Wednesday, 23 May 2018

ਨਹੀਂ ਹੋਣਾ ਕਦੇ ਫਿਰ ਰੱਬ ਦਾ ਦੀਦਾਰ ਧਰਤੀ ਤੇ

ਨਹੀਂ ਹੋਣਾ ਕਦੇ ਫਿਰ ਰੱਬ ਦਾ ਦੀਦਾਰ ਧਰਤੀ 'ਤੇ
ਜੇ ਕੀਤਾ ਨਾ ਤੂੰ ਕੁਦਰਤ ਦਾ ਜ਼ਰਾ ਸਤਕਾਰ ਧਰਤੀ 'ਤੇ ।

ਹਵਾ, ਪਾਣੀ, ਜ਼ਮੀਂ, ਮਿੱਟੀ, ਪਲੀਤ ਆਲਾ ਦੁਆਲਾ ਕਰ
ਉਤਾਰੇ ਵਾਰੋਂ ਵਾਰੀਂ ਅਣਗਿਣਤ ਸ਼ਿੰਗਾਰ ਧਰਤੀ 'ਤੇ ।

ਬਣੇ ਕੁਦਰਤ ਦੇ ਸਭ ਕਾਮਿਲ ਨਿਜ਼ਾਮਾਂ ਦੀ ਤਬਾਹੀ 'ਤੇ
ਚਮਕਦੇ, ਜਗਮਗਾਂਦੇ ਸ਼ਹਿਰ ਜਾਪਣ ਖ਼ਾਰ ਧਰਤੀ 'ਤੇ । 

ਥਾਂ ਥਾਂ ਉੱਤੇ ਵਿਛਾ ਕੇ ਬੰਦੇ ਨੇ ਕੰਕ੍ਰੀਟ ਦੇ ਜੰਗਲ
ਖ਼ੁਦ ਅਪਣੇ ਆਪ ਨੂੰ ਹੀ ਕਰ ਲਿਆ ਬੀਮਾਰ ਧਰਤੀ 'ਤੇ ।  

ਕਰੇ ਗੱਲਾਂ ਕਿਵੇਂ ਹੁਣ ਇਹ ਖਿਲਾਰਾ ਸਾਂਭਿਆ ਜਾਵੇ
ਜਿਵੇਂ ਇਹਨੇ ਕੋਈ ਕਰਨਾ ਹੈ ਹੁਣ ਉਪਕਾਰ ਧਰਤੀ 'ਤੇ । 

ਭੁਲਾ ਕੇ ਸੁਰਤ ਸਾਰੀ ਲੋਭ ਲਾਲਚ ਦੇ ਤਲਿਸਮ ਅੰਦਰ
ਚਲਾਇਆ ਉਹਨੇ ਫਿਰ ਇਕ ਸਿਲਸਿਲਾ ਖ਼ੂੰ-ਖ਼੍ਵਾਰ ਧਰਤੀ 'ਤੇ ।

ਸਦਾ ਦਿੰਦੇ ਸੀ ਫਿਰਦੇ ਜੀਵ ਸਾਰੇ ਵੀ ਅਨਲ-ਹਕ ਦੀ
ਚੜ੍ਹੇ ਸੂਲੀ ਤਾਂ ਹੀ ਮਨਸੂਰ ਦੇ ਸਭ ਯਾਰ ਧਰਤੀ 'ਤੇ ।

Thursday, 17 May 2018

ਇਹ ਨੂਰ ਦਾ ਖ਼ੁਦ ਨੂੰ ਇਕ ਪਰਵਾਨਾ ਕਰਾਂ ਕਿੱਦਾਂ

ਇਸ ਨੂਰ ਦਾ ਖ਼ੁਦ ਨੂੰ ਇਕ ਪਰਵਾਨਾ ਕਰਾਂ ਕਿੱਦਾਂ ?
ਦਾਤਾਂ ਤੇਰੀਆਂ ਦਾ ਮੈਂ ਸ਼ੁਕਰਾਨਾ ਕਰਾਂ ਕਿੱਦਾਂ ?

