Saturday 28 March 2020

ਸ਼ਹਿਰ ਚੰਡੀਗੜ੍ਹ ਨੂੰ

ਤੂੰ ਵਿਖਾਇਆ ਹੈ ਸਾਨੂੰ ਅਨੋਖਾ ਤਜ਼ਾਦ,
ਲੋਕ ਕਿਉਂ ਖ਼ੁਦ ਤੋਂ ਹੀ ਵਿੱਛੜੇ ਹੋਏ ਨੇ?
ਡੂੰਗੀਆਂ ਤੇਰੇ ਰੁੱਖਾਂ ਦੀਆਂ ਨੇ ਜੜ੍ਹਾਂ,
ਵਾਸੀ ਤੇਰੇ ਜੜ੍ਹੋਂ ਉੱਖੜੇ ਹੋਏ ਨੇ !

Friday 27 March 2020

ਕਸੂਤੇ ਫੱਸੇ

(2020 ਵਿੱਚ ਨਨਕਾਣਾ ਸਾਹਿਬ ਅਤੇ ਕਾਬੁਲ ਦੇ ਗੁਰਦੁਆਰਿਆਂ ਉੱਤੇ ਹੋਏ ਦਹਿਸ਼ਤਗਰਦੀ ਹਮਲਿਆਂ ਦੀ ਯਾਦ ਵਿੱਚ)

ਅਸੀਂ ਹੁਣ ਜਾਈਏ ਕਿੱਥੇ, ਤੇ ਡੇਰਾ ਲਾਈਏ ਕਿੱਥੇ?
ਕੋਈ ਗ਼ਮ-ਖ਼ਵਾਰ ਨਾ ਸਾਡਾ, ਨਾ ਕੋਈ ਦੇਸ ਸਾਡਾ ਹੈ,
ਉਮੀਦ ਇਨਸਾਫ਼ ਦੀ ਕਰੀਏ ਤਾਂ ਕਿਸ ਥਾਂਵੇਂ ਜਾ ਕੇ ਕਰੀਏ,
ਕਿ ਹਰ ਮੁਨਸਿਫ਼ ਨੂੰ ਇੱਥੇ ਚੁੱਭਦਾ ਹੁਣ ਭੇਸ ਸਾਡਾ ਹੈ।

ਅਸਾਡੇ ਪੁਰਖਿਆਂ ਦੀ ਭਾਗਸ਼ਾਲੀ ਧਰਤੀ ਜਿੱਥੇ ਹੁਣ,
ਨਾ ਰਹਿ ਸਕਦੇ ਹਾਂ ਤੇ ਨਾ ਛੱਡ ਕੇ ਜਾ ਸਕਦੇ ਹਾਂ ਇਹਨੂੰ,
ਤੂੰ ਲੈਣੇ ਹੋਰ ਕਿੰਨੇ ਇਮਤਿਹਾਂ ਰੱਬਾ ਕਿ ਜਾਂ ਨੂੰ ਵੀ,
ਵਿਖਾ ਦਿੱਤਾ ਕਿ ਲੇਖੇ ਕੌਮ ਦੇ ਲਾ ਸਕਦੇ ਹਾਂ ਇਹਨੂੰ!

ਇਹ ਤਾਂ ਦੋਵੇਂ ਧਿਰਾਂ ਵਿਚਕਾਰ ਫੱਸ ਚੁੱਕੇ ਕਸੂਤੇ ਨੇ,
ਭਲਾ ਸਰਬੱਤ ਦਾ ਮੰਗਣ ਦੇ ਲੋਕੀਂ ਜਿਹੜੇ ਆਦੀ ਨੇ,
ਸਿਖਾਇਆ ਨਾ ਗਿਆ ਹੈ ਸਾਨੂੰ ਇਉਂ ਸ਼ਿਕਵੇ ਗਿਲੇ ਕਰਨੇ ,
ਕਿ ਬੇ-ਵੱਸ ਕੀਤਾ ਹੈ 'ਜਮਹੂਰੀਅਤ' ਤੇ ਇਸ 'ਅਜ਼ਾਦੀ' ਨੇ ।

