Thursday, 27 May 2021

ਨਵਾਂ ਦੌਰ

ਚਾਲ ਬਦਲੀ ਸਮੇਂ ਨੇ, ਪੇਸ਼ ਹੈ ਇਕ ਦੌਰ ਨਵਾਂ
'ਤੇ ਨਵੇਂ ਵਾਦ-ਵਿਵਾਦ ਆਏ, ਨਵੇਂ ਝਗੜੇ ਖੜ੍ਹੇ
ਅੱਖਾਂ ਸਾਹਵੇਂ ਨਵੇਂ ਮੰਜ਼ਰ 'ਤੇ ਤਮਾਸ਼ੇ ਵੀ ਨਵੇਂ
'ਤੇ ਬੁਣੇ ਹੋਏ ਜਵਾਨਾਂ ਨੇ ਨਵੇਂ ਖ਼੍ਵਾਬ ਬੜੇ
ਰਾਜਨੀਤੀ ਨਵੀਂ, ਮਜ਼ਹਬ ਨਵੇਂ 'ਤੇ ਪੱਖ ਨਵੇਂ
'ਇਨਕਲਾਬੀ' ਨਵੇਂ ਸੁਪਨੇ ਲੈ ਕੇ ਮੰਚ ਉੱਤੇ ਚੜ੍ਹੇ
ਨਵੀਂ ਤਹਿਜ਼ੀਬ ਦੀ ਬੁਨਿਆਦ ਨੁਮਾਇਸ਼ 'ਤੇ ਹੈ
ਅੱਖਾਂ ਪਰਚਾਉਣ ਲਈ ਸਭ ਨੇ ਨਵੇਂ ਬੁੱਤ ਘੜੇ!
ਭੁਲਾ ਕੇ ਇਲਮ, ਸਿਆਣਪ 'ਤੇ ਹੁਨਰ ਪੁਰਖਿਆਂ ਦਾ
ਪੱਛਮੀ ਸੋਚ-ਵਿਚਾਰ ਆਪਣੇ ਲੋਕਾਂ ਨੇ ਪੜ੍ਹੇ
ਇਸ ਨਵੇਂ ਦੌਰ ਨੇ ਬੇ-ਸ਼ੱਕ ਬੜੇ ਸੁੱਖ ਦਿੱਤੇ ਹਨ
ਜਿੰਦੜੀ ਸੌਖੀ ਬਣਾ ਕੇ ਭਰੇ ਖ਼ੁਸ਼ੀਆਂ ਦੇ ਘੜੇ
ਖ਼ੁਦ ਨੂੰ ਪਰ ਬਹੁਤਾ ਨਾ ਇਸ ਰੰਗ 'ਚ ਰੰਗੀ ਪਿਆਰੇ
ਹਰ ਨਵੀਂ ਚੀਜ਼ ਵੀ ਹੁੰਦੀ ਨਹੀਂ ਚੰਗੀ ਪਿਆਰੇ !

