Friday 16 December 2022

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸਤਿਗੁਰੂ ਨੇ ਉਹ ਬੰਨ੍ਹ ਲਾਇਆ ਜੀਹਨੇ,
ਵਹਿਣ ਕਲਜੁੱਗ ਦੇ ਦਰਿਆ ਦੇ ਮੋੜੇ, 
ਮੁੱਕ ਜਾਂਦੇ ਨੇ ਉਹਦੇ ਸੰਸੇ ਸਾਰੇ,
ਜੋ ਗੁਰਬਾਣੀ ਦੇ ਵਿਚ ਧਿਆਨ ਜੋੜੇ,
ਖ਼ਮੋਸ਼ ਹੋ ਜਾਵਣ ਮਨ ਦੀਆਂ ਤਰੰਗਾਂ,
ਤੇ ਸੁੰਨ ਹੋ ਜਾਵਣ ਅਕਲਾਂ ਦੇ ਘੋੜੇ,
ਜੀਹਨੇ ਗੁਰੂ ਦੇ ਹੱਥ ਵਿਚ ਹੱਥ ਦਿੱਤਾ,
ਗੁਰੂ ਨੇ ਆਪ ਉਹਦੇ ਬੰਧਨ ਤੋੜੇ।

ਪ੍ਰੇਮ, ਅਨੰਦ ਅਤੇ ਗਿਆਨ ਦੀਆਂ ਲਹਿਰਾਂ,
ਗੁਰ-ਸਾਗਰ 'ਚੋਂ ਹਰ ਦਮ ਉੱਠਦੀਆਂ ਨੇ,
ਜੋ ਹਓਮੈਂ, ਤ੍ਰਿਸ਼ਨਾ ਤੇ ਵਿਕਾਰਾਂ ਦੀਆਂ,
ਸਭ ਹਵੇਲੀਆਂ ਨੂੰ ਢਾਹ ਸੁੱਟਦੀਆਂ ਨੇ।

ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅੰਦਰ, 
ਦਸਾਂ ਗੁਰੂਆਂ ਦਾ ਨੂਰ ਸਮਾਇਆ ਏ,
ਇਹਦੀ ਬਾਣੀ ਵਿਚੋਂ ਮੁਤਲਾਸ਼ੀਆਂ ਨੇ,
ਟਿਕਾਣਾ ਅਕਾਲ ਪੁਰਖ ਦਾ ਪਾਇਆ ਏ,
ਜੀਹਨੇ ਨਿਮਰਤਾ ਨਾਲ ਇਹਦੇ ਅੱਗੇ, 
ਆਪਣੇ ਸੀਸ ਦਾ ਭੇਟਾ ਚੜਾਇਆ ਏ,
ਫਿਰ ਉਹਨੇ ਭੁੱਲ ਕੇ ਵੀ ਸੀਸ ਆਪਣਾ,
ਜਰਵਾਣਿਆਂ ਮੂਹਰੇ ਨਾ ਝੁਕਾਇਆ ਏ।

ਇਹਦੇ ਦਰਸ਼ਨ ਦਾ ਜੀਹਨੂੰ ਮੋਹ ਜਾਗੇ, 
ਉਹਨੂੰ ਮੋਂਹਦਾ ਫਿਰ ਸੰਸਾਰ ਨਾਹੀਂ,
ਜਿਹੜਾ ਇਹਦੇ ਦੁਆਰੇ ਪਰਵਾਣ ਹੋਵੇ, 
ਉਹਨੂੰ ਦੂਜਾ ਦਰ ਦਰਕਾਰ ਨਾਹੀਂ। 

ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੇ,
ਰੌਸ਼ਨ ਇਕ ਲੁੱਕਿਆ ਜਹਾਨ ਕੀਤਾ ਹੈ,
ਏਸ ਕਾਮਿਲ ਗੁਰੂ ਦੇ ਸਤਿ-ਬਚਨਾਂ ਨੇ,
ਮਾਇਆ ਦਾ ਮਹਿਲ ਵੀਰਾਨ ਕੀਤਾ ਹੈ,
ਖਦੇੜ ਕੇ ਬਾਤਲ ਦਿਆਂ ਲਸ਼ਕਰਾਂ ਨੂੰ,
ਉੱਚਾ ਹੱਕ-ਸੱਚ ਦਾ ਨਿਸ਼ਾਨ ਕੀਤਾ ਹੈ,
ਜੀਹਨੇ ਕਾਇਮ ਰਹਿਣਾ ਹੈ ਅਬਦ ਤੀਕਰ,
ਇਹਨੇ ਉਸ ਸੱਚ ਦਾ ਬਿਆਨ ਕੀਤਾ ਹੈ।

ਇਹਨੇ ਝੋਲੀ ਕੰਗਾਲ ਹਿਰਦਿਆਂ ਦੀ,
ਹੀਰਿਆਂ, ਰਤਨਾਂ ਦੇ ਨਾਲ ਭਰਨੀ ਹੈ,
ਇਹਨੇ ਕਲਜੁਗ ਦੇ ਘੁੱਪ ਹਨੇਰੇ ਵਿਚ,
ਮਨੁੱਖਤਾ ਦੀ ਰਹਿਨੁਮਾਈ ਕਰਨੀ ਹੈ। 

