ਪਾਣੀ, ਧਰਤੀ, ਹਵਾ, ਮਿੱਟੀ , ਤੇਰੀ ਕੁਦਰਤ ਦੀ ਗੱਲ ।
ਕਰ ਰਿਹਾ ਹੈ ਇਹ ਤਰੱਕੀ ਅਤੇ ਜਿੱਦਤ ਦੀ ਗੱਲ ।
ਸੱਦਾ ਪਰਲੋ ਲਈ ਹੈ ਤੇਰੀ ਤਜਾਰਤ ਦੀ ਗੱਲ ।
ਸਮਝੇ ਨਾ ਕਰਨੀ ਜ਼ਰੂਰੀ ਜੋ ਵਿਰਾਸਤ ਦੀ ਗੱਲ ।
ਹੋਈ ਜਦ ਗੁਰਮੁਖਾਂ ਦੀ ਘਾਲ, ਸ਼ਹਾਦਤ ਦੀ ਗੱਲ।
ਫੇਰ ਕੰਬ ਉੱਠਦੇ ਨੇ ਉਹ ਸੁਣ ਕੇ ਬਗ਼ਾਵਤ ਦੀ ਗੱਲ ।
ਕਾਵਾਂ ਨੂੰ ਆਖਦੇ ਪਏ ਕਿਉਂ ਅੰਦਲੀਬ ਲੋਕ?
ਮੇਰੀ ਸਮਝ 'ਚ ਤਾਂ ਨਹੀਂ ਆਉਂਦੇ ਅਜੀਬ ਲੋਕ !
ਤਾਰੀਖ਼ ਹੈ ਗਵਾਹ ਕਿ ਸੱਚੇ ਮਨੁੱਖ ਲਈ
ਰੱਖਣ ਸਜਾ ਕੇ ਰੱਸੀਆਂ , ਫਾਹੇ , ਸਲੀਬ ਲੋਕ
ਰੱਖੀ ਜਿਨ੍ਹਾਂ ਤੇ ਆਸ ਉਮੀਦ ਆਪਣੀ ਸੀ ਮੈਂ
ਅੱਜ ਹੱਥ ਜੋੜ ਮੁੜ ਗਏ ਨੇ ਉਹ ਤਬੀਬ ਲੋਕ
ਕਿਰਦਾਰ ਦੀ ਸਲਾਮਤੀ ਮੁਮਕਿਨ ਉਦੋਂ ਹੀ ਹੈ
ਜਦ ਰੱਬ ਨੂੰ ਸ਼ਾਹ ਰਗ ਤੋਂ ਵੀ ਜਾਨਣ ਕਰੀਬ ਲੋਕ
ਲੜ ਲੱਗ ਕੇ ਸਤਿਗੁਰੂ ਦੇ ਹੀ ਮੁੱਕਦੇ ਨੇ ਦੁੱਖ ਕਲੇਸ਼
ਤਾਰੇ ਨੇ ਜਿਸ ਦੀ ਬਾਣੀ ਨੇ ਨਿਰਧਨ ਗ਼ਰੀਬ ਲੋਕ
ਜਿਹੜੇ ਗੁਰੂ ਨੂੰ ਭੁੱਲ ਕੇ ਦਰ ਦਰ ਤੇ ਹੋਣ ਖ਼ਵਾਰ
ਹਰਸਿਮਰਨ ਓਹੀ ਸਭਨਾਂ ਤੋਂ ਵੱਧ ਬਦ ਨਸੀਬ ਲੋਕ
ਕੀ ਰਹਿ ਗਿਆ ਹੈ ਹੁਣ ਤੇਰਾ ਇਤਬਾਰ ਮੀਡੀਆ ?
ਸਭ ਹੱਦਾਂ ਨੂੰ ਹੀ ਕਰਦਾ ਪਿਆ ਪਾਰ ਮੀਡੀਆ ।
ਇੱਕੋਂ ਹੀ ਪਾਸਿਓਂ ਦੀ ਇਹ ਤਸਵੀਰ ਨੂੰ ਵਿਖਾ
ਕਰਦਾ ਹੈ ਸਾਹਿਬਾਂ ਦਾ ਤੂੰ ਸਤਿਕਾਰ ਮੀਡੀਆ ।
ਮਜ਼ਲੂਮਾਂ ਦੀ ਨਾ ਪੀੜ ਵਿਖਾਵੇ ਤੂੰ ਭੁੱਲ ਕੇ ਵੀ
ਨਫ਼ਰਤ ਦਾ ਖੁੱਲ੍ਹ ਕੇ ਕਰੇ ਪਰਚਾਰ ਮੀਡੀਆ ।
ਜਾਹਲ ਵੀ ਕਰਦੇ ਨੇ ਬੜਾ ਉਸ ਬੋਲੀ ਤੋਂ ਗੁਰੇਜ਼
ਤੂੰ ਜਿਹੜੇ ਲਫ਼ਜ਼ਾਂ ਵਿਚ ਕਰੇ ਗੁਫ਼ਤਾਰ ਮੀਡੀਆ ।
ਦਸਤੂਰ ਹੀ ਨਿਰਾਲੇ ਨੇ ਇਸ ਮੁਲਕ ਦੇ ਜਦੋਂ
ਫਿਰ ਹੁਣ ਕਰੇ ਵੀ ਤਾਂ ਕੀ ਇਹ ਲਾਚਾਰ ਮੀਡੀਆ ?