ਇਸ ਤੇਜ਼ ਰਵਾਂ ਦੁਨੀਆ ਦੀ ਚਾਲ ਪਕੜ ਕੇ ਮੈਂ,
ਆਬਾਦ ਜ਼ਰਾ ਦਿਲ ਦਾ ਵੀਰਾਨਾ ਕਰਾਂ ਕਿੱਦਾਂ ?

ਸ਼ਫ਼ਕਤ ਵੀ, ਸਦਾਕਤ ਵੀ, ਬੇਬਾਕੀ ਵੀ ਹੋਵੇ ਵਿਚ,
ਐਡਾ ਬੜਾ ਪਰ ਦਿਲ ਦਾ ਪੈਮਾਨਾ ਕਰਾਂ ਕਿੱਦਾਂ ?

ਉਲਫ਼ਤ ਦੇ ਸ਼ਿਖਰ ਚੜ੍ਹ ਕੇ, ਤੂੰ ਹੀ ਤੂੰ ਖ਼ੁਦਾ ਕਰ ਕੇ,
ਆਸ਼ਕ ਪੁੱਛੇ ਮੈਂ ਕੋਈ ਬੇਗਾਨਾ ਕਰਾਂ ਕਿੱਦਾਂ ?

ਇਹ ਦਾਤ ਤੂੰ ਹੀ ਬਖਸ਼ੀ , ਸ਼ਿੰਗਾਰਦਾ ਵੀ ਤੂੰ ਹੀ,
ਦੱਸ ਆਹ ਤਰਾਨਾ ਮੈਂ ਰੂਹਾਨਾ ਕਰਾਂ ਕਿੱਦਾਂ ?

Sunday, 15 April 2018

ਰੂਹ ਦੀ ਮੌਤ

ਜਿਹੜੇ ਬੰਦੇ ਵਿੱਚ ਰਹੇ ਨਾ ਰੱਬ ਦਾ ਡਰ,
ਆਪੇ ਦਿੰਦਾ ਆਪਣੀ ਰੂਹ ਦੀ ਮੌਤ ਦੀ ਗਵਾਹੀ,
ਕੀ ਰੱਖੋਗੇ ਇਨਸਾਨੀਅਤ ਦੀ ਉਮੀਦ ਉਹਦੇ ਤੋਂ,
ਜੋ ਚਾਹੇ ਹਰ ਵੇਲੇ ਖ਼ੁਦਾ ਦੇ ਬੰਦਿਆਂ ਦੀ ਤਬਾਹੀ,
ਨਹੀਂ ਕੋਈ ਥਾਂ ਪਾਕ ਪਵਿੱਤਰ ਉਹਦੇ ਵਾਸਤੇ,
ਤਮੀਜ਼ ਅਤੇ ਅਦਬ ਉਹ ਵਿਖਾਉਂਦਾ ਕਿਤੇ ਨਾਹੀ,
ਨਾ ਖੇਚਲ ਕਰੇ ਆਪਣਾ ਦਿਲ ਸਾਫ਼ ਕਰਨ ਦੀ ,
ਨਾ ਹੀ ਹਵਸ ਦੀ ਮੈਲ ਕਦੇ ਅੱਖਾਂ ਤੋਂ ਲਾਹੀ,
ਵੇਖ ਕੇ ਪੀੜ ਮਾਸੂਮਾਂ ਦੀ ਮਜ਼ਾ ਲਵੇ ਉਹ,
ਦਿਲ-ਓ-ਦਿਮਾਗ਼ ਉੱਤੇੇ ਸ਼ੈਤਾਨ ਦੀ ਬਾਦਸ਼ਾਹੀ,
ਰਹਿਮ ਦਾ ਨਾਂ ਨਿਸ਼ਾਨ ਉਹਦੇ ਮਨ ਵਿੱਚ ਨਹੀਂ,
ਧਨ ਦੌਲਤ ਜਮ੍ਹਾਂ ਕਰੇ ਗੁਮਰਾਹ ਕਰਕੇ ਰਾਹੀ,
ਤਕਦੀਰ 'ਚ ਲਿਖਿਆ ਹੁੰਦਾ ਹੈ ਖ਼ਵਾਰ ਹੋਣਾ,
ਅਖ਼ੀਰ ਵਿੱਚ ਸਦਾ ਮੂੰਹ ਨੂੰ ਰੰਗਦੀ ਹੈ ਸਿਆਹੀ,
ਭੇਤ ਖੁੱਲ੍ਹਣਾ ਹੁੰਦਾ ਹੈ ਉਨ੍ਹਾਂ ਅੰਨ੍ਹੇ ਲੋਕਾਂ ਸਾਹਮਣੇ,
ਜਿਹੜੇ ਦਿੰਦੇ ਉਹਨੂੰ ਬੈਠਣ ਲਈ ਤਖ਼ਤ ਸ਼ਹਿਨਸ਼ਾਹੀ,
ਹੁਣ ਕਿਹੜੇ ਮੂੰਹੋਂ ਰੱਬ ਨੂੰ ਮੰਦੜਾ ਬੋਲਦੇ ਹੋ,
ਕਹਿ ਕੇ ਖ਼ੁਦ ਅਜਿਹੇ ਨੂੰ ਮਰਦ-ਏ-ਇਲਾਹੀ ?