Friday 7 October 2022

ਉਹ ਕੌਮ

ਉਹ ਕੌਮ ਜੋ ਸੁਰਖ਼ ਫੁੱਲਾਂ ਨੂੰ ਖ਼ਾਰ ਜਾਣਦੀ ਹੋਵੇ,
ਉਹ ਜੋ ਆਪਣੇ ਵਿਰਸੇ ਦੀ ਨਾ ਸਾਰ ਜਾਣਦੀ ਹੋਵੇ,
ਜੀਹਦੀ ਆਪਣੇ ਪੁਰਖਿਆਂ ਨਾਲ ਸਾਂਝ ਕੋਈ ਨ ਹੋਵੇ,
ਜਿਹੜੀ ਕੰਡਿਆਂ ਦੀ ਸੇਜ 'ਤੇ ਕਦੀ ਸੋਈ ਨ ਹੋਵੇ,
ਜੀਹਨੂੰ ਪਿਛਾਂਹ-ਖਿੱਚੂ ਆਪਣਾ ਧਰਮ ਮਹਿਸੂਸ ਹੋਵੇ,
ਅਪਣੀ ਬੋਲੀ 'ਚ ਗੱਲ ਕਰਦਿਆਂ ਸ਼ਰਮ ਮਹਿਸੂਸ ਹੋਵੇ,
ਜੋ ਕੌਮ ਨਾ ਸੱਚੇ ਰੱਬ ਦੇ ਨਾਂ ਤੋਂ ਡਰਦੀ ਹੋਵੇ,
ਜੋ ਸੰਤਾਂ ਅਤੇ ਭਗਤਾਂ ਨਾਲ ਮਖੌਲ ਕਰਦੀ ਹੋਵੇ,
ਜਿਸ ਕੌਮ ਨੂੰ ਕੁਦਰਤ ਦੇ ਨਾਲ ਭੋਰਾ ਪਿਆਰ ਨ ਹੋਵੇ,
ਜੀਹਨੂੰ ਆਪਣੀ ਮਿੱਟੀ ਲਗਦੀ ਖ਼ੁਸ਼ਬੂਦਾਰ ਨ ਹੋਵੇ,
ਜੀਹਦਾ ਹਰ ਨੌਜਵਾਨ ਧਨ ਦੀ ਪੂਜਾ ਕਰਦਾ ਹੋਵੇ,
ਤੇ ਖ਼ੁਦ ਦੀਆਂ ਸੱਧਰਾਂ ਹੱਥੀਂ ਪਲ ਪਲ ਮਰਦਾ ਹੋਵੇ,
ਜਿਹੜੀ ਕੌਮ ਅਸ਼ਲੀਲਤਾ ਨੂੰ ਆਮ ਮੰਨਦੀ ਹੋਵੇ,
ਜੋ ਭੁਲੇਖੇ 'ਚ ਮਾਇਆ ਨੂੰ ਹੀ ਰਾਮ ਮੰਨਦੀ ਹੋਵੇ,
ਜੀਹਦੇ ਮਰਦਾਂ 'ਚ ਬਲ, ਦਲੇਰੀ ਤੇ ਦਨਾਈ ਨ ਹੋਵੇ,
ਉੱਚਾ-ਸੁੱਚਾ ਕਿਰਦਾਰ ਅਤੇ ਪਾਰਸਾਈ ਨ ਹੋਵੇ, 
ਜੀਹਦੀਆਂ ਔਰਤਾਂ 'ਚ ਅਦਬ ਜਾਂ ਸ਼ਰਮ-ਓ-ਹਯਾ ਨ ਹੋਵੇ,
ਸੰਕੋਚ, ਸਬਰ, ਇਖ਼ਲਾਕ, ਵਫ਼ਾ ਤੇ ਹੌਸਲਾ ਨ ਹੋਵੇ,
ਜੋ ਜਵਾਕਾਂ ਨੂੰ ਬਰਕਤ ਨਹੀਂ, ਭਾਰ ਸਮਝਦੀ ਹੋਵੇ,
ਗਲ਼ ਵਿਚ ਗ਼ੁਲਾਮੀ ਦੇ ਤੌਕ ਨੂੰ ਹਾਰ ਸਮਝਦੀ ਹੋਵੇ,
ਦਰਅਸਲ ਉਸ ਕੌਮ ਦਾ ਸੂਰਜ ਹੁਣ ਅਸਤ ਹੋ ਗਿਆ ਹੈ,
ਉਹਦਾ ਬੜਾ ਬੁਲੰਦ ਮਰਤਬਾ ਵੀ ਪਸਤ ਹੋ ਗਿਆ ਹੈ,
ਜੱਗ ਵਿਚ ਉਹਦੀ ਹਸਤੀ ਹੈ ਇਕ ਮੋਏ ਸਰੀਰ ਵਾਂਗੂ,
ਦੀਨ-ਦੁਨੀਆ ਦੋਵੇਂ ਲੁਟਾਈ ਬੈਠੇ ਫਕੀਰ ਵਾਂਗੂ,
ਜਾਂ ਤਾਂ ਉਹਨੇ ਖ਼ਾਕ 'ਚ ਰੁਲ ਕੇ ਤਬਾਹ ਹੋ ਜਾਣਾ ਹੈ,
ਜਾਂ ਫਿਰ ਅੱਗ ਦੇ ਅੰਦਰ ਸੜ ਕੇ ਸੁਆਹ ਹੋ ਜਾਣਾ ਹੈ।

Sunday 25 September 2022

ਗੁਰੂ ਨਾਨਕ

ਉਹ ਦੁਨੀਆ ਦਾ ਵਾਲੀ ਤੇ ਅਰਸ਼ਾਂ ਦਾ ਮਾਲਿਕ,
ਜ਼ੱਰੇ-ਜ਼ੱਰੇ 'ਚ ਜਲਵਾ ਵਿਖਾਵੇ ਗੁਰੂ ਨਾਨਕ,
ਦਿਲ 'ਚ ਕਰਤਾਰ ਦਾ ਯਕੀਨ ਪੈਦਾ ਕਰ ਕੇ,
ਫ਼ਿਕਰਾਂ ਤੇ ਸੰਸਿਆਂ ਨੂੰ ਮਿਟਾਵੇ ਗੁਰੂ ਨਾਨਕ,
ਪਸ਼ੂ ਤੋਂ ਮਨੁੱਖ, ਫੇਰ ਮਨੁੱਖ ਤੋਂ ਦੇਵ ਕਰੇ,
ਇਉਂ ਰੁਤਬਾ ਜੀਵ ਦਾ ਵਧਾਵੇ ਗੁਰੂ ਨਾਨਕ,
ਜਿਹੜਾ ਸਦੀਆਂ ਤੀਕ ਨਾ ਉੱਤਰੇ ਤੇ ਨਾ ਉੱਡੇ,
ਐਸਾ ਪੱਕਾ, ਗੂੜ੍ਹਾ ਰੰਗ ਚੜ੍ਹਾਵੇ ਗੁਰੂ ਨਾਨਕ। 