ਹਿੱਸੇ 'ਚ ਉਹਦੇ ਸਿਰਫ਼ ਮਲਾਮਤ ਹੀ ਤਾਂ ਪਵੇ
ਜੇ ਸੱਚੀ ਗੱਲ ਦਾ ਕਰੇ ਇਜ਼ਹਾਰ ਮੀਡੀਆ ।
ਬਹਾਦਰੀ ਦਾ ਨਾਂ , ਮਰਦ-ਏ-ਖ਼ੁਦਾ ਗੁਰੂ ਗੋਬਿੰਦ ,
ਹੈ ਸਬਰ , ਸ਼ੁਕਰ ਦੀ ਤੂੰ ਇੰਤਹਾ ਗੁਰੂ ਗੋਬਿੰਦ ।
ਕਿ ਹੱਕ ਸੱਚ ਦੀ ਖ਼ਾਤਰ ਨਿਸਾਰ ਹੋਣਾ ਕਿਵੇਂ ,
ਇਹ ਕੁਲ ਜਹਾਂ ਨੂੰ ਤੂੰ ਦਿੱਤਾ ਸਿਖਾ ਗੁਰੂ ਗੋਬਿੰਦ ।
ਨਿਤਾਣਿਆਂ , ਡਰੇ ਮਜ਼ਲੂਮਾਂ ਤੇ ਵਿਚਾਰਿਆਂ ਨੂੰ ,
ਗਿਆ ਤੂੰ ਸੰਤ ਸਿਪਾਹੀ ਬਣਾ ਗੁਰੂ ਗੋਬਿੰਦ ।
ਜ਼ਮੀਨ ਸੁੱਕੀ ਹੋਈ ਤੇ ਉਮੀਦ ਤੋਂ ਖ਼ਾਲੀ ,
ਵਰ੍ਹੇ ਉਹ ਧਰਤੀ ਤੇ ਬਣ ਕੇ ਘਟਾ ਗੁਰੂ ਗੋਬਿੰਦ ।
ਹਕੂਮਤ-ਏ-ਸਿਤਮ ਆਰਾ ਦੇ ਖ਼ਾਤਮੇ ਦੇ ਲਈ,
ਤੂੰ ਰੂਹ ਖ਼ਲਕ ਦੀ ਦਿੱਤੀ ਜਗਾ ਗੁਰੂ ਗੋਬਿੰਦ ।
ਨਾ ਡੋਲਿਆ ਸੀ ਪਿਤਾ ਦੀ ਸ਼ਹੀਦੀ ਦੇ ਮਗਰੋਂ ,
ਤੇ ਸ਼ੁਕਰ ਕਰਦਾ ਹੈ ਪੁੱਤ ਵੀ ਲੁਟਾ ਗੁਰੂ ਗੋਬਿੰਦ ।
ਕਲਮ ਤੇ ਤੇਗ਼ ਦੇ ਜੌਹਰ ਜੋ ਤੂੰ ਵਿਖਾ ਕੇ ਗਿਆ ,
ਬਿਆਨ ਕਰਦੇ ਤੇਰਾ ਹੌਸਲਾ ਗੁਰੂ ਗੋਬਿੰਦ ।
ਜੋ ਕਾਰਨਾਮੇ ਅਜ਼ੀਮ ਆਦਮੀ ਨੇ ਨਾ ਸੀ ਸੁਣੇ ,
ਗਿਆ ਉਹ ਅੱਧੀ ਸਦੀ ਵਿਚ ਵਿਖਾ ਗੁਰੂ ਗੋਬਿੰਦ ।
ਵੇਖਣੇ ਜੱਗ ਦੇ ਨਜ਼ਾਰੇ ਔਖੇ, ਰੋਕਣੇ ਅੱਥਰੂ ਖਾਰੇ ਔਖੇ। ਬੰਦਿਆ! ਪਾਏ ਜੋ ਤੂੰ ਧਰਤੀ 'ਤੇ, ਕੱਠੇ ਕਰਨੇ ਉਹ ਖਿਲਾਰੇ ਔਖੇ। ਸਿਰਫ਼ ਧਰਤੀ ਨਹੀਂ ਆਦਮ ਤੋਂ ਤੰਗ, ਇਹਦੇ ਤੋ...