Friday 26 November 2021

ਬਾਰਾਂਮਾਹ

ਚੇਤ ਚੜ੍ਹੇ ਭਾਵੇਂ ਸੌ ਵਾਰੀ, ਮੋਏ ਫੁੱਲ ਖਿਲਦੇ ਨਾਹੀ,
ਮੁੱਲ ਬਹਾਰ ਦਾ ਉਹ ਕੀ ਪਾਵਣ, ਜੋ ਖੁੱਲੇ ਦਿਲ ਦੇ ਨਾਹੀ,
ਜਿਸ ਦੇ ਕਰਮ ਨ ਹੋਵਣ ਚੰਗੇ, ਉਸ ਦੇ ਫੱਟ ਸਿਲਦੇ ਨਾਹੀ,
ਰੁਲਦੇ ਫਿਰਦੇ ਦਰ ਦਰ ਉੱਤੇ, ਜੋ ਗੁਰ ਨੂੰ ਮਿਲਦੇ ਨਾਹੀ।

ਵੈਸਾਖ ਵਿਚ ਵਿਛੜੇ ਦਿਲਾਂ ਨੂੰ, ਸਬਰ ਕਿੱਥੋਂ ਨਾ ਆਉਂਦਾ ਏ,
ਹੌਲ ਪਵੇ ਜਦ ਵੀ ਪ੍ਰੀਤਮ ਦਾ, ਖ਼ਿਆਲ ਆਣ ਸਤਾਉਂਦਾ ਏ,
ਮਨ ਦਾ ਦਰਦ ਮੁੱਕੇ ਜਦ ਗੁਰੂ, ਸੱਚਾ ਰਾਹ ਵਖਾਉਂਦਾ ਏ,
ਸਤਿਗੁਰੂ ਮਿਹਰਬਾਨ ਅਸਾਡਾ, ਮੋਇਆਂ 'ਚ ਜਾਨ ਪਾਉਂਦਾ ਏ।

ਜੇਠ ਜੁੜੇ ਜਦ ਸੁਰਤ ਰੱਬ ਵੱਲ, ਬਦਲੇ ਮਿਜ਼ਾਜ 'ਵਾਵਾਂ ਦਾ,
ਮਿਟ ਜਾਂਦਾ ਹੈ ਹਿਸਾਬ ਸਾਰਾ, ਭੁੱਲਾਂ ਅਤੇ ਖ਼ਤਾਵਾਂ ਦਾ,
ਪ੍ਰੀਤ ਹੋਵੇ ਬੇ-ਲੌਸ ਤਾਂਹੀ, ਹੋਵੇ ਅਸਰ ਦੁਆਵਾਂ ਦਾ,
ਗੁਰਮੁੱਖ ਨੂੰ ਸਾੜ ਨਹੀਂ ਸਕਦਾ, ਤਪਦਾ ਥਲ ਇੱਛਾਵਾਂ ਦਾ।

ਹਾੜ ਹਾਕਿਮ ਸੱਚਾ ਪਾਤਿਸ਼ਾਹ, ਤਾਣ ਬਖ਼ਸ਼ੇ ਨਿਤਾਣੇ ਨੂੰ,
ਡੋਬ ਦਿੰਦਾ ਡਾਢੇ ਨੂੰ ਅਤੇ, ਤਾਰ ਲੈਂਦਾ ਨਿਮਾਣੇ ਨੂੰ,
ਭੋਲਾ ਭਾਲਾ ਆਸ਼ਿਕ ਪਾਵੇ, ਮਾਤ ਵੱਡੇ ਸਿਆਣੇ ਨੂੰ,
ਉਹੀ ਸੁਖੀ ਜੋ ਮਿੱਠਾ ਮੰਨੇ, ਰੱਬਾ ਤੇਰੇ ਭਾਣੇ ਨੂੰ।

ਸਾਵਣ ਸੁੱਕੇ ਸਿਹਰਾ ਉੱਤੇ, ਕਾਲੇ ਬੱਦਲ ਛਾਏ ਨੇ,
ਪਪੀਹੇ ਬੋਲਣ, ਮੋਰ ਕੂਕਣ, ਰੁੱਖ ਮਸਤੀ 'ਚ ਆਏ ਨੇ,
ਮੀਂਹ ਦੀਆਂ ਤਲਿਸਮੀ ਬੂੰਦਾਂ ਨੇ, ਸਬਜ਼ ਬਾਗ਼ ਮਹਿਕਾਏ ਨੇ,
ਪਰ ਜਿਹੜੇ ਦਿਲ ਪ੍ਰੇਮ-ਵਿਹੂਣੇ, ਉਹ ਅਜੇ ਵੀ ਤਿਹਾਏ ਨੇ।

ਭਾਦੋਂ ਭਟਕਣ, ਭਰਮ, ਭੁਲੇਖੇ, ਸਤਿਗੁਰੂ ਨੇ ਮੁਕਾ ਦਿੱਤੇ,
ਜੱਗ, ਹੋਮ, ਜੋਗ, ਪੂਜਾ, ਵਰਤ, ਸਭ ਗੁਰੂ ਨੇ ਭੁਲਾ ਦਿੱਤੇ,
ਗੁਰੂ ਨੇ ਆਪਣੀ ਮਿਹਰ ਨਾਲ, ਸੁੱਤੇ ਭਾਗ ਜਗਾ ਦਿੱਤੇ,
ਅਰਸ਼ੋਂ ਤਾਰੇ ਤੋੜ ਕੇ ਅਸੀਂ, ਗੁਰਚਰਨਾਂ 'ਚ ਵਿਛਾ ਦਿੱਤੇ । 

