Tuesday, 22 September 2026

ਗ਼ਜ਼ਲ

ਇਸ਼ਕ ਹਸੀਨ ਸੀ ਤੇ ਹੁਣ, ਹੋਰ ਹਸੀਨ ਹੋ ਗਿਆ,

ਤੇਰੀ ਵਫ਼ਾ 'ਤੇ ਸੱਜਣਾ, ਦਿਲ ਨੂੰ ਯਕੀਨ ਹੋ ਗਿਆ। 


ਨਾਜ਼ ਭਰੀ ਨਿਗਾਹ ਦਾ ਜਾਲ, ਹੋਰ ਹਸੀਨ ਹੋ ਗਿਆ।

ਹੱਦ ਤੋਂ ਜ਼ਿਆਦਾ ਸ਼ੋਖ਼ ਉਹ ਮਾਹ-ਜਬੀਨ ਹੋ ਗਿਆ। 


ਜੋ ਕਿਸੇ ਦੀ ਅਧੀਨਗੀ ਕਰਦਾ ਨਹੀਂ ਕਬੂਲ ਸੀ,

ਉਹ ਮੇਰਾ ਬੇ-ਮੁਥਾਜ ਮਨ, ਤੇਰੇ ਅਧੀਨ ਹੋ ਗਿਆ।


ਜਲਵਾ-ਨੁਮਾ ਸੀ ਮੇਰਾ ਯਾਰ, ਹੁਸਨ-ਓ-ਅਦਾ ਦੇ ਸ਼ਹਿਰ ਵਿਚ,

ਪਰ ਮੈਂ ਜਦੋਂ ਗਿਆ ਤਾਂ ਉਹ, ਪਰਦਾ-ਨਸ਼ੀਨ ਹੋ ਗਿਆ।


ਇਹਨੇ ਜਦੋਂ ਕਰੀਬ ਤੋਂ ਵੇਖੇ ਜਹਾਨ ਦੇ ਫ਼ਰੇਬ,

ਮੇਰਾ ਇਹ ਬੇ-ਵਕੂਫ਼ ਦਿਲ, ਥੋੜ੍ਹਾ ਜ਼ਹੀਨ ਹੋ ਗਿਆ।


ਜਿੱਥੇ ਅਸੀਂ ਸਾਂ ਬੀਜਦੇ, ਆਸ-ਉਮੀਦ ਦੀ ਕਣਕ,

ਸਾਡਾ ਉਹ ਸਬਜ਼ ਖੇਤ ਹੁਣ, ਖ਼ੁਸ਼ਕ ਜ਼ਮੀਨ ਹੋ ਗਿਆ। 


ਰੂਹ ਮੇਰੀ ਤਰਸ ਰਹੀ, ਓਸ ਗੁਰੂ ਦੇ ਸ਼ਬਦ ਨੂੰ,

ਜਿਸ ਦੀ ਨਦਰ ਦੇ ਨਾਲ ਠੱਗ, ਨਾਮ 'ਚ ਲੀਨ ਹੋ ਗਿਆ।

Sunday, 20 September 2026

ਗ਼ਜ਼ਲ

ਨਾ ਅੱਲ੍ਹੜਾਂ 'ਤੇ ਮਰ, ਕਿ ਜ਼ਮਾਨਾ ਖ਼ਰਾਬ ਹੈ।

ਰੱਖ ਬੰਦ ਦਿਲ ਦੇ ਦਰ, ਕਿ ਜ਼ਮਾਨਾ ਖ਼ਰਾਬ ਹੈ। 


ਸੁਣ ਸੋਹਣਿਆ! ਤੂੰ ਹੈਂ ਬੜਾ ਭੋਲਾ ਤੇ ਸਾਦਾ-ਦਿਲ,

ਤੈਨੂੰ ਨਹੀਂ ਖ਼ਬਰ ਕਿ ਜ਼ਮਾਨਾ ਖ਼ਰਾਬ ਹੈ।


ਇਕ ਆਦਮੀ 'ਤੇ ਵੀ ਤੇਰੀ ਮਿੱਠੀ ਜ਼ੁਬਾਨ ਦਾ,

ਹੋਣਾ ਨਹੀਂ ਅਸਰ, ਕਿ ਜ਼ਮਾਨਾ ਖ਼ਰਾਬ ਹੈ। 


ਵੈਰੀ ਹੋਏ ਜਾਂ ਯਾਰ, ਕਿਸੇ 'ਤੇ ਨਹੀਂ ਯਕੀਨ,

ਮੈਨੂੰ ਹੈ ਸਭ ਦਾ ਡਰ, ਕਿ ਜ਼ਮਾਨਾ ਖ਼ਰਾਬ ਹੈ। 


ਦੁਨੀਆ 'ਚ ਹੁਣ ਰਿਹਾ ਨਾ ਕੋਈ ਮਰਦ ਪਾਕ-ਬੀਨ, 

ਮਾੜੀ ਹੈ ਹਰ ਨਜ਼ਰ, ਕਿ ਜ਼ਮਾਨਾ ਖ਼ਰਾਬ ਹੈ।


ਰੱਬਾ! ਤੇਰੇ ਜਹਾਨ ਦੇ ਅੰਦਰ ਤੇਰੇ ਫ਼ਕੀਰ,

ਰੁਲਦੇ ਨੇ ਦਰ-ਬ-ਦਰ, ਕਿ ਜ਼ਮਾਨਾ ਖ਼ਰਾਬ ਹੈ। 


ਦਾਨੇ ਵੀ ਹੁਣ ਜ਼ਮੀਰ-ਫ਼ਰੋਸ਼ੀ ਦਾ ਕਾਰੋਬਾਰ,

ਕਰਦੇ ਨੇ ਉਮਰ ਭਰ, ਕਿ ਜ਼ਮਾਨਾ ਖ਼ਰਾਬ ਹੈ।


ਵਾਪਸ ਜਦੋਂ ਤੋਂ ਆਇਆ ਹੈ ਤੇਰੀ ਗਲੀ 'ਚੋਂ ਉਹ,

ਕਹਿੰਦਾ ਹੈ ਨਾਮਾ-ਬਰ ਕਿ ਜ਼ਮਾਨਾ ਖ਼ਰਾਬ ਹੈ। 


ਬੇ-ਦਰਦੀਆਂ ਦੀ ਬਜ਼ਮ ਵਿਚ ਆਪਣੀ ਗ਼ਜ਼ਲ ਨਾ ਕਹਿ,

ਰੱਖ ਸਾਂਭ ਕੇ ਹੁਨਰ, ਕਿ ਜ਼ਮਾਨਾ ਖ਼ਰਾਬ ਹੈ।


ਐਵੇਂ ਜਣੇ-ਖਣੇ ਨੂੰ ਨਾ ਤੂੰ ਆਖ ਮੁਹਤਬਰ,

ਨਾ ਕੋਈ ਮੁਹਤਬਰ, ਕਿ ਜ਼ਮਾਨਾ ਖ਼ਰਾਬ ਹੈ।


ਬੱਸ! ਹੁਣ ਨਹੀਂ ਨਿਕਲਣਾ ਦੁਬਾਰਾ ਸਫ਼ਰ 'ਤੇ ਮੈਂ,

ਰਹਿਣਾ ਮੈਂ ਆਪਣੇ ਘਰ, ਕਿ ਜ਼ਮਾਨਾ ਖ਼ਰਾਬ ਹੈ।


ਤੂੰ ਦਿਲ ਵਿਸ਼ਾਲ ਰੱਖ ਅਤੇ ਚੰਗੀ ਮਿਸਾਲ ਬਣ,

ਤੂੰ ਇਹਦਾ ਗ਼ਮ ਨਾ ਕਰ ਕਿ ਜ਼ਮਾਨਾ ਖ਼ਰਾਬ ਹੈ।

Wednesday, 16 September 2026

ਗ਼ਜ਼ਲ

ਗਿਆ ਬਜ਼ਮ ਵਿਚ ਮੈਂ ਅਦਾਕਾਰ ਹੋ ਕੇ,

ਤਬੱਸੁਮ ਦੇ ਅੰਦਰ ਗ਼ਮਾਂ ਨੂੰ ਲੁਕੋ ਕੇ।


ਅਸੀਂ ਦਿਨ ਗੁਜ਼ਾਰੇ ਖ਼ਿਆਲਾਂ 'ਚ ਖੋ ਕੇ,

ਤੇ ਰਾਤਾਂ ਵੀ ਕੱਟੀਆਂ ਨੇ ਯਾਦਾਂ 'ਚ ਰੋ ਕੇ।


ਅਸੀਂ ਰੋਜ਼ ਖ਼ੁਦ ਨੂੰ ਨਵੇਂ ਜ਼ਖ਼ਮ ਦਿੱਤੇ,

ਮੁਹੱਬਤ ਦੇ ਖ਼ੰਜਰ ਜਿਗਰ ਵਿਚ ਖੁਭੋ ਕੇ।


ਲਹੂ ਦੇ ਨਿਸ਼ਾਨਾਂ ਤੋਂ ਹੈ ਤੰਗ ਜੱਲਾਦ,

ਇਹ ਧੱਬੇ ਨਾ ਮਿਟਦੇ ਨੇ ਕੁੜਤੇ ਨੂੰ ਧੋ ਕੇ।


ਨਾ ਭੱਜਦਾ ਜਾ ਹਰ ਦਮ ਜ਼ਮਾਨੇ ਦੇ ਪਿੱਛੇ,

ਕਦੀ ਵੇਖ ਕੁਦਰਤ ਨੂੰ ਇਕ ਪਲ ਖਲੋ ਕੇ


ਕਿਵੇਂ ਖ਼ੁਦ ਨੂੰ ਧਰਮੀ ਕਹਾਉਂਦੇ ਹੋ ਲੋਕੋ,

ਤੁਸੀਂ ਮਨ ਦੀ ਮਾਲਾ 'ਚ ਤਲਖ਼ੀ ਪਰੋ ਕੇ?


