Friday 16 June 2017

ਸਵੇਰ

ਮੈਨੂੰ ਬਖਸ਼ੀ ਰੱਬਾ ਹਰ ਸਵੇਰ ਤੂੰ ਇੰਨੀ ਹਸੀਨ ,
ਅੰਮ੍ਰਿਤ ਵੇਲੇ ਦੇ ਤਾਰਿਆਂ ਨੂੰ ਵੀ ਹੋਵੇ ਮੇਰੇ ਤੇ ਯਕੀਨ ।

ਆਲਸ ਨਾਂ ਦੇ ਸ਼ੈਤਾਨ ਨੂੰ ਮਾਰ ਮੁਕਾ ਕੇ ,
ਜਾਗਾਂ ਮੈਂ ਅੱਖਾਂ ਵਿੱਚ ਸੁਪਣੇ ਹਸੀਨ ਸਜਾ ਕੇ,
ਅਜਿਹੀ ਅੱਗ ਮੇਰੇ ਦਿਲ ਵਿੱਚ ਸਦਾ ਬਲਦੀ ਰੱਖੀਂ ,
ਭੁੱਲ ਕੇ ਵੀ ਨਾ ਰਹਾਂ ਝੂਠੇ ਸੁਪਣਿਆਂ ਵਿੱਚ ਲੀਨ ।

ਗੁਰੂਆਂ ਦੀ ਬਾਣੀ ਨਾਲ ਰੂਹ ਦੀ ਤ੍ਰੇਹ ਬੁਝਾਵਾਂ ,
ਮੱਤ ਆਪਣੀ ਨੂੰ ਤੇਰੀ ਯਾਦ ਨਾਲ ਸਜਾਵਾਂ ,
ਭੇਜ ਮੈਨੂੰ ਤੂੰ ਉਸ ਅਣਡਿੱਠੇ ਮੁਕਾਮ ਉੱਤੇ ,
ਕਿ ਰੱਖਾਂ ਆਪਣੇ ਅਮਲ ਗੁਰੂਆਂ ਦੀ ਬਾਣੀ ਦੇ ਅਧੀਨ ।

ਹੋਵਣ ਮੇਰੀ ਨਿਗਾਹ ਵਿੱਚ ਰੰਗੀਨ ਖਵਾਬ ,
ਦਿਲ ਵਿੱਚ ਪੈਦਾ ਹੁੰਦੇ ਰਹਿਣ ਇਨਕਲਾਬ ,
ਨਜ਼ਰ ਪੂਰੀ ਪਾਕ ਅਤੇ ਦਿਲ ਮੇਰਾ ਸੁੱਚਾ ਰੱਖੀਂ ,
ਫੇਰ ਵੇਖੀਂ ਕਿਵੇਂ ਧੰਨਵਾਦ ਕਰੇਗੀ ਮੇਰਾ ਇਹ ਸਰਜ਼ਮੀਨ ।

ਪੈਦਾ ਹੋਵੇ ਮੇਰੇ ਮੁੱਖੜੇ ਤੇ ਵੱਖਰਾ ਜਲਾਲ ,
ਆਉਂਦੇ ਰਹਿਣ ਮੇਰੇ ਜ਼ਿਹਨ ਵਿੱਚ ਉੱਚੇ ਸੁੱਚੇ ਖਿਆਲ ,
ਪੇਸ਼ ਆਵਾਂ ਦੁਨੀਆ ਸਾਮ੍ਹਣੇ ਅਜਿਹੀ ਬੇਬਾਕੀ ਨਾਲ ,
ਕਿ ਸੁਣ ਕੇ ਮੇਰੇ ਵਿਚਾਰ ਪਾਕ ਹੋ ਜਾਣ ਪੁਰਾਣੇ ਮਲੀਨ।

ਮੰਨਿਆ ਅਜੀਬ ਲੱਗਦਾ ਹੈੈ ਵਿਚਾਰ ਸੁਣ ਕੇ ਨਿਮਾਣੇ ਤੋਂ,
ਗੱਲਾਂ ਜਿੰਨੀਆਂ ਮਰਜ਼ੀਆਂ ਕਰਾ ਲਵੋ ਇਸ ਨਿਤਾਣੇ ਤੋਂ ,
ਪਰ ਆਸ ਤੇਰੇ ਉੱਤੇ ਰੱਖੀਂ ਹੈ ਮੈਂ ,
ਕਿ ਤੂੰ ਤਾਂ ਨਿੱਕੀਆਂ ਚਿੜੀਆਂ ਨੂੰ ਵੀ ਬਣਾ ਦਿੰਦਾ ਹੈ ਸ਼ਾਹੀਨ।

Tuesday 6 June 2017

ਕੀ ਤੁਹਾਡਾ ਜੀਅ ਨਹੀਂ ਕਰਦਾ ?