ਇਹ ਨਵਾਂ ਦੌਰ ਕੋਈ ਦੌਰ ਨਹੀਂ, ਝੱਖੜ ਹੈ
ਪੱਟ ਲੈਂਦਾ ਹੈ ਜੋ ਨਾਜ਼ੁਕ ਜੜ੍ਹਾਂ ਵਾਲੇ ਸਭ ਰੁੱਖ
ਸਾਂਝ ਗੂੜ੍ਹੀ ਨਾ ਜਿਦ੍ਹੀ ਹੋਵੇ ਵਿਰਾਸਤ ਦੇ ਨਾਲ
ਬਾਂਝ ਹੋ ਜਾਂਦੀ ਹੈ ਇਸ ਦੌਰ 'ਚ ਉਸ ਕੌਮ ਦੀ ਕੁੱਖ
ਲੋਕ ਰਹਿ ਜਾਂਦੇ ਨੇ, ਮੁੱਕ ਜਾਂਦਾ ਹੈ ਭਾਈਚਾਰਾ
ਭਰਮਾ ਲੈਂਦੇ ਕਈ ਕੌਮਾਂ ਨੂੰ ਜ਼ਮਾਨੇ ਦੇ ਸੁੱਖ
ਕੋਈ ਸਤਿਕਾਰ, ਅਦਬ, ਸ਼ਰਮ, ਹਯਾ ਬਾਕੀ ਨਹੀਂ
ਸੁੱਚੇ ਇਖ਼ਲਾਕਾਂ ਨੂੰ ਹੁਣ ਖਾ ਗਈ ਮਾਇਆ ਦੀ ਭੁੱਖ
ਪਰ ਇਹ ਕਲਜੁਗ ਦੀ ਅਗਨ ਸਾੜ ਨਹੀਂ ਸਕਦੀ ਉਹਨੂੰ
ਜੀਹਨੂੰ ਹੋਵੇ ਗੁਰੂ ਦੇ ਪ੍ਰੇਮ 'ਤੇ ਦਰਸ਼ਨ ਦੀ ਭੁੱਖ
ਗੁਰੂ ਦਾ ਲਾਲ ਨਹੀਂ ਚਲਦਾ ਜ਼ਮਾਨੇ ਦੇ ਨਾਲ਼
ਆਪਣੇ ਨਾਲ ਜ਼ਮਾਨੇ ਨੂੰ ਚਲਾਵੇ ਗੁਰਮੁੱਖ
ਖ਼ੁਦ ਲਈ ਤੂੰ ਵੀ ਇਹੀ ਹੌਸਲਾ ਮੰਗੀ ਪਿਆਰੇ
ਸਿਰ ਤਲੀ ਧਰਦਿਆਂ ਨਾ ਤੂੰ ਕਦੇ ਸੰਗੀ ਪਿਆਰੇ

Tuesday, 23 February 2021

ਸ਼ਹਿਰ ਕਿੱਦਾਂ ਹੋਵੇ ਰੌਸ਼ਨ, ਕੋਈ ਵੱਸੇ ਤਾਂ ਸਹੀ
ਭੁੱਲੀ ਵਿਸਰੀ ਨਗਰੀ ਵਿਚ ਦਿਲ ਕੋਈ ਫੱਸੇ ਤਾਂ ਸਹੀ!

ਕਿਰਤੀਆਂ ਦੀ ਘਾਲਣਾ 'ਤੇ ਕਰ ਕੇ ਇਕ ਭੈੜਾ ਮਜ਼ਾਕ
ਹੁਣ ਉਹ ਮੁੜ ਮੁੜ ਵੇਖਦੇ ਨੇ, ਕੋਈ ਹੱਸੇ ਤਾਂ ਸਹੀ!

ਪਾ ਲਿਆ ਹਮ-ਵਤਨਾਂ ਨੇ ਰੱਸੀ ਨੂੰ ਗਲ਼ ਵਿਚ ਤੇ ਉਹ ਹੁਣ
ਇਸ ਉਡੀਕ ਅੰਦਰ ਕਿ ਕੋਈ ਇਹਨੂੰ ਕੱਸੇ ਤਾਂ ਸਹੀ!

ਅੱਜ ਕੱਲ੍ਹ ਇਹ ਸੋਚ ਕੇ ਪਾਲੇ ਹੋਏ ਨੇ ਸਭ ਨੇ ਸੱਪ
ਕਿਉਂ ਹੁਣੇ ਹੀ ਬਚ ਕੇ ਰਹੀਏ, ਪਹਿਲਾਂ ਡੱਸੇ ਤਾਂ ਸਹੀ!

ਕੀ ਕਰੇ ਕੋਈ ਜਦੋਂ ਰਹਿਬਰ ਹੀ ਪੁੱਛੇ ਇਹ ਸਵਾਲ
"ਹੁਣ ਮੈਂ ਕਿਹੜੇ ਪਾਸੇ ਜਾਵਾਂ? ਕੋਈ ਦੱਸੇ ਤਾਂ ਸਹੀ !"

