Sunday 3 November 2019

ਜ਼ਮੀਨਾਂ, ਪੌਣਾਂ ਦੀ ਬੋਲੀ
ਦਰਖ਼ਤਾਂ, ਤ੍ਰੇਲਾਂ ਦੀ ਬੋਲੀ ।
ਗੁਲਾਬਾਂ, ਖ਼ਾਰਾਂ ਦੀ ਬੋਲੀ 
ਵਿਜੋਗਾਂ, ਮੇਲਾਂ ਦੀ ਬੋਲੀ । 

ਸਿਆੜਾਂ, ਖੇਤਾਂ ਦੀ ਬੋਲੀ 
ਲਹੂ, ਦਿਲ, ਸਾਹਾਂ ਦੀ ਬੋਲੀ ।
ਕਿ ਧੁੱਪਾਂ, ਛਾਵਾਂ ਦੀ ਬੋਲੀ 
ਕਿ ਸੁੰਞੇ ਰਾਹਾਂ ਦੀ ਬੋਲੀ । 

ਜਨੌਰਾਂ, ਡਾਰਾਂ ਦੀ ਬੋਲੀ 
ਖ਼ੁਦਾ ਦੇ ਜੀਵਾਂ ਦੀ ਬੋਲੀ । 
ਅਵਾਰਾ ਧੂੜਾਂ ਦੀ ਬੋਲੀ
ਥਲਾਂ, ਦਰਿਆਵਾਂ ਦੀ ਬੋਲੀ ।

ਬਸੰਤਾਂ, ਫੁੱਲਾਂ ਦੀ ਬੋਲੀ 
ਨਸੀਮਾਂ, ਬਾਦਾਂ ਦੀ ਬੋਲੀ ।
ਸ਼ਮੀਮਾਂ, ਬਾਗ਼ਾਂ ਦੀ ਬੋਲੀ 
ਖਰੀ ਦਿਲਸ਼ਾਦਾਂ ਦੀ ਬੋਲੀ । 

ਉਕਾਬਾਂ, ਸ਼ਾਹਾਂ ਦੀ ਬੋਲੀ 
ਅਕਾਲੀ ਵਾਕਾਂ ਦੀ ਬੋਲੀ । 
ਗੁਰਾਂ ਦੇ ਸਿੱਖਾਂ ਦੀ ਬੋਲੀ 
ਹੈ ਪਾਕੰ ਪਾਕਾਂ ਦੀ ਬੋਲੀ ।  

ਕੋਈ ਅੱਖਰ ਪੜ੍ਹਾ ਸਾਨੂੰ 
ਇਹ ਬੋਲੀ ਤੂੰ ਸਿਖਾ ਸਾਨੂੰ ।
ਕਿ ਰਮਜ਼ਾਂ ਗੁੱਝੀਆਂ ਖੁੱਲ੍ਹਣ 
ਨਵੇਂ ਨਗ਼ਮੇ ਸੁਣਾ ਸਾਨੂੰ । 
ਅਸਾਡੇ ਤੇ ਕਰਮ ਹੋਵੇ 
ਤੇਰੀ ਕੁਦਰਤ ਦੀ ਗੱਲ ਸੁਣੀਏ ,
ਭੁਲਾ ਕੇ ਅਕਲਾਂ ਦੀ ਬੋਲੀ 
ਤੇਰੀ ਧਰਤੀ ਦੀ ਗੱਲ ਸੁਣੀਏ !