I
ਦੁਨੀਆ ਵਾਲਿਓ, ਤੁਹਾਡੇ ਲਈ ਹੈ ਇੱਕ ਮੇਰੇ ਕੋਲ ਸਵਾਲ ,
ਆਪਣੇ ਮਨ ਵਿੱਚ ਡੁੱਬ ਕੇ ਕਰਨਾ ਜਵਾਬ ਦੀ ਭਾਲ ।
ਮੰਨਿਆ ਬੜੇ ਰੁੱਝੇ ਹੋਏ ਹੋ ਤੁਸੀਂ ਕੰਮ-ਕਾਰੇ ਵਿੱਚ,
ਪਰ ਕੁਝ ਸਮਾਂ ਕੱਢ, ਸੈਰ ਕਰੋ ਦਿਲ ਦੇ ਗਲਿਆਰੇ ਵਿੱਚ ।
ਮੇਰੇ ਨਾਲ ਨਾਲ ਤੁਸੀਂ ਵੀ ਖ਼ੂਬ ਤਸੱਵੁਰ ਕਰੋ ,
ਆਨੰਦਮਈ ਖਿਆਲਾਂ ਨਾਲ ਦਿਲ ਨੂੰ ਭਰੋ ।
II
ਸ਼ੀਸ਼ੇ ਵਰਗਾ ਪਾਣੀ ਲੈ ਕੇ ਨਦੀ ਵੱਗ ਰਹੀ ਹੈ ,
ਮਨਮੋਹਣਾ ਰਾਗ ਗਾਉਂਦੀ ਲੱਗ ਰਹੀ ਹੈ।
ਜਿਹਨੂੰ ਵੇਖ ਕੇ ਮਸਤੀ ਚੜ੍ਹ ਰਹੀ ਹੈ ਠੰਡੀਆਂ ਹਵਾਵਾਂ ਨੂੰ ,
ਚੰਗੀ ਤਰ੍ਹਾਂ ਬਿਆਨ ਕਰ ਰਹੀਆਂ ਰੱਬ ਦੀਆਂ ਅਦਾਵਾਂ ਨੂੰ ।
ਇੱਕ ਨਿਗਾਹ ਪੈ ਜਾਵੇ ਦਰਿਆ ਤੇ, ਹਟਾਉਣੀ ਬੜੀ ਔਖੀ ਹੈ ,
ਜ਼ਾਲਮ ਦੁਨੀਆ ਦੀ ਚਿੰਤਾ ਮਨ ਵਿੱਚ ਲਿਆਉਣੀ ਬੜੀ ਔਖੀ ਹੈ ।
ਇੰਜ ਜਾਪਦਾ ਗੋਦੀ ਵਿੱਚ ਬਿਠਾਇਆ ਮੈਨੂੰ ਸੱਚੇ ਪਰਵਰਦਗਾਰ ਨੇ ,
ਜਿਸ ਦੇ ਹੁਸਨ ਦੀ ਸਿਫਤ ਕਰਨ ਲਈ ਮੇਰੇ ਸ਼ਬਦ ਬੇਕਾਰ ਨੇ ।
III
ਤੁਰ ਰਿਹਾ ਹਾਂ ਮੈਂ ਜੱਗ ਦੇ ਸਭ ਤੋਂ ਸੋਹਣੇ ਰਾਹ ਉੱਤੇ ,
ਦੋਹੇਂ ਪਾਸੇ ਉੱਚੇ ਲੰਮੇ ਦਰੱਖਤ, ਬਖਸ਼ਿਸ਼ ਮੇਰੇ ਹਰ ਸਾਹ ਉੱਤੇ ,
ਛੇਤੀ ਕਦੇ ਨਹੀਂ ਮੈਂ ਇਸ ਰਾਹ ਉੱਤੇ ਥੱਕਾਂਗਾਂ ,
ਰੁੱਖਾਂ ਦੀ ਇਸ ਛਾਂ ਤੋਂ ਕਦੇ ਨਹੀਂ ਅੱਕਾਂਗਾਂ ,
ਤੱਪਦੀ ਧੁੱਪ ਉੱਤੇ ਵੀ ਮੈਂ ਖਿੜ ਖਿੜ ਕੇ ਹੱਸ ਰਿਹਾ ਹਾਂ,