Monday, 11 January 2021

ਦਗ਼ੇਬਾਜ਼ ਦੁਨੀਆ ਨੇ ਸਾਡੇ,
ਕਿੰਨੇ ਖ਼੍ਵਾਬ ਪਿਆਰੇ, ਚੁਣ ਚੁਣ ਮਾਰੇ।
ਦੁਨੀਆਦਾਰਾਂ ਦੇ ਕੀ ਕਹਿਣੇ!
ਦਿੰਦੇ ਨਹੀਂ ਸਹਾਰੇ, ਲਾ ਕੇ ਲਾਰੇ।
ਸੱਚੀ ਓਟ ਰੱਬ ਸੋਹਣੇ ਦੀ,
ਜਪਦੇ ਜਿਸ ਨੂੰ ਸਾਰੇ, ਜਾਵਾਂ ਵਾਰੇ।
ਫ਼ਾਕਿਆਂ 'ਚ ਵੀ ਆਸ਼ਿਕ ਸੱਚੇ,
ਹੱਸ ਹੱਸ ਕਰਨ ਗੁਜ਼ਾਰੇ, ਰਹਿਣ ਨਿਆਰੇ।

Wednesday, 6 January 2021

ਕਿਸਾਨੀ ਸੰਘਰਸ਼ ਦੇ ਨਾਮ

ਛਿੜ ਗਿਆ ਕਾਂਬਾ ਕਿਲ੍ਹੇ ਨੂੰ 'ਤੇ ਲਰਜ਼ਦੇ ਤਖ਼ਤ-ਓ-ਤਾਜ
ਪੰਜ-ਆਬਾਂ ਚੋਂ ਫਿਰ ਉਠਿਆ ਇਕ ਭਿਆਨਕ ਜ਼ਲਜ਼ਲਾ
ਜਿੱਦਾਂ ਰੌਲਾ ਪਾ ਪਾ ਕੇ ਇਕ ਗਿੱਦੜਾਂ ਦੇ ਝੁੰਡ ਨੇ
ਕੋਈ ਸੁੱਤਾ ਹੋਇਆ ਬੱਬਰ ਸ਼ੇਰ ਹੁਣ ਦਿੱਤਾ ਜਗਾ

ਸਮਝਿਆ ਸੀ ਤੂੰ ਜਿਨ੍ਹਾਂ ਨੂੰ ਸਾਦੇ 'ਤੇ ਭੋਲੇ ਜਿਹੇ
ਤੇਰੀ ਹਰ ਇਕ ਚਾਲ ਤੋਂ ਜਰਵਾਣਿਆ ਵਾਕਿਫ਼ ਨੇ ਉਹ !
ਜਿਹੜੇ ਬੰਦੇ ਦੇ ਇਸ਼ਾਰੇ ਉੱਤੇ ਤੂੰ ਹੈ ਨੱਚਦਾ
ਸਾਜ਼ 'ਤੇ ਸੁਰ ਤਾਲ ਤੋਂ ਜਰਵਾਣਿਆ ਵਾਕਿਫ਼ ਨੇ ਉਹ !

ਇਹ ਭਲੀ ਭਾਂਤੀ ਸਮਝਦੇ ਕੀ ਹੈ ਤੇਰੇ 'ਮਨ ਦੀ ਬਾਤ'
ਵੇਖੇ ਹੋਏ ਨੇ ਤਿਰੇ ਤੋਂ ਵੱਧ ਕੇ ਜ਼ਾਲਮ ਬਾਦਸ਼ਾਹ 
ਇਹ ਉਹ ਲੋਕੀਂ ਨੇ ਜਿਨ੍ਹਾਂ ਦੀ ਸਾਰਿਆਂ ਜੁੱਗਾਂ ਦੇ ਵਿੱਚ
ਰਹਿਬਰੀ ਹਰ ਪੈੜ ਉੱਤੇ ਕਰਦਾ ਸੱਚਾ ਪਾਤਿਸ਼ਾਹ