ਅੱਸੂ ਆਸ ਅਸੀਂ ਰੱਖੀ ਹੈ, ਮਾਲਕਾ ਸਿਰਫ਼ ਤੇਰੇ ਤੋਂ,
ਬਚਾਈਂ ਆਪਣੇ ਪਿਆਰੇ ਨੂੰ, ਸੰਸਾਰ ਦੇ ਹਨੇਰੇ ਤੋਂ,
ਬਾਂਹ ਪਕੜ ਕੇ ਬਾਹਰ ਕੱਢੀਂ, ਇਸ ਮਾਇਆ ਦੇ ਘੇਰੇ ਤੋਂ,
ਕੱਲ੍ਹਿਆਂ ਕਿਸੇ ਵੀ ਹੀਲੇ ਨਾਲ, ਕੁਝ ਨਾ ਹੋਵੇ ਮੇਰੇ ਤੋਂ।

ਕੱਤਕ ਕੂੜ ਕਮਾਂਵਦੇ ਲੋਕ, ਕਰਾਉਂਦੇ ਮੂੰਹ ਕਾਲੇ ਨੇ,
ਦੋਖੀਆਂ ਨੇ ਜ਼ਹਿਨ ਦੇ ਅੰਦਰ, ਸੈਂਕੜੇ ਵਹਿਮ ਪਾਲੇ ਨੇ,
ਵਿਸਾਰਦੇ ਜੋ ਦਾਤਾ ਨੂੰ ਉਹ, ਮੰਦੇ ਕਰਮਾਂ ਵਾਲੇ ਨੇ,
ਜੀਵਨ ਉਹੀ ਸਫ਼ਲ ਕਰਦੇ ਜੋ, ਛਕਦੇ ਨਾਮ ਪਿਆਲੇ ਨੇ।

ਮੱਘਰ ਮਹਿਲ ਮੁਨਾਰੇ ਸਾਰੇ, ਅਖੀਰ 'ਚ ਖ਼ਾਕ ਹੋ ਜਾਂਦੇ,
ਜੁਗ ਜੁਗ ਮੌਜਾਂ ਮਾਨਣ ਵਾਲੇ, ਅੰਤ ਗ਼ਮਨਾਕ ਹੋ ਜਾਂਦੇ,
ਉਹ ਫ਼ਿਕਰਾਂ ਅੰਦਰ ਡੁੱਬ ਜਾਂਦੇ, ਜੋ ਵੱਧ ਚਲਾਕ ਹੋ ਜਾਂਦੇ,
ਪਰ ਮਾਇਆ ਤੋਂ ਮੂੰਹ ਮੋੜ ਕੇ, ਸੰਤ ਬੇਬਾਕ ਹੋ ਜਾਂਦੇ।

ਪੋਹ ਪਾਕ ਪਵਿੱਤਰ ਪ੍ਰੇਮ ਹੈ, ਮੁਦਾਵਾ ਬੇ-ਕਰਾਰੀ ਦਾ,
ਇੱਕੋ ਦਿਲਬਰ ਹੈ ਸਾਡਾ ਜੋ, ਵਾਲੀ ਦੁਨੀਆ ਸਾਰੀ ਦਾ,
ਹਰ ਪਾਸੇ ਹੈ ਜਲਵਾ ਜ਼ਾਹਿਰ, ਉਹਦੀ ਸੂਰਤ ਪਿਆਰੀ ਦੀ,
ਜਨਮ ਉਦੋਂ ਸਫਲ ਹੁੰਦਾ ਜਦੋਂ, ਨਾਮ ਉਹਦਾ ਚਿਤਾਰੀਦਾ। 

ਮਾਘ ਮੇਰੇ ਮਸਲੇ ਨਬੇੜੇ, ਗੁਰੂ ਦੀ ਮਿਹਰਬਾਨੀ ਨੇ,
ਰੰਜ-ਓ-ਗ਼ਮ ਤੋਂ ਖਹਿੜਾ ਛੁਡਾਇਆ, ਬੇ-ਰੰਗ ਜ਼ਿੰਦਗਾਨੀ ਨੇ,
ਹਿਰਦੇ-ਘਰ ਨੂੰ ਰੌਸ਼ਨ ਕੀਤਾ, ਜਦ ਨੂਰ-ਏ-ਸੁਬਹਾਨੀ ਨੇ,
ਤਦ ਦਿਲ ਦਾ ਪਿੱਛਾ ਛੱਡ ਦਿੱਤਾ, ਸਦੀਆਂ ਦੀ ਵੀਰਾਨੀ ਨੇ।

ਫੱਗਣ ਫਲ ਮਿਲੇ ਮੁਸ਼ੱਕਤ ਦਾ, ਲੋੜ ਸਿਰਫ਼ ਸਬਰਾਂ ਦੀ ਹੈ, 
ਵੇਖ ਆਖ਼ਰੀ ਸਾਹਾਂ 'ਤੇ ਹੁਣ, ਸਰਦ ਰਾਤ ਜਬਰਾਂ ਦੀ ਹੈ,
ਹਾਲਤ ਮਾੜੀ ਬੇ-ਖ਼ਬਰਾਂ ਦੀ, ਚੰਗੀ ਬਾ-ਖ਼ਬਰਾਂ ਦੀ ਹੈ,
ਰੂਹ ਦੇ ਬਾਗ਼ 'ਤੇ ਸਤਿਗੁਰ ਦੀ, ਬਰਕਤ ਜਿਓਂ ਅਬਰਾਂ ਦੀ ਹੈ।

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...