Monday 11 January 2021

ਦਗ਼ੇਬਾਜ਼ ਦੁਨੀਆ ਨੇ ਸਾਡੇ 
ਕਿੰਨੇ ਖ਼੍ਵਾਬ ਪਿਆਰੇ, ਚੁਣ ਚੁਣ ਮਾਰੇ
ਖ਼ੁਦਗ਼ਰਜ਼ ਲੋਕਾਂ ਦੀ ਇਹ ਰੀਤ
ਦਿੰਦੇ ਨਹੀਂ ਸਹਾਰੇ, ਲਾ ਕੇ ਲਾਰੇ
ਸੱਚੀ ਓਟ ਰੱਬ ਸੋਹਣੇ ਦੀ
ਜਪਦੇ ਜਿਸ ਨੂੰ ਸਾਰੇ, ਜਾਵਾਂ ਵਾਰੇ
ਫ਼ਾਕਿਆਂ 'ਚ ਵੀ ਆਸ਼ਿਕ ਸਾਦਿਕ
ਹੱਸ ਹੱਸ ਕਰਨ ਗੁਜ਼ਾਰੇ, ਰਹਿਣ ਨਿਆਰੇ।

Wednesday 6 January 2021

ਕਿਸਾਨੀ ਸੰਘਰਸ਼ ਦੇ ਨਾਮ

ਛਿੜ ਗਿਆ ਕਾਂਬਾ ਕਿਲ੍ਹੇ ਨੂੰ 'ਤੇ ਲਰਜ਼ਦੇ ਤਖ਼ਤ-ਓ-ਤਾਜ
ਪੰਜ-ਆਬਾਂ ਚੋਂ ਫਿਰ ਉਠਿਆ ਇਕ ਭਿਆਨਕ ਜ਼ਲਜ਼ਲਾ
ਜਿੱਦਾਂ ਰੌਲਾ ਪਾ ਪਾ ਕੇ ਇਕ ਗਿੱਦੜਾਂ ਦੇ ਝੁੰਡ ਨੇ
ਕੋਈ ਸੁੱਤਾ ਹੋਇਆ ਬੱਬਰ ਸ਼ੇਰ ਹੁਣ ਦਿੱਤਾ ਜਗਾ

ਸਮਝਿਆ ਸੀ ਤੂੰ ਜਿਨ੍ਹਾਂ ਨੂੰ ਸਾਦੇ 'ਤੇ ਭੋਲੇ ਜਿਹੇ
ਤੇਰੀ ਹਰ ਇਕ ਚਾਲ ਤੋਂ ਜਰਵਾਣਿਆ ਵਾਕਿਫ਼ ਨੇ ਉਹ !
ਜਿਹੜੇ ਬੰਦੇ ਦੇ ਇਸ਼ਾਰੇ ਉੱਤੇ ਤੂੰ ਹੈ ਨੱਚਦਾ
ਸਾਜ਼ 'ਤੇ ਸੁਰ ਤਾਲ ਤੋਂ ਜਰਵਾਣਿਆ ਵਾਕਿਫ਼ ਨੇ ਉਹ !

ਇਹ ਭਲੀ ਭਾਂਤੀ ਸਮਝਦੇ ਕੀ ਹੈ ਤੇਰੇ 'ਮਨ ਦੀ ਬਾਤ'
ਵੇਖੇ ਹੋਏ ਨੇ ਤਿਰੇ ਤੋਂ ਵੱਧ ਕੇ ਜ਼ਾਲਮ ਬਾਦਸ਼ਾਹ 
ਇਹ ਉਹ ਲੋਕੀਂ ਨੇ ਜਿਨ੍ਹਾਂ ਦੀ ਸਾਰਿਆਂ ਜੁੱਗਾਂ ਦੇ ਵਿੱਚ
ਰਹਿਬਰੀ ਹਰ ਪੈੜ ਉੱਤੇ ਕਰਦਾ ਸੱਚਾ ਪਾਤਿਸ਼ਾਹ

ਪਾਰ ਕਰਕੇ ਪੈਂਡੇ ਦੇ ਵਿਚ ਔਕੜਾਂ ਲੱਖਾਂ ਹੀ ਹੁਣ
ਆਣ ਢੁੱਕੇ ਇਹ ਤਿਰੇ ਸ਼ਹਿਰੀਂ ਗੁਰਾਂ ਦੀ ਟੇਕ ਨਾਲ
ਠੰਡੀਆਂ, ਬੇ-ਰਹਿਮ, ਸ਼ੀਤਲ, ਸਖ਼ਤ ਰਾਤਾਂ ਪੋਹ ਦੀਆਂ
ਜਰ ਲਈਆਂ ਆਪਣੇ ਬਲਦੇ ਜਿਗਰ ਦੇ ਸੇਕ ਨਾਲ

ਵੇਖ ਕੇ ਹਿੰਮਤ, ਦਲੇਰੀ, ਹੌਸਲੇ 'ਤੇ ਸ਼ਾਨ ਇਹ
ਸਾਰੀ ਦੁਨੀਆ ਇਹਨਾਂ ਕਿਰਸਾਨਾਂ ਦੀ ਕਾਇਲ ਹੋ ਗਈ
ਹੋਰ ਕੋਈ ਥਾਂ 'ਤੇ ਇਹ ਜਜ਼ਬੇ ਕਦੇ ਮਿਲਣੇ ਨਹੀਂ
ਧਰਤੀ ਉੱਤੇ ਲੱਗੇ ਦਾਗ਼ਾ ਨੂੰ ਇਹ ਕ੍ਰਾਂਤੀ ਧੋ ਗਈ

ਇਕ ਹਕੀਕਤ ਦੱਸਾਂ ਤੈਨੂੰ, ਸੁਣ ਲੈ ਜ਼ਾਲਮ ਹਾਕਮਾ
ਜ਼ੁਲਮ ਅੱਗੇ ਢੇਰੀ ਢਾਉਣੀ ਸਿੱਖੀ ਨਾ ਪੰਜਾਬ ਨੇ
ਭੁੱਲ ਕੇ ਵੀ ਨਾ ਭੁਲੇਖੇ ਵਿਚ ਰਹੀ ਹੁਣ ਜਾਬਰਾ
ਵੇਖ ਲੈ ਨਜ਼ਰਾਂ ਮਿਲਾ ਕੇ ਕਿੱਡੇ ਸੁੱਚੇ ਖ਼੍ਵਾਬ ਨੇ

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...