Friday 17 March 2017

ਕੀ ਇਹ ਕਾਬਿਲ ਸਨ ?

ਓ ਰੱਬਾ! ਤੇਰੇ ਲਈ ਹੈ ਇੱਕ ਸਵਾਲ ਮੇਰੇ ਕੋਲ,
ਮਰਨ ਤੀਕਰ ਉਡੀਕਾਂ ਗਾਂ ਤੇਰੇ ਜਵਾਬੀ ਬੋਲ,
ਮੇਰੀ ਸਮਝ ਤੋਂ ਬਾਹਰ ਦੇ ਕੁਝ ਰਾਜ਼ ਤੂੰ ਖੋਲ,
ਹੁਣ ਰਿਹਾ ਇੱਕ ਕਵਿਤਾ ਹੰਝੂਆਂ ਵਿੱਚ ਘੋਲ,
ਉਂਜ ਤਾਂ ਤੇਰੀ ਰਹਿਮਤ ਦੇ ਰੰਗ ਹਰ ਇੱਕ ਉੱਤੇ ਨੇ,
ਪਰ ਜਿਨ੍ਹਾਂ ਉੱਤੇ ਖਾਸ ਬਖ਼ਸ਼ਿਸ਼ ਕੀਤੀ, ਅੱਜ ਉਹ ਪਏ ਸੁੱਤੇ ਨੇ।

ਰੁੱਝਿਆ ਪਿਆ ਸੀ ਜਾਤ ਪਾਤ ਦੇ ਵਿੱਚ ਹਿੰਦੁਸਤਾਨ,
ਨਾ ਕੋਈ ਸੱਚਾ ਹਿੰਦੂ ਸੀ, ਨਾ ਸੱਚਾ ਮੁਸਲਮਾਨ,
ਤੇਰਾ ਨਾਂ ਲੈਣਾ ਭੁੱਲ ਗਈ ਸੀ ਇਨ੍ਹਾਂ ਦੀ ਜ਼ੁਬਾਨ,
ਸਾਰਿਆਂ ਉੱਤੇ ਚੜ੍ਹਾਈ ਕਰਕੇ ਅੰਧ ਵਿਸ਼ਵਾਸ ਸੀ ਸੁਲਤਾਨ,
ਭੇਜਿਆ ਫਿਰ ਤੂੰ ਗੁਰੂ ਨਾਨਕ ਹੱਥੋਂ ਆਪਣਾ ਸੁਨੇਹਾ,
ਮੈਂ ਮੈਂ ਨੂੰ ਤਿਆਗ ਕੇ ਜਿਹਨੇ ਤੇਰਾ ਤੇਰਾ ਕਿਹਾ।

ਗੁਰੂਆਂ ਨੇ ਫਿਰ ਕੀਤਾ ਸੱਚ ਦਾ ਪ੍ਰਚਾਰ,
ਉਜਾੜ ਕੇ ਰੱਖ ਦਿੱਤੇ ਪਖੰਡੀਆਂ ਦੇ ਬਜ਼ਾਰ,
ਫੋਕੀਆਂ ਰਸਮਾਂ ਉੱਤੇ ਕੀਤਾ ਕੱਸ ਕੇ ਵਾਰ,
ਤੇਰੇ ਤੱਕ ਪਹੁੰਚਣ ਦਾ ਸੱਚਾ ਰਾਹ ਕੀਤਾ ਤਿਆਰ,
ਸੱਚ ਆਖਿਆ ਕਿ ਨਿਰੇ ਪੱਥਰ ਨੇ ਬੁੱਤ,
ਜੇ ਦਰਗਾਹ ਥਾਂ ਚਾਹੁੰਦਾ, ਭੇਡ ਚਾਲ ਤੋਂ ਉੱਤੇ ਉੱਠ ।

ਹਾਕਮ ਤੋੜ ਰਹੇ ਸੀ ਜਦੋਂ ਮਜ਼ਲੂਮਾਂ ਦੇ ਸਾਹ,
ਹਿੰਦੁਸਤਾਨੀਆਂ ਦੀ ਹੋਂਦ ਨੂੰ ਰਹੇ ਸੀ ਮਿਟਾ,
ਧੱਕੇ ਨਾਲ ਸੀ ਆਪਣਾ ਦੀਨ ਰਹੇ ਮਨਵਾ,
ਸਭ ਤੋਂ ਪਹਿਲਾਂ ਚੜ੍ਹਿਆ ਸਿੱਖਾਂ ਨੂੰ ਲੜਨ ਦਾ ਚਾਹ,
ਦੇਸ਼ ਦੀ ਰਾਖੀ ਲਈ ਸ਼ਹੀਦਾਂ ਦੀਆਂ ਕਤਾਰਾਂ ਲਗਾ ਛੱਡੀਆਂ,
ਹਜ਼ਾਰਾਂ ਪਾਪੀਆਂ ਅਤੇ ਗੁਨਹਗਾਰਾਂ ਦੀਆਂ ਗਰਦਨਾਂ ਉਡਾ ਛੱਡੀਆਂ ।