ਖੇੜੇ 'ਤੇ ਵਿਸਮਾਦ 'ਚ ਹੋਵੇ ਭਗਤਾਂ ਦਾ ਵਾਸਾ,
ਜਦੋਂ ਅਨਹਦ ਵਾਜੇ ਵਜਾਵੇ ਗੁਰੂ ਨਾਨਕ,
ਉੱਠਣ ਦਿਲਾਂ ਅੰਦਰ ਲਹਿਰਾਂ ਅਨੰਦ ਦੀਆਂ,
ਜਦ ਵੀ ਇਲਾਹੀ ਬਾਣੀ ਸੁਣਾਵੇ ਗੁਰੂ ਨਾਨਕ,
ਨਾਮ-ਧੰਨ ਤੋਂ ਵਾਂਝੀਆਂ ਰੂਹਾਂ ਦੇ ਉਧਾਰ ਲਈ,
ਸਤਿਨਾਮ ਦੇ ਖ਼ਜ਼ਾਨੇ ਲੁਟਾਵੇ ਗੁਰੂ ਨਾਨਕ,
ਸਗਲ ਕਾਇਨਾਤ 'ਤੇ ਛਾ ਜਾਂਵਦਾ ਹੈ ਸਰੂਰ,
ਜਦ ਗੁਣ ਨਿਰੰਕਾਰ ਦੇ ਗਾਵੇ ਗੁਰੂ ਨਾਨਕ। 

ਹਉਮੈਂ ਅਤੇ ਵਿਕਾਰਾਂ ਦੀ ਅਗਨ ਨੂੰ ਬੁਝਾ ਕੇ,
ਠੰਢ ਸੁਲਗਦੇ ਮਨਾਂ 'ਚ ਪਾਵੇ ਗੁਰੂ ਨਾਨਕ,
ਚੰਚਲ, ਅੱਥਰੇ ਅਤੇ ਬੇ-ਚੈਨ ਹਿਰਦਿਆਂ ਨੂੰ,
ਸਹਿਜ ਅਵਸਥਾ 'ਚ ਲਿਆਵੇ ਗੁਰੂ ਨਾਨਕ,
ਸੰਗੀਨ ਅਪਰਾਧੀਆਂ ਤੇ ਘੋਰ ਪਾਪੀਆਂ ਨੂੰ ਵੀ,
ਜਾਚ ਸੁੱਚੇ ਜੀਵਨ ਦੀ ਸਿਖਾਵੇ ਗੁਰੂ ਨਾਨਕ,
ਤੜਫਦੀਆਂ ਰੂਹਾਂ ਨੂੰ ਪ੍ਰੇਮ-ਦਾਤ ਬਖ਼ਸ਼ ਕੇ,
ਵਾਹਿਗੁਰੂ ਵਾਹਿਗੁਰੂ ਜਪਾਵੇ ਗੁਰੂ ਨਾਨਕ। 

Tuesday 28 June 2022

ਪੰਜਾਬ

ਓਏ ਧਰਤੀਏ ਪੰਜਾਬ ਦੀਏ, ਜਾਵਾਂ ਤੈਥੋਂ ਵਾਰੇ,
ਤੇਰੇ ਮੂਹਰੇ ਫਿੱਕੇ ਪੈਂਦੇ ਜੰਨਤਾਂ ਦੇ ਨਜ਼ਾਰੇ,
ਤੇਰੀ ਮਿੱਟੀ ਵਲ ਰੀਝ ਨਾਲ ਵੇਖਦੇ ਨੇ ਸਿਤਾਰੇ,
ਆਦਰ ਨਾਲ ਦੇਵਤੇ ਕਰਦੇ ਚਰਚੇ ਤੇਰੇ ਵਾਰੇ,
ਫ਼ਰਿਸ਼ਤੇ ਕਰਨ ਸਲਾਮ ਜਦ ਵੀ ਤਜ਼ਕਰੇ ਹੋਣ ਤੇਰੇ,
ਤੇਰੀ ਦੀਦ ਲਈ ਧਰਤੀ 'ਤੇ ਮੁੜ ਮੁੜ ਪਾਵਣ ਫੇਰੇ।

