Thursday 21 September 2017

ਚਲੋ ਕਾਬਿਲ ਬਣੀਏ


ਕਦੋਂ ਤਕ ਕਰੇਗਾ ਨਵੀਂ ਸਵੇਰ ਦੀ ਉਡੀਕ ,
ਰਹੇਗਾ ਹਨੇਰੀ ਰਾਤ ਵਿੱਚ ਬੇਪਰਵਾਹ ਕਦ ਤੀਕ,
ਕਿਸੇ ਕਰਾਮਾਤ ਨੇ ਨਹੀਂ ਕਰਨੇ ਹਾਲਾਤ ਠੀਕ ,
ਨਾ ਰੱਖ ਹਿੱਕ 'ਚ ਦਬਾ ਕੇ ਆਪਣੇ ਦਿਲ ਦੀ ਚੀਕ,
ਸਜਾ ਦੇ ਕਲਮ ਨੂੰ 'ਹਰਸਿਮਰਨ' ਦੇ ਕੇ ਆਪਣੇ ਖਿਆਲ,
ਸ਼ਾਇਦ ਦੀਵੇ ਜੱਗ ਜਾਣ ਤੇਰੇ ਇਸ ਉਪਰਾਲੇ ਨਾਲ਼ ।

ਰੱਖਦੀ ਸੀ ਜਿਹੜੀ ਕੌਮ ਮੱਤ ਨੂੰ ਰੱਬ ਦੇ ਨਾਂ 'ਚ ਲੀਨ,
ਵੱਡੇ ਵੱਡੇ ਹਾਕਮ ਜਿਸ ਨੂੰ ਨਾ ਕਰ ਸਕੇ ਆਪਣੇ ਅਧੀਨ ,
ਅੱਜ ਨਾ ਉਹ ਪੁਰਾਣੇ ਜਜ਼ਬੇ ਨੇ, ਨਾ ਉਹ ਸੁਪਨੇ ਹਸੀਨ,
ਵੇਖ ਕੇ ਅੱਜ ਸਿੱਖਾਂ ਨੂੰ ਨਹੀਂ ਹੁੰਦਾ ਅੱਖਾਂ ਤੇ ਯਕੀਨ,
ਨਾ ਉਹ ਅਣਖ ਰਹੀ , ਨਾ ਸਾਬਤ ਸੂਰਤ ਪਹਿਰਾਵਾ ਹੈ ,
ਫਿਰ ਆਪਣੇ ਆਪ ਨੂੰ ਸਿੱਖ ਅਖਵਾਉਣਾ ਇੱਕ ਵਿਖਾਵਾ ਹੈ ।

ਪਛਾਣ ਸਿੰਘਾ ਹੁਣ ਕਿ ਤੇਰਾ ਉੱਚਾ ਮੁਕਾਮ ਹੈ ,
ਗੁਰੂਆਂ ਨੇ ਦਿੱਤਾ ਤੈਨੂੰ ਹੱਕ ਸੱਚ ਦਾ ਪੈਗ਼ਾਮ ਹੈ,
ਕਿਉਂ ਤੁੱਛ ਵਹਿਮਾਂ ਭਰਮਾਂ ਦਾ ਤੂੰ ਬਣਿਆ ਗ਼ੁਲਾਮ ਹੈ ?
ਕਿਉਂ ਆਪਣੇ ਆਪ ਨੂੰ ਤੂੰ ਸਮਝਿਆ ਬੰਦਾ-ਏ-ਆਮ ਹੈ?
ਰੱਬ ਵੱਲੋਂ ਅਤਾ ਹੋਈ ਜਿਹਨੂੰ ਇੱਕ ਅਮੀਰ ਵਿਰਾਸਤ , ਤੂੰ ਹੈ,
ਮਜ਼ਲੂਮ ਹਿੰਦੁਸਤਾਨ ਦੀ ਜਿਸ ਨਾਲ ਪੂਰੀ ਹੋਈ ਹਾਜਤ, ਤੂੰ ਹੈ।