ਪਾਰ ਕਰਕੇ ਪੈਂਡੇ ਦੇ ਵਿਚ ਔਕੜਾਂ ਲੱਖਾਂ ਹੀ ਹੁਣ
ਆਣ ਢੁੱਕੇ ਇਹ ਤਿਰੇ ਸ਼ਹਿਰੀਂ ਗੁਰਾਂ ਦੀ ਟੇਕ ਨਾਲ
ਠੰਡੀਆਂ, ਬੇ-ਰਹਿਮ, ਸ਼ੀਤਲ, ਸਖ਼ਤ ਰਾਤਾਂ ਪੋਹ ਦੀਆਂ
ਜਰ ਲਈਆਂ ਆਪਣੇ ਬਲਦੇ ਜਿਗਰ ਦੇ ਸੇਕ ਨਾਲ

ਵੇਖ ਕੇ ਹਿੰਮਤ, ਦਲੇਰੀ, ਹੌਸਲੇ 'ਤੇ ਸ਼ਾਨ ਇਹ
ਸਾਰੀ ਦੁਨੀਆ ਇਹਨਾਂ ਕਿਰਸਾਨਾਂ ਦੀ ਕਾਇਲ ਹੋ ਗਈ
ਹੋਰ ਕੋਈ ਥਾਂ 'ਤੇ ਇਹ ਜਜ਼ਬੇ ਕਦੇ ਮਿਲਣੇ ਨਹੀਂ
ਧਰਤੀ ਉੱਤੇ ਲੱਗੇ ਦਾਗ਼ਾ ਨੂੰ ਇਹ ਕ੍ਰਾਂਤੀ ਧੋ ਗਈ

ਇਕ ਹਕੀਕਤ ਦੱਸਾਂ ਤੈਨੂੰ, ਸੁਣ ਲੈ ਜ਼ਾਲਮ ਹਾਕਮਾ
ਜ਼ੁਲਮ ਅੱਗੇ ਢੇਰੀ ਢਾਉਣੀ ਸਿੱਖੀ ਨਾ ਪੰਜਾਬ ਨੇ
ਭੁੱਲ ਕੇ ਵੀ ਨਾ ਭੁਲੇਖੇ ਵਿਚ ਰਹੀ ਹੁਣ ਜਾਬਰਾ
ਵੇਖ ਲੈ ਨਜ਼ਰਾਂ ਮਿਲਾ ਕੇ ਕਿੱਡੇ ਸੁੱਚੇ ਖ਼੍ਵਾਬ ਨੇ

Saturday, 31 October 2020

ਪਤਾ ਨਹੀਂ ਮੱਤ ਗਈ ਹੈ ਮਾਰੀ ਕਿ ਦਿਲ ਤੁਹਾਡਾ ਹਲਾਕ ਹੋਇਆ
ਪਰ ਆਦਮੀ ਹੱਥੀਂ ਧਰਤੀ ਉੱਤੇ, ਜੋ ਹੋਇਆ ਹੈ ਦਰਦਨਾਕ ਹੋਇਆ

ਹੈ ਡਰ ਕਿ ਇਹ ਕਾਇਨਾਤ ਕਰਦੀ ਤਮਾਮ ਲੋਕਾਂ ਦੇ 'ਸਾਬ ਪੂਰੇ
ਜੋ ਕੋਈ ਇਹਦੇ ਖ਼ਿਲਾਫ਼ ਖੜ੍ਹਿਆ, ਉਹ ਹਾਰ ਕੇ ਅੰਤ ਖ਼ਾਕ ਹੋਇਆ