ਜ਼ਰਾ ਸੋਚੋ ਕੀ ਫਲ ਮਿਲੇਗਾ ਤੁਹਾਨੂੰ,

ਜ਼ਮੀਨਾਂ ਦੇ ਵਿਚ ਬੀਜ ਨਫ਼ਰਤ ਦੇ ਬੋ ਕੇ।

Tuesday, 15 September 2026

ਗ਼ਜ਼ਲ

ਨਾ ਆਸ਼ਿਕਾਂ ਨੂੰ ਕੋਈ ਦੁੱਖ, ਨਾ ਗ਼ਮ ਹਸੀਨਾਂ ਨੂੰ,
ਕਿ ਸਜਦਿਆਂ 'ਚ ਯਕੀਂ ਨਾ ਰਿਹਾ ਜਬੀਨਾਂ ਨੂੰ।

ਫ਼ਜ਼ੂਲ ਮਾਣ ਸੀ ਇਲਮਾਂ ਦਾ ਅਕਲਮੰਦਾਂ ਨੂੰ,
ਉਨ੍ਹਾਂ ਤੋਂ ਵੱਧ ਕੇ ਹੁਨਰ ਆ ਗਏ ਮਸ਼ੀਨਾਂ ਨੂੰ।

ਸਿਪਾਹੀਆਂ ਤੋਂ ਸ਼ਿਕਾਇਤ ਕਦੇ ਨਹੀਂ ਹੁੰਦੀ,
ਹਕੂਮਤਾਂ ਤੋਂ ਗਿਲੇ ਰਹਿੰਦੇ ਸਰਜ਼ਮੀਨਾਂ ਨੂੰ। 

ਮੈਂ ਜਾਣਦਾ ਹਾਂ ਮੇਰਾ ਹੀ ਕਸੂਰ ਕੱਢੇਗਾ,
ਜਹਾਨ ਦੋਸ਼ ਨਹੀਂ ਦਿੰਦਾ ਨਾਜ਼ਨੀਨਾਂ ਨੂੰ।

ਹਜ਼ਾਰ ਨਾਗ ਤੇ ਖ਼ੰਜਰ ਇਹਦੇ 'ਚੋਂ ਨਿਕਲਣਗੇ,
ਜ਼ਰਾ ਫਰੋਲ ਕੇ ਵੇਖੋ ਤਾਂ ਆਸਤੀਨਾਂ ਨੂੰ!

ਮੇਰੇ ਹਸੀਨ ਖ਼ਿਆਲਾਂ 'ਚ ਕੌਣ ਕਰਦਾ ਹੈ ਰਾਜ?
ਇਹਦੀ ਖ਼ਬਰ ਨਾ ਹੋਈ ਮੇਰੇ ਹਮ-ਨਸ਼ੀਨਾਂ ਨੂੰ।

Tuesday, 1 September 2026

ਗ਼ਜ਼ਲ

ਤੈਨੂੰ ਅਨੋਖਾ ਸ਼ੌਕ ਹੈ ਦਿਲ ਨੂੰ ਦੁਖਾ ਕੇ ਰੋਣ ਦਾ,
ਨਿੱਕੀ ਜਿਹੀ ਇਕ ਗੱਲ ਨੂੰ ਹੱਦ ਤੋਂ ਵਧਾ ਕੇ ਰੋਣ ਦਾ।

ਕੀ ਲਾਭ ਹੈ ਸੰਸਾਰ ਦੇ ਧੋਖੇ ਗਿਣਾ ਕੇ ਰੋਣ ਦਾ?
ਕੀ ਫ਼ਾਇਦਾ ਹੈ ਦੋਸਤਾਂ ਨੂੰ ਆਜ਼ਮਾ ਕੇ ਰੋਣ ਦਾ?

ਉਸ ਬੇ-ਵਫ਼ਾ ਨੇ ਸਭ ਤੋਂ ਪਹਿਲਾਂ ਉੱਠ ਕੇ ਜਾਣਾ ਬਜ਼ਮ 'ਚੋਂ,
ਹੋਣਾ ਸ਼ੁਰੂ ਜਦ ਸਿਲਸਿਲਾ ਗ਼ਮ ਨੂੰ ਸੁਣਾ ਕੇ ਰੋਣ ਦਾ।

ਇਹ ਜਿਓਣ ਵੀ ਦਿੰਦਾ ਨਹੀਂ ਤੇ ਮਰਨ ਵੀ ਦਿੰਦਾ ਨਹੀਂ,
ਇਹ ਹੈ ਅਜਬ ਅੰਦਾਜ਼ ਤੇਰਾ ਮੁਸਕੁਰਾ ਕੇ ਰੋਣ ਦਾ। 

ਕੱਲ੍ਹ ਰਾਤ ਕੀਤਾ ਸ਼ਹਿਰ ਦੇ ਦੀਵਾਨਿਆਂ ਨੇ ਫ਼ੈਸਲਾ,
ਇਕ ਦਿਲ-ਰੁਬਾ ਦੀ ਯਾਦ ਵਿਚ ਮਹਿਫ਼ਿਲ ਸਜਾ ਕੇ ਰੋਣ ਦਾ।

ਐ ਭੋਲਿਓ! ਦੀਵਾਨਿਓ! ਚੱਜ ਦਾ ਕੋਈ ਕੰਮ ਲੱਭ ਲਵੋ!
ਇਹ ਕਿਸ ਤਰ੍ਹਾਂ ਦਾ ਸ਼ੁਗਲ ਹੈ ਹੰਝੂ ਵਹਾ ਕੇ ਰੋਣ ਦਾ?

ਤੇਰੀ ਜੁਦਾਈ ਵਿਚ ਅਵੱਲਾ ਰੋਗ ਲਾ ਬੈਠਾ ਹਾਂ ਮੈਂ,
ਗ਼ੈਰਾਂ ਦੇ ਤਾਅਨੇ ਮਿਹਣਿਆਂ ਨੂੰ ਦਿਲ 'ਤੇ ਲਾ ਕੇ ਰੋਣ ਦਾ।

ਕਿੱਸਾ ਤੇਰਾ ਛੇੜਾਂ ਜਦੋਂ ਪੁੱਛੇ ਕੋਈ ਮੈਥੋਂ ਸਬੱਬ,
ਦੁਨੀਆ ਦੀਆਂ ਨਜ਼ਰਾਂ ਦੇ ਵਿਚ ਖ਼ੁਦ ਨੂੰ ਗਿਰਾ ਕੇ ਰੋਣ ਦਾ। 

ਕਹਿੰਦੇ ਕਹਾਉਂਦੇ ਆਕਲਾਂ ਨੇ ਹਾਰ ਕੇ ਮੰਨੀ ਇਹ ਗੱਲ,
ਵੱਖਰਾ ਮਜ਼ਾ ਹੈ ਆਪਣੀ ਹਸਤੀ ਮਿਟਾ ਕੇ ਰੋਣ ਦਾ।

ਜੀਵਨ ਦਿਆਂ ਸੁੱਖਾਂ ਦੇ ਵਿੱਚੋਂ ਸਭ ਤੋਂ ਉੱਤਮ ਹੈ ਉਹ ਸੁੱਖ,
ਜੋ ਸੁੱਖ ਗੁਰੂ ਦੇ ਸਾਮ੍ਹਣੇ ਸਿਰ ਨੂੰ ਨਿਵਾ ਕੇ ਰੋਣ ਦਾ।

Thursday, 6 August 2026

ਗ਼ਜ਼ਲ

ਰੱਖਦਾ ਜ਼ਹੀਨ ਆਦਮੀ, ਅਕਲ ਨਜ਼ਰ ਦੇ ਨਾਲ ਨਾਲ, 
ਬੋਧ ਲਈ ਹੈ ਲਾਜ਼ਮੀ, ਇਲਮ ਖ਼ਬਰ ਦੇ ਨਾਲ ਨਾਲ।

ਰੂਹ ਅਜ਼ਲ ਤੋਂ ਲੋਚਦੀ, ਪ੍ਰੇਮ-ਭਗਤ ਤੇ ਗਿਆਨ-ਧਿਆਨ,
ਦੇਹ ਫ਼ਿਰਾਕ ਵਿਚ ਸੜੇ, ਦਿਲ ਤੇ ਜਿਗਰ ਦੇ ਨਾਲ ਨਾਲ। 

