ ਭੁਲਾ ਬੈਠੇ,
ਉਹਨਾਂ ਵੀਰਾਂ ਨੂੰ ਤੂੰ ਜਗਾ ਰੱਬਾ ।

ਨਾ ਘਟਣ ਦੇਵੀਂ ਸ਼ੋਭਾ ਭੋਰਾ ਵੀ,
ਮਿੱਟੀ ਨੂੰ ਹੋਰ ਵੀ ਸਜਾ ਰੱਬਾ ।

ਸਾਂਭ ਲੈ ਭੱਜਦੇ ਮਨੁੱਖ ਨੂੰ ਤੂੰ,
ਹੋਵੇ ਨਾ ਕੁਦਰਤੋਂ ਜੁਦਾ ਰੱਬਾ  ।

ਸਿਰਫ਼ ਖ਼ੁਦ ਵਾਰੇ ਸੋਚਦਾ ਜਿਹੜਾ ,
ਉਹਦੀ ਖ਼ੁਦਗ਼ਰਜ਼ੀ ਨੂੰ ਘਟਾ ਰੱਬਾ  ।

ਕਾਤਲਾਂ ਨੂੰ ਵੀ ਲੋਕੀਂ ਪੂਜਦੇ ਨੇ ,
ਅੱਖਾਂ ਤੋਂ ਪਰਦੇ ਨੂੰ ਹਟਾ ਰੱਬਾ  ।

ਕੰਧਾਂ ਸਭ ਨਫ਼ਰਤਾਂ ਦੀਆਂ ਢਾਹ ਕੇ ,
ਲੋਕਾਂ ਵਿਚ ਕੁਰਬਤਾਂ ਵਧਾ ਰੱਬਾ  ।

ਅੱਜ ਵੀ ਦੋਹਾਂ ਦੇ ਗੁਲਾਬਾਂ ਨੂੰ ,
ਛੇੜਦੀ ਹੈ ਉਹੀ ਸਬਾ ਰੱਬਾ  ।

ਪੰਜ ਐਬਾਂ ਦੀ ਕੈਦ ਭੈੜੀ ਬੜੀ ,
ਦਾਸ ਨੂੰ ਤੂੰ ਕਰਾ ਰਿਹਾ ਰੱਬਾ  ।

ਦੱਸ ਦੇ ਹੋਣੀ ਹੈ ਕਬੂਲ ਕਦੋਂ ?
ਪਾਕ ਧਰਤੀ ਦੀ ਇਲਤਜਾ ਰੱਬਾ  ।

Friday, 6 July 2018

ਹਕੀਕਤ ਤੋਂ ਬੇ ਖ਼ਬਰ

ਸੀ ਜਿਨ੍ਹਾਂ ਦੀ ਹੋਂਦ ਤੋਂ ਰੌਸ਼ਨ ਨਗਰ ਵੇਖੇ ਬੜੇ,
ਅੱਜ ਹਕੀਕਤ ਆਪਣੀ ਤੋਂ ਬੇ ਖ਼ਬਰ ਵੇਖੇ ਬੜੇ ।

ਹੌਸਲਾ ਸ਼ਿਕਨੀ 'ਚ ਵਡਿਆਈ ਤੁਸੀਂ ਕੀ ਭਾਲਦੇ ?
ਬੱਚਿਆਂ ਕੋਲੇ ਵੀ ਮੈਂ ਐਸੇ ਹੁਨਰ ਵੇਖੇ ਬੜੇ ।

ਮੰਜ਼ਲਾਂ ਤਾਮੀਰ ਕਰਨਾ ਨੀਂਹ ਨੂੰ ਵੇਖੇ ਬਗ਼ੈਰ ,
ਕੌਮਾਂ ਦੀ ਗ਼ਫ਼ਲਤ ਦੇ ਤਾਂ ਭੈੜੇ ਅਸਰ ਵੇਖੇ ਬੜੇ ।