ਠਾਰਦੀ ਹੈ ਕਾਲਜੇ ਦੀ ਅੱਗ ਨੂੰ ਠੰਢੀ 'ਵਾ ਤੇਰੀ,
ਰਸ ਘੋਲਦੀ ਹੈ ਦਿਲਾਂ ਅੰਦਰ ਮਹਿਕਦੀ ਫ਼ਿਜ਼ਾ ਤੇਰੀ,
ਖੇਤਾਂ ਨੂੰ ਰੰਗਲਾ ਬਣਾਉਂਦੀ ਦਿਲ-ਨਸ਼ੀਂ ਅਦਾ ਤੇਰੀ,
ਕਿ ਹੈ ਪਾਣੀ ਮੁਹਤਬਰ ਤੇਰਾ, ਰੇਤ ਬਾ-ਵਫ਼ਾ ਤੇਰੀ,
ਤੇਰੇ ਹਰ ਜ਼ੱਰੇ 'ਚ ਤਲਿੱਸਮ, ਕਣ-ਕਣ ਦੇ ਵਿਚ ਜਾਦੂ,
ਤਾਂਹੀ ਸਦਾ ਸਾਡੇ ਵਲਵਲੇ ਰਹਿੰਦੇ ਨੇ ਬੇ-ਕਾਬੂ। 

ਤੇਰੇ ਦਰਿਆਵਾਂ ਨੇ ਕਿੰਨੇ ਜੁੱਗ ਬਦਲਦੇ ਡਿੱਠੇ,
ਅਰਸ਼ਾਂ ਫਰਸ਼ਾਂ ਉੱਤੇ ਕਿੰਨੇ ਚੱਕਰ ਚਲਦੇ ਡਿੱਠੇ!
ਹੜੱਪਾ ਤਹਿਜ਼ੀਬ ਦੇ ਪਹਿਲੇ ਬੂਟੇ ਫਲਦੇ ਡਿੱਠੇ,
ਹੱਥਾਂ, ਪੈਰਾਂ ਤੇ ਅਕਲਾਂ ਦੇ ਜੌਹਰ ਪਲਦੇ ਡਿੱਠੇ,
ਰਿਸ਼ੀਆਂ, ਮੁਨੀਆਂ, ਵਿਦਵਾਨਾਂ ਨੇ ਰਚੇ ਵੇਦ ਇੱਥੇ ਹੀ,
ਪਰਗਟ ਹੋਏ ਨੇ ਰੂਹਾਂ ਦੇ ਲੁਕੇ ਭੇਦ ਇੱਥੇ ਹੀ।

ਸਤਿਗੁਰੂ ਨਾਨਕ ਜੀ ਪਰਗਟੇ ਤੇਰੀ ਜ਼ਮੀਨ ਉੱਤੇ,
ਸੀ ਨੂਰ ਕਰਤੇ ਦਾ ਜਿਨ੍ਹਾਂ ਦੀ ਰੌਸ਼ਨ ਜਬੀਨ ਉੱਤੇ,
ਤੇ ਸਜਿਆ ਖ਼ਾਲਸਾ ਪੰਥ ਵੀ ਇਸ ਸਰਜ਼ਮੀਨ ਉੱਤੇ,
ਰੱਖੀ ਟੇਕ ਜਿਸ ਨੇ ਆਪਣੇ ਮੋਹਕਮ ਯਕੀਨ ਉੱਤੇ,
ਤੇਰੀ ਹਰ ਪੈੜ 'ਤੇ ਗੁਰਾਂ ਦੇ ਨਿਸ਼ਾਨ ਦਿਸਦੇ ਸਾਨੂੰ,
ਥਾਂ ਥਾਂ 'ਤੇ ਉਨ੍ਹਾਂ ਦੇ ਮੁਕੱਦਸ ਮਕਾਨ ਦਿਸਦੇ ਸਾਨੂੰ।

