Thursday 10 September 2020

ਗੁਰ ਬਿਨੁ ਘੋਰ ਅੰਧਾਰ

ਹਿਰਦਿਆਂ ਵਿੱਚ ਅਸਾਡੇ ਛਾ ਹਨੇਰਾ ਗਿਆ ਹੈ
ਸਾਡੀਆਂ ਨਜ਼ਰਾਂ 'ਚ ਅੱਜ ਕਾਣ ਅਜੇਹਾ ਪਿਆ ਹੈ
ਖੋਟੇ ਸਿੱਕੇ ਨੂੰ ਸਮਝ ਬੈਠੇ ਨੇ ਸੋਨਾ ਸਾਰੇ
ਇਸ ਹਨੇਰੇ 'ਚ ਪਈ ਜਾਂਦੇ ਭੁਲੇਖੇ ਭਾਰੇ

ਮੁੰਤਜ਼ਰ ਹੁਣ ਕਿਸੇ ਸੂਰਜ ਦਾ ਹੈ ਸੋਨੇ ਦਾ ਜਿਗਰ
ਤਪਦਾ, ਸੜਦਾ ਅਤੇ ਮਚਦਾ ਹੈ ਉਡੀਕਾਂ ਅੰਦਰ
ਨਜ਼ਰਾਂ ਵਾਲਾ ਕੋਈ ਤਾਂ ਕਦਰ ਪਛਾਣੇ ਮੇਰੀ
ਮੁੱਲ ਪਾਵੇ ਮਿਰਾ 'ਤੇ ਖ਼ੂਬੀ ਸਿਆਣੇ ਮੇਰੀ 

ਬਾਅਦ ਮੁੱਦਤ ਹੀ ਸਹੀ, ਕੀਤਾ ਦੁਆ ਨੇ ਜਾ ਅਸਰ
ਕਦਰ-ਦਾਂ ਸੋਨੇ ਨੂੰ ਫਿਰ ਇੱਕ ਜਣਾ ਆਇਆ ਨਜ਼ਰ
ਓਸ ਦੀ ਪਾਕ ਨਜ਼ਰ ਜਾਣਦੀ ਸਭ ਦੀ ਕੀਮਤ
ਦਾਇਰੇ ਉਹਦੇ ਖ਼ਿਆਲਾਂ ਦੇ ਨਹੀਂ ਹਨ ਸੀਮਤ
ਨ੍ਹੇਰੇ ਵਿਚ ਵੀ ਉਹ ਸਮਝਦਾ ਖਰੇ-ਖੋਟੇ ਦਾ ਭੇਦ
ਮੁੱਖੜਾ ਇੰਨਾ ਪਵਿੱਤਰ ਕਿ ਨਿਰਾ ਜਾਪੇ ਵੇਦ
ਹਿੱਕ ਦੇ ਨਾਲ਼ ਲਾ ਕੇ ਸੋਨੇ ਨੂੰ ਤੁਰਿਆ ਜਾਵੇ
ਹੁਣ ਨਾ ਸ਼ੈ ਹੋਰ ਕੋਈ ਓਸ ਦੇ ਮਨ ਨੂੰ ਭਾਵੇ
ਖ਼ੁਸ਼ ਬੜਾ ਸੋਨਾ ਤੇ ਹੈਰਾਨ ਵੀ ਵਾਹਵਾ ਹੈ ਉਹ
ਸੋਚਾਂ ਵਿਚ ਡੁੱਬਾ, ਪਰੇਸ਼ਾਨ ਵੀ ਵਾਹਵਾ ਹੈ ਉਹ
ਵੇਖ ਕੇ ਕਦਰ-ਸ਼ਨਾਸ ਆਪਣੇ ਦੇ ਮੁਖ ਦਾ ਜਲਾਲ
ਸ਼ਾਂਤ ਰਹਿ ਸਕਿਆ ਨਾ 'ਤੇ ਪਾਰਖੂ ਨੂੰ ਕੀਤਾ ਸਵਾਲ
"ਓ ਭਲੇ ਮਾਣਸਾ ਕਿੱਥੋਂ ਇਹ ਹੁਨਰ ਸਿੱਖਿਆ ਤੂੰ?
ਭਾਰੀ ਜ਼ੁਲਮਤ ਤੋਂ ਵੀ ਗੁਮਰਾਹ ਨਾ ਹੋ ਸਕਿਆ ਤੂੰ
ਕੀਤਾ ਕਿੱਦਾਂ ਨਾ ਤਿਰੇ ਉੱਤੇ ਹਨੇਰੇ ਨੇ ਅਸਰ?
ਕਿਸ ਦੀ ਬਖ਼ਸ਼ੀ ਹੋਈ ਹੈ ਦਾਤ ਤਿਰਾ ਨੂਰ-ਏ-ਨਜ਼ਰ?
ਆਮ ਬੰਦਾ ਤਾਂ ਨਹੀਂ, ਕੋਈ ਕਲੰਦਰ ਹੈ ਤੂੰ
ਸ਼ਾਨ-ਓ-ਸ਼ੌਕਤ ਤੋਂ ਜਿਵੇਂ ਰਸ਼ਕ-ਏ-ਸਿਕੰਦਰ ਹੈ ਤੂੰ"