ਰੁਲ਼ ਗਿਆ ਪੰਜਾਬ ਜਦ ਪੁੱਤਾਂ ਨੇ ਕੀਤਾ ਸੀ ਧਰੋਹ,
ਉਂਜ ਕਈ ਜਰਵਾਣੇ ਇਹਦੇ ਹੀ ਮਗਰ ਵੇਖੇ ਬੜੇ ।

ਹੰਭਿਆ ਹੋਇਆ ਲਹੂ ਜਿਸ ਸਦਕਾਂ ਜਾਣੇ ਖ਼ੁਦ ਦਾ ਮੁੱਲ ,
ਰੱਬਾ ਤੇਰੇ ਉਸ ਕਰਮ ਦੇ ਮੁੰਤਜ਼ਰ ਵੇਖੇ ਬੜੇ ।

ਇਲਮ ਵੰਡਣ ਦੀ ਤੇਰੀ ਇਹ ਭਾਵਨਾ ਚੰਗੀ ਹੈ ਪਰ,
ਦੇ ਦੇ ਵਾਧੂ ਮਤ ਗਵਾਉਂਦੇ ਜੋ ਕਦਰ, ਵੇਖੇ ਬੜੇ ।

Wednesday, 23 May 2018

ਨਹੀਂ ਹੋਣਾ ਕਦੇ ਫਿਰ ਰੱਬ ਦਾ ਦੀਦਾਰ ਧਰਤੀ ਤੇ

ਨਹੀਂ ਹੋਣਾ ਕਦੇ ਫਿਰ ਰੱਬ ਦਾ ਦੀਦਾਰ ਧਰਤੀ 'ਤੇ
ਜੇ ਕੀਤਾ ਨਾ ਤੂੰ ਕੁਦਰਤ ਦਾ ਜ਼ਰਾ ਸਤਕਾਰ ਧਰਤੀ 'ਤੇ ।

ਹਵਾ, ਪਾਣੀ, ਜ਼ਮੀਂ, ਮਿੱਟੀ, ਪਲੀਤ ਆਲਾ ਦੁਆਲਾ ਕਰ
ਉਤਾਰੇ ਵਾਰੋਂ ਵਾਰੀਂ ਅਣਗਿਣਤ ਸ਼ਿੰਗਾਰ ਧਰਤੀ 'ਤੇ ।

ਬਣੇ ਕੁਦਰਤ ਦੇ ਸਭ ਕਾਮਿਲ ਨਿਜ਼ਾਮਾਂ ਦੀ ਤਬਾਹੀ 'ਤੇ
ਚਮਕਦੇ, ਜਗਮਗਾਂਦੇ ਸ਼ਹਿਰ ਜਾਪਣ ਖ਼ਾਰ ਧਰਤੀ 'ਤੇ । 

ਥਾਂ ਥਾਂ ਉੱਤੇ ਵਿਛਾ ਕੇ ਬੰਦੇ ਨੇ ਕੰਕ੍ਰੀਟ ਦੇ ਜੰਗਲ
ਖ਼ੁਦ ਅਪਣੇ ਆਪ ਨੂੰ ਹੀ ਕਰ ਲਿਆ ਬੀਮਾਰ ਧਰਤੀ 'ਤੇ ।  

ਕਰੇ ਗੱਲਾਂ ਕਿਵੇਂ ਹੁਣ ਇਹ ਖਿਲਾਰਾ ਸਾਂਭਿਆ ਜਾਵੇ
ਜਿਵੇਂ ਇਹਨੇ ਕੋਈ ਕਰਨਾ ਹੈ ਹੁਣ ਉਪਕਾਰ ਧਰਤੀ 'ਤੇ । 

ਭੁਲਾ ਕੇ ਸੁਰਤ ਸਾਰੀ ਲੋਭ ਲਾਲਚ ਦੇ ਤਲਿਸਮ ਅੰਦਰ
ਚਲਾਇਆ ਉਹਨੇ ਫਿਰ ਇਕ ਸਿਲਸਿਲਾ ਖ਼ੂੰ-ਖ਼੍ਵਾਰ ਧਰਤੀ 'ਤੇ ।