ਇਸ਼ਕ ਦੇ ਸ਼ਹਿਰ ਅੰਦਰ ਇਕ ਸਾਦਾ ਜਿਹਾ ਹੈ ਘਰ ਮੇਰਾ,
ਰਹਿੰਦੀ ਹੈ ਜਿਸ 'ਚ ਇਕ ਉਮੀਦ, ਫ਼ਿਕਰ ਤੇ ਡਰ ਦੇ ਨਾਲ ਨਾਲ।

ਤੇਰਾ ਕਮਾਲ ਤੇ ਤੇਰਾ ਜਾਹੋ ਜਲਾਲ ਵੇਖ ਕੇ,
ਮੈਂ ਵੀ ਗ਼ੁਲਾਮ ਹੋ ਗਿਆ, ਸਾਰੇ ਨਗਰ ਦੇ ਨਾਲ ਨਾਲ। 

ਜਿਹੜੀ ਬੁਲੰਦੀਆਂ ਤੋਂ ਵੀ, ਵੇਖ ਸਕੇ ਜ਼ਮੀਨ ਤੱਕ,
ਬਾਜ਼ ਨੂੰ ਉਸ ਨਿਗਾਹ ਦੀ ਵੀ, ਲੋੜ ਹੈ ਪਰ ਦੇ ਨਾਲ ਨਾਲ।

ਹੁਸਨ ਦੇ ਜਲਵਿਆਂ ਦੇ ਨਾਲ, ਇਸ਼ਕ ਦੀ ਘਾਲਣਾ ਵੀ ਵੇਖ,
ਵੇਖ ਸ਼ਹੀਦ ਦੇ ਨਿਸ਼ਾਨ, ਯਾਰ ਦੇ ਦਰ ਦੇ ਨਾਲ ਨਾਲ। 

ਹੋਵੇ ਨਾ ਦਿਲ 'ਚ ਪੀੜ ਤਾਂ ਸ਼ਿਅਰ ਨਾ ਕਹਿ ਤੂੰ ਸ਼ਾਇਰਾ,
ਤੈਥੋਂ ਗ਼ਜ਼ਲ ਹੈ ਮੰਗਦੀ, ਦਰਦ ਹੁਨਰ ਦੇ ਨਾਲ ਨਾਲ।

Wednesday, 5 August 2026

ਗ਼ਜ਼ਲ

ਕੋਈ ਜੋਗੀ ਹੋ ਜਾਂਦਾ ਹੈ ਤੇ ਕੋਈ ਚਾਕ ਹੁੰਦਾ ਹੈ,

ਹਰ ਇਕ ਆਸ਼ਿਕ ਤੇਰੇ ਰਾਹਾਂ 'ਚ ਰੁਲ ਕੇ ਖ਼ਾਕ ਹੁੰਦਾ ਹੈ। 


ਸਮਾਇਆ ਜਿਸ ਨੇ ਦਿਲ ਅੰਦਰ ਗੁਰੂ ਦਾ ਵਾਕ ਹੁੰਦਾ ਹੈ,

ਉਹ ਗੁਰਸਿੱਖ ਬਾਹਰੋਂ ਤੇ ਅੰਦਰੋਂ ਵੀ ਪਾਕ ਹੁੰਦਾ ਹੈ।


ਨਹੀਂ ਤਾਰੀਫ਼ ਹੁੰਦੀ ਉਸ ਤੋਂ ਝੂਠੇ ਬਾਦਸ਼ਾਹਾਂ ਦੀ,

ਕਿ ਸੱਚੇ ਰਾਹ ਦਾ ਪਾਂਧੀ ਬੜਾ ਬੇਬਾਕ ਹੁੰਦਾ ਹੈ। 


ਤੁਹਾਡੇ ਤਰਲਿਆਂ ਦੇ ਨਾਲ ਉਹਦੀ ਅੱਖ ਕਿਉਂ ਭਿੱਜੇ?

ਤੁਸੀਂ ਦੱਸੋ ਕਿ ਮਾਰੂਥਲ ਕਦੇ ਨਮਨਾਕ ਹੁੰਦਾ ਹੈ?


ਤੂੰ ਕਿੱਦਾਂ ਸਹਿ ਲਏ ਹੱਸ ਕੇ ਹਜ਼ਾਰਾਂ ਜ਼ਖ਼ਮ ਐ ਪੰਜਾਬ?

ਤੇਰੇ ਕਿੱਸੇ ਨੂੰ ਸੁਣ ਕੇ ਜੱਗ ਦਾ ਦਿਲ ਗ਼ਮਨਾਕ ਹੁੰਦਾ ਹੈ।

Sunday, 31 May 2026

ਗ਼ਜ਼ਲ

ਵੇਖਣੇ ਜੱਗ ਦੇ ਨਜ਼ਾਰੇ ਔਖੇ,
ਰੋਕਣੇ ਅੱਥਰੂ ਖਾਰੇ ਔਖੇ।

ਬੰਦਿਆ! ਪਾਏ ਜੋ ਤੂੰ ਧਰਤੀ 'ਤੇ,
ਕੱਠੇ ਕਰਨੇ ਉਹ ਖਿਲਾਰੇ ਔਖੇ।

ਸਿਰਫ਼ ਧਰਤੀ ਨਹੀਂ ਆਦਮ ਤੋਂ ਤੰਗ,
ਇਹਦੇ ਤੋਂ ਚੰਨ ਸਿਤਾਰੇ ਔਖੇ।

ਜੋ ਕਦੇ ਕਰਦੇ ਸੀ ਔਖਾ ਮੈਨੂੰ,
ਅੱਜ ਉਹ ਲੋਕ ਵਿਚਾਰੇ ਔਖੇ।

ਤੇਰੇ ਨਖ਼ਰੇ ਬੜੇ ਭਾਰੇ ਸੀ ਯਾਰ,
ਤੇਰੇ ਕਰਕੇ ਹੋਏ ਸਾਰੇ ਔਖੇ।

ਇਸ ਤਰ੍ਹਾਂ ਜ਼ੋਰ ਕੇ ਨਾ ਹੱਸਿਆ ਕਰ,
ਹੁੰਦੇ ਨੇ ਦਰਦ ਦੇ ਮਾਰੇ ਔਖੇ।

ਬੰਦ ਤਾਂ ਇਸ਼ਕ ਦੇ ਧੰਦੇ ਹੋ ਗਏ,
ਜਰਨੇ ਇਹਦੇ ਸੀ ਖ਼ਸਾਰੇ ਔਖੇ।

ਜਦੋਂ ਹਮਰਾਹ ਤੇਰੀ ਯਾਦ ਨਾ ਸੀ,
ਅਸੀਂ ਉਹ ਵਕਤ ਗੁਜ਼ਾਰੇ ਔਖੇ।

ਤੈਨੂੰ ਕੀ ਫ਼ਰਕ ਪਵੇ ਦਰਿਆਵਾ!
ਹੋਣ ਜੇ ਤੈਥੋਂ ਕਿਨਾਰੇ ਔਖੇ!

ਮੈਂ ਤਾਂ ਸਿੱਧਾ ਹੀ 'ਨਾ' ਕਹਿ ਦਿੰਦਾ ਹਾਂ,
ਲਾਉਣੇ ਮੇਰੇ ਲਈ ਲਾਰੇ ਔਖੇ।

ਰਾਹ ਵਿਚ ਰੋੜੇ ਤਾਂ ਮਿਲ ਜਾਂਦੇ ਨੇ,
ਹੁੰਦੇ ਪਰ ਲੱਭਣੇ ਸਹਾਰੇ ਔਖੇ।

ਜਿੰਦ ਦੇ ਵਿੰਗ-ਵਲਾਂ ਨੇ 'ਸਿਮਰਨ',
ਕੀਤੇ ਸੰਸਾਰ 'ਚ ਸਾਰੇ ਔਖੇ।

Thursday, 9 April 2026

ਆਪਨੜੇ ਗਿਰੀਵਾਨ ਮਹਿ

ਤੈਨੂੰ ਮੋਹਿਤ ਇਹ ਜਹਾਂ ਫ਼ਾਨੀ ਕਰੇ,
ਹਰ ਕਦਮ ਉੱਤੇ ਤੂੰ ਨਾਦਾਨੀ ਕਰੇ,
ਭੁੱਲ ਕੇ ਗੁਰਮਤ ਨੂੰ ਤੂੰ ਮਨਮਾਨੀ ਕਰੇ,
ਇਸ ਤਰ੍ਹਾਂ ਰਾਜ਼ੀ ਨਾ ਦਿਲਬਰ ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ।

ਨਾ ਕਦੇ ਹਉਮੈਂ ਦੇ ਬੰਧਨ ਤੋੜਦਾ,
ਨਾ ਕਦੇ ਮਾਇਆ ਦੇ ਫੁਰਨੇ ਮੋੜਦਾ,
ਨਾ ਕਦੇ ਤੂੰ ਧਿਆਨ ਰੱਬ ਵਿਚ ਜੋੜਦਾ,
ਮਨ ਕਦੇ ਨਾ ਹੱਦ ਅੰਦਰ ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ।

ਈਸ਼ਵਰ ਨੂੰ ਯਾਦ ਨਾ ਕੀਤਾ ਕਦੇ,
ਮਨ ਟਿਕਾ ਕੇ ਸ਼ਾਦ ਨਾ ਕੀਤਾ ਕਦੇ,
ਕੈਦ ਤੋਂ ਆਜ਼ਾਦ ਨਾ ਕੀਤਾ ਕਦੇ,
ਹਰ ਘੜੀ ਦਮ ਦਾ ਨਿਰਾਦਰ ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ।