ਮੁੱਢੋਂ ਕਰਦੀ ਆਈ ਜਿਹੜੀ ਕੌਮ ਸੱਚ ਦੀ ਰਖਵਾਲੀ ਹੈ,
ਇਨਸਾਫ ਕਰਨ ਦੀ ਜਿਸ ਦੀ ਆਦਤ ਨਿਰਾਲੀ ਹੈ,
ਘੱਲੂਘਾਰਿਆਂ ਵਿੱਚ ਵੀ ਰੱਬ ਦੇ ਗੁਣ ਗਾਉਣ ਵਾਲੀ ਹੈ,
ਜਾਤ ਪਾਤ ਅਤੇ ਰੂਪ ਰੰਗ ਤੋਂ ਜਿਹੜੀ ਖਾਲੀ ਹੈ ,
ਵਾਰਿਸ ਹੈ ਤੂੰ ਉਸ ਕੌਮ ਦਾ , ਜਾਗ ਸਿੰਘਾ ਜਾਗ,
ਹਰ ਕਿਸੇ ਕੋਲ ਨਹੀਂ ਹਨ ਤੇਰੇ ਜਿੰਨੇ ਵੱਡੇ ਭਾਗ।

ਸੁਖੀ ਵਸਦਾ ਹੈ ਹਿੰਦੁਸਤਾਨ ਜਿਸ ਦੀਆਂ ਸ਼ਹਾਦਤਾਂ ਨਾਲ਼,
ਦੇਸ਼ ਤੇ ਧਰਮ ਦੀ ਰਾਖੀ ਲਈ ਕਰਦੀ ਰਹੀ ਕਮਾਲ,
ਤੇਰੇ ਵੱਡੇ ਵਡੇਰਿਆਂ ਨੇ ਕੀਤਾ ਜ਼ਾਲਮਾਂ ਦਾ ਮਾੜਾ ਹਾਲ,
ਉਸ ਖੂਨ ਦੇ ਰੰਗ ਨਾਲ ਹੈ ਇਹ ਧਰਤੀ ਵਾਂਗ ਗੁਲਾਬ ਲਾਲ ,
ਕਿਉਂ ਅੱਜ ਤੂੰ ਬੇ-ਸ਼ੁਮਾਰ ਸ਼ੱਕਾਂ ਵਿੱਚ ਹੈ ਖੋਇਆ?
ਬਸ ਤਰੀਕਾ ਬਦਲਿਆ ਹੈ, ਸੰਘਰਸ਼ ਖ਼ਤਮ ਨਹੀਂ ਹੋਇਆ ।

ਲਾਹੌਰ ਦੀ ਤੱਤੀ ਤਵੀ ਨੇ ਪਹਿਲਾਂ ਪਰਖਿਆ ਗੁਰੂ ਦਾ ਸਬਰ,
ਦਿੱਲੀ ਦੇ ਤਖ਼ਤ ਨੇ ਵੇਖੀ ਗੁਰੂ ਤੇਗ਼ ਬਹਾਦਰ ਦੀ ਬੇਬਾਕ ਨਜ਼ਰ ,
ਚਮਕੌਰ ਅਤੇ ਸਰਹਿੰਦ ਦੀ ਧਰਤੀ ਵੀ ਹੋ ਗਈ ਅਮਰ,
ਜਦ ਰੱਬ ਦੇ ਭਾਣੇ ਸਾਰਾ ਸਰਬੰਸ ਵਾਰ ਗਿਆ ਕਲਗੀਧਰ ,
ਇਸ ਧਰਤੀ ਨੇ ਰਹਿਣਾ ਅਬਦ ਤਕ ਉਨ੍ਹਾਂ ਦਾ ਕਰਜ਼ਦਾਰ ਹੈ ,
ਹੋਣਾ ਅਕਿਰਤਘਣਾਂ ਨੇ ਦਰਗਾਹ-ਏ-ਹੱਕ 'ਚ ਸ਼ਰਮਸਾਰ ਹੈ ।

