Friday 27 March 2020

ਕਸੂਤੇ ਫੱਸੇ

(2020 ਵਿੱਚ ਨਨਕਾਣਾ ਸਾਹਿਬ ਅਤੇ ਕਾਬੁਲ ਦੇ ਗੁਰਦੁਆਰਿਆਂ ਉੱਤੇ ਹੋਏ ਦਹਿਸ਼ਤਗਰਦੀ ਹਮਲਿਆਂ ਦੀ ਯਾਦ ਵਿੱਚ)

ਅਸੀਂ ਹੁਣ ਜਾਈਏ ਕਿੱਥੇ, ਤੇ ਡੇਰਾ ਲਾਈਏ ਕਿੱਥੇ?
ਕੋਈ ਗ਼ਮ-ਖ਼ਵਾਰ ਨਾ ਸਾਡਾ, ਨਾ ਕੋਈ ਦੇਸ ਸਾਡਾ ਹੈ,
ਉਮੀਦ ਇਨਸਾਫ਼ ਦੀ ਕਰੀਏ ਤਾਂ ਕਿਸ ਥਾਂਵੇਂ ਜਾ ਕੇ ਕਰੀਏ,
ਕਿ ਹਰ ਮੁਨਸਿਫ਼ ਨੂੰ ਇੱਥੇ ਚੁੱਭਦਾ ਹੁਣ ਭੇਸ ਸਾਡਾ ਹੈ।

ਅਸਾਡੇ ਪੁਰਖਿਆਂ ਦੀ ਭਾਗਸ਼ਾਲੀ ਧਰਤੀ ਜਿੱਥੇ ਹੁਣ,
ਨਾ ਰਹਿ ਸਕਦੇ ਹਾਂ ਤੇ ਨਾ ਛੱਡ ਕੇ ਜਾ ਸਕਦੇ ਹਾਂ ਇਹਨੂੰ,
ਤੂੰ ਲੈਣੇ ਹੋਰ ਕਿੰਨੇ ਇਮਤਿਹਾਂ ਰੱਬਾ ਕਿ ਜਾਂ ਨੂੰ ਵੀ,
ਵਿਖਾ ਦਿੱਤਾ ਕਿ ਲੇਖੇ ਕੌਮ ਦੇ ਲਾ ਸਕਦੇ ਹਾਂ ਇਹਨੂੰ!

ਇਹ ਤਾਂ ਦੋਵੇਂ ਧਿਰਾਂ ਵਿਚਕਾਰ ਫੱਸ ਚੁੱਕੇ ਕਸੂਤੇ ਨੇ,
ਭਲਾ ਸਰਬੱਤ ਦਾ ਮੰਗਣ ਦੇ ਲੋਕੀਂ ਜਿਹੜੇ ਆਦੀ ਨੇ,
ਸਿਖਾਇਆ ਨਾ ਗਿਆ ਹੈ ਸਾਨੂੰ ਇਉਂ ਸ਼ਿਕਵੇ ਗਿਲੇ ਕਰਨੇ ,
ਕਿ ਬੇ-ਵੱਸ ਕੀਤਾ ਹੈ 'ਜਮਹੂਰੀਅਤ' ਤੇ ਇਸ 'ਅਜ਼ਾਦੀ' ਨੇ ।

ਨਾ ਕੋਈ ਤਖ਼ਤ ਸਾਡਾ ਹੈ, ਨਾ ਕੋਈ ਤਾਜ ਸਾਡਾ ਹੈ,
ਵੇ ਕੋਈ ਮੁਲਕ ਤਾਂ ਹੋਵੇ ਕਿ ਜਿਹਨੂੰ ਘਰ ਅਸੀਂ ਕਹੀਏ,
ਕੋਈ ਮੀਤ ਆਵੇ ਤੇ ਆ ਕੇ ਫੜੇ ਹੁਣ ਹੱਥ ਸਾਡਾ ਵੀ,
ਅਸੀਂ ਥੱਕੇ ਪਏ, ਕਿਸ ਕਿਸ ਨੂੰ ਹੁਣ ਜਾਬਰ ਅਸੀਂ ਕਹੀਏ?

No comments:

Post a Comment

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...