Friday 11 October 2019

ਅਰਦਾਸ

ਕਾਹਤੋਂ ਨਜ਼ਰ ਤੂੰ ਫੇਰ ਲਈ ਮੇਰੇ ਸਾਈਆਂ ,
ਓ ਰੱਬਾ! ਜਿੰਦੜੀ ਮੇਰੀ ਕੁਰਲਾਵੇ ਰਾਤ ਦਿਨ,
ਕੱਲ੍ਹੀ, ਨਿਮਾਣੀ ਜਿੰਦ ਹੈ ਦੇਸ ਆਪਣੇ ਤੋਂ ਦੂਰ,
ਕਿੱਦਾਂ ਗੁਜ਼ਾਰਾ ਹੋਵੇ ਜਹਾਂ ਵਿੱਚ ਤੇਰੇ ਬਿਨ?
ਸੜ ਬਲ ਕੇ ਹਿਜਰ ਦੀ ਅਗਨ ਅੰਦਰ ਘੜੀ ਘੜੀ,
ਦਰ ਦਰ ਤੇ ਰੁਲ਼ ਕੇ ਬਾਜ਼ੀ ਅਸੀਂ ਹਰਦੇ ਜਾਈਏ ,
ਬੇ-ਰਹਿਮ ਪੰਜ ਦੂਤਾਂ ਦੀ ਇਸ ਸਖ਼ਤ ਕੈਦ ਵਿੱਚ ,
ਘੁੱਟੇ ਇਹ ਸਾਹ ਸਾਡਾ , ਅਸੀਂ ਮਰਦੇ ਜਾਈਏ ।


ਜੇ ਤੇਰੀ ਓਟ, ਆਸਰਾ ਮਿਲ ਜੇ ਤਾਂ ਕਹਿਣੇ ਕੀ!
ਵਿਗੜੀ ਕੋਈ ਵੀ ਗੱਲ ਕਰੇ ਹੱਲ ਤੇਰੀ ਨਿਗਾਹ ,
ਭੁੱਲਾਂ, ਗੁਨਾਹਾਂ, ਪਾਪਾਂ, ਖ਼ਤਾਵਾਂ ਨੂੰ ਬਖ਼ਸ਼ ਦੇ ,
ਆਵੇ ਕਦੇ ਇਹ ਪਾਪੀ ਦੇ ਵੀ ਵੱਲ ਤੇਰੀ ਨਿਗਾਹ ।
ਇਹ ਛੋਟੀ ਮੱਤ ਮੇਰੀ 'ਚ ਕਰਦੇ ਤੂੰ ਚਾਨਣਾ ,
ਭੈੜਾ ਕੋਈ ਵਿਚਾਰ ਤਾਂ ਭੁੱਲ ਕੇ ਵੀ ਨਾ ਰਹੇ ,
ਲਿਵ ਜਿਸ ਨੂੰ ਤੇਰੇ ਨਾਮ ਦੀ ਲੱਗ ਜਾਏ ਓਸ 'ਤੇ ,
ਹਉਮੈਂ ਦਾ ਕੋਈ ਭਾਰ ਤਾਂ ਭੁੱਲ ਕੇ ਵੀ ਨਾ ਰਹੇ ।

Sunday 21 July 2019

ਹੈ ਅਨੋਖੀ ਤੇਰੀ ਅਜ਼ਮਤ, ਤੇਰੀ ਉਸਤਤ ਦੀ ਗੱਲ ,
ਪਾਣੀ, ਧਰਤੀ, ਹਵਾ, ਮਿੱਟੀ , ਤੇਰੀ ਕੁਦਰਤ ਦੀ ਗੱਲ ।