ਨਾ ਕੋਈ ਤਖ਼ਤ ਸਾਡਾ ਹੈ, ਨਾ ਕੋਈ ਤਾਜ ਸਾਡਾ ਹੈ,
ਵੇ ਕੋਈ ਮੁਲਕ ਤਾਂ ਹੋਵੇ ਕਿ ਜਿਹਨੂੰ ਘਰ ਅਸੀਂ ਕਹੀਏ,
ਕੋਈ ਮੀਤ ਆਵੇ ਤੇ ਆ ਕੇ ਫੜੇ ਹੁਣ ਹੱਥ ਸਾਡਾ ਵੀ,
ਅਸੀਂ ਥੱਕੇ ਪਏ, ਕਿਸ ਕਿਸ ਨੂੰ ਹੁਣ ਜਾਬਰ ਅਸੀਂ ਕਹੀਏ?

Tuesday 24 March 2020

ਜਾਣੇ ਜੋ ਨੀਤਾਂ ਸਾਰੀਆਂ
ਫਿਰ ਵੀ ਢਕੇ ਗੁਨਾਹਾਂ ਨੂੰ
ਉਹਨੂੰ ਵਿਸਾਰ ਕੇ ਕਰੇਂ 
ਕਾਹਤੋਂ ਵਿਅਰਥ ਸਾਹਾਂ ਨੂੰ?

ਮਹਿਲ-ਮੁਨਾਰੇ ਬੇ-ਸ਼ੁਮਾਰ
ਦੌਲਤਾਂ ਕੁੱਲ ਜਹਾਂ ਦੀਆਂ
ਪਰ ਜਮ੍ਹਾਂ ਕਰ ਕੇ ਵੀ ਇਹ ਸਭ
ਚੈਨ ਪਵੇ ਨਾ ਸ਼ਾਹਾਂ ਨੂੰ

ਪੀਰ, ਗੁਰੂ, ਵਲੀ ਨਹੀਂ
ਐਸ਼ ਪਰਸਤ ਠੱਗ ਨੇ
ਸਾਹਵੇਂ ਇਨ੍ਹਾਂ ਦੇ ਭੁੱਲ ਕੇ ਵੀ 
ਨਾ ਝੁਕਾ ਤੂੰ ਨਿਗਾਹਾਂ ਨੂੰ

ਯਾਦ ਸਜਾ ਕੇ ਉਹਨਾਂ ਦੀ
ਚਿੱਤ 'ਚ ਰੱਖ ਮੁਸਾਫ਼ਿਰਾ!
ਜੋ ਲਹੂ ਨਾਲ ਆਪਣੇ
ਰੁਸ਼ਨਾ ਗਏ ਨੇ ਰਾਹਾਂ ਨੂੰ

ਡੁੱਬਦੇ ਬੇੜੇ ਸਾਂਭਦੀ 
ਮਿਹਰ ਭਰੀ ਨਜ਼ਰ ਜਿਨ੍ਹਾਂ
ਸਤਿਗੁਰੂ ਸਾਹਿਬਾਨ ਦੀ,
ਸਜਦਾ ਉਨ੍ਹਾਂ ਮਲਾਹਾਂ ਨੂੰ !

