Wednesday, 16 September 2026

ਗ਼ਜ਼ਲ

ਗਿਆ ਬਜ਼ਮ ਵਿਚ ਮੈਂ ਅਦਾਕਾਰ ਹੋ ਕੇ,

ਤਬੱਸੁਮ ਦੇ ਅੰਦਰ ਗ਼ਮਾਂ ਨੂੰ ਲੁਕੋ ਕੇ।


ਅਸੀਂ ਦਿਨ ਗੁਜ਼ਾਰੇ ਖ਼ਿਆਲਾਂ 'ਚ ਖੋ ਕੇ,

ਤੇ ਰਾਤਾਂ ਵੀ ਕੱਟੀਆਂ ਨੇ ਯਾਦਾਂ 'ਚ ਰੋ ਕੇ।


ਅਸੀਂ ਰੋਜ਼ ਖ਼ੁਦ ਨੂੰ ਨਵੇਂ ਜ਼ਖ਼ਮ ਦਿੱਤੇ,

ਮੁਹੱਬਤ ਦੇ ਖ਼ੰਜਰ ਜਿਗਰ ਵਿਚ ਖੁਭੋ ਕੇ।


ਨਾ ਭੱਜਦਾ ਜਾ ਹਰ ਦਮ ਜ਼ਮਾਨੇ ਦੇ ਪਿੱਛੇ,

ਕਦੀ ਵੇਖ ਕੁਦਰਤ ਨੂੰ ਇਕ ਪਲ ਖਲੋ ਕੇ।


ਜ਼ਰੂਰੀ ਹੈ ਦਿਲ ਸਾਫ਼ ਕਰਨਾ ਵੀ ਜ਼ਾਹਿਦ,

ਵੁਜ਼ੂ ਹੁੰਦਾ ਨਈਂ ਸਿਰਫ਼ ਹੱਥ-ਪੈਰ ਧੋ ਕੇ।


ਕਿਵੇਂ ਖ਼ੁਦ ਨੂੰ ਧਰਮੀ ਕਹਾਉਂਦੇ ਹੋ ਲੋਕੋ,

ਤੁਸੀਂ ਮਨ ਦੀ ਮਾਲਾ 'ਚ ਤਲਖ਼ੀ ਪਰੋ ਕੇ?


ਲਹੂ ਦੇ ਨਿਸ਼ਾਨਾਂ ਤੋਂ ਹੈ ਤੰਗ ਜੱਲਾਦ,

ਇਹ ਧੱਬੇ ਨਾ ਮਿਟਦੇ ਨੇ ਪੋਸ਼ਾਕ ਧੋ ਕੇ।


ਜ਼ਰਾ ਸੋਚੋ ਕੀ ਫਲ ਮਿਲੇਗਾ ਤੁਹਾਨੂੰ,

ਜ਼ਮੀਨਾਂ ਦੇ ਵਿਚ ਬੀਜ ਨਫ਼ਰਤ ਦੇ ਬੋ ਕੇ।

No comments:

Post a Comment

ਗ਼ਜ਼ਲ

ਨਵੇਂ ਨਵੇਂ ਤਰੀਕਿਆਂ ਦੇ ਨਾਲ ਦਿਲ ਲੁਭਾਉਣਗੇ, ਕਦੇ ਸਿਤਮ, ਕਦੇ ਕਰਮ, ਉਹ ਹਰ ਅਦਾ ਵਿਖਾਉਣਗੇ।  ਕਦੇ ਨਜ਼ਰ ਮਿਲਾਉਣਗੇ, ਕਦੇ ਨਜ਼ਰ ਚੁਰਾਉਣਗੇ, ਤੇ ਇਸ ਤਰ੍ਹਾਂ ਉਹ ਮੇਰੀਆਂ ...