ਹੁਕਮ ਦੇ ਉੱਤੇ ਤੂੰ ਕਰਦਾ ਤਰਕ ਹੈ,
ਅਕਲ ਦੀ ਮਸਤੀ ਦੇ ਅੰਦਰ ਗ਼ਰਕ ਹੈ,
ਆਲਿਮਾਂ ਤੇ ਆਸ਼ਿਕਾਂ ਵਿਚ ਫ਼ਰਕ ਹੈ,
ਨਾਮ ਆਸ਼ਿਕ ਦਾ ਹੀ ਆਖ਼ਰ ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ।

ਬੇ-ਮੁਖਾਂ ਦਾ ਰਾਹ ਤੂੰ ਛੱਡਦਾ ਨਹੀਂ,
ਹਿਰਸ ਨੂੰ ਹਿਰਦੇ 'ਚੋਂ ਤੂੰ ਕੱਢਦਾ ਨਹੀਂ,
ਮੋਹ ਦੀ ਗਰਦਨ ਨੂੰ ਤੂੰ ਵੱਢਦਾ ਨਹੀਂ,
ਕਤਰਾ ਇੱਦਾਂ ਨਾ ਸਮੁੰਦਰ ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ।

ਕ੍ਰੋਧ ਦੇ ਭਾਂਬੜ ਨਾ ਸ਼ੀਤਲ ਹੋਂਵਦੇ,
ਕਾਮ ਦੇ ਚਾਅ ਵਾਂਗ ਦਲਦਲ ਹੋਂਵਦੇ,
ਬੋਲ ਵੀ ਰੁੱਖੇ! ਨਾ ਕੋਮਲ ਹੋਂਵਦੇ,
ਕੂੜ ਦੁਨੀਆ ਦਾ ਤੇਰੇ ਘਰ ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ। 

ਵੇਖ ਹਰਸਿਮਰਨ ਤੂੰ ਅਪਣੇ ਆਪ ਨੂੰ,
ਤੂਲ ਨਾ ਦੇ ਫ਼ਿਕਰ, ਦੁੱਖ, ਸੰਤਾਪ ਨੂੰ,
ਲਿਖ ਰਹੇ ਨੇ ਉਹ ਤੇਰੇ ਹਰ ਪਾਪ ਨੂੰ,
ਇਸ ਤਰ੍ਹਾਂ ਨਾ ਵਾਸ 'ਸੋ ਦਰੁ' ਹੋਂਵਦਾ,
ਇਸ ਤਰ੍ਹਾਂ ਨਾ ਪਾਰ ਸਾਗਰ ਹੋਂਵਦਾ।

Thursday, 23 October 2025

ਪੰਥ ਖ਼ਾਲਸਾ

ਪਾਟਾ ਤੇ ਮੈਲਾ ਸੀ ਝੱਗਾ, ਹਿੰਦ ਦੀ ਆਬਰੂ ਦਾ,
ਮਿਲਦਾ ਨਹੀਂ ਸੀ ਕੋਈ ਸਿਲਾ, ਬੇ-ਜ਼ਾਰ ਜੁਸਤੁਜੂ ਦਾ,
ਚਹੁੰ ਪਾਸੀਂ ਛਾਇਆ ਹੋਇਆ ਸੀ ਖ਼ੌਫ਼ ਤਕੜੇ ਅਦੂ ਦਾ,
ਬਾਜ਼ੀ ਪਲਟ ਗਈ ਜਦ ਮਿਲਿਆ ਥਾਪੜਾ ਸਤਿਗੁਰੂ ਦਾ।

ਨਾਂ ਲੈ ਕੇ ਕਰਤੇ ਦਾ ਘੋਲੇ, ਪਾਣੀਆਂ ਵਿਚ ਪਤਾਸੇ,
ਭਰ ਦਿੱਤੇ ਉਸ ਦੀ ਬਖ਼ਸ਼ਿਸ਼ ਨੇ, ਆਸ ਨਾਲ ਬੇ-ਆਸੇ,
ਪਿਤਾ ਜਦੋਂ ਪਾਤਸ਼ਾਹ ਹੋਵੇ, ਪੁੱਤ ਦੱਬ ਕੇ ਨਾ ਰਹਿੰਦਾ,
ਕੌਣ ਉਹਨੂੰ ਅੱਖਾਂ ਵਿਖਾਉਂਦਾ? ਕੌਣ ਉਸ ਨਾਲ ਖਹਿੰਦਾ?

ਮੁੱਢੋਂ ਪੰਥ ਖ਼ਾਲਸਾ ਆਪਣਾ ਫ਼ਰਜ਼ ਨਿਭਾਉਂਦਾ ਆਇਆ,
ਦਿੱਲੀ ਤੋਂ ਕਾਬੁਲ ਤੱਕ ਛਾਇਆ, ਅਨੰਦਪੁਰ ਦਾ ਜਾਇਆ,
ਰਣ ਤੱਤੇ 'ਚ ਹਰ ਇਕ ਵਾਰ ਦਾ, ਦਿੱਤਾ ਜਵਾਬ ਪੂਰਾ,
ਦੁਸ਼ਮਣ ਦੀ ਇਕ ਇਕ ਕਰਨੀ ਦਾ, ਕੀਤਾ ਹਿਸਾਬ ਪੂਰਾ।

ਸਾਧਾਂ ਦੀ ਨਗਰੀ ਦੇ ਅੰਦਰ, ਉਮਰ ਸੇਵਾ 'ਚ ਲਾਵੇ,
ਕੂੜ-ਕਪਟ ਦੀ ਬਸਤੀ ਉੱਤੇ, ਡਾਢਾ ਕਹਿਰ ਕਮਾਵੇ,
ਕਦੇ ਦੁਨਿਆਵੀ ਸ਼ਾਹਾਂ ਤੋਂ ਨ, ਭੀਖ ਨਿਆਂ ਦੀ ਮੰਗੇ,
ਆਗਿਆ ਲੈ ਕੇ ਅਕਾਲ ਕੋਲੋਂ, ਜ਼ਾਲਮ ਸੂਲੀ ਟੰਗੇ।

ਵੱਜਣ ਜਦੋਂ ਨਗਾਰੇ ਇਹਦੇ, ਕੰਬਣ ਜਾਬਰ ਲੱਖਾਂ,
ਜਲਾਲ ਵੇਖ ਕੇ ਖ਼ਾਲਸੇ ਦਾ, ਰੜਕਣ ਲੱਗਣ ਅੱਖਾਂ,
ਆਖਣ ਭਾਵੇਂ ਬੁਜ਼ਦਿਲ ਹਾਕਿਮ, ਬਗ਼ਾਵਤਾਂ ਨੂੰ ਦੰਗਾ,
ਪਰ ਦਾਨਾ-ਬੀਨਾ ਪਰਮੇਸ਼ਰ, ਜਾਣੇ ਮੰਦਾ-ਚੰਗਾ।

ਅੱਜ ਵੀ ਇਹਦੇ ਖ਼ਿਲਾਫ਼ ਵੈਰੀ, ਘੜਣ ਸਾਜ਼ਿਸ਼ਾਂ ਲੱਖਾਂ,
ਦਾਗ਼ ਲਾਉਣ ਲਈ ਖ਼ਾਲਸੇ 'ਤੇ, ਕਰਨ ਕੋਸ਼ਿਸ਼ਾਂ ਲੱਖਾਂ,
ਪਰ ਇਹ ਖ਼ਾਸ ਰੂਪ ਸਤਿਗੁਰ ਦਾ, ਸਦਾ ਨਿਰਮਲ ਰਹੇਗਾ,
ਮਿਟਾ ਕੇ ਜ਼ਾਲਮਾਂ ਦਾ ਨਿਸ਼ਾਨ, ਤਖ਼ਤ ਉੱਤੇ ਬਹੇਗਾ। 

Friday, 4 July 2025

ਗ਼ਜ਼ਲ

ਕੀ ਕਰ ਗਈ ਹੈ ਭੈੜੀ ਸਿਆਸਤ! ਕਿਵੇਂ ਕਹਾਂ?
ਕੀ ਹੋ ਗਈ ਹੈ ਕੌਮ ਦੀ ਹਾਲਤ! ਕਿਵੇਂ ਕਹਾਂ?

ਬੇ-ਜ਼ੌਕ ਸਜਦਿਆਂ ਨੂੰ ਇਬਾਦਤ ਕਿਵੇਂ ਕਹਾਂ?
ਕੁਝ ਸਰਦ ਜਜ਼ਬਿਆਂ ਨੂੰ ਮੁਹੱਬਤ ਕਿਵੇਂ ਕਹਾਂ?

ਬਖ਼ਸ਼ੀ ਸੀ ਜਿਹੜੇ ਤਖ਼ਤ ਨੇ ਧਰਤੀ ਨੂੰ ਆਬਰੂ,
ਕੀ ਰਹਿ ਗਈ ਉਹ ਤਖ਼ਤ ਦੀ ਇੱਜ਼ਤ! ਕਿਵੇਂ ਕਹਾਂ?