ਜੇਕਰ ਅਸੀਂ ਸੁੱਖਾਂ ਅਤੇ ਆਰਾਮਾਂ ਦੇ ਚਾਹਵਾਨ ਹੁੰਦੇ,
ਕਿਉਂ ਫਿਰ ਜ਼ਾਲਮ ਹਾਕਮਾਂ ਦੇ ਕਰਦੇ ਨੁਕਸਾਨ ਹੁੰਦੇ?
ਜੇਕਰ ਸਲਾਮਤ ਇਹਨਾਂ ਹਾਕਮਾਂ ਦੇ ਈਮਾਨ ਹੁੰਦੇ,
ਕਿਓਂ ਫਿਰ ਅਸੀਂ ਤੇਗ਼ ਰੱਖਦੇ ਵਿੱਚ ਮਿਆਨ ਹੁੰਦੇ?
ਸਮਾਜ ਨੂੰ ਸੁਧਾਰਨ ਦਾ ਸੀ ਅਸੀਂ ਟੀਚਾ ਮਿਥਿਆ,
ਤਾਂਹੀਉੰ ਸਿਆਣਿਆਂ ਨੇ ਸਾਡੇ ਵਾਰੇ ਸਤਿਕਾਰ ਨਾਲ ਲਿਖਿਆ ।

ਤੇਰੇ ਨਾਮ ਦਾ ਗੂੜ੍ਹਾ ਰੰਗ ਚੜ੍ਹਾ ਕੇ,
ਬਾਣੀ ਨਾਲ ਰੂਹ ਦੀ ਤ੍ਰੇਹ ਬੁਝਾ ਕੇ,
ਪੰਜ ਕਕਾਰਾਂ ਦਾ ਧਾਰਨੀ ਬਣਾ ਕੇ,
ਮਜ਼ਲੂਮਾਂ ਨੂੰ ਗਿੱਦੜਾਂ ਤੋਂ ਸ਼ੇਰ ਬਣਾ ਕੇ,
ਸੰਤ ਸਿਪਾਹੀ ਬਣਨ ਦਾ ਕਲਗੀਧਰ ਨੇ ਪੈਗ਼ਾਮ ਸੁਣਾਇਆ,
ਤੇਰੀਆਂ ਸਿਫ਼ਤਾਂ ਨਾਲ ਸ਼ਿੰਗਾਰਿਆ ਆਪਣਾ ਕਲਾਮ ਸੁਣਾਇਆ ।

ਆਪਣੇ ਧਰਮ ਦੇ ਪੂਰੇ ਪੱਕੇ ਗੁਰਸਿੱਖ ਰਹੇ ,
ਘੱਲੂਘਾਰਿਆਂ ਵਿੱਚ ਵੀ ਜਪਦੇ ਤੇਰਾ ਨਾਮ ਰਹੇ,
ਆਪਣੇ ਸ਼ਰੀਰਾਂ ਉੱਤੇ ਅਣਗਿਣਤ ਤਸੀਹੇ ਸਹੇ,
ਹਾਕਮਾਂ ਵੱਲੋਂ ਉਨ੍ਹਾਂ ਸਿਰਾਂ ਦੇ ਭਾਰੇ ਮੁੱਲ ਪਏ,
ਆਰਿਆਂ ਨਾਲ ਚਿਰਾਏ ਗਏ ਤੇ ਕਟਾਏੇ ਬੰਦ ਬੰਦ,
ਸੀਸ ਤਿਆਗ ਦਿੱਤੇ ਪਰ ਸਲਾਮਤ ਰੱਖੇ ਕੇਸ ਅੰਗ ਅੰਗ।

ਕੋਈ ਕਸਰ ਨਹੀਂ ਛੱਡੀ ਜ਼ਾਲਮ ਬਾਹਵਾਂ ਨੇ,
ਤੱਪਦੀ ਧੁੱਪਾਂ ਤੋਂ ਨਹੀਂ ਸਹਾਰਾ ਦਿੱਤਾ ਛਾਵਾਂ ਨੇ,
ਪਰ ਸਿਦਕ ਨਹੀਂ ਹਾਰਿਆ ਸਿੱਖ ਭਰਾਵਾਂ ਨੇ,
ਨਿੱਕੇ ਪੁੱਤ ਵੀ ਤੀਰਾਂ ਦੀ ਭੇਟ ਚੜ੍ਹਾਏ ਮਾਵਾਂ ਨੇ,
ਜੇ ਛੱਡ ਦਿੰਦੇ ਸਿੱਖੀ, ਤਾਂ ਵਕ਼ਤ ਬੜਾ ਸੌਖਾ ਹੁੰਦਾ,
ਪਰ ਗੁਰੂ ਦੀ ਰਾਹ ਤੇ ਤੁਰਨ ਦਾ ਆਨੰਦ ਅਨੋਖਾ ਹੁੰਦਾ।