ਸਦਾ ਦਿੰਦੇ ਸੀ ਫਿਰਦੇ ਜੀਵ ਸਾਰੇ ਵੀ ਅਨਲ-ਹਕ ਦੀ
ਚੜ੍ਹੇ ਸੂਲੀ ਤਾਂ ਹੀ ਮਨਸੂਰ ਦੇ ਸਭ ਯਾਰ ਧਰਤੀ 'ਤੇ ।

Thursday, 17 May 2018

ਇਹ ਨੂਰ ਦਾ ਖ਼ੁਦ ਨੂੰ ਇਕ ਪਰਵਾਨਾ ਕਰਾਂ ਕਿੱਦਾਂ

ਇਸ ਨੂਰ ਦਾ ਖ਼ੁਦ ਨੂੰ ਇਕ ਪਰਵਾਨਾ ਕਰਾਂ ਕਿੱਦਾਂ ?
ਦਾਤਾਂ ਤੇਰੀਆਂ ਦਾ ਮੈਂ ਸ਼ੁਕਰਾਨਾ ਕਰਾਂ ਕਿੱਦਾਂ ?

ਇਸ ਤੇਜ਼ ਰਵਾਂ ਦੁਨੀਆ ਦੀ ਚਾਲ ਪਕੜ ਕੇ ਮੈਂ,
ਆਬਾਦ ਜ਼ਰਾ ਦਿਲ ਦਾ ਵੀਰਾਨਾ ਕਰਾਂ ਕਿੱਦਾਂ ?

ਸ਼ਫ਼ਕਤ ਵੀ, ਸਦਾਕਤ ਵੀ, ਬੇਬਾਕੀ ਵੀ ਹੋਵੇ ਵਿਚ,
ਐਡਾ ਬੜਾ ਪਰ ਦਿਲ ਦਾ ਪੈਮਾਨਾ ਕਰਾਂ ਕਿੱਦਾਂ ?

ਉਲਫ਼ਤ ਦੇ ਸ਼ਿਖਰ ਚੜ੍ਹ ਕੇ, ਤੂੰ ਹੀ ਤੂੰ ਖ਼ੁਦਾ ਕਰ ਕੇ,
ਆਸ਼ਕ ਪੁੱਛੇ ਮੈਂ ਕੋਈ ਬੇਗਾਨਾ ਕਰਾਂ ਕਿੱਦਾਂ ?

ਇਹ ਦਾਤ ਤੂੰ ਹੀ ਬਖਸ਼ੀ , ਸ਼ਿੰਗਾਰਦਾ ਵੀ ਤੂੰ ਹੀ,
ਦੱਸ ਆਹ ਤਰਾਨਾ ਮੈਂ ਰੂਹਾਨਾ ਕਰਾਂ ਕਿੱਦਾਂ ?