ਜਿਹੜੇ ਨਿਆਣਿਆਂ ਨੇ ਬੱਸ ਅਫ਼ਸਾਨੇ ਹੀ ਸੁਣੇ,
ਪੁੱਛਦੇ ਪਏ ਉਹ ਮੈਥੋਂ ਹਕੀਕਤ! ਕਿਵੇਂ ਕਹਾਂ?

ਜਦ ਭੀੜ ਨੇ ਗ਼ਰੀਬੜੇ ਦੇ ਘਰ ਨੂੰ ਲਾਈ ਅੱਗ, 
ਹੋਈ ਨਾ ਮੈਨੂੰ ਕਿਉਂ ਕੋਈ ਹੈਰਤ? ਕਿਵੇਂ ਕਹਾਂ?

ਜੀਹਨੂੰ ਮਿਲੇ ਬਗ਼ੈਰ ਨਾ ਇਕ ਦਿਨ ਸੀ ਲੰਘਦਾ,
ਉਹ ਭੁੱਲ ਗਿਆ ਹੈ ਮੇਰੀ ਰਫ਼ਾਕਤ! ਕਿਵੇਂ ਕਹਾਂ?

ਪ੍ਰੀਤਮ ਦੇ ਦਰ 'ਤੇ ਸੀਸ ਝੁਕਾਵਣ ਦੇ ਵਾਸਤੇ,
ਮਿਲਦੀ ਨਹੀਂ ਹੈ ਕਿਉਂ ਕੋਈ ਮੁਹਲਤ? ਕਿਵੇਂ ਕਹਾਂ?

ਸ਼ੇਖ ਇਹ ਕਹੇ ਕਿ ਮੈਨੂੰ ਉਹ ਦਿੰਦਾ ਸਲਾਹ, ਪਰ,
ਮੈਂ ਉਹਦੇ ਤਾਅਨਿਆਂ ਨੂੰ ਨਸੀਹਤ ਕਿਵੇਂ ਕਹਾਂ?

ਹੁਣ ਖ਼ੁਸ਼-ਮਿਜ਼ਾਜ ਯਾਰਾਂ ਦੀਆਂ ਮਹਿਫ਼ਿਲਾਂ ਦੇ ਵਿੱਚ,
ਕਰਦਾ ਨਹੀਂ ਮੈਂ ਕਿਉਂ ਕਦੇ ਸ਼ਿਰਕਤ? ਕਿਵੇਂ ਕਹਾਂ?

ਵਹਿਸ਼ੀ ਗ਼ਜ਼ਾਲ ਵਾਂਗ ਖ਼ਿਆਲਾਂ ਦੇ ਦਸ਼ਤ ਵਿੱਚ,
ਘੁੰਮਦੀ ਪਈ ਹੈ ਗ਼ੈਰ ਦੀ ਸੂਰਤ! ਕਿਵੇਂ ਕਹਾਂ?

ਰੱਬਾ! ਜੋ ਮੇਰੇ ਦਿਲ ਨੂੰ ਅਜਬ ਵਲਵਲੇ ਮਿਲੇ,
ਇਹ ਹੈ ਕੋਈ ਅਜ਼ਾਬ ਕਿ ਬਰਕਤ? ਕਿਵੇਂ ਕਹਾਂ!

Monday, 14 April 2025

ਵਾਇਜ਼ ਨੇ ਸਭ ਗਿਆਨ ਆਪਣਾ,
ਬਹਿਸਾਂ ਉੱਤੇ ਲਾਇਆ, ਆਪ ਖਪਾਇਆ।
ਜੋ ਪੜ੍ਹਿਆ ਸੀ ਉਹ ਲਿਖ ਦਿੱਤਾ,
ਜੋ ਸੁਣਿਆ ਉਹ ਗਾਇਆ, ਚਿੱਤ ਨ ਵਸਾਇਆ।
ਅਕਲਾਂ ਦੇ ਘੋੜੇ ਦੌੜਾ ਕੇ,
ਕਿਸੇ ਭੇਤ ਨਾ ਪਾਇਆ, ਵਕਤ ਗਵਾਇਆ।
ਉਹੀ ਸੁਰਖ਼ਰੂ ਹੋਇਆ ਜੀਹਨੇ,
ਸੱਚਾ ਇਸ਼ਕ ਕਮਾਇਆ, ਦਿਲ ਰੁਸ਼ਨਾਇਆ। 

Friday, 7 February 2025

ਬਿਨੁ ਸਤਿਗੁਰ ਮੁਕਤਿ ਨ ਪਾਵੈ

(ਇਸਾਈ ਮਿਸ਼ਨਰੀਆਂ ਤੋਂ ਪ੍ਰਭਾਵਿਤ ਪੰਜਾਬੀ ਨੌਜਵਾਨ ਲਈ)

ਓਹੀ ਸਮਾਂ ਮੁੜ ਆਇਆ, ਕਹਿੰਦੇ ਨੇ ਅੱਜ ਦੇ ਦਾਨੇ,
ਪੂਰਬ ਦਾ ਦਿਲ ਲੁਭਾਵਣ, ਪੱਛਮ ਦੇ ਕੁਝ ਫ਼ਸਾਨੇ।

ਓਹੀ ਫ਼ਸਾਨੇ ਜਿਹੜੇ, ਮਹਿਕੂਮਾਂ ਨੂੰ ਸੁਣਾ ਕੇ,
ਯੂਰਪ ਦੀ ਸਰਜ਼ਮੀਂ ਨੇ ਪਾਸੇ ਧਰੇ ਭੁਲਾ ਕੇ।

ਖੋਈ ਜ਼ਮੀਨ ਕੌਮਾਂ ਨੂੰ ਪਾ ਕੇ ਵਿਚ ਦੁਚਿੱਤੀ,
ਬਦਲੇ ਦੇ ਵਿਚ ਗ਼ੁਲਾਮਾਂ ਨੂੰ ਇਕ ਕਿਤਾਬ ਦਿੱਤੀ।

ਸੀ ਉਸ ਕਿਤਾਬ ਅੰਦਰ ਕੁਝ ਰੰਗਲੇ ਫ਼ਸਾਨੇ,
ਕਿਰਦਾਰ ਸੀ ਜਿਨ੍ਹਾਂ ਦੇ, ਮਸ਼ਹੂਰ ਵਿਚ ਜ਼ਮਾਨੇ।

ਫਿਰ ਘੱਲੇ ਕੁਝ ਪ੍ਰਚਾਰਕ, ਮਕਬੂਜ਼ਾ ਖਿੱਤਿਆਂ ਵੱਲ,
ਦੁਹਰਾਈ ਲੱਖਾਂ ਵਾਰੀ, ਮੁੜ ਮੁੜ ਕੇ ਇੱਕੋ ਹੀ ਗੱਲ।

ਕੀਤੇ ਪ੍ਰਚਾਰਕਾਂ ਨੇ ਦੋ-ਚਾਰ ਕੰਮ ਅਨੋਖੇ,
ਪਰ ਸਮਝੇ ਨਾ ਇਆਣੇ, ਸਭ ਨਜ਼ਰਾਂ ਦੇ ਸੀ ਧੋਖੇ।

ਜਦ ਆਪਣੀ ਹੀ ਧਰਤੀ ਹੋਵੇ ਲਹੂ 'ਚ ਰੰਗੀ,
ਕਿਉਂ ਕੋਹਾਂ ਦੂਰ ਲੱਭੇ ਕੋਈ ਸਲੀਬ ਟੰਗੀ?

ਜਦ ਆਪਣੇ ਹੀ ਖੀਸੇ ਵਿਚ ਹੋਣ ਲੱਖਾਂ ਹੀਰੇ,
ਕਿਉਂ ਕਰਨੀ ਸੋਨੇ ਖ਼ਾਤਰ ਦਸਤਾਰ ਲੀਰੋ ਲੀਰੇ?

ਪਰ ਜ਼ਹਿਨ 'ਤੇ ਸੀ ਛਾਇਆ ਗ਼ਫ਼ਲਤ ਦਾ ਘੁੱਪ ਹਨੇਰਾ,
ਤੂੰ ਜਾਣ ਹੀ ਨਾ ਸਕਿਆ, ਇਤਿਹਾਸ ਕੀ ਹੈ ਤੇਰਾ!

ਜੰਨਤ ਦੀ ਲਾਲਸਾ ਵਿੱਚ, ਦੋਜ਼ਖ਼ ਦੇ ਖ਼ੌਫ਼ ਅੰਦਰ,
ਕਰਦਾ ਰਿਹਾ ਹੈ ਗ਼ਾਫ਼ਿਲ, ਤੂੰ ਧਰਮ ਦਾ ਨਿਰਾਦਰ!

ਕੀ ਹੈ ਅਸਲ 'ਚ ਦੋਜ਼ਖ਼? - ਜੂਨਾਂ 'ਚ ਆਉਣਾ ਜਾਣਾ
ਜੰਨਤ ਹੈ ਦਰ ਹਕੀਕਤ, ਗੋਵਿੰਦ ਵਿਚ ਸਮਾਣਾ।

ਅਗਿਆਨਤਾ ਦਾ ਚੜ੍ਹਿਆ, ਐਸਾ ਨਸ਼ਾ ਜਨੂਨੀ,
ਤੂੰ ਭੁੱਲ ਗਿਆ ਇਹ ਸਿੱਖਿਆ- "ਪਰਮਾਤਮਾ ਅਜੂਨੀ!"

