Wednesday 5 April 2017

ਮੈਂ ਹਿਮਾਲਿਆ ਬੋਲਦਾ

ਸਮਝਦੇ ਹੋ ਤੁਸੀਂ ਜਿਸ ਨੂੰ ਸਵਰਗ ਦੇ ਕੋਲ ਦਾ ,
ਸੁਣੋ ਦੁਨੀਆ ਵਾਲਿਓ ਅੱਜ ਮੈਂ ਹਿਮਾਲਿਆ ਬੋਲਦਾ,
ਜਿਹੜੇ ਗਿਲੇ ਸ਼ਿਕਵੇ ਨੇ ਤੁਹਾਡੇ ਨਾਲ, ਉਹ ਸੁਣਾਉਣਾ ਚਾਹੁੰਦਾ ਹਾਂ,
ਤੁਹਾਡੇ ਨਾਲ ਆਪਣੇ ਰਿਸ਼ਤੇ ਦਾ ਅਹਿਸਾਸ ਕਰਾਉਣਾ ਚਾਹੁੰਦਾ ਹਾਂ ।

ਵੱਡੇ ਵੱਡੇ ਸ਼ਾਇਰਾਂ ਵਿਦਵਾਨਾਂ ਨੇ ਲਿਖੇ ਮੇਰੀਆਂ ਸਿਫ਼ਤਾਂ ਦੇ ਗੀਤ,
ਭੁੱਲ ਗਏ ਜਗ ਦੇ ਝਗੜੇ ਝੇੜੇ ਉਹ, ਜਦ ਲੱਗੀ ਮੇਰੇ ਨਾਲ ਪ੍ਰੀਤ,
ਆਪਣੀਆਂ ਮਹਿਕਦੀਆਂ ਬਹਾਰਾਂ ਨਾਲ ਲੋਕਾਂ ਨੂੰ ਦੀਵਾਨਾ ਬਣਾ ਛੱਡਿਆ,
ਵੱਡੀਆਂ ਆਕੜਾਂ ਵਾਲਿਆਂ ਕੋਲੋਂ ਵੀ ਸਜਦਾ ਕਰਾ ਛੱਡਿਆ ।

ਨਸ਼ੀਲੀਆਂ ਹਵਾਵਾਂ ਨਾਲ ਮਸਤ ਹੋਏ ਤੁਹਾਡੇ ਵੱਡੇ ਵਡੇਰੇ,
ਮਨਮੋਹਣੇ ਜੀਵ ਲਾਉਂਦੇ ਰਹੇ ਮੇਰੇ ਆਲੇ-ਦੁਆਲੇ ਗੇੜੇ,
ਪਰ ਭੈੜੇ ਤੋਂ ਭੈੜੇ ਵੇਲੇ ਵੀ ਉਨ੍ਹਾਂ ਨੂੰ ਨਹੀਂ ਆਇਆ ਹੋਵੇਗਾ ਇਹ ਖ਼ਿਆਲ,
ਕਿ ਇੱਕ ਦਿਨ ਮੇਰਾ ਇੰਨਾ ਮੰਦੜਾ ਹੋਵੇਗਾ ਹਾਲ ।

ਸੋਹਣੇ ਦਰੱਖਤਾਂ ਅਤੇ ਫੁੱਲਾਂ ਨਾਲ ਰੱਬ ਨੇ ਫੈਲਾਈ ਮੇਰੀ ਸੁਗੰਧੀ ,
ਬਰਫ਼ ਦੀ ਸੋਹਣੀ ਚਿੱਟੀ ਦਸਤਾਰ ਨਾਲ ਕੀਤੀ ਮੇਰੀ ਦਸਤਾਰਬੰਧੀ ,
ਅੱਜ ਕਿਉਂ ਉਹ ਦਸਤਾਰ ਉਧੇੜ ਕੇ ਮੇਰੀ ਸ਼ਾਨ ਵਿਗਾੜ ਰਹੇ ਹੋ ?
ਮੈਨੂੰ ਬਖਸ਼ੇ ਗਏੇ ਖੂਬਸੂਰਤ ਜੰਗਲਾਂ ਨੂੰ ਕਿਉਂ ਉਜਾੜ ਰਹੇ ਹੋ ?