Monday, 2 April 2018

ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ

ਪੀਰਾਂ ਦੀ ਭਾਗਸ਼ਾਲੀ ਖ਼ਾਕ ਹੈ ਜੋ,
ਧਰਤੀ ਪਵਿੱਤਰ, ਜ਼ਮੀਨ ਪਾਕ ਹੈ ਜੋ,
ਮਿਜ਼ਾਜ ਤੋਂ ਪੂਰੀ ਬੇ ਬਾਕ ਹੈ ਜੋ,
ਹਿੰਦ ਦੀ ਦਿਲਕਸ਼ ਪੋਸ਼ਾਕ ਹੈ ਜੋ,
ਸ਼ਾਲਾ ਇਹ ਧਰਤੀ ਸਦਾ ਸ਼ਾਦਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ ।

ਵੱਜੇ ਮੂਲ ਮੰਤਰ ਹਰੇਕ ਮਨ ਵਿੱਚ,
ਵੱਸੇ ਗੁਰੂ ਦਾ ਸ਼ਬਦ ਮਨ ਤਨ ਵਿੱਚ,
ਦਰਿਆ ਹੋਣ ਰੁੱਝੇ ਸਿਮਰਨ ਵਿੱਚ,
ਬਸੰਤ ਰੁੱਤ ਰਹੇ ਹਰ ਗੁਲਸ਼ਨ ਵਿੱਚ,
ਸਦਾ ਮਰਦਾਨੇ ਦੀ ਵੱਜਦੀ ਰਬਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ ।

ਜਿੱਥੇ ਮਾਂ ਬੋਲੀ ਦੀ ਇੱਜ਼ਤ ਹੋਵੇ,
ਫੈਲੀ ਚਹੁੰ ਪਾਸੇ ਮਿੱਠਤ ਹੋਵੇ,
ਪੰਜਾਬੀ ਚ ਹਰੇਕ ਲਿਖਤ ਹੋਵੇ,
ਜੀਹਦੀ ਸੇਵਾ ਵਿੱਚ ਪੂਰੀ ਸ਼ਿੱਦਤ ਹੋਵੇ,
ਜਿੱਥੇ ਪੰਜਾਬੀ ਦਾ ਹੁਸਨ-ਏ-ਸ਼ਬਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ ।

ਪਾਣੀ ਸਦਾ ਸੁੱਚਾ ਰਹੇ ਦਰਿਆਵਾਂ ਦਾ,
ਖੇਤਾਂ ਵਿੱਚ ਨਜ਼ਾਰੇ ਕਰਾਏ ਅਦਾਵਾਂ ਦਾ,
ਸਹਾਰਾ ਰਹੇ ਦਰੱਖਤਾਂ ਦੀਆਂ ਛਾਵਾਂ ਦਾ,
ਚਿੜੀਆਂ, ਘੁੱਗੀਆ, ਕਬੂਤਰਾਂ,ਕਾਵਾਂ ਦਾ,
ਆਬ-ਓ-ਹਵਾ ਵਾਂਗ ਮੁਕੱਦਸ ਕਿਤਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ।