ਗੱਡ ਕੇ ਆਪਣੀ ਕਬਰ ਆਪਣੇ ਹੀ ਹੱਥੀਂ ਮਨੁੱਖ ,
ਕਰ ਰਿਹਾ ਹੈ ਇਹ ਤਰੱਕੀ ਅਤੇ ਜਿੱਦਤ ਦੀ ਗੱਲ ।

ਰੱਬ ਦੀ ਧਰਤੀ ਦਾ ਸਤਕਾਰ ਕਰ ਓ ਨਾਦਾਨਾ !
ਸੱਦਾ ਪਰਲੋ ਲਈ ਹੈ ਤੇਰੀ ਤਜਾਰਤ ਦੀ ਗੱਲ ।

ਖ਼ਵਾਰੀ ਤੇ ਜ਼ਿੱਲਤਾਂ ਦੀ ਆਦੀ ਹੋ ਜਾਂਦੀ ਉਹ ਕੌਮ
ਸਮਝੇ ਨਾ ਕਰਨੀ ਜ਼ਰੂਰੀ ਜੋ ਵਿਰਾਸਤ ਦੀ ਗੱਲ ।  

ਧਰਤੀ ਤੇ ਅੰਬਰਾਂ ਨੇ ਸੀਸ ਝੁਕਾਏ ਦਿੱਤੇ
ਹੋਈ ਜਦ ਗੁਰਮੁਖਾਂ ਦੀ ਘਾਲ, ਸ਼ਹਾਦਤ ਦੀ ਗੱਲ।

ਪਹਿਲਾਂ ਤਾਂ ਜ਼ੁਲਮ, ਤਸ਼ੱਦਦ ਤੇ ਸਿਤਮ ਕਰਦੇ ਨੇ
ਫੇਰ ਕੰਬ ਉੱਠਦੇ ਨੇ ਉਹ ਸੁਣ ਕੇ ਬਗ਼ਾਵਤ ਦੀ ਗੱਲ ।

Friday 10 May 2019

ਕਾਵਾਂ ਨੂੰ ਆਖਦੇ ਪਏ ਕਿਉਂ ਅੰਦਲੀਬ ਲੋਕ?

ਕਾਵਾਂ ਨੂੰ ਆਖਦੇ ਪਏ ਕਿਉਂ ਅੰਦਲੀਬ ਲੋਕ?
ਮੇਰੀ ਸਮਝ 'ਚ ਤਾਂ ਨਹੀਂ ਆਉਂਦੇ ਅਜੀਬ ਲੋਕ !