Sunday, 15 April 2018

ਰੂਹ ਦੀ ਮੌਤ

ਜਿਹੜੇ ਬੰਦੇ ਵਿੱਚ ਰਹੇ ਨਾ ਰੱਬ ਦਾ ਡਰ,
ਆਪੇ ਦਿੰਦਾ ਆਪਣੀ ਰੂਹ ਦੀ ਮੌਤ ਦੀ ਗਵਾਹੀ,
ਕੀ ਰੱਖੋਗੇ ਇਨਸਾਨੀਅਤ ਦੀ ਉਮੀਦ ਉਹਦੇ ਤੋਂ,
ਜੋ ਚਾਹੇ ਹਰ ਵੇਲੇ ਖ਼ੁਦਾ ਦੇ ਬੰਦਿਆਂ ਦੀ ਤਬਾਹੀ,
ਨਹੀਂ ਕੋਈ ਥਾਂ ਪਾਕ ਪਵਿੱਤਰ ਉਹਦੇ ਵਾਸਤੇ,
ਤਮੀਜ਼ ਅਤੇ ਅਦਬ ਉਹ ਵਿਖਾਉਂਦਾ ਕਿਤੇ ਨਾਹੀ,
ਨਾ ਖੇਚਲ ਕਰੇ ਆਪਣਾ ਦਿਲ ਸਾਫ਼ ਕਰਨ ਦੀ ,
ਨਾ ਹੀ ਹਵਸ ਦੀ ਮੈਲ ਕਦੇ ਅੱਖਾਂ ਤੋਂ ਲਾਹੀ,
ਵੇਖ ਕੇ ਪੀੜ ਮਾਸੂਮਾਂ ਦੀ ਮਜ਼ਾ ਲਵੇ ਉਹ,
ਦਿਲ-ਓ-ਦਿਮਾਗ਼ ਉੱਤੇੇ ਸ਼ੈਤਾਨ ਦੀ ਬਾਦਸ਼ਾਹੀ,
ਰਹਿਮ ਦਾ ਨਾਂ ਨਿਸ਼ਾਨ ਉਹਦੇ ਮਨ ਵਿੱਚ ਨਹੀਂ,
ਧਨ ਦੌਲਤ ਜਮ੍ਹਾਂ ਕਰੇ ਗੁਮਰਾਹ ਕਰਕੇ ਰਾਹੀ,
ਤਕਦੀਰ 'ਚ ਲਿਖਿਆ ਹੁੰਦਾ ਹੈ ਖ਼ਵਾਰ ਹੋਣਾ,
ਅਖ਼ੀਰ ਵਿੱਚ ਸਦਾ ਮੂੰਹ ਨੂੰ ਰੰਗਦੀ ਹੈ ਸਿਆਹੀ,
ਭੇਤ ਖੁੱਲ੍ਹਣਾ ਹੁੰਦਾ ਹੈ ਉਨ੍ਹਾਂ ਅੰਨ੍ਹੇ ਲੋਕਾਂ ਸਾਹਮਣੇ,
ਜਿਹੜੇ ਦਿੰਦੇ ਉਹਨੂੰ ਬੈਠਣ ਲਈ ਤਖ਼ਤ ਸ਼ਹਿਨਸ਼ਾਹੀ,
ਹੁਣ ਕਿਹੜੇ ਮੂੰਹੋਂ ਰੱਬ ਨੂੰ ਮੰਦੜਾ ਬੋਲਦੇ ਹੋ,
ਕਹਿ ਕੇ ਖ਼ੁਦ ਅਜਿਹੇ ਨੂੰ ਮਰਦ-ਏ-ਇਲਾਹੀ ?

Monday, 2 April 2018

ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ

ਪੀਰਾਂ ਦੀ ਭਾਗਸ਼ਾਲੀ ਖ਼ਾਕ ਹੈ ਜੋ,
ਧਰਤੀ ਪਵਿੱਤਰ, ਜ਼ਮੀਨ ਪਾਕ ਹੈ ਜੋ,
ਮਿਜ਼ਾਜ ਤੋਂ ਪੂਰੀ ਬੇ ਬਾਕ ਹੈ ਜੋ,
ਹਿੰਦ ਦੀ ਦਿਲਕਸ਼ ਪੋਸ਼ਾਕ ਹੈ ਜੋ,
ਸ਼ਾਲਾ ਇਹ ਧਰਤੀ ਸਦਾ ਸ਼ਾਦਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ ।

ਵੱਜੇ ਮੂਲ ਮੰਤਰ ਹਰੇਕ ਮਨ ਵਿੱਚ,
ਵੱਸੇ ਗੁਰੂ ਦਾ ਸ਼ਬਦ ਮਨ ਤਨ ਵਿੱਚ,
ਦਰਿਆ ਹੋਣ ਰੁੱਝੇ ਸਿਮਰਨ ਵਿੱਚ,
ਬਸੰਤ ਰੁੱਤ ਰਹੇ ਹਰ ਗੁਲਸ਼ਨ ਵਿੱਚ,
ਸਦਾ ਮਰਦਾਨੇ ਦੀ ਵੱਜਦੀ ਰਬਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ ।

ਜਿੱਥੇ ਮਾਂ ਬੋਲੀ ਦੀ ਇੱਜ਼ਤ ਹੋਵੇ,
ਫੈਲੀ ਚਹੁੰ ਪਾਸੇ ਮਿੱਠਤ ਹੋਵੇ,
ਪੰਜਾਬੀ ਚ ਹਰੇਕ ਲਿਖਤ ਹੋਵੇ,
ਜੀਹਦੀ ਸੇਵਾ ਵਿੱਚ ਪੂਰੀ ਸ਼ਿੱਦਤ ਹੋਵੇ,
ਜਿੱਥੇ ਪੰਜਾਬੀ ਦਾ ਹੁਸਨ-ਏ-ਸ਼ਬਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ ।