ਮੁੜ ਕੇ ਨਾ ਖੰਡ ਜ਼ਹਿਰ ਹੋ ਜਾਵੇ,
ਖ਼ਤਮ ਨਸ਼ਿਆਂ ਦਾ ਕਹਿਰ ਹੋ ਜਾਵੇ,
ਖ਼ੁਸ਼ਹਾਲ ਸ਼ਹਿਰ ਦਾ ਸ਼ਹਿਰ ਹੋ ਜਾਵੇ,
ਉਹ ਰੁੱਸੀ ਹੋਈ ਸਹਿਰ ਹੋ ਜਾਵੇ,
ਨਾ ਜਿੰਦ ਜੀਹਦੀ ਕਦੇ ਅਜ਼ਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ ।

ਇਹ ਧਰਤੀ ਇੱਕ ਵੱਖਰੀ ਮਿਸਾਲ ਬਣੇ,
ਨਾ ਇਹਦੀ ਪਵਿੱਤਰਤਾ ਉੱਤੇ ਸਵਾਲ ਬਣੇ,
ਨਾ ਮੁੜ ਕੇ ਫਿਰ ਕਦੇ ਨਿਢਾਲ ਬਣੇ,
ਇਹਦੀ ਸ਼ਾਨ ਅਤੇ ਸੁਹਜ ਲਾ ਜ਼ਵਾਲ ਬਣੇ,
ਜੀਹਦਾ ਦਰ ਸਵਰਗ ਦਾ ਬਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ ।

ਹਰਸਿਮਰਨ ਹੱਥ ਵਿੱਚ ਕਲਮ ਲੈ ਕੇ,
ਇੱਕੋ ਇੱਕ ਦਿਲ ਦੀ ਰੀਝ ਕਹਿ ਕੇ,
ਪਿਆਰ ਦੇ ਦਰਿਆ ਵਿੱਚ ਵਹਿ ਕੇ,
ਇਸ ਸਰਜ਼ਮੀਨ ਦੀ ਗੋਦ 'ਚ ਬਹਿ ਕੇ,
ਲਹੂ 'ਚ ਪੰਜਾਬ, ਪੰਜਾਬ , ਪੰਜਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ ।

Saturday, 24 February 2018

ਦੁਨੀਆ ਹਰ ਇੱਕ ਦੀਆਂ ਨਜ਼ਰਾਂ ਵਿੱਚ,
ਇੱਕੋ ਜਿਹੀ ਹੋ ਕੇ ਵੀ ਇੱਕੋ ਜਿਹੀ ਨਹੀਂ ਹੁੰਦੀ ।
ਜਿਸ ਗੱਲ ਨੂੰ ਮੁਨਾਸਿਬ ਸਮਝਦਾ ਹੈ ਤੂੰ,
ਕਦੇ ਕਦਾਈਂ ਉਹ ਲੋਕਾਂ ਭਾਣੇ ਸਹੀ ਨਹੀਂ ਹੁੰਦੀ ।
ਦੱਬੇ ਮੁਰਦੇ ਹੀ ਨੇ ਅਜਿਹੇ ਜੱਗ ਵਿੱਚ,
ਜਿਨ੍ਹਾਂ ਅੰਦਰ ਕੋਈ ਵੀ ਹਸਰਤ ਰਹੀ ਨਹੀਂ ਹੁੰਦੀ ।
ਉਹ ਗੱਲ ਵੀ ਧੂੰਏ ਵਾਂਗ ਫੈਲ ਜਾਂਦੀ ਹੈ,
ਜਿਹੜੀ ਕਦੇ ਬੁੱਲ੍ਹਾ ਨੇ ਕਿਸੇ ਨੂੰ ਕਹੀ ਨਹੀਂ ਹੁੰਦੀ ।
ਆਪਣੀ ਤਾਕਤ ਵਾਰੇ ਜਾਣਦਾ ਨਹੀਂ ਉਹ,
ਜਿਸ ਦਿਲ ਨੇ ਕਦੀ ਕੋਈ ਸੱਟ ਸਹੀ ਨਹੀਂ ਹੁੰਦੀ ।

Wednesday, 14 February 2018

ਕੀ ਪਹਿਲਾਂ ਵਰਗਾ ਕਦੇ ਨਹੀਂ ਹੋਵੇਗਾ ?