੩ (ਪਾਰਖੂ ਦਾ ਜਵਾਬ)
ਨਾ ਕਲੰਦਰ, ਨਾ ਵਲੀ 'ਤੇ ਨਾ ਹੀ ਮੈਂ ਕੋਈ ਫ਼ਕੀਰ
ਮੈਂ ਨਿਮਾਣਾ ਤਾਂ ਗੁਰੂ ਸੱਚੇ ਦੇ ਭਾਣੇ ਦਾ ਅਸੀਰ
ਅਕਲ ਦੀ ਰੌਸ਼ਨੀ 'ਤੇ ਨਜ਼ਰਾਂ ਦਾ ਹੈ ਨੂਰ ਗੁਰੂ
ਫ਼ਿਕਰਾਂ, ਸੰਸੇ 'ਤੇ ਹਨੇਰੇ ਨੂੰ ਕਰੇ ਦੂਰ ਗੁਰੂ
ਮੇਰੇ ਚਿਹਰੇ 'ਚ ਜੇ ਹੈ ਕੋਈ ਵੀ ਖਿੱਚ ਤਾਂ ਉਸ ਤੋਂ
ਜੇ ਕੋਈ ਸੋਚ ਸਮਝ ਹੈ ਮਿਰੇ ਵਿਚ ਤਾਂ ਉਸ ਤੋਂ
ਮੱਤ ਥੋੜ੍ਹੀ ਮਿਰੀ, ਕੀ ਕੋਈ ਕਰਾਂ ਫ਼ੈਸਲਾ ਮੈਂ?
ਗੁਰੂ ਜੇ ਹੱਥ ਦਵੇ ਸਿਰਫ਼ ਤਾਂ ਹੀ ਸੰਭਲਾਂ ਮੈਂ
ਭਲਾ ਮੈਨੂੰ ਕੀ ਸਮਝ? ਹੈ ਖਰਾ ਕੀ, ਖੋਟਾ ਕੀ?
ਕਹੇ ਜਿੱਦਾਂ ਗੁਰੂ, ਮੈਂ ਬੱਸ ਕਰਾਂ ਓਦਾਂ ਹੀ
ਪੀਰਾਂ ਦਾ ਪੀਰ ਗੁਰੂ ਮੇਰਾ ਅਤੇ ਸ਼ਾਹਾਂ ਦਾ ਸ਼ਾਹ
ਨ੍ਹੇਰਿਆਂ ਵਿੱਚ ਉਹੀ ਮੈਨੂੰ ਵਿਖਾਉਂਦਾ ਹਰ ਰਾਹ 
ਗੁਰੂ ਦੇ ਚਰਨਾਂ 'ਚ ਸੀਸ ਆਪਣਾ ਜੋ ਵੀ ਧਰਦਾ
ਖ਼ੁਦ ਦਾ ਤਨ ਮਨ ਜੋ ਗੁਰੂ ਨੂੰ ਦਿਲੋਂ ਅਰਪਣ ਕਰਦਾ
ਡੋਲਦਾ ਨਾ ਕਦੇ ਉਹ ਪ੍ਰਾਣੀ ਇਹ ਕਲਜੁਗ ਅੰਦਰ
ਬੇ ਅਸਰ ਸਾਮ੍ਹਣੇ ਉਹਦੇ ਹੋ ਜਵੇ ਭਵ ਸਾਗਰ