ਉਹ ਵੀ ਨਿਰਾਲੇ ਦਿਨ ਸੀ ਜਦੋਂ ਜੀਵ ਸੁੱਖੀ-ਸਾਂਦੀਂ ਵੱਸਦੇ ਸਨ,
ਮੇਰੇ ਦਾਮਨ ਵਿੱਚ ਸਾਰੇ ਖੇਡਦੇ, ਟੱਪਦੇ ਅਤੇ ਹੱਸਦੇ ਸਨ ,
ਅੱਜ ਥਾਂ ਉਨ੍ਹਾਂ ਦੀ ਮੱਲ੍ਹ ਲਈ ਹੈ ਤੁਹਾਡੀਆਂ ਰੇਲਗੱਡੀਆਂ ਨੇ,
ਸੁਰੰਗਾਂ ਨੇ, ਸੜਕਾਂ ਨੇ , ਇਮਾਰਤਾਂ ਵੱਡੀਆਂ ਵੱਡੀਆਂ ਨੇ ।

ਕਿਸੇ ਵੇਲੇ ਸੀ ਹੱਸ ਕੇ ਜਾਂਦੀਆਂ ਖੇਤਾਂ ਵਲ ਮੇਰੀਆਂ ਨਦੀਆਂ,
ਆਪਣੇ ਆਪਣੇ ਸ਼ਹਿਰਾਂ ਵਿੱਚ ਸੀ ਸ਼ਾਨ ਨਾਲ ਵਗਦੀਆਂ,
ਹੱਸ ਕੇ ਜਾਂਦੀਆਂ ਸਨ ਮੇਰੀ ਗੋਦੀ ਵਿੱਚੋਂ ਤੁਹਾਡੀ ਸੇਵਾ ਕਰਨ ਲਈ ,
ਤੁਹਾਡੇ ਨਗਰਾਂ ਦੀਆਂ ਹਵਾਵਾਂ ਵਿੱਚ ਰੱਬ ਦੀ ਮਹਿਕ ਭਰਨ ਲਈ ।

ਰਹਿੰਦੇ ਹੋ ਤੁਸੀਂ ਹਰ ਵੇਲੇ ਕੋਈ ਨਾ ਕੋਈ ਥੋੜ ਵਿੱਚ,
ਆਪਣਾ ਤੇ ਜੀਵਾਂ ਦਾ ਖਾਤਮਾ ਕਰ ਰਹੇ ਹੋ ਤਰੱਕੀ ਦੀ ਹੋੜ ਵਿੱਚ,
'ਦੇਵੀਆਂ' ਵਰਗੀਆਂ ਨਦੀਆਂ ਦੀ ਕਰਦੇ ਹੋ ਕੂੜੇਦਾਨ ਵਾਂਗ ਵਰਤੋਂ,
ਅੱਜ ਕੰਬਦੀਆਂ ਨੇ ਉਹ ਜਾਣ ਲੱਗ ਤੁਹਾਡੇ ਕੋਲ ਮੇਰੇ ਦਰ ਤੋਂ ।

ਸੁਣਾਈ ਰੋ-ਰੋ ਕੇ ਜਦ ਧਰਤੀ ਮਾਤਾ ਨੂੰ ਮੈਂ ਆਪਣੀ ਦਾਸਤਾਨ,
ਪਹਿਲਾਂ ਤੋਂ ਹੀ ਉਦਾਸ ਮਾਤਾ ਨੂੰ ਹੋਰ ਕਰ ਦਿੱਤਾ ਪਰੇਸ਼ਾਨ,
ਓਹਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਵਗਣੋਂ ਨਹੀਂ ਰੁੱਕਦੇ ਸਨ ,
ਓਹਦੇ ਬੱਚਿਆਂ ਦੇ ਦੁੱਖ ਭਰੇ ਕਿੱਸੇ ਹੀ ਨਹੀਂ ਮੁੱਕਦੇ ਸਨ ।

ਮਾਤਾ ਕੋਲੋਂ ਜਾਣਿਆ ਮੈਂ ਆਪਣੇ ਵੱਡੇ ਵੀਰਾਂ ਦਾ ਹਾਲ,
'ਅੰਟਾਰਕਟਿਕ' ਅਤੇ 'ਆਰਕਟਿਕ' ਵੀ ਤੜਪ ਰਹੇ ਮੇਰੇ ਨਾਲ ਨਾਲ,
ਸੁਨੇਹਾ ਭੇਜ ਕੇ ਮਾਤਾ ਰਾਹੀਂ ਉਨ੍ਹਾਂ ਨੂੰ ਵੀ ਦੱਸੇ ਆਪਣੇ ਜਜ਼ਬਾਤ,
ਪਾਣੀ ਪਾਣੀ ਹੋ ਗਿਆ ਮੈਂ ਸੁਣ ਕੇ ਉਨ੍ਹਾਂ ਦਾ ਜਵਾਬ ।

