ਇਸ ਤਰ੍ਹਾਂ ਕਲਜੁਗ ਦਾ ਝੱਖੜ ਝੁੱਲਿਆ,
ਸ਼ਹਿਰ ਬੇ-ਬਾਕੀ ਦੇ ਖੰਡਰ ਹੋ ਗਏ,
ਇਸ ਤਰ੍ਹਾਂ ਅਣਖਾਂ ਦਾ ਬੇੜਾ ਡੋਲਿਆ,
ਨਿੱਕੇ ਛੱਪੜ ਵੀ ਸਮੁੰਦਰ ਹੋ ਗਏ।
ਸਬਰ, ਸੰਤੋਖ, ਆਜਜ਼ੀ ਤੇ ਸਾਦਗੀ-
ਬਣ ਗਏ ਨੇ ਭਾਰ ਸਾਡੇ ਵਾਸਤੇ,
ਦੌਲਤ ਆਈ ਤੇ ਨਿਮਰਤਾ ਖੋ ਗਈ,
ਖੇਡ ਹੈ ਸੰਸਾਰ ਸਾਡੇ ਵਾਸਤੇ।
ਜਗ ਨੂੰ ਜਿੱਤਣ ਦੇ ਮਗਰ ਹਾਂ ਪੈ ਗਏ,
ਤੇ ਦੇ ਦਿੱਤੀ ਮਨ ਨੂੰ ਇਕ ਖੁੱਲ੍ਹੀ ਲਗਾਮ,
ਡੋਲ੍ਹ ਕੇ ਇਸ਼ਕ-ਏ-ਹਕੀਕੀ ਦੇ ਸੁਬੂ,
ਭਰ ਕੇ ਵਰਤਾਏ ਅਸੀਂ ਐਸ਼ਾਂ ਦੇ ਜਾਮ।
ਪਿਆਰ ਉੱਤੇ ਤਰਕ ਭਾਰੀ ਹੋ ਗਏ,
ਥਾਂ ਸਿਆਣਪ ਨੇ ਯਕੀਂ ਦੀ ਲੈ ਲਈ,
ਬੇ-ਦਿਲੀ ਤੇ ਸੰਸਿਆਂ ਦੇ ਦੌਰ ਵਿਚ,
ਅਕਲ ਹਾਵੀ ਹੋਈ, ਸ਼ਰਧਾ ਮੁੱਕ ਗਈ।
ਖ਼ੌਫ਼ ਰੁਸਵਾਈ ਦਾ ਭੋਰਾ ਨਾ ਰਿਹਾ,
ਸ਼ਰਮ ਦਾ ਅਣਮੁੱਲਾ ਗਹਿਣਾ ਲੁੱਟ ਗਿਆ,
ਬਾਣੀ ਭੁੱਲੀ ਤੇ ਰਹਿਤ ਵੀ ਭੁੱਲ ਗਈ,
ਪੁਰਖਿਆਂ ਦੇ ਨਾਲੋਂ ਰਿਸ਼ਤਾ ਟੁੱਟ ਗਿਆ।
ਦਿਲ ਦੇ ਕੋਈ ਭੁੱਲੇ-ਵਿਸਰੇ ਖ਼ਾਨੇ ਵਿਚ,
ਸਿਦਕ ਦੇ ਬੇ-ਮਿਸਲ ਜਜ਼ਬੇ ਸੋ ਗਏ,
ਮੁੱਖੜਿਆਂ ਤੋਂ ਰੰਗ ਨਿਆਰੇ ਉੱਡ ਗਏ,
ਧਰਮ ਭੁੱਲ ਕੇ ਤੌਰ 'ਲਿਬਰਲ' ਹੋ ਗਏ।
ਸੋਹਣਿਆਂ ਰੱਬਾ ਅਸਾਂ 'ਤੇ ਮਿਹਰ ਕਰ,
ਤਾਂ ਜੋ ਹਉਮੈਂ ਦੇ ਇਹ ਬੰਧਨ ਤੋੜੀਏ,
ਤਿਆਗ ਕੇ ਮਾਇਆ ਦੀ ਭੈੜੀ ਖੇਡ ਨੂੰ,
ਆਪਣਾ ਮੁੱਖ ਮੁੜ ਗੁਰੂ ਵੱਲ ਮੋੜੀਏ।