ਐਸਾ ਕਾਮਿਲ ਗੁਰੂ ਪਰ ਹਰ ਕਿਸੇ ਨੂੰ ਮਿਲਦਾ ਨਹੀਂ
ਪ੍ਰੀਤ ਦਾ ਤੀਰ ਹਰ ਇਕ ਹਿੱਕ ਨੂੰ ਤਾਂ ਛਿਲਦਾ ਨਹੀਂ
ਕੌਮ ਸਾਡੀ ਦੇ ਹੀ ਭਾਗ ਇਸ ਕਦਰ ਉੱਚੇ ਰਹੇ ਨੇ
ਗੁਰਾਂ ਦੇ ਮਿਹਰਾਂ ਭਰੇ ਹੱਥ ਜੋ ਉੱਤੇ ਰਹੇ ਨੇ
ਧੁੰਦ ਨੂੰ ਉਹਨੇ ਹੈ ਹੁਣ ਤੱਕ ਡਰਾਇਆ ਹੋਇਆ
ਸਿਲਸਿਲਾ ਜੋ ਗੁਰੂ ਨਾਨਕ ਦਾ ਚਲਾਇਆ ਹੋਇਆ
ਮਿਹਰਬਾਨ ਇਸ ਜ਼ਮੀਂ ਉੱਤੇ ਬੜਾ ਹੋਇਆ ਹੈ ਖ਼ੁਦਾ
ਦੱਸ ਦੇਹਾਂ 'ਚ ਉਦ੍ਹੀ ਜੋਤ ਹੋਈ ਜਲਵਾ-ਨੁਮਾ
'ਤੇ ਸਮਾਈ ਹੋਈ ਉਹ ਜੋਤ ਗਰੰਥ ਅੰਦਰ ਅੱਜ
ਜਿਸ ਦੇ ਦਰਸ਼ਨ ਹੀ ਸਮਝਦੇ ਅਸੀਂ ਤੀਰਥ ਜਾਂ ਹੱਜ
ਅੱਜ ਕੋਈ ਵੀ ਨਹੀਂ ਸੱਚਾ ਗੁਰੂ ਬਾਝ ਗਰੰਥ
ਅੱਜ ਦੇ ਘੁੱਪ ਹਨੇਰੇ 'ਚ ਉਹੀ ਰਹਿਬਰ-ਏ-ਪੰਥ

੪ (ਸੋਨਾ)
ਸ਼ੱਕ ਕੋਈ ਨਹੀਂ ਇਹ ਕੌਮ ਬੜੀ ਖ਼ੁਸ਼ ਕਿਸਮਤ
ਪਰ ਕਰਾਂ ਮੈਂ ਨਵਾਂ ਕੁਝ ਪੁੱਛਣੇ ਦੀ ਫਿਰ ਹਿੰਮਤ
ਤੁਸਾਂ ਦੀ ਕੌਮ ਦੀ ਵੀ ਵੱਖਰੀ ਕੁਝ ਤੋਰ ਨਹੀਂ 
ਠੇਡੇ ਖਾਂਦੇ ਪਏ ਨੇ ਜੋ ਉਹ ਕੋਈ ਹੋਰ ਨਹੀਂ  
ਦੌਰ ਕਲਜੁਗ ਦਾ ਹੈ ਫਿਰ ਪਹਿਲਾਂ ਹੀ ਵਾਂਗੂ ਮਾਰੂ
ਹੋ ਗਿਆ ਸੱਭੇ ਜਵਾਨਾਂ 'ਤੇ ਇਹ ਨ੍ਹੇਰਾ ਭਾਰੂ
ਖਰੇ ਖੋਟੇ ਦੀ ਸਮਝ ਨਾ 'ਤੇ ਨਾ ਰੱਖਣ ਚੀਰੇ
ਵੇਖੇ ਅਣਜਾਣ ਬੜੇ ਇੱਥੇ ਮੈਂ ਕੌਮੀ ਹੀਰੇ
ਵੇਖ ਲੈ ਆਪਣੀ ਇਸ ਕੌਮ ਨੂੰ 'ਤੇ ਗ਼ੈਰਾਂ ਨੂੰ
ਫ਼ਰਕ ਮਸਲਕ 'ਚ ਕੋਈ ਦਿੱਸੇ ਤਾਂ ਕੁਝ ਦੱਸ ਦੇ ਤੂੰ

