Saturday, 27 May 2017

ਫਿਤਰਤ

ਓ ਰੱਬਾ! ਤੂੰ ਮਨੁੱਖ ਦੀ ਫਿਤਰਤ ਵੀ ਅਜੀਬ ਬਣਾਈ ਹੈ ,
ਬੜੀ ਅਨੋਖੀ ਖੇਡ ਇਸ ਜੱਗ ਉੱਤੇ ਤੂੰ ਰਚਾਈ ਹੈ ,
ਜਦ ਕਦੇ ਵੀ ਇਨ੍ਹਾਂ ਵਿਚਾਰਾਂ ਵਿੱਚ ਡੁੱਬਿਆ ਹਾਂ ਮੈਂ ,
ਮੇਰੀ ਸੋਚ ਉੱਤੇ ਸਿਰਫ ਹੈਰਤ ਹੀ ਹੈਰਤ ਛਾਈ ਹੈ ।

ਹਰ ਕੋਈ ਚਲਾਉਣਾ ਚਾਹੁੰਦਾ ਹੈ ਆਪਣੀ ਚਾਲ ਨੂੰ ,
ਮਹੱਤਤਾ ਦਿੰਦਾ ਸਭ ਤੋਂ ਵੱਧ ਦੌਲਤ ਦੀ ਭਾਲ ਨੂੰ ,
ਕਿੱਥੇ ਰਾਜ਼ੀ ਹੈ ਕੋਈ ਸੁਣ ਕੇ ਵਿਚਾਰ ਹੋਰਾਂ ਦੇ ,
ਬਸ ਲਫ਼ਜ਼ ਦੇਣਾ ਚਾਹੁੰਦਾ ਹੈ ਆਪਣੇ ਦਿਲ ਵਿੱਚ ਆਏ ਖਿਆਲ ਨੂੰ ।

ਕੋਈ ਥਾਂ ਅਬਾਦ ਕਰਦਾ , ਬਸ ਆਪਣੇ ਮਤਲਬ ਲਈ ,
ਦੂਜਿਆਂ ਦੇ ਘਰ ਬਰਬਾਦ ਕਰਦਾ , ਬਸ ਆਪਣੇ ਮਤਲਬ ਲਈ ,
ਇਹਦੇ ਸਵਾਰਥ ਦੇ ਦਰਿਆ ਦਾ ਕੋਈ ਕੰਢਾ ਨਜ਼ਰ ਨਹੀਂ ਆਉਂਦਾ ,
ਰੱਬਾ ਤੈਨੂੰ ਵੀ ਯਾਦ ਕਰਦਾ , ਬਸ ਆਪਣੇ ਮਤਲਬ ਲਈ ।

ਜਾਤ-ਪਾਤ ਦੇ ਨਾਂ ਤੇ ਇਹਨੂੰ ਵੰਡਣਾ ਖੂਬ ਆਉਂਦਾ ਹੈ ,
ਸਰਹੱਦਾਂ ਬਣਾ ਕੇ ਆਪਸ ਵਿੱਚ ਦੂਰੀਆਂ ਵਧਾਉਂਦਾ ਹੈ ,
ਸਭ ਨੂੰ ਇੱਕ ਅੱਖ ਨਾਲ ਵੇਖਣ ਲਈ ਕਹਿੰਦੇ ਨੇ ਧਰਮ ,
ਪਰ ਗ਼ਾਫ਼ਿਲ ਇਹ , ਧਰਮ ਦੇ ਨਾਂ ਤੇ ਲਹੂੰ ਵਗਾਉਂਦਾ ਹੈ।

ਕਾਮ, ਕ੍ਰੋਧ , ਲੋਭ , ਮੋਹ , ਹੰਕਾਰ ਦੀ ਗ਼ੁਲਾਮ ਹੈ ਫਿਤਰਤ ,
ਮਾਇਆ ਦੇ ਮੋਹ ਵਿੱਚੋਂ ਨਿਕਲਣ ਤੋਂ ਨਾਕਾਮ ਹੈ ਫਿਤਰਤ ,
ਜਿਹੜੀ ਦੁੱਖਾਂ ਵਿੱਚ ਨੇੜੇ ਅਤੇ ਸੁੱਖਾਂ ਵਿੱਚ ਦੂਰ ਰੱਖਦੀ ,
ਅਕਿਰਤਘਣ ਬਣਾਉਣ ਵਾਲੀ ਸ਼ੈਅ ਦਾ ਨਾਮ ਹੈ ਫਿਤਰਤ ।

ਜਿਸ ਬੰਦੇ ਨੇ ਤੇਰੇ ਨਾਲ ਲਗਾਈ ਗੂੜ੍ਹੀ ਪ੍ਰੀਤ,
ਤੇਰੀ ਸਿਫਤ-ਸਲਾਹ ਵਿੱਚ ਆਪਣਾ ਜੀਵਨ ਕੀਤਾ ਬਤੀਤ ,
"ਮਨ ਨੀਵਾਂ, ਮੱਤ ਉੱਚੀ" ਦੀ ਸਿਖਿਆ ਉੱਤੇ ਅਮਲ ਜਿਹਨੇ ਕੀਤਾ ,
ਫਿਤਰਤ ਨੂੰ ਸਰ ਕਰਕੇ ਬਣ ਗਿਆ ਉਹ ਅਜੀਤ ।

ਹਾਲੇ ਮੇਰੀ ਮੰਜ਼ਿਲ ਹੈ ਬੜੀ ਦੂਰ ,
ਫਿਤਰਤ ਦੇ ਅੱਗੇ ਅਜੇ ਵੀ ਹਾਂ ਮਜਬੂਰ ,
ਹੌਂਸਲੇ ਪੂਰੇ ਕਾਇਮ ਅਤੇ ਮਿਹਰ ਭਰਿਆ ਹੱਥ ਰੱਖੀ ,
ਆਪਣੇ ਅੰਦਰੋਂ ਸ਼ੈਤਾਨ ਦਾ ਖਾਤਮਾ ਕਰ ਲਵਾਂਗਾ ਜ਼ਰੂਰ।

No comments:

Post a Comment

ਆਪਨੜੇ ਗਿਰੀਵਾਨ ਮਹਿ

ਤੈਨੂੰ ਮੋਹਿਤ ਇਹ ਜਹਾਂ ਫ਼ਾਨੀ ਕਰੇ, ਹਰ ਕਦਮ ਉੱਤੇ ਤੂੰ ਨਾਦਾਨੀ ਕਰੇ, ਭੁੱਲ ਕੇ ਗੁਰਮਤ ਨੂੰ ਤੂੰ ਮਨਮਾਨੀ ਕਰੇ, ਇਸ ਤਰ੍ਹਾਂ ਰਾਜ਼ੀ ਨਾ ਦਿਲਬਰ ਹੋਂਵਦਾ, ਇਸ ਤਰ੍ਹਾਂ ਨਾ ਪ...