Thursday 27 May 2021

ਨਵਾਂ ਦੌਰ

ਚਾਲ ਬਦਲੀ ਸਮੇਂ ਨੇ, ਪੇਸ਼ ਹੈ ਇਕ ਦੌਰ ਨਵਾਂ
'ਤੇ ਨਵੇਂ ਵਾਦ-ਵਿਵਾਦ ਆਏ, ਨਵੇਂ ਝਗੜੇ ਖੜ੍ਹੇ
ਅੱਖਾਂ ਸਾਹਵੇਂ ਨਵੇਂ ਮੰਜ਼ਰ 'ਤੇ ਤਮਾਸ਼ੇ ਵੀ ਨਵੇਂ
'ਤੇ ਬੁਣੇ ਹੋਏ ਜਵਾਨਾਂ ਨੇ ਨਵੇਂ ਖ਼੍ਵਾਬ ਬੜੇ
ਰਾਜਨੀਤੀ ਨਵੀਂ, ਮਜ਼ਹਬ ਨਵੇਂ 'ਤੇ ਪੱਖ ਨਵੇਂ
'ਇਨਕਲਾਬੀ' ਨਵੇਂ ਸੁਪਨੇ ਲੈ ਕੇ ਮੰਚ ਉੱਤੇ ਚੜ੍ਹੇ
ਨਵੀਂ ਤਹਿਜ਼ੀਬ ਦੀ ਬੁਨਿਆਦ ਨੁਮਾਇਸ਼ 'ਤੇ ਹੈ
ਅੱਖਾਂ ਪਰਚਾਉਣ ਲਈ ਸਭ ਨੇ ਨਵੇਂ ਬੁੱਤ ਘੜੇ!
ਭੁਲਾ ਕੇ ਇਲਮ, ਸਿਆਣਪ 'ਤੇ ਹੁਨਰ ਪੁਰਖਿਆਂ ਦਾ
ਪੱਛਮੀ ਸੋਚ-ਵਿਚਾਰ ਆਪਣੇ ਲੋਕਾਂ ਨੇ ਪੜ੍ਹੇ
ਇਸ ਨਵੇਂ ਦੌਰ ਨੇ ਬੇ-ਸ਼ੱਕ ਬੜੇ ਸੁੱਖ ਦਿੱਤੇ ਹਨ
ਜਿੰਦੜੀ ਸੌਖੀ ਬਣਾ ਕੇ ਭਰੇ ਖ਼ੁਸ਼ੀਆਂ ਦੇ ਘੜੇ
ਖ਼ੁਦ ਨੂੰ ਪਰ ਬਹੁਤਾ ਨਾ ਇਸ ਰੰਗ 'ਚ ਰੰਗੀ ਪਿਆਰੇ
ਹਰ ਨਵੀਂ ਚੀਜ਼ ਵੀ ਹੁੰਦੀ ਨਹੀਂ ਚੰਗੀ ਪਿਆਰੇ !

ਇਹ ਨਵਾਂ ਦੌਰ ਕੋਈ ਦੌਰ ਨਹੀਂ, ਝੱਖੜ ਹੈ
ਪੱਟ ਲੈਂਦਾ ਹੈ ਜੋ ਨਾਜ਼ੁਕ ਜੜ੍ਹਾਂ ਵਾਲੇ ਸਭ ਰੁੱਖ
ਸਾਂਝ ਗੂੜ੍ਹੀ ਨਾ ਜਿਦ੍ਹੀ ਹੋਵੇ ਵਿਰਾਸਤ ਦੇ ਨਾਲ
ਬਾਂਝ ਹੋ ਜਾਂਦੀ ਹੈ ਇਸ ਦੌਰ 'ਚ ਉਸ ਕੌਮ ਦੀ ਕੁੱਖ
ਲੋਕ ਰਹਿ ਜਾਂਦੇ ਨੇ, ਮੁੱਕ ਜਾਂਦਾ ਹੈ ਭਾਈਚਾਰਾ
ਭਰਮਾ ਲੈਂਦੇ ਕਈ ਕੌਮਾਂ ਨੂੰ ਜ਼ਮਾਨੇ ਦੇ ਸੁੱਖ
ਕੋਈ ਸਤਿਕਾਰ, ਅਦਬ, ਸ਼ਰਮ, ਹਯਾ ਬਾਕੀ ਨਹੀਂ
ਸੁੱਚੇ ਇਖ਼ਲਾਕਾਂ ਨੂੰ ਹੁਣ ਖਾ ਗਈ ਮਾਇਆ ਦੀ ਭੁੱਖ
ਪਰ ਇਹ ਕਲਜੁਗ ਦੀ ਅਗਨ ਸਾੜ ਨਹੀਂ ਸਕਦੀ ਉਹਨੂੰ
ਜੀਹਨੂੰ ਹੋਵੇ ਗੁਰੂ ਦੇ ਪ੍ਰੇਮ 'ਤੇ ਦਰਸ਼ਨ ਦੀ ਭੁੱਖ
ਗੁਰੂ ਦਾ ਲਾਲ ਨਹੀਂ ਚਲਦਾ ਜ਼ਮਾਨੇ ਦੇ ਨਾਲ਼
ਆਪਣੇ ਨਾਲ ਜ਼ਮਾਨੇ ਨੂੰ ਚਲਾਵੇ ਗੁਰਮੁੱਖ
ਖ਼ੁਦ ਲਈ ਤੂੰ ਵੀ ਇਹੀ ਹੌਸਲਾ ਮੰਗੀ ਪਿਆਰੇ
ਸਿਰ ਤਲੀ ਧਰਦਿਆਂ ਨਾ ਤੂੰ ਕਦੇ ਸੰਗੀ ਪਿਆਰੇ

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...