ਤਾਰੀਖ਼ ਹੈ ਗਵਾਹ ਕਿ ਸੱਚੇ ਮਨੁੱਖ ਲਈ
ਰੱਖਣ ਸਜਾ ਕੇ ਰੱਸੀਆਂ , ਫਾਹੇ , ਸਲੀਬ ਲੋਕ

ਰੱਖੀ ਜਿਨ੍ਹਾਂ ਤੇ ਆਸ ਉਮੀਦ ਆਪਣੀ ਸੀ ਮੈਂ 

ਅੱਜ ਹੱਥ ਜੋੜ ਕੇ ਗਏ ਮੁੜ ਉਹ ਤਬੀਬ ਲੋਕ

ਕਿਰਦਾਰ ਦੀ ਸਲਾਮਤੀ ਮੁਮਕਿਨ ਉਦੋਂ ਹੀ ਹੈ
ਜਦ ਰੱਬ ਨੂੰ ਸ਼ਾਹ ਰਗ ਤੋਂ ਵੀ ਜਾਨਣ ਕਰੀਬ ਲੋਕ

ਲੜ ਲੱਗ ਕੇ ਗੁਰੂ ਦੇ ਹੀ ਮੁੱਕਣ ਇਹ ਦੁੱਖ ਕਲੇਸ਼
ਤਾਰੇ ਨੇ ਜਿਸ ਦੀ ਬਾਣੀ ਨੇ ਨਿਰਧਨ ਗ਼ਰੀਬ ਲੋਕ

ਜਿਹੜੇ ਗੁਰੂ ਨੂੰ ਭੁੱਲ ਕੇ ਦਰ ਦਰ ਤੇ ਹੋਣ ਖ਼ਵਾਰ
ਹਰਸਿਮਰਨ ਓਹੀ ਸਭਨਾਂ ਤੋਂ ਵੱਧ ਬਦ ਨਸੀਬ ਲੋਕ

Friday 12 April 2019

ਪੰਜਾਬ ਦੀ ਸਰਜ਼ਮੀਨ ਦੀ ਫ਼ਰਿਆਦ

ਕਿਉਂ ਨਹੀਂ ਸੁਣਦਾ ਪਿਆ ਤੱਤੜੀ ਦੀ ਚੀਕ ਕੋਈ ?
ਰਾਤ ਭਾਰੀ ਰਹੇ ਗੀ ਦੱਸੋ ਕਦੋਂ ਤੀਕ ਕੋਈ ?
ਮੈਨੂੰ ਸੂਰਜ ਨੂੰ ਵੀ ਵੇਖੇ ਹੋਏ ਮੁੱਦਤ ਹੋ ਗਈ
ਆਸ ਦੇ ਬੂਟੇ ਮਿਰੇ ਨੂੰ ਮੋਏ ਮੁੱਦਤ ਹੋ ਗਈ
ਛਾਇਆ ਹੋਇਆ ਹੈ ਬੜਾ ਡਾਢਾ ਹਨੇਰਾ ਇੱਥੇ
ਪੀੜਾਂ, ਦਰਦਾਂ ਤੇ ਗ਼ਮਾਂ ਲਾਇਆ ਹੈ ਡੇਰਾ ਇੱਥੇ

ਆਏ ਜਰਵਾਣੇ ਤੇ ਲੁੱਟ ਪੁੱਟ ਕੇ ਸਗਲ ਧਨ ਲੈ ਗਏ
ਸ਼ਾਨ ਮੇਰੀ, ਅਦਾ ਮੇਰੀ ਅਤੇ ਜੋਬਨ ਲੈ ਗਏ
ਵੀਰਾਂ ਨੂੰ ਜਾਨ ਦੇ ਵੈਰੀ ਬਣਾ ਕੇ ਰੱਖ ਦਿੱਤਾ
ਘਰ 'ਚ ਭਾਂਬੜ ਬੜਾ ਉਹਨਾਂ ਮਚਾ ਕੇ ਰੱਖ ਦਿੱਤਾ
ਜਾਂਦੇ ਜਾਂਦੇ ਤਾਂ ਜਮਾਂ ਨ੍ਹੇਰ ਲਿਆ ਦਿੱਤਾ ਸੀ
ਖ਼ੰਜਰਾਂ ਨਾਲ ਮਿਰਾ ਸੀਨਾ ਸਜਾ ਦਿੱਤਾ ਸੀ

ਹੁਣ ਜੋ ਆਲਮ ਹੈ, ਬਿਆਨ ਉਹਨੂੰ ਕਿਵੇਂ ਕੋਈ ਕਰੇ
ਪੁੱਤ ਮੇਰਾ ਵੀ ਕੋਈ ਨਾ ਮਿਰੀ ਦਿਲ ਜੋਈ ਕਰੇ
ਧਰਤੀ ਤਾਂ ਵੰਡੀ ਹੀ, ਇਹ ਦਰਿਆ ਵੀ ਕੀਤੇ ਤਕਸੀਮ
ਕਿੱਥੇ ਉਹ ਰੰਗ ਗਏ , ਕਿੱਥੇ ਗਈ ਸ਼ਾਨ-ਏ-ਕਦੀਮ?
ਕਿਉਂ ਤੁਹਾਨੂੰ ਇਹ ਨਜ਼ਾਰਾ ਭਲਾ ਲੱਗੇ ਚੰਗਾ ?
ਵਿਚ ਦੋ ਆਜ਼ਾਦ ਵਤਨ , ਕੈਦ ਹੋਏ ਪੰਜ ਦਰਿਆ
ਅਕਲ ਵਾਲੇ ਹੀ ਨੇ ਸਾਰੇ ਤਾਂ ਹੀ ਨਫ਼ਰਤ ਵੱਸੇ
ਕੋਈ ਦਿਲ ਵਾਲਾ ਜੇ ਹੋਵੇ ਤਾਂ ਮੁਹੱਬਤ ਹੱਸੇ