ਹਕੂਮਤਾਂ ਨੇ ਕੀਤਾ ਸਿੱਖਾਂ ਦਾ ਅੰਨ੍ਹੇਵਾਹ ਕਤਲ-ਏ-ਆਮ,
ਵਿੱਚ ਗਲ੍ਹੀਆਂ ਦੇ ਵਰਸਾਇਆ ਲਹੂ ਦਾ ਮੀਂਹ ਸ਼ਰ-ਏ-ਆਮ,
ਸਿੱਖਾਂ ਦੀ ਹੋਂਦ ਮਿਟਾਉਣ ਤੋਂ ਰਹੇ ਫਿਰ ਵੀ ਨਾਕਾਮ,
ਕੰਡਿਆਂ ਦੀ ਸੇਜ ਵਿਛਾਈ, ਕੀਤਾ ਜੰਗਲਾਂ ਵਿੱਚ ਆਰਾਮ,
ਚੜ੍ਹਦੀਕਲਾ ਵਿੱਚ ਰਹਿਣ ਦੀ ਕਲਾ ਸਿਖਾਈ ਸਿੱਖਾਂ ਨੇ,
ਮੁਗ਼ਲ ਤੇ ਅਫ਼ਗ਼ਾਨੀ ਲਸ਼ਕਰਾਂ ਉੱਤੇ ਕੀਤੀ ਚੜ੍ਹਾਈ ਸਿੱਖਾਂ ਨੇ ।

ਪਰ ਕੀ ਦੱਸਾਂ ਮੈਂ ਅੱਜ ਕੱਲ੍ਹ ਦੇ ਸਿੱਖਾਂ ਦਾ ਹਾਲ,
ਕੌਮ ਦਾ ਭਵਿੱਖ ਸੋਚ ਕੇ ਆਉਂਦੇ ਡਰਾਉਣੇ ਖ਼ਿਆਲ,
ਨਹੀਂ ਹੋ ਰਹੀ ਇਨ੍ਹਾਂ ਤੋਂ ਵਿਰਾਸਤ ਦੀ ਸੰਭਾਲ,
ਪਤਾ ਨਹੀਂ ਦੇ ਰਹੇ ਨੇ ਕਿਹੜੀ ਸਿੱਖੀ ਦੀ ਮਿਸਾਲ,
ਘੁੰਮਦੇ ਪਏ ਨੇ ਫਿਰ ਪਖੰਡੀਆਂ ਦੇ ਆਲੇ ਦੁਆਲੇ,
ਆਪਣੇ ਦਿਮਾਗ ਵਿੱਚ ਲੱਖਾਂ ਵਹਿਮ ਭਰਮ ਪਾਲੇ।

ਅੱਜ ਫਿਰ ਇਹ ਬੁੱਤਾਂ ਨੂੰ ਮੱਥੇ ਟੇਕ ਰਹੇ ਨੇ,
ਫੋਕੀਆਂ ਰਸਮਾਂ ਦੇ ਬਹਾਨੇ ਅੱਗਾਂ ਸੇਕ ਰਹੇ ਨੇ,
ਬੇਲੋੜੇ ਵਰਤ ਰੱਖਣ ਵਿੱਚ ਸੁੱਖ ਵੇਖ ਰਹੇ ਨੇ,
ਪਖੰਡੀਆਂ ਦੀਆਂ ਸਿਫ਼ਤਾਂ ਦੇ ਲਿਖ ਲੇਖ ਰਹੇ ਨੇ,
ਗੁਰੂਆਂ ਦੀਆਂ ਸਿੱਖਿਆਵਾਂ ਤੋਂ ਨੇ ਅਣਜਾਣ,
ਆਖਿਰ ਕਿਉਂ ਨਹੀਂ ਇਹ ਸੱਚ ਨੂੰ ਰਹੇ ਪਛਾਣ?