ਜਦ ਸਤਿਗੁਰਾਂ ਨੇ ਤੇਰੀ ਧਰਤੀ ਨੂੰ ਭਾਗ ਲਾਏ,
ਸੁੱਖ ਮੰਗਣੇ ਲਈ ਫਿਰ ਤੂੰ ਦੂਰ ਕਾਹਤੋਂ ਜਾਏ?

ਪੱਲਾ ਗੁਰੂ ਦਾ ਛੱਡ ਕੇ, ਰਾਹਤ ਕਿਸੇ ਨਾ ਮਿਲਣੀ,
ਬੇ-ਮੁੱਖ ਹੋ ਕੇ ਗੁਰੂ ਤੋਂ, ਜੰਨਤ ਕਿਸੇ ਨਾ ਮਿਲਣੀ। 

ਸ਼ੋਭਾ ਕਿਸੇ ਮਸੀਹੇ ਦੀ ਸਤਿਗੁਰੂ ਦੇ ਤੁੱਲ ਨਾ,
ਮਿਥਿਹਾਸ ਉਹਦਾ ਸੁਣ ਕੇ, ਇਤਿਹਾਸ ਖ਼ੁਦ ਦਾ ਭੁੱਲ ਨਾ।

Friday, 10 May 2024

ਗੁਰਸਿੱਖੀ ਦਾ ਪੈਂਡਾ

ਗੁਰਸਿੱਖੀ ਦਾ ਪੈਂਡਾ ਬਹੁਤ ਔਖਾ,
ਜ਼ਿੰਦਗਾਨੀ ਦਾ ਮੋਹ ਮਾਰਣਾ ਪੈਂਦਾ,
ਧਨ ਦੀ ਛਾਂ, ਮਨ ਦੀ ਸੇਜ, ਤਨ ਦਾ ਚੋਲਾ,
ਸਭ ਗੁਰੂ ਦੇ ਉੱਤੋਂ ਵਾਰਣਾ ਪੈਂਦਾ,
ਗੁਰੂ ਵੱਲੋਂ ਬਖ਼ਸ਼ੇ ਪ੍ਰੇਮ-ਰਤਨਾਂ ਦਾ,
ਸੀਸ ਦੇ ਕੇ ਹੀ ਮੁੱਲ ਤਾਰਣਾ ਪੈਂਦਾ,
ਜਿੱਤਣ ਲਈ ਇਸ ਇਸ਼ਕ ਦੀ ਬਾਜ਼ੀ ਨੂੰ,
ਦੁਨੀਆ ਦੀਆਂ ਨਜ਼ਰਾਂ 'ਚ ਹਾਰਣਾ ਪੈਂਦਾ। 

Saturday, 23 March 2024

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ 
ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ
ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ
ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ
ਜਦ ਸਾਡਾ ਚੋਜੀ ਗੁਰੂ ਦਾਮਾਨ ਉਛਾਲੇ
ਫ਼ਜ਼ਾਵਾਂ 'ਚ ਖਿੰਡ ਜਾਵਣ ਜਵਾਹਰ ਨਿਰਾਲੇ!

Tuesday, 28 November 2023

ਜਵਾਨੀ

ਇਹ ਅੱਥਰੀ ਜਵਾਨੀ ਇਹ ਬਾਗ਼ੀ ਜਵਾਨੀ,
ਇਹ ਨਾਜ਼ਾਂ ਭਰੀ ਮਾਣਮੱਤੀ ਜਵਾਨੀ,
ਕਦੇ ਵੀ ਕਿਸੇ ਦੀ ਮੁਥਾਜੀ ਨਾ ਮੰਨੇ,
ਇਹ ਆਪਣੇ ਹੀ ਰੰਗਾਂ 'ਚ ਰੱਤੀ ਜਵਾਨੀ,
ਕਿਸੇ ਇਕ ਮੁਕਾਮ ਉੱਤੇ ਟਿੱਕ ਕੇ ਨਾ ਬਹਿੰਦੀ,
ਸਦਾ ਚਾਲ ਅੰਦਰ ਹੈ ਰਹਿੰਦੀ ਜਵਾਨੀ,
ਕਦੇ ਆਪਣੀ ਆਜਜ਼ੀ ਨਾ ਕਬੂਲੇ,
ਕੀ ਚੜ੍ਹਦੀ ਜਵਾਨੀ, ਕੀ ਢਹਿੰਦੀ ਜਵਾਨੀ!
ਜ਼ਮਾਨੇ ਦੀਆਂ ਬੰਦਿਸ਼ਾਂ ਆਜ਼ਮਾਵੇ,
ਪਰਖਦੀ ਸਮਾਜਾਂ ਦਾ ਜੇਰਾ ਜਵਾਨੀ,
ਭੁਲਾਉਂਦੇ ਨਹੀਂ ਆਰਜ਼ੂ ਦੀ ਗਲੀ ਨੂੰ,
ਕਿ ਮੁੜ-ਮੁੜ ਕੇ ਪਾਉਂਦੀ ਹੈ ਫੇਰਾ ਜਵਾਨੀ। 

ਅਸੂਲਾਂ ਤੋਂ ਆਕੀ ਰਹੇ ਜੇ ਜਵਾਨੀ,
ਬਣੇ ਆਪ ਆਪਣੀ ਤਬਾਹੀ ਦਾ ਕਾਰਣ,
ਹਕੀਕਤ ਤੋਂ ਗ਼ਾਫ਼ਲ ਰਹੇ ਜੋ ਜਵਾਨੀ,
ਉਹ ਕਰਦੀ ਹੈ ਸ਼ੈਤਾਨ ਦਾ ਰੂਪ ਧਾਰਣ,
ਕਈ ਦੌਲਤਾਂ ਨਾਲ ਲੱਦੇ ਖ਼ਜ਼ਾਨੇ,
ਲੁਟਾਏ ਗਏ ਨੇ ਜਵਾਨੀ ਦੇ ਅੰਦਰ,
ਹਜ਼ਾਰਾਂ ਸਿਧਾਂਤ, ਆਚਰਣ ਤੇ ਸਲੀਕੇ,
ਭੁਲਾਏ ਗਏ ਨੇ ਜਵਾਨੀ ਦੇ ਅੰਦਰ। 
ਹੈ ਭਾਵੇਂ ਸੁਖਾਲਾ ਜਵਾਨੀ ਦਾ ਰਸਤਾ,
ਪਰ ਆਲੇ-ਦੁਆਲੇ ਹੈ ਜੰਗਲ ਦਾ ਘੇਰਾ,
ਨਜ਼ਰ ਜਿਸ ਮੁਸਾਫ਼ਿਰ ਦੀ ਮੰਜ਼ਿਲ ਤੋਂ ਭਟਕੇ,
ਉਦ੍ਹੇ ਹਿੱਸੇ ਆਉਂਦਾ ਹੈ ਕੇਵਲ ਹਨੇਰਾ। 

ਰਹੇ ਧਰਮ ਅੰਦਰ ਜੇ ਬੱਝੀ ਜਵਾਨੀ,
ਤਾਂ ਰਹਿੰਦੀ ਹੈ ਬੇ-ਦਾਗ਼ ਤੇ ਪਾਕ ਦਾਮਨ,
ਉਹ ਨਿਰਭੈ ਜਵਾਨੀ ਉਹ ਉੱਤਮ ਜਵਾਨੀ,
ਸਿਖਾਉਂਦੀ ਹੈ ਜੋ ਜ਼ਿੰਦਗੀ ਜਿਓਣ ਦਾ ਫ਼ਨ,
ਉਹ ਪੁਰ-ਕਾਰ ਤੇ ਕਾਰਗਰ ਹੈ ਜਵਾਨੀ,
ਜੋ ਚੱਲਦੀ ਸਦਾ ਧਰਮ ਦੇ ਰਾਹ ਉੱਤੇ,
ਉਹ ਬੇ-ਬਾਕ, ਪੁਰ-ਜੋਸ਼, ਕਿਰਤੀ ਜਵਾਨੀ,
ਯਕੀਂ ਜਿਸ ਨੂੰ ਸੰਸਾਰ ਦੇ ਸ਼ਾਹ ਉੱਤੇ,
ਜਵਾਨੀ ਦਾ ਬੂਟਾ ਉਦੋਂ ਫਲ ਲਿਆਵੇ,
ਜਦੋਂ ਸਤਿਗੁਰੂ ਆਪ ਸਿੰਜੇ ਤੇ ਪਾਲੇ,
ਮਿਲੇ ਪੌਣ ਸ਼ਰਧਾ ਅਤੇ ਗਿਆਨ ਪਾਣੀ,
ਤਾਂ ਆਉਂਦੇ ਨੇ ਸ਼ਾਖ਼ਾਂ 'ਤੇ ਪੱਤੇ ਨਿਰਾਲੇ,
ਇਹ ਬੂਟਾ ਦਵੇ ਆਸਰਾ ਪੰਛੀਆਂ ਨੂੰ,
ਜੋ ਲੁੱਕਦੇ ਨੇ ਡਰ ਕੇ, ਉਕਾਬਾਂ ਦੇ ਮਾਰੇ,
ਅਤੇ ਬਖ਼ਸ਼ਦਾ ਠੰਢੀ ਛਾਂ ਰਾਹੀਆਂ ਨੂੰ,
ਜੋ ਲੰਮੇ ਸਫ਼ਰ ਦੇ ਅਜ਼ਾਬਾਂ ਦੇ ਮਾਰੇ। 