ਕਾਹਤੋਂ ਬਾਲੀ ਹੈ ਤੁਸੀਂ ਦਿਲ 'ਚ ਨ-ਜਾਇਜ਼ ਹੀ ਅੱਗ
ਕਿਉਂ ਲਹੂ ਖੌਲਦੇ ਹੋ ਲੀਡਰਾਂ ਦੇ ਆਖੇ ਲੱਗ ?
ਲੀਡਰਾਂ , ਮੀਡੀਆ ਤੇ ਹੋਰਾਂ ਦਾ ਤਾਂ ਕੰਮ ਹੀ ਇਹ ਹੈ
ਲੁੱਟਣਾ ਖੋਹਣਾ ਤਾਂ ਹੈ , ਚੋਰਾਂ ਦਾ ਤਾਂ ਕੰਮ ਹੀ ਇਹ ਹੈ
ਤੁਸੀਂ ਕਿਉਂ ਇਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਹੋ
ਤੈਸ਼ ਵਿਚ ਆ ਕੇ ਤੁਸੀਂ ਸੁਰਤ ਭੁਲਾ ਜਾਂਦੇ ਹੋ
ਨੇੜੇ ਹੁੰਦੇ ਹੋਏ ਵੀ ਦੂਰੀ ਪਾ ਕੇ ਬਹਿ ਗਏ ਹੋ
ਇਕ ਤਮਾਸ਼ਾ ਜਿਹਾ ਬਣ ਕੇ ਤੁਸੀਂ ਹੁਣ ਰਹਿ ਗਏ ਹੋ
ਖ਼ੁਦ ਤਾਂ ਰੋਂਦੇ ਹੀ ਹੋ , ਮੈਨੂੰ ਵੀ ਰੁਲਾਉਂਦੇ ਹੋ ਤੁਸੀਂ
ਫ਼ਾਸਲੇ ਜਦ ਵੀ ਦਿਲਾਂ ਵਿੱਚ ਵਧਾਉਂਦੇ ਹੋ ਤੁਸੀਂ

ਜ਼ਰਾ ਵੇਖੋ ਤਾਂ ਸਹੀ ਧਰਤੀ ਤੁਹਾਡੀ ਇੱਕ ਹੈ
ਰੰਗ ਇਕ ਹੈ ਤੇ ਜ਼ੁਬਾਂ ਬੋਲੀ ਤੁਹਾਡੀ ਇੱਕ ਹੈ
ਸੱਚ ਆਖਾਂ ਤਾਂ ਨਸਾਂ ਵਿੱਚ ਲਹੂ ਵੀ ਇੱਕ ਹੈ
ਇਹ ਤੁਹਾਡੀ ਹਵਾ ਦਾ ਰੰਗ ਤੇ ਬੂ ਵੀ ਇੱਕ ਹੈ
ਫ਼ਰਕ ਮਜ਼ਹਬ ਦੇ ਤੁਸੀਂ ਲੱਭ ਨਿਖੇੜੇ ਕੀਤੇ
ਸੈਂਕੜੇ ਹੀ ਖੜੇ ਫਿਰ ਝਗੜੇ ਤੇ ਝੇੜੇ ਕੀਤੇ
ਰੱਬ ਮੂਹਰੇ ਕਰਾਂ ਮੈਂ ਬੱਸ ਇਹੋ ਹੀ ਫ਼ਰਿਆਦ
ਜ਼ਿਹਨ ਖ਼ਲਕਤ ਦਾ ਕਰੀ ਕੈਦੋਂ ਖ਼ੁਦਾਇਆ ਆਜ਼ਾਦ

