Sunday 3 November 2019

ਜ਼ਮੀਨਾਂ, ਪੌਣਾਂ ਦੀ ਬੋਲੀ
ਦਰਖ਼ਤਾਂ, ਤ੍ਰੇਲਾਂ ਦੀ ਬੋਲੀ ।
ਗੁਲਾਬਾਂ, ਖ਼ਾਰਾਂ ਦੀ ਬੋਲੀ 
ਵਿਜੋਗਾਂ, ਮੇਲਾਂ ਦੀ ਬੋਲੀ । 

ਸਿਆੜਾਂ, ਖੇਤਾਂ ਦੀ ਬੋਲੀ 
ਲਹੂ, ਦਿਲ, ਸਾਹਾਂ ਦੀ ਬੋਲੀ ।
ਕਿ ਧੁੱਪਾਂ, ਛਾਵਾਂ ਦੀ ਬੋਲੀ 
ਕਿ ਸੁੰਞੇ ਰਾਹਾਂ ਦੀ ਬੋਲੀ । 

ਜਨੌਰਾਂ, ਡਾਰਾਂ ਦੀ ਬੋਲੀ 
ਖ਼ੁਦਾ ਦੇ ਜੀਵਾਂ ਦੀ ਬੋਲੀ । 
ਅਵਾਰਾ ਧੂੜਾਂ ਦੀ ਬੋਲੀ
ਥਲਾਂ, ਦਰਿਆਵਾਂ ਦੀ ਬੋਲੀ ।

ਬਸੰਤਾਂ, ਫੁੱਲਾਂ ਦੀ ਬੋਲੀ 
ਨਸੀਮਾਂ, ਬਾਦਾਂ ਦੀ ਬੋਲੀ ।
ਸ਼ਮੀਮਾਂ, ਬਾਗ਼ਾਂ ਦੀ ਬੋਲੀ 
ਖਰੀ ਦਿਲਸ਼ਾਦਾਂ ਦੀ ਬੋਲੀ । 

ਉਕਾਬਾਂ, ਸ਼ਾਹਾਂ ਦੀ ਬੋਲੀ 
ਅਕਾਲੀ ਵਾਕਾਂ ਦੀ ਬੋਲੀ । 
ਗੁਰਾਂ ਦੇ ਸਿੱਖਾਂ ਦੀ ਬੋਲੀ 
ਹੈ ਪਾਕੰ ਪਾਕਾਂ ਦੀ ਬੋਲੀ ।  

ਕੋਈ ਅੱਖਰ ਪੜ੍ਹਾ ਸਾਨੂੰ 
ਇਹ ਬੋਲੀ ਤੂੰ ਸਿਖਾ ਸਾਨੂੰ ।
ਕਿ ਰਮਜ਼ਾਂ ਗੁੱਝੀਆਂ ਖੁੱਲ੍ਹਣ 
ਨਵੇਂ ਨਗ਼ਮੇ ਸੁਣਾ ਸਾਨੂੰ । 
ਅਸਾਡੇ ਤੇ ਕਰਮ ਹੋਵੇ 
ਤੇਰੀ ਕੁਦਰਤ ਦੀ ਗੱਲ ਸੁਣੀਏ ,
ਭੁਲਾ ਕੇ ਅਕਲਾਂ ਦੀ ਬੋਲੀ 
ਤੇਰੀ ਧਰਤੀ ਦੀ ਗੱਲ ਸੁਣੀਏ !

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...