ਰੁੱਖਾਂ ਦੀ ਇਸ ਸੰਗਤ ਵਿੱਚ ਆਰਾਮ ਨਾਲ ਵੱਸ ਰਿਹਾ ਹਾਂ ।
"ਉਹ ਧੁੱਪਾ, ਜਿੰਨਾ ਮਰਜ਼ੀ ਜ਼ੋਰ ਲਾ ਲੈ , ਤੂੰ ਮੈਨੂੰ ਨਹੀਂ ਸਾੜ ਸਕਦੀ ,
ਮੇਰੇ ਰਾਖਣਹਾਰ ਮੇਰੇ ਨਾਲ ਨੇ , ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ । "
IV
ਰੱਬ ਦੀ ਖੁਸ਼ਬੂ ਹੈ ਉਸ ਸ਼ਹਿਰ ਦੀ ਹਰ ਥਾਂ ਵਿੱਚ ,
ਆਬਾਦ ਹੈ ਜਿਹੜਾ ਰੁੱਖਾਂ ਦੀ ਸੰਘਣੀ ਛਾਂ ਵਿੱਚ ।
ਭਾਂਤ ਭਾਂਤ ਦੇ ਪੰਛੀ ਆਲ੍ਹਣਿਆਂ ਚੋਂ ਆ ਜਾ ਰਹੇ ਹਨ,
ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਭੋਜਨ ਛਕਾ ਰਹੇ ਹਨ ।
ਜਿੱਥੇ ਮਨੁੱਖ ਜੀਅ-ਜੰਤਾਂ ਨੂੰ ਵੇਖ ਕੇ ਨਹੀਂ ਸੜਦਾ ਹੈ,
ਕੋਈ ਰੋਗ ਆ ਕੇ ਬੰਦੇ ਦੇ ਗਲ ਨੂੰ ਨਹੀਂ ਫੜ੍ਹਦਾ ਹੈ।
ਜੰਗਲ ਮੌਜੂਦ ਨੇ ਉਸ ਸ਼ਹਿਰ ਦੇ ਕਿਨਾਰੇ ਤੇ ,
ਜਿੱਥੇ ਨੱਚਦੇ ਸਾਰੇ ਜੀਅ-ਜੰਤ ਰੱਬ ਦੇ ਇਸ਼ਾਰੇ ਤੇ ।
ਸੱਚੇ ਪਰਮਾਤਮਾ ਕੋਲੋਂ ਮੈਂ ਇਹ ਹੀ ਫਰਿਆਦ ਕਰਾਂ,
ਅਜਿਹੀ ਇੱਕ ਨਗਰੀ ਨੂੰ ਮੈਂ ਆਬਾਦ ਕਰਾਂ।
V
ਮੇਰੇ ਮਨ ਨੂੰ ਭਾਉਂਦੀ ਬਸ ਓਹੀ ਇੱਕ ਸ਼ਾਮ ,
ਸਾਰੇ ਰੌਲੇ-ਰੱਪੇ ਤੋਂ ਦੂਰ ਪੈਦਾ ਕਰਾਂ ਫੁੱਲਾਂ ਨਾਲ ਕਲਾਮ।
ਅਜਿਹੀ ਸ਼ਾਂਤੀ ਤੋਂ ਕੁਰਬਾਨ ਮੈਂ ਜਾਵਾਂ ,
ਦਿਲ ਦੀਆਂ ਗਹਿਰਾਈਆਂ ਵਿੱਚ ਡੁੱਬ ਮੈਂ ਜਾਵਾਂ।
ਇਸ ਸਕੂਤ ਦੇ ਵਿੱਚ ਮੈਂ ਆਨੰਦ ਬਹੁਤ ਮਾਣਦਾ ਹਾਂ ,
ਇਸੇ ਦੀ ਬਦੌਲਤ ਮੈਂ ਖ਼ੁਦ ਨੂੰ ਪਛਾਣਦਾ ਹਾਂ ।