(ਪੰਜਾਬ ਦੀ ਸਰਜ਼ਮੀਨ ਦੀ ਫ਼ਰਿਆਦ)

ਕੀ ਉਹ ਧੁੱਪ, ਸਵੇਰਾ ਕਦੇ ਨਹੀਂ ਹੋਵੇਗਾ ?
ਕੀ ਉਹ ਸਾਂਝਾ ਬਨੇਰਾ ਕਦੇ ਨਹੀਂ ਹੋਵੇਗਾ ?
ਪਹਿਲਾਂ ਵਰਗੇ ਨਜ਼ਾਰੇ ਮੁੜ ਕੇ ਨਹੀਂ ਆਉਣਗੇ?
ਉਹ ਅਹਿਦ ਨਿਆਰੇ ਮੁੜ ਕੇ ਨਹੀਂ ਆਉਣਗੇ ?

ਵਾਰ ਇੱਧਰ ਹੋਇਆ ਜਾਂ ਉੱਧਰ ਹੋਇਆ,
ਮਰੇ ਤਾਂ ਮੇਰੇ ਪੁੱਤ ਸੀ,
ਇਨਸਾਨ ਕਿਵੇਂ ਆਖੀਏ ਬੇਦਰਦਾਂ ਨੂੰ,
ਉਹ ਨਿਰੇ ਪੱਥਰ ਦੇ ਬੱਤ ਸੀ।
ਆ ਵੜੇ ਮੇਰੇ ਘਰ ਅੰਦਰ ਉਹ,
ਹਿੱਕ ਚ ਖ਼ੰਜਰ ਖੁਬੋ ਦਿੱਤਾ,
ਸਾਂਝੇ ਬੋਹੜ ਅਤੇ ਕਿੱਕਰ ਪੱਟ ਕੇ,
ਨਫ਼ਰਤ ਦਾ ਬੀਜ ਬੋ ਦਿੱਤਾ ।
ਕਰ ਕੇ ਖੜੀ ਕੰਡਿਆਲੀ ਤਾਰ ਸੀਨੇ ਵਿੱਚ,
ਮੁੜ ਗਏ ਦੇ ਕੇ ਇੱਕ ਖ਼ਾਰ ਸੀਨੇ ਵਿੱਚ ।

ਹੁਣ ਜੰਗਾਂ ਦੇ ਹੱਥੋਂ ਬੇਹਾਲ ਹੋ ਗਈ ਹਾਂ,
ਨਫ਼ਰਤ ਅਤੇ ਵਿਤਕਰੇ ਤੋਂ ਨਿਢਾਲ ਹੋ ਗਈ ਹਾਂ,
ਵੇਖ ਕੇ ਮੈਨੂੰ ਕਿਸੇ ਨੂੰ ਵੀ ਤਰਸ ਨਹੀਂ ਆਉਂਦਾ,
ਸੁੱਖ-ਸ਼ਾਂਤੀ ਦਾ ਮਾਹੌਲ ਕਿਸੇ ਮਨ ਨੂੰ ਨਹੀਂ ਭਾਉਂਦਾ,
ਦੱਸੇ ਕੋਈ ਸਿਆਣਾ ਕੀ ਤਕਸੀਰ ਹੈ ਮੇਰੀ ?
ਕੀ ਹੁਣ ਇਹੀ ਰਹਿ ਗਈ ਤਕਦੀਰ ਹੈ ਮੇਰੀ ?