Wednesday 20 February 2019

ਮੀਡੀਆ

ਕੀ ਰਹਿ ਗਿਆ ਹੈ ਹੁਣ ਤੇਰਾ ਇਤਬਾਰ ਮੀਡੀਆ ?
ਸਭ ਹੱਦਾਂ ਨੂੰ ਹੀ ਕਰਦਾ ਪਿਆ ਪਾਰ ਮੀਡੀਆ ।
ਇੱਕੋਂ ਹੀ ਪਾਸਿਓਂ ਦੀ ਇਹ ਤਸਵੀਰ ਨੂੰ ਵਿਖਾ
ਕਰਦਾ ਹੈ ਸਾਹਿਬਾਂ ਦਾ ਤੂੰ ਸਤਿਕਾਰ ਮੀਡੀਆ ।
ਮਜ਼ਲੂਮਾਂ ਦੀ ਨਾ ਪੀੜ ਵਿਖਾਵੇ ਤੂੰ ਭੁੱਲ ਕੇ ਵੀ
ਨਫ਼ਰਤ ਦਾ ਖੁੱਲ੍ਹ ਕੇ ਕਰੇ ਪਰਚਾਰ ਮੀਡੀਆ ।
ਜਾਹਲ ਵੀ ਕਰਦੇ ਨੇ ਬੜਾ ਉਸ ਬੋਲੀ ਤੋਂ ਗੁਰੇਜ਼
ਤੂੰ ਜਿਹੜੇ ਲਫ਼ਜ਼ਾਂ ਵਿਚ ਕਰੇ ਗੁਫ਼ਤਾਰ ਮੀਡੀਆ ।

ਦਸਤੂਰ ਹੀ ਨਿਰਾਲੇ ਨੇ ਇਸ ਮੁਲਕ ਦੇ ਜਦੋਂ
ਫਿਰ ਹੁਣ ਕਰੇ ਵੀ ਤਾਂ ਕੀ ਇਹ ਲਾਚਾਰ ਮੀਡੀਆ ?
ਹਿੱਸੇ 'ਚ ਉਹਦੇ ਸਿਰਫ਼ ਮਲਾਮਤ ਹੀ ਤਾਂ ਪਵੇ
ਜੇ ਸੱਚੀ ਗੱਲ ਦਾ ਕਰੇ ਇਜ਼ਹਾਰ ਮੀਡੀਆ ।

Monday 18 February 2019

ਜਗ ਵੇਖ ਕੇ ਤਾਂ ਦਿਲ ਮਿਰਾ ਭਾਰਾ ਹੋ ਹੀ ਜਾਂਦੈ ।
ਨੇਕੀ ਦੇ ਵਪਾਰਾਂ 'ਚ ਖ਼ਸਾਰਾ ਹੋ ਹੀ ਜਾਂਦੈ ।

ਮੈਂ ਪੂਰਾ ਜਤਨ ਕਰਦਾਂ ਕਿ ਲੱਭਾਂ ਖ਼ੁਸ਼ੀ ਇੱਥੇ
ਪਰ ਫੇਰ ਵੀ ਗ਼ਮ ਦਾ ਤਾਂ ਨਜ਼ਾਰਾ ਹੋ ਹੀ ਜਾਂਦੈ ।

ਤੂੰ ਹੌਸਲਾ ਨਾ ਹਾਰ ਕਿ ਇਸ ਵਕਤ ਦੇ ਹੱਥੀਂ
ਪੀੜਾਂ ਦਾ ਕੋਈ ਨਾ ਕੋਈ ਚਾਰਾ ਹੋ ਹੀ ਜਾਂਦੈ ।

ਦੁਨੀਆ ਬੜੀ ਦਿਲਕਸ਼ ਤੇ ਫ਼ਰੇਬੀ ਸਹੀ ਪਰ ਜਦ
ਆਸ਼ਕ ਹੋਏ ਸੱਚਾ ਤਾਂ ਕਿਨਾਰਾ ਹੋ ਹੀ ਜਾਂਦੈ ।

ਕਿੱਡਾ ਵੀ ਸਿਆਣਾ ਜਾਂ ਹੁਨਰਮੰਦ ਉਹ ਹੋਵੇ
ਵੇਹਲਾ ਜੇ ਉਹ ਬੈਠੇ ਤਾਂ ਨਕਾਰਾ ਹੋ ਹੀ ਜਾਂਦੈ ।

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...