ਗੁਰੂ ਗੋਬਿੰਦ ਸਿੰਘ ਨੇ ਬਣਾਇਆ ਸੀ ਸ਼ੇਰ ਤੈਨੂੰ,
ਕਈ ਇਮਤਿਹਾਨਾਂ ਚੋਂ ਵੀ ਲੰਘਾਇਆ ਗਿਆ ਫੇਰ ਤੈਨੂੰ,
ਲੱਖਾਂ ਕੁਰਬਾਨੀਆਂ ਦੇਣ ਮਗਰੋਂ ਬਖ਼ਸ਼ੀ ਗਈ ਸਵੇਰ ਤੈਨੂੰ,
ਮੰਜ਼ਿਲ ਤੋਂ ਭਟਕਾ ਨਾ ਸਕਿਆ ਕਦੇ ਹਨੇਰ ਤੈਨੂੰ,
ਰੁਤਬਾ ਜਿਸ ਦਾ ਸਭ ਤੋਂ ਉੱਚਾ ਅਤੇ ਸ਼ਾਹੀ ਢੰਗ ਦਾ ਹੈ,
ਅੱਜ ਕਿਉਂ ਉਹ ਆਪਣੇ ਜੰਗਲ 'ਚ ਤੁਰਦਾ ਹੋਇਆ ਸੰਗਦਾ ਹੈ ?

ਵੇਖ ਧਿਆਨ ਨਾਲ ਤੂੰ ਗੁਰੂ ਗੋਬਿੰਦ ਸਿੰਘ ਦਾ ਬਾਜ਼,
ਸਾਫ ਸਾਫ ਦਰਸਾਉਂਦਾ ਹੈ ਜੋ ਤੇਰੀ ਫਿਤਰਤ ਦਾ ਰਾਜ਼,
ਉੱਡ ਕੇ ਇਹਦੇ ਵਿਰੁੱਧ ਕਰਦਾ ਹਵਾ ਨੂੰ ਨਰਾਜ਼,
ਲਹੂ ਗਰਮ ਕਰਕੇ ਨਿੱਤ ਕਰਦਾ ਬੁਲੰਦ ਪਰਵਾਜ਼,
ਦੂਜਿਆਂ ਵਰਗਾ ਤੂੰ ਖ਼ੁਦ ਨੂੰ ਸ਼ਾਇਦ ਇਸਲਈ ਸਮਝ ਲਿਆ ਹੈ,
ਕਿਓਂਕਿ ਅੱਜ ਇਹ ਤੇਰੇ ਅੰਦਰ ਡੂੰਘੀ ਨੀਂਦਰ ਸੁੱਤਾ ਪਿਆ ਹੈ ।

ਗੁਰੂਆਂ ਨੇ ਬਣਾਇਆ ਸੱਚਾ ਰਾਹ ਤੇਰੇ ਵਾਸਤੇ ,
ਪੁਰਾਣੇ ਰੀਤ-ਰਿਵਾਜ ਦਿੱਤੇ ਮਿਟਾ ਤੇਰੇ ਵਾਸਤੇ ,
ਗੁਰੂ ਗ੍ਰੰਥ ਸਾਹਿਬ ਦਿੱਤਾ ਰਚਾ ਤੇਰੇ ਵਾਸਤੇ ,
ਮੱਤ ਤੇਰੀ ਨੂੰ ਦਿੱਤੇ ਖੰਬ ਲਗਾ ਤੇਰੇ ਵਾਸਤੇ ,
ਜਦ ਰੱਬ ਤਕ ਪਹੁੰਚਣ ਦਾ ਤੇਰੇ ਕੋਲ ਸੱਚਾ ਸੁੱਚਾ ਰਾਹ ਹੈ ,
ਕਿਉਂ ਮੁੜ ਮੁੜ ਕੇ ਜੰਗਲ - ਬੇਲਿਆਂ ਵਿੱਚ ਲੈ ਰਿਹਾ ਪਨਾਹ ਹੈ ?

ਆਪਣੀਆਂ ਅੱਖਾਂ ਤੋਂ ਲਾਹ ਦੇ ਮੈਂ ਤੇ ਤੂੰ ਦਾ ਰੰਗ,
ਤੋੜ ਭੰਨ੍ਹ ਕੇ ਸਵਾਰਥ ਨੂੰ ਦੇ ਛਿੱਕਿਆਂ ਉੱਤੇ ਟੰਗ,
ਆਪਣੇ ਲਈ ਅਰਦਾਸ ਵਿੱਚ ਬੱਸ ਇਹੋ ਗੁਣ ਮੰਗ,
ਪੰਥ ਦੀ ਸੇਵਾ ਵਿੱਚ ਰੁੱਝਿਆ ਰਹੇ ਮੇਰਾ ਅੰਗ ਅੰਗ,
ਇਹ ਧਨ ਦੌਲਤ ਨੇ ਦੇਣੀ ਤੈਨੂੰ ਖੁਸ਼ੀ ਥੁੜ-ਚਿਰੀ ਹੈ,
ਸਿਰੇ ਚੜ੍ਹ ਕੇ ਇਹਨੇ ਫੂਕ ਦੇਣੀ ਜਿੰਦੜੀ ਤੇਰੀ ਹੈ ।