Monday, 6 November 2023

ਅਸਲ ਅਜ਼ਾਦੀ

ਹਰ ਨੌਜਵਾਨ ਦੇ ਮੂੰਹ 'ਤੇ ਹੈ ਨਾਅਰਾ ਅਜ਼ਾਦੀ ਦਾ,
ਪਰ ਕੋਈ ਵਿਰਲੇ-ਟਾਂਵੇਂ ਨੂੰ ਹੀ ਪਤਾ ਅਜ਼ਾਦੀ ਦਾ,
ਇਸ ਭੇਤ ਤੋਂ ਅਣਜਾਣ ਰਹਿੰਦੀ ਅਕਲ ਖ਼ਾਕਸਾਰਾਂ ਦੀ,
ਜੀਹਨੂੰ ਲੋਕ ਕਹਿੰਦੇ ਅਜ਼ਾਦੀ, ਕੈਦ ਹੈ ਵਿਕਾਰਾਂ ਦੀ,
ਮਾਇਆ ਦੇ ਵਹਿਣ ਵਿਚ ਵਗਣ ਨੂੰ, ਜੱਗ ਅਜ਼ਾਦੀ ਜਾਣੇ,
ਅਤੇ ਇਸ ਉਤਾਰ-ਚੜ੍ਹਾਅ ਅੰਦਰ ਪ੍ਰਾਣੀ ਦੁੱਖ-ਸੁੱਖ ਮਾਣੇ,
ਭਵ-ਸਾਗਰ 'ਚ ਮਹਿਫ਼ੂਜ਼ ਰਹਿੰਦਾ, ਪੁਰ-ਜੋਸ਼ ਤਰੰਗਾਂ ਤੋਂ,
ਜਿਹੜਾ ਸ਼ਖ਼ਸ ਨਿਰਲੇਪ ਰਹਿੰਦਾ, ਮਾਇਆ ਦੇ ਰੰਗਾਂ ਤੋਂ,
ਗੁਰੂ ਕੋਲੋਂ ਜਾਣਿਆ ਜੀਹਨੇ, ਅਸਲ ਅਜ਼ਾਦੀ ਕੀ ਹੈ,
ਉਹਦੀ ਕਸ਼ਤੀ ਭਵ-ਸਾਗਰ ਵਿਚ ਕਦੇ ਨਾ ਡੋਲਦੀ ਹੈ,
ਜਗ ਦੇ ਬੰਧਨਾਂ ਨੂੰ ਕੱਟਣਾ - ਇਹ ਅਸਲ ਅਜ਼ਾਦੀ ਹੈ,
ਪੰਜ ਐਬਾਂ ਨੂੰ ਜੜ੍ਹੋਂ ਪੱਟਣਾ - ਇਹ ਅਸਲ ਅਜ਼ਾਦੀ ਹੈ,
ਸਾਧਸੰਗ ਵਿਚ ਅਜ਼ਾਦ ਹਿਰਦੇ, ਲੁੱਟਣ ਨਾਮ ਖ਼ਜ਼ਾਨੇ,
ਇਸ਼ਕ ਵਿਚ ਭਿੱਜੀਆਂ ਰੂਹਾਂ ਦੇ, ਲੱਗਣ ਤੀਰ ਨਿਸ਼ਾਨੇ,
ਉਹ ਅਜ਼ਾਦ ਜੀਹਨਾਂ ਨੇ ਭੰਨੀ, ਜ਼ੰਜੀਰ ਵਿਕਾਰਾਂ ਦੀ,
ਓਹਨਾਂ ਹਾਸਿਲ ਕੀਤੀ ਸ਼ਾਹੀ, ਦੋਹਾਂ ਸੰਸਾਰਾਂ ਦੀ,
ਉਹ ਜ਼ਿਕਰ ਸਾਈਂ ਦਾ ਮੰਨਦੇ, ਸਭ ਜ਼ਿਕਰਾਂ ਤੋਂ ਉੱਤੇ,
ਰਹਿੰਦੇ ਕਿਸੇ ਹੋਰ ਜਹਾਨ ਵਿਚ, ਸਭ ਫ਼ਿਕਰਾਂ ਤੋਂ ਉੱਤੇ,
ਗੁਰਸਿੱਖਾਂ ਦੇ ਮੁੱਖ ਨਿਰਾਲੇ, ਤੇ ਮੱਥੇ ਨੂਰਾਨੀ,
ਰਾਜ਼ ਆਪਣੀ ਤਾਬਿੰਦਗੀ ਦਾ, ਕਹਿੰਦੇ ਆਪ ਜ਼ੁਬਾਨੀ-
"ਅਗਿਆਨਤਾ ਨੇ ਸ਼ਿਕਸਤ ਖਾਧੀ, ਹਾਰ ਬੇ-ਅਰਾਮੀ ਨੇ,
ਸਾਨੂੰ ਅਸਲ ਅਜ਼ਾਦੀ ਬਖ਼ਸ਼ੀ, ਗੁਰੂ ਦੀ ਗ਼ੁਲਾਮੀ ਨੇ।"

Saturday, 8 July 2023

ਜਦ ਝੂਠ ਦੇ ਨ੍ਹੇਰੇ ਵਿਚ ਹੌਲ ਜਿੰਦ ਨੂੰ ਪੈਣ
ਲੱਗੀ ਰਹੇ ਚਿੱਤ ਨੂੰ ਇਕ ਬੇ-ਸਬਰੀ ਦਿਨ ਰੈਣ
ਜਦ ਦਿਲ ਦੇ ਬਨੇਰੇ ਨੂੰ ਛੱਡ ਜਾਵੇ ਹਰ ਆਸ
ਮਾਇਆ-ਜਾਲ 'ਚ ਆਤਮਾ ਰੋਂਦੀ ਰਹੇ ਨਿਰਾਸ
ਜਦ ਚੰਚਲ ਮਨ ਹੋ ਜਵੇ ਭਟਕਣਾਂ ਦਾ ਸ਼ਿਕਾਰ
ਜਦ ਰੜਕੇ ਦੀਦਿਆਂ ਵਿਚ ਵਿਕਾਰਾਂ ਦਾ ਗ਼ੁਬਾਰ
ਜਦ ਵਿਛੋੜਾ ਤਨ ਮਨ ਨੂੰ ਲਾਵੇ ਡਾਢੇ ਰੋਗ
ਫਿੱਕੇ ਪੈ ਜਾਣ ਜਗ ਦੇ ਰੰਗ, ਤਮਾਸ਼ੇ, ਭੋਗ
ਜੇ ਉਸ ਵੇਲੇ ਲਈਏ ਗੁਰਬਾਣੀ ਦੀ ਟੇਕ
ਮੁੱਕ ਜਾਂਦਾ ਹੈ ਹਿਜਰ ਦੀ ਤਪਦੀ ਅੱਗ ਦਾ ਸੇਕ
ਗੁਰਬਾਣੀ ਠੰਢਾ ਕਰੇ ਕਲਜੁੱਗ ਦਾ ਜੁਨੂਨ
ਬਾਣੀ ਮੱਚਦੀ ਰੂਹ ਨੂੰ ਬਖ਼ਸ਼ਦੀ ਹੈ ਸੁਕੂਨ
ਅੱਥਰੇ ਮਨ ਹੋ ਜਾਂਦੇ ਬਾਣੀ ਨਾਲ ਅਡੋਲ
ਇਸ ਸਾਗਰ 'ਚੋਂ ਖ਼ਲਕ ਨੂੰ ਲੱਭਣ ਰਤਨ ਅਮੋਲ
ਮਨ ਟਿਕਾ ਕੇ ਹਰਸਿਮਰਨ ਸੁਰਤ ਸ਼ਬਦ ਵਿਚ ਜੋੜ
ਲੈ ਕੇ ਗੁਰ ਦਾ ਆਸਰਾ ਦੁੱਖ ਦੇ ਬੰਧਨ ਤੋੜ।

Saturday, 29 April 2023

ਕਲਜੁਗੀ ਸਿੱਖ

ਇਸ ਤਰ੍ਹਾਂ ਕਲਜੁਗ ਦਾ ਝੱਖੜ ਝੁੱਲਿਆ,
ਸ਼ਹਿਰ ਬੇ-ਬਾਕੀ ਦੇ ਖੰਡਰ ਹੋ ਗਏ,
ਇਸ ਤਰ੍ਹਾਂ ਅਣਖਾਂ ਦਾ ਬੇੜਾ ਡੋਲਿਆ,
ਨਿੱਕੇ ਛੱਪੜ ਵੀ ਸਮੁੰਦਰ ਹੋ ਗਏ। 

ਸਬਰ, ਸੰਤੋਖ, ਆਜਜ਼ੀ ਤੇ ਸਾਦਗੀ-
ਬਣ ਗਏ ਨੇ ਭਾਰ ਸਾਡੇ ਵਾਸਤੇ,
ਦੌਲਤ ਆਈ ਤੇ ਨਿਮਰਤਾ ਖੋ ਗਈ,
ਖੇਡ ਹੈ ਸੰਸਾਰ ਸਾਡੇ ਵਾਸਤੇ। 