ਗੁਰੂ ਦਸਮੇਸ਼ ਦੇ ਪੁੱਤ ਚਾਰੇ ਸੀ ਜਦ ਨਿਸਾਰ ਹੋਏ,
ਤੇਰੇ ਬਾਗ਼ ਦੇ ਸਾਰੇ ਫੁੱਲ ਸੀ ਸੋਗਵਾਰ ਹੋਏ,
ਹੱਦੋਂ ਵੱਧ ਕੇ ਮੁਗ਼ਲ ਹਾਕਿਮ ਸੀ ਦਾਗ਼ਦਾਰ ਹੋਏ,
ਅਖ਼ੀਰ ਬੰਦਾ ਸਿੰਘ ਬਹਾਦਰ ਅੱਗੇ ਲਾਚਾਰ ਹੋਏ,
ਤੇਰੇ ਜਾਏ ਕਿਸੇ ਤਰ੍ਹਾਂ ਦਾ ਧੱਕਾ ਸਹਿੰਦੇ ਨਾਹੀਂ,
ਹੱਥ ਧਰ ਕੇ ਮਜ਼ਲੂਮਾਂ ਵਾਂਗ, ਜੋਧੇ ਬਹਿੰਦੇ ਨਾਹੀਂ। 

ਜਦ ਰਣਜੀਤ ਸਿੰਘ ਨੇ ਕੀਤੀ ਲਾਹੌਰ 'ਤੇ ਚੜ੍ਹਾਈ,
ਜ਼ੁਲਮ ਦੀ ਜੜ੍ਹ ਪੱਟ ਕੇ ਜੱਗ ਵਿਚ ਤੇਰੀ ਸ਼ਾਨ ਵਧਾਈ,
ਜਦ ਲਿਸ਼ਕਦੀ ਕਿਰਪਾਨ ਆਪਣੀ ਨਲਵੇ ਨੇ ਲਹਿਰਾਈ,
ਉਹਦੀ ਬਹਾਦਰੀ ਨੇ ਦਹਿਸ਼ਤ ਪਠਾਣਾਂ ਵਿਚ ਮਚਾਈ,
ਇਸ ਮਿੱਟੀ 'ਤੇ ਡੁੱਲਿਆ ਲਹੂ ਅਣਗਿਣਤ ਸ਼ਹੀਦਾਂ ਦਾ,
ਰੌਸ਼ਨ ਜਿਨ੍ਹਾਂ ਦੀ ਘਾਲ ਸਦਕਾਂ ਚਿਰਾਗ਼ ਉੱਮੀਦਾਂ ਦਾ।

ਪੈਦਾ ਤੇਰੀ ਧਰਤੀ ਉੱਤੇ ਕਈ ਬਲਵਾਨ ਹੋਏ,
ਮਹਾਂਬਲੀ, ਜੰਗ-ਜੂ, ਜਰਨੈਲ, ਜੋਧੇ ਮਹਾਨ ਹੋਏ,
ਜਿਨ੍ਹਾਂ ਦੀਆਂ ਲਲਕਾਰਾਂ ਸੁਣ ਕੇ, ਦੰਗ ਸੁਲਤਾਨ ਹੋਏ,
ਜਿਨ੍ਹਾਂ ਸਾਮ੍ਹਣੇ ਵੱਡੇ ਵੱਡੇ ਦੁਸ਼ਟ ਬੇ-ਜਾਨ ਹੋਏ,
ਜਦ ਕਦੇ ਵੀ ਜ਼ੁਲਮੋ ਸਿਤਮ ਦੀ ਹਨੇਰੀ ਰਾਤ ਛਾਈ,
ਤੇਰੀ ਪਾਕ ਮਿੱਟੀ ਚੋਂ ਮਹਿਕ ਬਗ਼ਾਵਤਾਂ ਦੀ ਆਈ।

