Thursday, 6 August 2026

ਗ਼ਜ਼ਲ

ਰੱਖਦਾ ਜ਼ਹੀਨ ਆਦਮੀ, ਅਕਲ ਨਜ਼ਰ ਦੇ ਨਾਲ ਨਾਲ, 
ਬੋਧ ਲਈ ਹੈ ਲਾਜ਼ਮੀ, ਇਲਮ ਖ਼ਬਰ ਦੇ ਨਾਲ ਨਾਲ।

ਰੂਹ ਅਜ਼ਲ ਤੋਂ ਲੋਚਦੀ, ਪ੍ਰੇਮ-ਭਗਤ ਤੇ ਗਿਆਨ-ਧਿਆਨ,
ਦੇਹ ਫ਼ਿਰਾਕ ਵਿਚ ਸੜੇ, ਦਿਲ ਤੇ ਜਿਗਰ ਦੇ ਨਾਲ ਨਾਲ। 

ਇਸ਼ਕ ਦੇ ਸ਼ਹਿਰ ਅੰਦਰ ਇਕ ਸਾਦਾ ਜਿਹਾ ਹੈ ਘਰ ਮੇਰਾ,
ਰਹਿੰਦੀ ਹੈ ਜਿਸ 'ਚ ਇਕ ਉਮੀਦ, ਫ਼ਿਕਰ ਤੇ ਡਰ ਦੇ ਨਾਲ ਨਾਲ।

ਤੇਰਾ ਕਮਾਲ ਤੇ ਤੇਰਾ ਜਾਹੋ ਜਲਾਲ ਵੇਖ ਕੇ,
ਮੈਂ ਵੀ ਗ਼ੁਲਾਮ ਹੋ ਗਿਆ, ਸਾਰੇ ਨਗਰ ਦੇ ਨਾਲ ਨਾਲ। 

ਜਿਹੜੀ ਬੁਲੰਦੀਆਂ ਤੋਂ ਵੀ, ਵੇਖ ਸਕੇ ਜ਼ਮੀਨ ਤੱਕ,
ਬਾਜ਼ ਨੂੰ ਉਸ ਨਿਗਾਹ ਦੀ ਵੀ, ਲੋੜ ਹੈ ਪਰ ਦੇ ਨਾਲ ਨਾਲ।

ਹੁਸਨ ਦੇ ਜਲਵਿਆਂ ਦੇ ਨਾਲ, ਇਸ਼ਕ ਦੀ ਘਾਲਣਾ ਵੀ ਵੇਖ,
ਵੇਖ ਸ਼ਹੀਦ ਦੇ ਨਿਸ਼ਾਨ, ਯਾਰ ਦੇ ਦਰ ਦੇ ਨਾਲ ਨਾਲ। 

ਹੋਵੇ ਨਾ ਦਿਲ 'ਚ ਪੀੜ ਤਾਂ ਸ਼ਿਅਰ ਨਾ ਕਹਿ ਤੂੰ ਸ਼ਾਇਰਾ,
ਤੈਥੋਂ ਗ਼ਜ਼ਲ ਹੈ ਮੰਗਦੀ, ਦਰਦ ਹੁਨਰ ਦੇ ਨਾਲ ਨਾਲ।

Wednesday, 5 August 2026

ਗ਼ਜ਼ਲ

ਕੋਈ ਜੋਗੀ ਹੋ ਜਾਂਦਾ ਹੈ ਤੇ ਕੋਈ ਚਾਕ ਹੁੰਦਾ ਹੈ,

ਹਰ ਇਕ ਆਸ਼ਿਕ ਤੇਰੇ ਰਾਹਾਂ 'ਚ ਰੁਲ ਕੇ ਖ਼ਾਕ ਹੁੰਦਾ ਹੈ। 


ਸਮਾਇਆ ਜਿਸ ਨੇ ਦਿਲ ਅੰਦਰ ਗੁਰੂ ਦਾ ਵਾਕ ਹੁੰਦਾ ਹੈ,

ਉਹ ਗੁਰਸਿੱਖ ਬਾਹਰੋਂ ਤੇ ਅੰਦਰੋਂ ਵੀ ਪਾਕ ਹੁੰਦਾ ਹੈ।


ਨਹੀਂ ਤਾਰੀਫ਼ ਹੁੰਦੀ ਉਸ ਤੋਂ ਝੂਠੇ ਬਾਦਸ਼ਾਹਾਂ ਦੀ,

ਕਿ ਸੱਚੇ ਰਾਹ ਦਾ ਪਾਂਧੀ ਬੜਾ ਬੇਬਾਕ ਹੁੰਦਾ ਹੈ। 


ਤੁਹਾਡੇ ਤਰਲਿਆਂ ਦੇ ਨਾਲ ਉਹਦੀ ਅੱਖ ਕਿਉਂ ਭਿੱਜੇ?

ਤੁਸੀਂ ਦੱਸੋ ਕਿ ਮਾਰੂਥਲ ਕਦੇ ਨਮਨਾਕ ਹੁੰਦਾ ਹੈ?


ਤੂੰ ਕਿੱਦਾਂ ਸਹਿ ਲਏ ਹੱਸ ਕੇ ਹਜ਼ਾਰਾਂ ਜ਼ਖ਼ਮ ਐ ਪੰਜਾਬ?

ਤੇਰੇ ਕਿੱਸੇ ਨੂੰ ਸੁਣ ਕੇ ਜੱਗ ਦਾ ਦਿਲ ਗ਼ਮਨਾਕ ਹੁੰਦਾ ਹੈ।

ਗ਼ਜ਼ਲ

ਨਾ ਅੱਲ੍ਹੜਾਂ 'ਤੇ ਮਰ, ਕਿ ਜ਼ਮਾਨਾ ਖ਼ਰਾਬ ਹੈ। ਰੱਖ ਬੰਦ ਦਿਲ ਦੇ ਦਰ, ਕਿ ਜ਼ਮਾਨਾ ਖ਼ਰਾਬ ਹੈ।  ਸੁਣ ਸੋਹਣਿਆ! ਤੂੰ ਹੈਂ ਬੜਾ ਭੋਲਾ ਤੇ ਸਾਦਾ-ਦਿਲ, ਤੈਨੂੰ ਨਹੀਂ ਖ਼ਬ...