ਜਗ ਨੂੰ ਜਿੱਤਣ ਦੇ ਮਗਰ ਹਾਂ ਪੈ ਗਏ,
ਤੇ ਦੇ ਦਿੱਤੀ ਮਨ ਨੂੰ ਇਕ ਖੁੱਲ੍ਹੀ ਲਗਾਮ,
ਡੋਲ੍ਹ ਕੇ ਇਸ਼ਕ-ਏ-ਹਕੀਕੀ ਦੇ ਸੁਬੂ,
ਭਰ ਕੇ ਵਰਤਾਏ ਅਸੀਂ ਐਸ਼ਾਂ ਦੇ ਜਾਮ। 

ਪਿਆਰ ਉੱਤੇ ਤਰਕ ਭਾਰੀ ਹੋ ਗਏ,
ਥਾਂ ਸਿਆਣਪ ਨੇ ਯਕੀਂ ਦੀ ਲੈ ਲਈ,
ਬੇ-ਦਿਲੀ ਤੇ ਸੰਸਿਆਂ ਦੇ ਦੌਰ ਵਿਚ,
ਅਕਲ ਹਾਵੀ ਹੋਈ, ਸ਼ਰਧਾ ਮੁੱਕ ਗਈ।

ਖ਼ੌਫ਼ ਰੁਸਵਾਈ ਦਾ ਭੋਰਾ ਨਾ ਰਿਹਾ,
ਸ਼ਰਮ ਦਾ ਅਣਮੁੱਲਾ ਗਹਿਣਾ ਲੁੱਟ ਗਿਆ,
ਬਾਣੀ ਭੁੱਲੀ ਤੇ ਰਹਿਤ ਵੀ ਭੁੱਲ ਗਈ,
ਪੁਰਖਿਆਂ ਦੇ ਨਾਲੋਂ ਰਿਸ਼ਤਾ ਟੁੱਟ ਗਿਆ।

ਦਿਲ ਦੇ ਕੋਈ ਭੁੱਲੇ-ਵਿਸਰੇ ਖ਼ਾਨੇ ਵਿਚ,
ਸਿਦਕ ਦੇ ਬੇ-ਮਿਸਲ ਜਜ਼ਬੇ ਸੋ ਗਏ,
ਮੁੱਖੜਿਆਂ ਤੋਂ ਰੰਗ ਨਿਆਰੇ ਉੱਡ ਗਏ,
ਧਰਮ ਭੁੱਲ ਕੇ ਤੌਰ 'ਲਿਬਰਲ' ਹੋ ਗਏ। 

ਸੋਹਣਿਆਂ ਰੱਬਾ ਅਸਾਂ 'ਤੇ ਮਿਹਰ ਕਰ,
ਤਾਂ ਜੋ ਹਉਮੈਂ ਦੇ ਇਹ ਬੰਧਨ ਤੋੜੀਏ,
ਤਿਆਗ ਕੇ ਮਾਇਆ ਦੀ ਭੈੜੀ ਖੇਡ ਨੂੰ,
ਆਪਣਾ ਮੁੱਖ ਮੁੜ ਗੁਰੂ ਵੱਲ ਮੋੜੀਏ। 

Friday, 16 December 2022

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸਤਿਗੁਰੂ ਨੇ ਉਹ ਬੰਨ੍ਹ ਲਾਇਆ ਜੀਹਨੇ,
ਵਹਿਣ ਕਲਜੁੱਗ ਦੇ ਦਰਿਆ ਦੇ ਮੋੜੇ, 
ਮੁੱਕ ਜਾਂਦੇ ਨੇ ਉਹਦੇ ਸੰਸੇ ਸਾਰੇ,
ਜੋ ਗੁਰਬਾਣੀ ਦੇ ਵਿਚ ਧਿਆਨ ਜੋੜੇ,
ਖ਼ਮੋਸ਼ ਹੋ ਜਾਵਣ ਮਨ ਦੀਆਂ ਤਰੰਗਾਂ,
ਤੇ ਸੁੰਨ ਹੋ ਜਾਵਣ ਅਕਲਾਂ ਦੇ ਘੋੜੇ,
ਜੀਹਨੇ ਗੁਰੂ ਦੇ ਹੱਥ ਵਿਚ ਹੱਥ ਦਿੱਤਾ,
ਗੁਰੂ ਨੇ ਆਪ ਉਹਦੇ ਬੰਧਨ ਤੋੜੇ।

ਪ੍ਰੇਮ, ਅਨੰਦ ਅਤੇ ਗਿਆਨ ਦੀਆਂ ਲਹਿਰਾਂ,
ਗੁਰ-ਸਾਗਰ 'ਚੋਂ ਹਰ ਦਮ ਉੱਠਦੀਆਂ ਨੇ,
ਜੋ ਹਓਮੈਂ, ਤ੍ਰਿਸ਼ਨਾ ਤੇ ਵਿਕਾਰਾਂ ਦੀਆਂ,
ਸਭ ਹਵੇਲੀਆਂ ਨੂੰ ਢਾਹ ਸੁੱਟਦੀਆਂ ਨੇ।

ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅੰਦਰ, 
ਦਸਾਂ ਗੁਰੂਆਂ ਦਾ ਨੂਰ ਸਮਾਇਆ ਏ,
ਇਹਦੀ ਬਾਣੀ ਵਿਚੋਂ ਮੁਤਲਾਸ਼ੀਆਂ ਨੇ,
ਟਿਕਾਣਾ ਅਕਾਲ ਪੁਰਖ ਦਾ ਪਾਇਆ ਏ,
ਜੀਹਨੇ ਨਿਮਰਤਾ ਨਾਲ ਇਹਦੇ ਅੱਗੇ, 
ਆਪਣੇ ਸੀਸ ਦਾ ਭੇਟਾ ਚੜਾਇਆ ਏ,
ਫਿਰ ਉਹਨੇ ਭੁੱਲ ਕੇ ਵੀ ਸੀਸ ਆਪਣਾ,
ਜਰਵਾਣਿਆਂ ਮੂਹਰੇ ਨਾ ਝੁਕਾਇਆ ਏ।

ਇਹਦੇ ਦਰਸ਼ਨ ਦਾ ਜੀਹਨੂੰ ਮੋਹ ਜਾਗੇ, 
ਉਹਨੂੰ ਮੋਂਹਦਾ ਫਿਰ ਸੰਸਾਰ ਨਾਹੀਂ,
ਜਿਹੜਾ ਇਹਦੇ ਦੁਆਰੇ ਪਰਵਾਣ ਹੋਵੇ, 
ਉਹਨੂੰ ਦੂਜਾ ਦਰ ਦਰਕਾਰ ਨਾਹੀਂ। 

ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੇ,
ਰੌਸ਼ਨ ਇਕ ਲੁੱਕਿਆ ਜਹਾਨ ਕੀਤਾ ਹੈ,
ਏਸ ਕਾਮਿਲ ਗੁਰੂ ਦੇ ਸਤਿ-ਬਚਨਾਂ ਨੇ,
ਮਾਇਆ ਦਾ ਮਹਿਲ ਵੀਰਾਨ ਕੀਤਾ ਹੈ,
ਖਦੇੜ ਕੇ ਬਾਤਲ ਦਿਆਂ ਲਸ਼ਕਰਾਂ ਨੂੰ,
ਉੱਚਾ ਹੱਕ-ਸੱਚ ਦਾ ਨਿਸ਼ਾਨ ਕੀਤਾ ਹੈ,
ਜੀਹਨੇ ਕਾਇਮ ਰਹਿਣਾ ਹੈ ਅਬਦ ਤੀਕਰ,
ਇਹਨੇ ਉਸ ਸੱਚ ਦਾ ਬਿਆਨ ਕੀਤਾ ਹੈ।

ਇਹਨੇ ਝੋਲੀ ਕੰਗਾਲ ਹਿਰਦਿਆਂ ਦੀ,
ਹੀਰਿਆਂ, ਰਤਨਾਂ ਦੇ ਨਾਲ ਭਰਨੀ ਹੈ,
ਇਹਨੇ ਕਲਜੁਗ ਦੇ ਘੁੱਪ ਹਨੇਰੇ ਵਿਚ,
ਮਨੁੱਖਤਾ ਦੀ ਰਹਿਨੁਮਾਈ ਕਰਨੀ ਹੈ। 

ਗ਼ਜ਼ਲ

ਇਸ਼ਕ ਹਸੀਨ ਸੀ ਤੇ ਹੁਣ, ਹੋਰ ਹਸੀਨ ਹੋ ਗਿਆ, ਤੇਰੀ ਵਫ਼ਾ 'ਤੇ ਸੱਜਣਾ, ਦਿਲ ਨੂੰ ਯਕੀਨ ਹੋ ਗਿਆ।  ਨਾਜ਼ ਭਰੀ ਨਿਗਾਹ ਦਾ ਜਾਲ, ਹੋਰ ਹਸੀਨ ਹੋ ਗਿਆ। ਹੱਦ ਤੋਂ ਜ਼ਿਆਦਾ ...