Wednesday 11 March 2020

ਮਨੁੱਖ ਤੇ ਧਰਤੀ

                    ਮਨੁੱਖ
ਹੈ ਬਾਦਸ਼ਾਹੀ ਅਸਾਡੀ ਹੀ ਕਾਇਨਾਤ ਉੱਤੇ ,
ਹਵਾ ਜ਼ਮੀਨ ਤੇ ਜਲ ਉੱਤੇ, ਦਿਨ ਤੇ ਰਾਤ ਉੱਤੇ ,
ਕਿ ਡਾਢੇ ਸ਼ੂਕਦੇ ਦਰਿਆ ਮੈਂ ਬੰਨ੍ਹ ਸਕਦਾ ਹਾਂ ,
ਤੇ ਵੱਡੇ ਵੱਡੇ ਪਹਾੜਾਂ ਨੂੰ ਭੰਨ੍ਹ ਸਕਦਾ ਹਾਂ ,
ਉਜਾੜ ਸਕਦਾ ਹਾਂ ਤੇਰੇ ਹਰੇ ਭਰੇ ਜੰਗਲ ,
ਜੇ ਚਾਹਾਂ ਤਾਂ ਵਸਾ ਸਕਦਾ ਹਾਂ ਤੇਰੇ ਮਾਰੂਥਲ ,
ਬਣੇ ਸਾਂ ਧਰਤ ਲਈ ਪਰ ਹੁਨਰ ਅਸਾਡਾ ਵੇਖ ,
ਸਿਤਾਰਿਆਂ ਤੋਂ ਪਰ੍ਹੇ ਵੀ ਗੁਜ਼ਰ ਅਸਾਡਾ, ਵੇਖ !
ਜਹਾਨ ਸਾਰੇ 'ਚ ਰੁਤਬਾ ਮਹਾਨ ਸਾਡਾ ਦਿਸੇ ,
ਤੇ ਅੰਬਰਾਂ ਤੋਂ ਚਮਕਦਾ ਮਕਾਨ ਸਾਡਾ ਦਿਸੇ ,
ਅਜਬ ਕਰਿਸ਼ਮਾ ਇਹ ਤਕਨਾਲਜੀ ਅਸਾਂ ਦੀ ਹੈ,
ਅਨੋਖੀ ਗਾਥਾ ਇਹ ਤਕਨਾਲਜੀ ਅਸਾਂ ਦੀ ਹੈ ,
ਹੈ ਹਰ ਬਿਮਾਰੀ ਦਾ ਇੱਥੇ ਇਲਾਜ ਸਾਡੇ ਕੋਲ ,
ਕਿ ਸਰਜ਼ਮੀਨ ਤੇਰੀ ਦਾ ਹੈ ਰਾਜ ਸਾਡੇ ਕੋਲ ,
ਇਹ ਤੇਗ਼ ਅਕਲ ਦੀ ਹੁਣ ਹਰ ਘੜੀ ਨਿਖਾਰ 'ਚ ਹੈ,
ਕਿ ਜ਼ੱਰਾ-ਜ਼ੱਰਾ ਇਧਰ ਸਾਡੇ ਇਖ਼ਤਿਆਰ 'ਚ ਹੈ,
ਤੁਸੀਂ ਹੀ ਦੱਸੋ ਕਿ ਹੈ ਸਾਡੇ ਜਿੰਨਾ ਕਾਬਿਲ ਕੌਣ?
ਬੁਲੰਦੀਆਂ ਨੂੰ ਅਸਾਡੀ ਕਰੇ ਗਾ ਹਾਸਿਲ ਕੌਣ?
ਦਿਮਾਗ਼ ਸਾਡੇ ਦੀ ਉਸਤਤ ਬਿਆਨ ਕਰ ਨਾ ਹੋਈ ,
ਅਧੀਨ ਸਾਡੇ ਹੈ ਧਰਤੀ ਤੇ ਜੀਵ ਹਰ ਕੋਈ । 

                       ਧਰਤੀ
ਵੇ ਭੋਲਿਆ! ਤਿਰੀ ਗ਼ਫ਼ਲਤ ਤੋਂ ਸਦਕੇ ਜਾਵਾਂ ਮੈਂ
ਤੇ ਤੇਰੀ ਹਉਮੈਂ ਦੀ ਤਾਕਤ ਤੋਂ ਸਦਕੇ ਜਾਵਾਂ ਮੈਂ ,
ਸਿਆਣਾ ਖ਼ੁਦ ਨੂੰ ਕਹੇ, ਸਮਝੇ ਖ਼ੁਦ ਨੂੰ ਤੂੰ ਉੱਚਾ,
ਹੈ ਪਰ ਗ਼ੁਲਾਮ ਤੂੰ, ਲੋਭੀ ਤੂੰ, ਪੈਸੇ ਦਾ ਭੁੱਖਾ,
ਉਹ ਕਾਹਦਾ ਸ਼ਾਹ ਹੈ ਭੋਰਾ ਵੀ ਜੀਹਨੂੰ ਸਾਰ ਨਹੀਂ?
ਮਨ ਆਪਣੇ ਤੇ ਤਾਂ ਉੱਕਾ ਵੀ ਇਖ਼ਤਿਆਰ ਨਹੀਂ,
ਟੁਰੇ ਗ਼ੁਲਾਮਾਂ ਦੇ ਵਾਂਗੂੰ ਤੂੰ, ਕੀ ਪਤਾ ਤੈਨੂੰ !
ਜਿਵੇਂ ਜਿਵੇਂ ਵੀ ਚਲਾਵੇ ਤਿਰੀ ਅਨਾ ਤੈਨੂੰ,
ਤੂੰ ਖੋਲ੍ਹ ਅੱਖਾਂ ਨੂੰ ਤੇ ਵੇਖ ਆਪਣੇ ਕਾਰੇ,
ਕਿ ਅੱਗੇ ਚੱਲ ਕੇ ਤੈਨੂੰ ਇਹ ਪੈਣੇ ਬਹੁ ਭਾਰੇ,
ਵਿਗਾੜੀ ਆਲੇ-ਦੁਆਲੇ ਦੀ ਕਿਸ ਤਰ੍ਹਾਂ ਤਸਵੀਰ,
ਤੇ ਕੀਤਾ ਕਿੱਦਾਂ ਤੂੰ ਕੁਦਰਤ ਦਾ ਜਾਮਾ ਲੀਰੋ-ਲੀਰ!