ਭਾਵੇਂ ਹਜ਼ਾਰਾਂ ਹੀ ਤੁਸੀਂ ਪੱਕੇ ਗੁਰਦੁਆਰੇ ਬਣਾ ਲਵੋ ,
ਧਰਮ ਦੀ ਵਡਿਆਈ ਬਾਰੇ ਲੱਖਾਂ ਕਿਤਾਬਾਂ ਲਿਖਾ ਲਵੋ ,
ਘਰ ਦਫਤਰਾਂ ਵਿੱਚ ਗੁਰੂਆਂ ਦੀਆਂ ਤਸਵੀਰਾਂ ਟੰਗਾ ਲਵੋ,
ਸ਼ਹੀਦਾਂ ਦੀਆਂ ਸਿਫ਼ਤਾਂ ਵਿੱਚ ਲੱਖਾਂ ਗੀਤ ਗਾ ਲਵੋ ,
ਪਰ ਸਜਾਈ ਜੇਕਰ ਨਾ ਤੁਸੀਂ ਸਿਰ ਉੱਤੇ ਦਸਤਾਰ ਹੋਵੇਗੀ,
ਨਹੀਂ ਪੰਥ ਦੇ ਪ੍ਰਚਾਰ ਦੀ ਹੋਰ ਤੇਜ਼ ਰਫਤਾਰ ਹੋਵੇਗੀ ।

ਹਰ ਇੱਕ ਸਿੰਘ ਦੇ ਸਿਰ ਦਾ ਸ਼ਿੰਗਾਰ ਹੈ ,
ਗੁਰੂ ਗੋਬਿੰਦ ਸਿੰਘ ਦਾ ਉੱਚਾ ਸੁੱਚਾ ਵਿਚਾਰ ਹੈ,
ਸ਼ਹੀਦਾਂ ਦੇ ਲਹੂ ਨਾਲ ਹੁੰਦੀ ਰਹਿੰਦੀ ਰੰਗਦਾਰ ਹੈ,
ਲੱਖਾਂ ਹੀ ਕਿੱਸੇ ਸੁਣਾਉਂਦੀ ਸਿੰਘ ਦੀ ਦਸਤਾਰ ਹੈ ,
ਕੁੱਲ ਸੰਸਾਰ ਵਿੱਚ ਨਹੀਂ ਕਿਧਰੇ ਇਸ ਦੀਆਂ ਕੋਈ ਰੀਸਾਂ ਨੇ,
ਗੁਰੂਆਂ ਤੇ ਸ਼ਹੀਦਾਂ ਦੀਆਂ ਸਾਡੇ ਸਿਰ ਉੱਤੇ ਵਰ੍ਹਦੀਆਂ ਅਸੀਸਾਂ ਨੇ ।

ਅਸੀਸਾਂ ਲੈ ਕੇ, ਮੱਥੇ ਟੇਕ ਕੇ ਗੁਰੂ ਦੇ ਦਰ ਉੱਤੇ ,
ਰੱਖ ਕੇ ਰੰਗੀਨ ਖਵਾਬ ਆਪਣੀ ਪਾਕ ਨਜ਼ਰ ਉੱਤੇ,
ਆ ਸਿੰਘਾ, ਹੁਣ ਚੱਲੀਏ ਅਸੀਂ ਆਨੰਦਮਈ ਸਫ਼ਰ ਉੱਤੇ,
ਸੁੱਕੀ ਪਈ ਹੈ ਇਹ ਧਰਤੀ , ਬੱਦਲ ਬਣ ਕੇ ਵਰ੍ਹ ਉੱਤੇ,
ਸਾਫ਼ ਕਰ ਦੇ ਜ਼ਮੀਨ ਤੇ ਲੱਗੇ ਇੱਕ ਇੱਕ ਦਾਗ਼ ਨੂੰ ,
ਹਰਿਆਲੀ ਨਾਲ ਫਿਰ ਆਬਾਦ ਕਰ ਦੇ ਸੁੱਕੇ ਬਾਗ਼ ਨੂੰ ।