ਕੀ ਉਹ ਧੁੱਪ, ਸਵੇਰ ਕਦੇ ਨਹੀਂ ਹੋਵੇਗਾ ?
ਕੀ ਉਹ ਸਾਂਝਾ ਬਨੇਰੇ ਕਦੇ ਨਹੀਂ ਹੋਵੇਗਾ ?
ਪਹਿਲਾਂ ਵਰਗੇ ਨਜ਼ਾਰੇ ਮੁੜ ਕੇ ਨਹੀਂ ਆਉਣਗੇ?
ਉਹ ਅਹਿਦ ਨਿਆਰੇ ਮੁੜ ਕੇ ਨਹੀਂ ਆਉਣਗੇ ?

-12 ਫ਼ਰਵਰੀ , 2018

Monday, 22 January 2018

ਖ਼ਾਲਕ ਦੀਆਂ ਖੇਡਾਂ

ਗੱਲ ਅਜਿਹੀ ਹੈ ਕਿ ਇੱਕ ਬੇ ਦਾਗ਼ ਜਹਾਨ ਮੁਮਕਿਨ ਨਹੀਂ,
ਹਨੇਰੇ ਬਾਝੋਂ ਚਾਨਣ ਦਾ ਨਾਮ-ਓ-ਨਿਸ਼ਾਨ ਮੁਮਕਿਨ ਨਹੀਂ।
ਸਭ ਰੱਬ ਵੱਲੋਂ ਬਖ਼ਸ਼ੇ ਕਾਰਜ ਨੂੰ ਅੰਜਾਮ ਦੇ ਰਹੇ ਨੇ,
ਚੰਗੇ ਅਤੇ ਮੰਦੇ ਦੀ ਇੱਥੇ ਪਹਿਚਾਣ ਮੁਮਕਿਨ ਨਹੀਂ ।
ਤੂੰ ਜਾਣਦਾ ਹੈ ਲੋੜੋਂ ਵੱਧ ਰੌਸ਼ਨੀ ਵੀ ਚੰਗੀ ਨਹੀਂ ਹੁੰਦੀ,
ਭੁਲਾਉਣਾ ਅੱਖਾਂ ਲਈ ਜ਼ੁਲਮਤ ਦਾ ਅਹਿਸਾਨ ਮੁਮਕਿਨ ਨਹੀਂ।
ਸ਼ੇਖ ਜੀ ਤੁਸੀਂ ਵੀ ਬੈਠੇ ਹੋ ਕੁਝ ਪਹਿਲੂ ਚ ਲੁਕਾ ਕੇ,
ਫ਼ਰਿਸ਼ਤੇ ਵਰਗਾ ਤਾਂ ਜੱਗ ਤੇ ਇਨਸਾਨ ਮੁਮਕਿਨ ਨਹੀਂ।
ਜੇ ਪਾਪਾਂ ਦਾ ਘੜਾ ਖ਼ਾਲੀ ਹੀ ਰਹੇ ਸਭਨਾਂ ਦਾ,
ਲਾਹਾ ਖੱਟਣਾ ਫੇਰ ਪੜ੍ਹ ਕੇ ਵੇਦ-ਕੁਰਾਨ ਮੁਮਕਿਨ ਨਹੀਂ ।
ਖ਼ਾਲਕ ਦੀਆਂ ਖੇਡਾਂ ਬਹੁਤ ਨਿਆਰੀਆਂ ਨੇ ਹਰਸਿਮਰਨ,
ਵੇਖ ਕੇ ਤਮਾਸ਼ੇ ਨੂੰ,ਨਾ ਹੋਣਾ ਹੈਰਾਨ ਮੁਮਕਿਨ ਨਹੀਂ।

ਗ਼ਜ਼ਲ

ਵੇਖਣੇ ਜੱਗ ਦੇ ਨਜ਼ਾਰੇ ਔਖੇ, ਰੋਕਣੇ ਅੱਥਰੂ ਖਾਰੇ ਔਖੇ। ਬੰਦਿਆ! ਪਾਏ ਜੋ ਤੂੰ ਧਰਤੀ 'ਤੇ, ਕੱਠੇ ਕਰਨੇ ਉਹ ਖਿਲਾਰੇ ਔਖੇ। ਸਿਰਫ਼ ਧਰਤੀ ਨਹੀਂ ਆਦਮ ਤੋਂ ਤੰਗ, ਇਹਦੇ ਤੋ...