ਜਵਾਬ ਉਹਨਾਂ ਸਵਾਲਾਂ ਦਾ ਕੀ ਦਵੇਗਾ ਤੂੰ ?
ਜੋ ਆਉਣ ਵਾਲੀਆਂ ਨਸਲਾਂ ਨੇ ਪੁੱਛਣੇ ਤੈਨੂੰ,
"ਉਹ ਠੰਡੀ ਠੰਡੀ ਦਰਖ਼ਤਾਂ ਦੀ ਛਾਂ ਗਈ ਕਿੱਥੇ?
ਪਰਿੰਦਿਆਂ ਦੀ ਉਹ ਚੀਂ ਚੀਂ ਚਾਂ ਚਾਂ ਗਈ ਕਿੱਥੇ?
ਪਹਾੜਾਂ, ਵਾਦੀਆਂ ਤੋਂ ਬਰਫ਼ ਕਿੱਥੇ ਉੱਡ ਗਈ?
ਵਣਾਂ ਦੀ ਦੌਲਤ-ਏ-ਨਾਯਾਬ ਕਿੱਥੇ ਖ਼ਰਚ ਲਈ?
ਕਿਵੇਂ ਬਣੀ ਭਲਾ ਜ਼ਰਖੇਜ਼ ਧਰਤੀ ਮਾਰੂਥਲ?
ਹਜ਼ਾਰ ਮਸਲੇ ਖੜੇ ਕੀਤੇ ਇਕ ਨੂੰ ਕਰਕੇ ਹੱਲ!
ਹਵਾ ਦਾ ਹੁਸਨ, ਅਦਾ ਕੌਣ ਲੁੱਟ ਕੇ ਲੈ ਗਿਆ?
ਤੇ ਖ਼ਵਾਬ ਸਾਡੇ ਭਲਾ ਕੌਣ ਲੁੱਟ ਕੇ ਲੈ ਗਿਆ?
ਵੇ ਅਕਲਮੰਦਾ ਅਸਾਨੂੰ ਤੂੰ ਹੁਣ ਲਭਾ ਕੇ ਤਾਂ ਜਾ,
ਪਲਾਸਟਿਕ ਦੇ ਹਜੂਮਾਂ 'ਚ ਕਿੱਥੇ ਗੁੰਮ ਦਰਿਆ?"


ਮੈਂ ਬੋਲਣਾ ਨਹੀਂ ਕੁਝ ਨਾ ਹੀ ਤਬਸਰਾ ਕਰਨਾ,
ਸਿਆਣਾ ਹੈ ਜਾ ਨਹੀਂ ਤੂੰ, ਜੇ ਇਹ ਪਤਾ ਕਰਨਾ,
ਉਡੀਕ ਕਰ ਲਈ ਕੁਝ ਚਿਰ ਜਵਾਬ ਦੀ ਕਿਉਂਕਿ,
ਇਦ੍ਹਾ ਤਾਂ ਅਗਲੀਆਂ ਨਸਲਾਂ ਨੇ ਫ਼ੈਸਲਾ ਕਰਨਾ।

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...