"ਕਿਹੜੇ ਸ਼ੈਤਾਨਾਂ ਨੂੰ ਹਿਮਾਲਿਆ ਤੂੰ ਦੇ ਦਿੱਤੀ ਪਨਾਹ?
ਸਾਡੇ ਦਾਮਨ ਵਿੱਚ ਵੱਸਦੇ ਜੀਵਾਂ ਨੂੰ ਰਹੇ ਮਾਰ ਮੁਕਾ,
ਗੁਜ਼ਾਰਾ ਕਰਦੇ ਸੀ ਸਾਡੇ ਕੋਲ ਮਨੁੱਖਾਂ ਤੋਂ ਲੱਖਾਂ ਕੋਹਾਂ ਦੂਰ,
ਇਹਨਾਂ ਕਰਕੇ ਬੇ-ਘਰ ਹੋ ਰਹੇ ਨਿਰਦੋਸ਼, ਬੇ ਕਸੂਰ ।

ਕੀ ਅਸੀਂ ਮਨੁੱਖ ਦਾ ਵਿੰਗਾ ਇੱਕ ਵੀ ਵਾਲ ਕੀਤਾ ਸੀ?
ਬਿਨਾ ਕੁਝ ਵਿਗਾੜੇ ਇਹਨਾਂ ਦਾ, ਗੁਜ਼ਾਰਾ ਲੱਖਾਂ ਸਾਲ ਕੀਤਾ ਸੀ,
ਕੀ ਸਿਰਫ ਹੈ ਇਸੇ ਦਾ ਸਾਰੀ ਦੁਨੀਆ ਤੇ ਹੱਕ?
ਬਾਕੀ ਜੀਵ ਜੰਤਾਂ ਨੂੰ ਇਹ ਸਮਝਦਾ ਨਹੀਂ ਕੱਖ ।

ਸਵਾਰਥ ਵਿੱਚ ਅੰਨ੍ਹਾ ਇਹ ਤਾਂ ਕਿਸੇ ਦੈਂਤ ਤੋਂ ਘੱਟ ਨਹੀਂ,
ਲਹੂ ਵਗਾਉਂਦਾ ਦੂਜਿਆਂ ਦਾ ਸ਼ਰੇਆਮ, ਪਰ ਜਰਦਾ ਇੱਕ ਵੀ ਸੱਟ ਨਹੀਂ,
ਮਨੁੱਖ ਦੇ ਕਰਕੇ ਸਾਡਾ ਸਭ ਕੁਝ ਸੜਦਾ ਪਿਆ ਹੈ,
ਪਰ ਫਿਰ ਵੀ ਤੂੰ ਇਸ ਦੀ ਹਿਮਾਇਤ ਕਰਦਾ ਪਿਆ ਹੈ।"

ਮੇਰੇ ਵੀਰਾਂ ਨੇ ਤਾਂ ਛੱਡ ਦਿੱਤੀ ਹੈ ਸਾਰੀ ਆਸ,
ਪਰ ਮੈਂ ਮਨੁੱਖ ਦੀ ਛੋਹ ਦਾ ਕੀਤਾ ਹੈ ਅਹਿਸਾਸ,
ਮੈਨੂੰ ਪਤਾ ਹੈ ਤੁਹਾਡੇ ਦਿਲਾਂ ਦੇ ਕਈ ਰਾਜ਼,
ਮੈਨੂੰ ਵੇਖ ਕੇ ਤੁਸੀਂ ਬਣਾਏ ਆਪਣੇ ਸਾਜ਼ ।

ਇਸ ਡੁੱਬਦੀ ਹੋਈ ਦੁਨੀਆ ਨੂੰ ਤੁਸੀਂ ਅੱਜ ਵੀ ਬਚਾ ਸਕਦੇ ਹੋ ,
ਬਿਨਾ ਕੁਝ ਵਿਗਾੜੇ ਧਰਤੀ ਦਾ, ਤੁਸੀਂ ਕਈ ਸੁੱਖ ਪਾ ਸਕਦੇ ਹੋ ,
ਆਪਣੇ ਸਿਰ ਉੱਤੋਂ ਪਾਪਾਂ ਦਾ ਬੋਝ ਉਤਾਰੋ,
ਜ਼ਰਾ ਇਕੱਲੇ ਬਹਿ ਕੇ ਤੁਸੀਂ ਇਸ ਵਾਰੇ ਸੋਚ ਵਿਚਾਰੋ ।

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...