ਮੈਨੂੰ ਪਤਾ ਲੱਗਿਆ ਮੇਰੇ ਅੰਦਰ ਕੀ ਕੀ ਲੁਕਿਆ ਹੋਇਆ ਸੀ ,
ਦੁਨੀਆ ਦੇ ਹੰਗਾਮੇ ਕਰਕੇ ਸਭ ਅੰਦਰ ਹੀ ਰੁੱਕਿਆ ਹੋਇਆ ਸੀ ।
VI
ਪਰ ਅੱਜ ਇਹ ਸ਼ੌਂਕ ਪੂਰੇ ਕਰਨੇ ਔਖੇ ਲਗਦੇ ਨੇ,
ਅਜਿਹੇ ਨਜ਼ਾਰੇ ਅੱਜ-ਕੱਲ੍ਹ ਵੇਖਣ ਨੂੰ ਕਿੱਥੇ ਲੱਭਦੇ ਨੇ?
ਇੰਜ ਜਾਪਦਾ ਜਿਵੇਂ ਮਨੁੱਖ ਦਾ ਕੁਦਰਤ ਨਾਲ ਵੈਰ ਹੋਵੇ ,
ਇਸ ਧਰਤੀ ਉੱਤੇ ਸਿਰਫ ਉਸੇ ਦਾ ਜੰਮਿਆ ਪੈਰ ਹੋਵੇ ?
ਰੱਬ ਵੱਲੋਂ ਬਖਸ਼ੇ ਜੰਗਲ ਅੰਨ੍ਹੇਵਾਹ ਪੱਟ ਰਹੇ ਹਾਂ ,
ਇੰਨੀ ਤਬਾਹੀ ਕਰ ਕੇ ਦੱਸੋ , ਕੀ ਅਸੀਂ ਖੱਟ ਰਹੇ ਹਾਂ ?
ਸਮਝਦਾ ਹੈ ਆਪਣੇ ਆਪ ਨੂੰ ਤੂੰ ਵੱਡਾ ਵਿਦਵਾਨ,
ਪਰ ਖ਼ੂਬਸੂਰਤ ਨਦੀਆਂ ਤੈਨੂੰ ਦਿਸਦੀਆਂ ਕੂੜਾਦਾਨ।
ਕੁਦਰਤ ਅਵਾਜ਼ਾਂ ਮਾਰਦੀ ਤੈਨੂੰ , ਕਿਉਂ ਨਹੀਂ ਸੁਣਦਾ ਪਿਆ ਤੂੰ ?
ਲਗਦਾ ਹੈ ਮਸ਼ੀਨਾਂ ਦੇ ਰੌਲੇ ਕਰਕੇ ਬੋਲਾ ਹੋ ਗਿਆ ਤੂੰ।
ਕੈਦ ਕਰ ਲਿਆ ਹੈ ਤੈਨੂੰ ਸਵਾਰਥ ਦੀ ਜ਼ੰਜੀਰ ਨੇ,
ਇੰਜ ਜਾਪਦਾ ਜਿਵੇਂ ਹਾਰ ਮੰਨ ਲਈ ਹੈ ਤੇਰੀ ਜ਼ਮੀਰ ਨੇ ।
ਆਪਣੇ ਬਣਾਏ ਸਾਧਨਾਂ ਵਿੱਚੋਂ ਖੁਸ਼ੀ ਭਾਲ ਰਿਹਾ ਹੈ,
ਪਰ ਦਿੱਸ ਨਹੀਂ ਤੈਨੂੰ ਕੁਦਰਤ ਦਾ ਜਮਾਲ ਰਿਹਾ ਹੈ।
ਕੀ ਤੁਹਾਡਾ ਜੀਅ ਨਹੀਂ ਕਰਦਾ ਰੱਬ ਦੀ ਆਗੋਸ਼ ਵਿੱਚ ਬਹਿਣ ਨੂੰ ?
ਆਪਣੇ ਅੰਦਰੋਂ ਲੋਭ ਅਤੇ ਸਵਾਰਥ ਨੂੰ ਅਲਵਿਦਾ ਕਹਿਣ ਨੂੰ ?

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...