ਕੇਸ ਕਟਾਉਣ ਦੇ ਨੇ ਇਨ੍ਹਾਂ ਕੋਲ ਬਹਾਨੇ ਹਜ਼ਾਰ,
ਲਾਹ ਕੇ ਸੁੱਟ ਛੱਡਿਆ ਗੁਰੂ ਦਾ ਬਖਸ਼ਿਆ ਸ਼ਿੰਗਾਰ,
ਬੇਅਦਬੀ ਕਰਦਿਆਂ ਕੇਸਾਂ ਦੀ ਨਹੀਂ ਡਰਦੇ ਇੱਕ ਵਾਰ,
ਤੇਰਾ ਸਾਬਤ ਸੂਰਤ ਰੂਪ ਵਿਗਾੜ ਛੱਡਦੇ ਵਾਰ ਵਾਰ,
ਸਿੱਖਾਂ ਦੇ ਕੀਤੇ ਸੰਘਰਸ਼ਾਂ ਨੂੰ ਪੁਰਾਣੇ ਜ਼ਮਾਨੇ ਸਮਝਦੇ,
ਆਪਣੇ ਆਪ ਨੂੰ ਗੁਰੂ ਤੋਂ ਵੱਧ ਸਿਆਣੇ ਸਮਝਦੇ ।

ਮਾਵਾਂ ਨੂੰ ਔਖੇ ਲੱਗਦੇ ਨੇ ਪੁੱਤ ਪਾਲਣੇ,
ਨਹੀਂ ਆਉਂਦੇ ਇਨ੍ਹਾਂ ਨੂੰ ਬੱਚੇ ਦੇ ਕੇਸ ਸੰਭਾਲਣੇ,
ਕਿਵੇਂ ਯਾਦ ਰੱਖਣਗੇ ਇਹ ਸਿੱਖੀ ਕਿੱਸੇ ਸੁਣਾਵਣੇ,
ਇਹ ਭੁੱਲ ਜਾਂਦੇ ਨੇ ਗੁਰੂਆਂ ਦੇ ਨਾਮ ਬਤਾਵਣੇ ,
ਗਿੱਝ ਗਏ ਨੇ ਬੱਚੇ ਇਨ੍ਹਾਂ ਦੇ ਲਾਡ ਪਿਆਰ ਨਾਲ,
ਕਿੱਦਾਂ ਕਰਨਗੇ ਆਸ਼ਿਕੀ ਸਰਹਿੰਦ ਦੀ ਦੀਵਾਰ ਨਾਲ?

ਮੰਨਿਆ ਸ਼ਾਮਿਲ ਨੇ ਕੌਮ ਵਿੱਚ ਕਈ ਹੁਸ਼ਿਆਰ,
ਜੀਅ ਜਾਨ ਨਾਲ ਕਰਦੇ ਜਿਹੜੇ ਸਿੱਖੀ ਦਾ ਪ੍ਰਚਾਰ,
ਤੇਰੇ ਬਖ਼ਸ਼ੇ ਸਾਬਤ ਸੂਰਤ ਰੂਪ ਨਾਲ ਕਰਦੇ ਪਿਆਰ,
ਸੱਚੇ ਮਨ ਨਾਲ ਕਰਦੇ ਗੁਰੂ ਦੀ ਬਾਣੀ ਦਾ ਵਿਚਾਰ,
ਪਰ ਲੱਖਾਂ ਉੱਤੇ ਤੇਰੀਆਂ ਪਹਿਲਾਂ ਵਰਗੀਆਂ ਬਰਕਤਾਂ ਨਹੀਂ,
ਪਹਿਲਾਂ ਵਰਗੀਆਂ ਉੱਚੀਆਂ ਸੁੱਚੀਆਂ ਇਨ੍ਹਾਂ ਦੀਆਂ ਹਰਕਤਾਂ ਨਹੀਂ।

ਤੈਨੂੰ ਵੀ ਹੈ ਪਤਾ, ਨਹੀਂ ਹੈ ਸੌਖਾ ਸਿੱਖੀ ਦਾ ਰਾਹ,
ਉਹ ਹੀ ਤੁਰ ਸਕਦਾ ਹੈ ਜਿਹਨੂੰ ਹੈ ਗੁਰੂ ਦੀ ਸ਼ਰਨ ਦਾ ਚਾਹ,
ਇਹ ਅੱਜ ਜਿਹੜੇ ਆਪਣੇ ਆਪ ਨੂੰ ਸਿੱਖ ਰਹੇ ਕਹਾ,
ਧੱਕੇ ਨਾਲ ਆਪਣੀ ਰੂਹ ਨੂੰ ਝੂਠੀ ਗੱਲ ਰਹੇ ਮਨਵਾ,
ਸਿੱਖੀ ਵਿੱਚ ਜੰਮੇ, ਵੱਡੇ ਭਾਗ ਇਨ੍ਹਾਂ ਕੋਲ ਹਾਸਿਲ ਸਨ,
ਪਰ ਸਵਾਲ ਇਹ, ਕੀ ਇਹ ਇਸ ਦੇ ਕਾਬਿਲ ਸਨ ?

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...