Friday 7 October 2022

ਉਹ ਕੌਮ

ਉਹ ਕੌਮ ਜੋ ਸੁਰਖ਼ ਫੁੱਲਾਂ ਨੂੰ ਖ਼ਾਰ ਜਾਣਦੀ ਹੋਵੇ,
ਉਹ ਜੋ ਆਪਣੇ ਵਿਰਸੇ ਦੀ ਨਾ ਸਾਰ ਜਾਣਦੀ ਹੋਵੇ,
ਜੀਹਦੀ ਆਪਣੇ ਪੁਰਖਿਆਂ ਨਾਲ ਸਾਂਝ ਕੋਈ ਨ ਹੋਵੇ,
ਜਿਹੜੀ ਕੰਡਿਆਂ ਦੀ ਸੇਜ 'ਤੇ ਕਦੀ ਸੋਈ ਨ ਹੋਵੇ,
ਜੀਹਨੂੰ ਪਿਛਾਂਹ-ਖਿੱਚੂ ਆਪਣਾ ਧਰਮ ਮਹਿਸੂਸ ਹੋਵੇ,
ਅਪਣੀ ਬੋਲੀ 'ਚ ਗੱਲ ਕਰਦਿਆਂ ਸ਼ਰਮ ਮਹਿਸੂਸ ਹੋਵੇ,
ਜੋ ਕੌਮ ਨਾ ਸੱਚੇ ਰੱਬ ਦੇ ਨਾਂ ਤੋਂ ਡਰਦੀ ਹੋਵੇ,
ਜੋ ਸੰਤਾਂ ਅਤੇ ਭਗਤਾਂ ਨਾਲ ਮਖੌਲ ਕਰਦੀ ਹੋਵੇ,
ਜਿਸ ਕੌਮ ਨੂੰ ਕੁਦਰਤ ਦੇ ਨਾਲ ਭੋਰਾ ਪਿਆਰ ਨ ਹੋਵੇ,
ਜੀਹਨੂੰ ਆਪਣੀ ਮਿੱਟੀ ਲਗਦੀ ਖ਼ੁਸ਼ਬੂਦਾਰ ਨ ਹੋਵੇ,
ਜੀਹਦਾ ਹਰ ਨੌਜਵਾਨ ਧਨ ਦੀ ਪੂਜਾ ਕਰਦਾ ਹੋਵੇ,
ਤੇ ਖ਼ੁਦ ਦੀਆਂ ਸੱਧਰਾਂ ਹੱਥੀਂ ਪਲ ਪਲ ਮਰਦਾ ਹੋਵੇ,
ਜਿਹੜੀ ਕੌਮ ਅਸ਼ਲੀਲਤਾ ਨੂੰ ਆਮ ਮੰਨਦੀ ਹੋਵੇ,
ਜੋ ਭੁਲੇਖੇ 'ਚ ਮਾਇਆ ਨੂੰ ਹੀ ਰਾਮ ਮੰਨਦੀ ਹੋਵੇ,
ਜੀਹਦੇ ਮਰਦਾਂ 'ਚ ਬਲ, ਦਲੇਰੀ ਤੇ ਦਨਾਈ ਨ ਹੋਵੇ,
ਉੱਚਾ-ਸੁੱਚਾ ਕਿਰਦਾਰ ਅਤੇ ਪਾਰਸਾਈ ਨ ਹੋਵੇ, 
ਜੀਹਦੀਆਂ ਔਰਤਾਂ 'ਚ ਅਦਬ ਜਾਂ ਸ਼ਰਮ-ਓ-ਹਯਾ ਨ ਹੋਵੇ,
ਸੰਕੋਚ, ਸਬਰ, ਇਖ਼ਲਾਕ, ਵਫ਼ਾ ਤੇ ਹੌਸਲਾ ਨ ਹੋਵੇ,
ਜੋ ਜਵਾਕਾਂ ਨੂੰ ਬਰਕਤ ਨਹੀਂ, ਭਾਰ ਸਮਝਦੀ ਹੋਵੇ,
ਗਲ਼ ਵਿਚ ਗ਼ੁਲਾਮੀ ਦੇ ਤੌਕ ਨੂੰ ਹਾਰ ਸਮਝਦੀ ਹੋਵੇ,
ਦਰਅਸਲ ਉਸ ਕੌਮ ਦਾ ਸੂਰਜ ਹੁਣ ਅਸਤ ਹੋ ਗਿਆ ਹੈ,
ਉਹਦਾ ਬੜਾ ਬੁਲੰਦ ਮਰਤਬਾ ਵੀ ਪਸਤ ਹੋ ਗਿਆ ਹੈ,
ਜੱਗ ਵਿਚ ਉਹਦੀ ਹਸਤੀ ਹੈ ਇਕ ਮੋਏ ਸਰੀਰ ਵਾਂਗੂ,
ਦੀਨ-ਦੁਨੀਆ ਦੋਵੇਂ ਲੁਟਾਈ ਬੈਠੇ ਫਕੀਰ ਵਾਂਗੂ,
ਜਾਂ ਤਾਂ ਉਹਨੇ ਖ਼ਾਕ 'ਚ ਰੁਲ ਕੇ ਤਬਾਹ ਹੋ ਜਾਣਾ ਹੈ,
ਜਾਂ ਫਿਰ ਅੱਗ ਦੇ ਅੰਦਰ ਸੜ ਕੇ ਸੁਆਹ ਹੋ ਜਾਣਾ ਹੈ।

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...