੫ (ਪਾਰਖੂ)
ਸੱਚ ਜਾਣੋ ਤੁਸੀਂ ਉਸ ਸਿੱਖ ਨੂੰ ਸਮਝੋ ਮੋਇਆ
ਜੀਹਨੇ ਨਾਹੀ ਗੁਰੂ ਦਾ ਪੱਲੜਾ ਫੜ੍ਹਿਆ ਹੋਇਆ
ਹੋਂਦ ਇਸ ਕੌਮ ਦੀ ਕਾਇਮ ਗੁਰੂ ਦੀ ਓਟ ਦੇ ਨਾਲ
ਹੋ ਕੇ ਬੇ-ਮੁਖ ਗੁਰੂ ਤੋਂ ਹਿੱਸੇ ਇਹਦੇ ਆਇਆ ਜ਼ਵਾਲ
ਡੇਰਿਆਂ ਉੱਤੇ ਅਖੌਤੀ ਗੁਰਾਂ ਨੂੰ ਲੱਭਦੇ ਹਨ
ਅੰੰਨ੍ਹਿਆਂ ਆਗੂਆਂ ਦੀ ਰਹਿਬਰੀ ਇਹ ਮੰਗਦੇ ਹਨ
ਗੁਰੂ ਦੇ ਬਾਜ਼ਾਂ 'ਚ ਉਹਨਾਂ ਦਾ ਕਿਵੇਂ ਹੋਵੇ ਸ਼ੁਮਾਰ?
ਕੁੱਤਿਆਂ ਵਾਂਗਰਾਂ ਦਰ ਦਰ ਪਏ ਹੁੰਦੇ ਨੇ ਜੋ ਖ਼ਵਾਰ!
ਰਾਜ ਸੀ, ਦਬਦਬਾ ਸੀ, ਪੱਤ ਸੀ, ਗ਼ੈਰਤ ਵੀ ਸੀ
ਗੁਰੂ ਦਿਲ ਵਿਚ ਸੀ ਤਾਂ ਖੁੱਲ੍ਹਾ ਦਰ-ਏ-ਰਹਿਮਤ ਵੀ ਸੀ
ਰੋ ਪਈ ਧਰਤੀ ਜਦੋਂ ਗਾਥਾ ਸੁਣਾਈ ਸਾਰੀ
ਸਾਡੀ ਗ਼ਫ਼ਲਤ ਨੇ ਲੁਟਾ ਦਿੱਤੀ ਕਮਾਈ ਸਾਰੀ

ਅੱਜ ਵੀ ਜੇ ਗੁਰੂ ਦੇ ਵੱਲ ਕਰੇ ਕੋਈ ਮੁੱਖ
ਸਤਿਗੁਰੂ ਸਾਡਾ ਮੁਕਾ ਦਿੰਦਾ ਉਦ੍ਹੇ ਸਾਰੇ ਦੁੱਖ
ਗੁਰੂ ਦੇ ਦਰ 'ਤੇ ਕਦੇ ਬਰਕਤਾਂ ਨੇ ਨਾ ਘਟਣਾ
ਉਸ ਦੀਆਂ ਅਜ਼ਮਤਾਂ 'ਤੇ ਇੱਜ਼ਤਾਂ ਨੇ ਨਾ ਘਟਣਾ
ਜੋ ਕੋਈ ਵੀ ਲਵੇ ਗਾ ਉਸ ਦਿਆਂ ਕਦਮਾਂ 'ਚ ਪਨਾਹ
ਬਖ਼ਸ਼ ਦੇਵੇ ਗਾ ਗੁਰੂ ਉਹਦੇ ਕਰੋੜਾਂ ਹੀ ਗੁਨਾਹ 

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...