Wednesday 14 February 2018

ਕੀ ਪਹਿਲਾਂ ਵਰਗਾ ਕਦੇ ਨਹੀਂ ਹੋਵੇਗਾ ?

(ਪੰਜਾਬ ਦੀ ਸਰਜ਼ਮੀਨ ਦੀ ਫ਼ਰਿਆਦ)

ਕੀ ਉਹ ਧੁੱਪ, ਸਵੇਰਾ ਕਦੇ ਨਹੀਂ ਹੋਵੇਗਾ ?
ਕੀ ਉਹ ਸਾਂਝਾ ਬਨੇਰਾ ਕਦੇ ਨਹੀਂ ਹੋਵੇਗਾ ?
ਪਹਿਲਾਂ ਵਰਗੇ ਨਜ਼ਾਰੇ ਮੁੜ ਕੇ ਨਹੀਂ ਆਉਣਗੇ?
ਉਹ ਅਹਿਦ ਨਿਆਰੇ ਮੁੜ ਕੇ ਨਹੀਂ ਆਉਣਗੇ ?

ਵਾਰ ਇੱਧਰ ਹੋਇਆ ਜਾਂ ਉੱਧਰ ਹੋਇਆ,
ਮਰੇ ਤਾਂ ਮੇਰੇ ਪੁੱਤ ਸੀ,
ਇਨਸਾਨ ਕਿਵੇਂ ਆਖੀਏ ਬੇਦਰਦਾਂ ਨੂੰ,
ਉਹ ਨਿਰੇ ਪੱਥਰ ਦੇ ਬੱਤ ਸੀ।
ਆ ਵੜੇ ਮੇਰੇ ਘਰ ਅੰਦਰ ਉਹ,
ਹਿੱਕ ਚ ਖ਼ੰਜਰ ਖੁਬੋ ਦਿੱਤਾ,
ਸਾਂਝੇ ਬੋਹੜ ਅਤੇ ਕਿੱਕਰ ਪੱਟ ਕੇ,
ਨਫ਼ਰਤ ਦਾ ਬੀਜ ਬੋ ਦਿੱਤਾ ।
ਕਰ ਕੇ ਖੜੀ ਕੰਡਿਆਲੀ ਤਾਰ ਸੀਨੇ ਵਿੱਚ,
ਮੁੜ ਗਏ ਦੇ ਕੇ ਇੱਕ ਖ਼ਾਰ ਸੀਨੇ ਵਿੱਚ ।

ਹੁਣ ਜੰਗਾਂ ਦੇ ਹੱਥੋਂ ਬੇਹਾਲ ਹੋ ਗਈ ਹਾਂ,
ਨਫ਼ਰਤ ਅਤੇ ਵਿਤਕਰੇ ਤੋਂ ਨਿਢਾਲ ਹੋ ਗਈ ਹਾਂ,
ਵੇਖ ਕੇ ਮੈਨੂੰ ਕਿਸੇ ਨੂੰ ਵੀ ਤਰਸ ਨਹੀਂ ਆਉਂਦਾ,
ਸੁੱਖ-ਸ਼ਾਂਤੀ ਦਾ ਮਾਹੌਲ ਕਿਸੇ ਮਨ ਨੂੰ ਨਹੀਂ ਭਾਉਂਦਾ,
ਦੱਸੇ ਕੋਈ ਸਿਆਣਾ ਕੀ ਤਕਸੀਰ ਹੈ ਮੇਰੀ ?
ਕੀ ਹੁਣ ਇਹੀ ਰਹਿ ਗਈ ਤਕਦੀਰ ਹੈ ਮੇਰੀ ?

ਕੀ ਉਹ ਧੁੱਪ, ਸਵੇਰ ਕਦੇ ਨਹੀਂ ਹੋਵੇਗਾ ?
ਕੀ ਉਹ ਸਾਂਝਾ ਬਨੇਰੇ ਕਦੇ ਨਹੀਂ ਹੋਵੇਗਾ ?
ਪਹਿਲਾਂ ਵਰਗੇ ਨਜ਼ਾਰੇ ਮੁੜ ਕੇ ਨਹੀਂ ਆਉਣਗੇ?
ਉਹ ਅਹਿਦ ਨਿਆਰੇ ਮੁੜ ਕੇ ਨਹੀਂ ਆਉਣਗੇ ?

-12 ਫ਼ਰਵਰੀ , 2018

No comments:

Post a Comment

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...