ਸੜ ਰਿਹਾ ਹੈ ਸੰਸਾਰ ਪੰਜ ਐਬਾਂ ਦੀ ਬਲਦੀ ਅੱਗ ਵਿੱਚ ,
ਬਲ ਰਹੀ ਹੈ ਹਰ ਧਰਮੀ ਵਿੱਚ, ਪਖੰਡੀ ਵਿੱਚ,ਠੱਗ ਵਿੱਚ ,
ਪਛਾਣ ਕਿਹੜਾ ਖੂਨ ਵੱਗ ਰਿਹਾ ਹੈ ਤੇਰੀ ਰੱਗ ਰੱਗ ਵਿੱਚ,
ਛਾ ਜਾ ਆਪਣੇ ਹੁਨਰ ਅਤੇ ਦਲੇਰੀ ਨਾਲ ਸਾਰੇ ਜੱਗ ਵਿੱਚ,
ਗੁਰੂਆਂ ਦੀ ਬਾਣੀ ਦੇ ਇਲਮ ਨਾਲ ਮੋਹਕਮ ਬਣਾ ਚਿੱਤ ਲੈ ,
'ਮਨ ਜੀਤੈ, ਜਗ ਜੀਤ' ਦੀ ਸਿੱਖਿਆ ਨਾਲ ਸਜਾ ਚਿੱਤ ਲੈ ।

ਹੋ ਜਾ ਪੰਥ 'ਚ ਲੀਨ ਢਾਹ ਕੇ ਕੰਧਾਂ ਜਾਤ-ਪਾਤ ਦੀਆਂ ,
ਹਰ ਪਿੰਡ ਨਗਰੀ ਪੈਣ ਕਣੀਆਂ ਇਸ ਨਵੀਂ ਬਰਸਾਤ ਦੀਆਂ ,
ਇਤਿਹਾਸ ਦੀਆਂ ਪੰਕਤੀਆਂ ਨੇ ਗਵਾਹ ਇਸ ਬਾਤ ਦੀਆਂ ,
ਸਾਡੇ ਭਾਈਚਾਰੇ ਤੋਂ ਡਰਦੀਆਂ ਭੈੜੀਆਂ ਤਾਕਤਾਂ ਕਾਇਨਾਤ ਦੀਆਂ ,
ਝੱਖੜਾਂ ਵਿੱਚ ਵੀ ਬੇਫ਼ਿਕਰੀ ਨਾਲ ਬਲਦਾ ਇਸ ਕੌਮ ਦਾ ਦੀਵਾ ਰਵੇਗਾ ,
ਜਦ ਸਾਰੇ ਸਿੰਘ ਹੋਵਣਗੇ , ਨਾ ਕੋਈ ਉੱਚਾ , ਨਾ ਕੋਈ ਨੀਵਾਂ ਰਵੇਗਾ ।

ਕਰਾ ਆਪਣੇ ਮਨ ਨੂੰ ਇਸ ਗੱਲ ਦਾ ਅਹਿਸਾਸ ,
ਕਿ ਤੇਰੇ ਤੋਂ ਹੈ ਇਸ ਧਰਤੀ ਨੂੰ ਬੜੀ ਆਸ ,
ਗੁਰੂ ਦੇ ਨਾਂ ਕਰਕੇ ਆਪਣਾ ਇੱਕ ਇੱਕ ਸੁਆਸ ,
ਰਲ ਮਿਲ ਕੇ ਅਸੀਂ ਰਚਾਉਣਾ ਹੈ ਨਵਾਂ ਇਤਿਹਾਸ ,
ਆਪਣੇ ਪੰਥ ਦੀ ਸ਼ਾਨ ਹੋਰ ਵਧਾਉਣ ਦੇ ਕਾਬਿਲ ਬਣੀਏ ,
ਆਪਣੇ ਆਪ ਨੂੰ ਗੁਰੂ ਦੇ ਸਿੱਖ ਅਖਵਾਉਣ ਦੇ ਕਾਬਿਲ ਬਣੀਏ |

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...