ਪਾਣੀ ਸਦਾ ਸੁੱਚਾ ਰਹੇ ਦਰਿਆਵਾਂ ਦਾ,
ਖੇਤਾਂ ਵਿੱਚ ਨਜ਼ਾਰੇ ਕਰਾਏ ਅਦਾਵਾਂ ਦਾ,
ਸਹਾਰਾ ਰਹੇ ਦਰੱਖਤਾਂ ਦੀਆਂ ਛਾਵਾਂ ਦਾ,
ਚਿੜੀਆਂ, ਘੁੱਗੀਆ, ਕਬੂਤਰਾਂ,ਕਾਵਾਂ ਦਾ,
ਆਬ-ਓ-ਹਵਾ ਵਾਂਗ ਮੁਕੱਦਸ ਕਿਤਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ।

ਮੁੜ ਕੇ ਨਾ ਖੰਡ ਜ਼ਹਿਰ ਹੋ ਜਾਵੇ,
ਖ਼ਤਮ ਨਸ਼ਿਆਂ ਦਾ ਕਹਿਰ ਹੋ ਜਾਵੇ,
ਖ਼ੁਸ਼ਹਾਲ ਸ਼ਹਿਰ ਦਾ ਸ਼ਹਿਰ ਹੋ ਜਾਵੇ,
ਉਹ ਰੁੱਸੀ ਹੋਈ ਸਹਿਰ ਹੋ ਜਾਵੇ,
ਨਾ ਜਿੰਦ ਜੀਹਦੀ ਕਦੇ ਅਜ਼ਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ ।

ਇਹ ਧਰਤੀ ਇੱਕ ਵੱਖਰੀ ਮਿਸਾਲ ਬਣੇ,
ਨਾ ਇਹਦੀ ਪਵਿੱਤਰਤਾ ਉੱਤੇ ਸਵਾਲ ਬਣੇ,
ਨਾ ਮੁੜ ਕੇ ਫਿਰ ਕਦੇ ਨਿਢਾਲ ਬਣੇ,
ਇਹਦੀ ਸ਼ਾਨ ਅਤੇ ਸੁਹਜ ਲਾ ਜ਼ਵਾਲ ਬਣੇ,
ਜੀਹਦਾ ਦਰ ਸਵਰਗ ਦਾ ਬਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ ।

ਹਰਸਿਮਰਨ ਹੱਥ ਵਿੱਚ ਕਲਮ ਲੈ ਕੇ,
ਇੱਕੋ ਇੱਕ ਦਿਲ ਦੀ ਰੀਝ ਕਹਿ ਕੇ,
ਪਿਆਰ ਦੇ ਦਰਿਆ ਵਿੱਚ ਵਹਿ ਕੇ,
ਇਸ ਸਰਜ਼ਮੀਨ ਦੀ ਗੋਦ 'ਚ ਬਹਿ ਕੇ,
ਲਹੂ 'ਚ ਪੰਜਾਬ, ਪੰਜਾਬ , ਪੰਜਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ ।

ਗ਼ਜ਼ਲ

ਵੇਖਣੇ ਜੱਗ ਦੇ ਨਜ਼ਾਰੇ ਔਖੇ, ਰੋਕਣੇ ਅੱਥਰੂ ਖਾਰੇ ਔਖੇ। ਬੰਦਿਆ! ਪਾਏ ਜੋ ਤੂੰ ਧਰਤੀ 'ਤੇ, ਕੱਠੇ ਕਰਨੇ ਉਹ ਖਿਲਾਰੇ ਔਖੇ। ਸਿਰਫ਼ ਧਰਤੀ ਨਹੀਂ ਆਦਮ ਤੋਂ ਤੰਗ, ਇਹਦੇ ਤੋ...