ਸਿੰਜੀ ਤੇਰੀ ਜ਼ਮੀਨ ਸਾਡੇ ਪੁਰਖਿਆਂ ਦੇ ਲਹੂ ਨੇ,
ਤੇਰੀ ਹਵਾ 'ਚ ਇਲਾਹੀ ਬੋਲ ਗੂੰਜਦੇ ਚਾਰ-ਸੂ ਨੇ,
ਪਾਕ-ਪਵਿੱਤਰ ਪੰਜੇ ਦਰਿਆ ਜੁ ਤੇਰੀ ਆਬਰੂ ਨੇ,
ਮਿੱਠੀ-ਮਿੱਠੀ ਤੇ ਰਸ ਭਿੰਨੀ, ਕਰੇਂਦੇ ਗੁਫ਼ਤੁਗੂ ਨੇ,
ਉਹ ਹੋਰ ਹੋਣਗੇ ਜੋ ਇੱਥੋਂ ਤੁਰ ਕੇ ਜਾ ਸਕਦੇ ਨੇ,
ਤੇਰੇ ਆਸ਼ਿਕ ਭਲਾ ਹਿਜਰ ਦੀ ਤਾਬ ਲਿਆ ਸਕਦੇ ਨੇ?

ਤੇਰੇ ਦੋਖੀਆਂ ਨੂੰ ਕਿਸ ਤਰ੍ਹਾਂ ਚੰਗਾ ਕਹਿ ਸਕਦੇ ਹਾਂ?
ਤੇਰੇ ਮੁੱਖ 'ਤੇ ਭੈੜੀ ਨਜ਼ਰ ਕਿੱਦਾਂ ਸਹਿ ਸਕਦੇ ਹਾਂ?
ਤੈਨੂੰ ਛੱਡ ਕੇ ਆਨੰਦ ਵਿਚ ਕਿੱਥੇ ਰਹਿ ਸਕਦੇ ਹਾਂ?
ਕਿਸੇ ਓਪਰੀ ਥਾਂ ਚੈਨ ਨਾਲ ਕਿੱਦਾਂ ਬਹਿ ਸਕਦੇ ਹਾਂ?
ਤੇਰੇ ਲੇਖੇ ਜਿੰਦ ਲਾਉਣ ਦੀ ਹੈ ਜ਼ਿੱਦ ਫੜੀ ਹੋਈ,
ਕਿ ਤੇਰੇ ਹੀ ਨਾਲ ਹੈ ਸਾਡੀ ਤਕਦੀਰ ਜੁੜੀ ਹੋਈ। 

ਹੈ ਦੁਆ ਮੇਰੀ ਕਿ ਰੱਬ ਤੈਨੂੰ ਹਮੇਸ਼ਾਂ ਸ਼ਾਦ ਰੱਖੇ
ਦੁੱਖਾਂ ਦਰਦਾਂ ਅਤੇ ਗ਼ਮਾਂ ਤੋਂ ਸਦਾ ਆਜ਼ਾਦ ਰੱਖੇ,
ਇਸ ਧਰਤੀ ਨੂੰ ਹੱਸਦਾ-ਵੱਸਦਾ ਅਤੇ ਆਬਾਦ ਰੱਖੇ,
ਤੇਰੀ ਹਰੇਕ ਨਸਲ ਆਪਣਾ ਇਤਿਹਾਸ ਯਾਦ ਰੱਖੇ,
ਖ਼ਾਲਿਕ ਤੇਰੇ ਵਸਨੀਕਾਂ ਦੀ ਅਣਖ ਸਲਾਮਤ ਰੱਖੇ,
ਇਹਨਾਂ ਦਾ ਦੀਨ ਮੁਹੱਬਤ ਤੇ ਧਰਮ ਇਬਾਦਤ ਰੱਖੇ। 

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...