ਜੋ ਗ਼ਲਤੀਆਂ ਤੋਂ ਨਾ ਕੁਝ ਵੀ ਸਿੱਖੇ, ਨਾ ਕੋਈ ਹੀਲਾ ਜਿਨ੍ਹਾਂ ਨੇ ਕੀਤਾ
ਨਾ ਅਕਲ ਉਹਨਾਂ ਦੀ ਤੇਜ਼ ਹੋਈ, ਨਾ ਹੀ ਦਿਲ ਉਹਨਾਂ ਦਾ ਪਾਕ ਹੋਇਆ

ਬਰਾਬਰੀ, ਏਕਤਾ, ਅਜ਼ਾਦੀ ਅਤੇ ਤਰੱਕੀ ਦੇ ਨਾਮ ਉੱਤੇ
ਇਹ ਭੋਲੀ ਭਾਲੀ ਜ਼ਮੀਂ ਦੇ ਨਾਲ ਇਕ ਬੜਾ ਹੀ ਵੱਡਾ ਮਜ਼ਾਕ ਹੋਇਆ 

Thursday, 10 September 2020

ਗੁਰ ਬਿਨੁ ਘੋਰ ਅੰਧਾਰ

ਹਿਰਦਿਆਂ ਵਿੱਚ ਅਸਾਡੇ ਛਾ ਹਨੇਰਾ ਗਿਆ ਹੈ
ਸਾਡੀਆਂ ਨਜ਼ਰਾਂ 'ਚ ਅੱਜ ਕਾਣ ਅਜੇਹਾ ਪਿਆ ਹੈ
ਖੋਟੇ ਸਿੱਕੇ ਨੂੰ ਸਮਝ ਬੈਠੇ ਨੇ ਸੋਨਾ ਸਾਰੇ
ਇਸ ਹਨੇਰੇ 'ਚ ਪਈ ਜਾਂਦੇ ਭੁਲੇਖੇ ਭਾਰੇ

ਮੁੰਤਜ਼ਰ ਹੁਣ ਕਿਸੇ ਸੂਰਜ ਦਾ ਹੈ ਸੋਨੇ ਦਾ ਜਿਗਰ
ਤਪਦਾ, ਸੜਦਾ ਅਤੇ ਮਚਦਾ ਹੈ ਉਡੀਕਾਂ ਅੰਦਰ
ਨਜ਼ਰਾਂ ਵਾਲਾ ਕੋਈ ਤਾਂ ਕਦਰ ਪਛਾਣੇ ਮੇਰੀ
ਮੁੱਲ ਪਾਵੇ ਮਿਰਾ 'ਤੇ ਖ਼ੂਬੀ ਸਿਆਣੇ ਮੇਰੀ 

ਬਾਅਦ ਮੁੱਦਤ ਹੀ ਸਹੀ, ਕੀਤਾ ਦੁਆ ਨੇ ਜਾ ਅਸਰ
ਕਦਰ-ਦਾਂ ਸੋਨੇ ਨੂੰ ਫਿਰ ਇੱਕ ਜਣਾ ਆਇਆ ਨਜ਼ਰ
ਓਸ ਦੀ ਪਾਕ ਨਜ਼ਰ ਜਾਣਦੀ ਸਭ ਦੀ ਕੀਮਤ
ਦਾਇਰੇ ਉਹਦੇ ਖ਼ਿਆਲਾਂ ਦੇ ਨਹੀਂ ਹਨ ਸੀਮਤ
ਨ੍ਹੇਰੇ ਵਿਚ ਵੀ ਉਹ ਸਮਝਦਾ ਖਰੇ-ਖੋਟੇ ਦਾ ਭੇਦ
ਮੁੱਖੜਾ ਇੰਨਾ ਪਵਿੱਤਰ ਕਿ ਨਿਰਾ ਜਾਪੇ ਵੇਦ
ਹਿੱਕ ਦੇ ਨਾਲ਼ ਲਾ ਕੇ ਸੋਨੇ ਨੂੰ ਤੁਰਿਆ ਜਾਵੇ
ਹੁਣ ਨਾ ਸ਼ੈ ਹੋਰ ਕੋਈ ਓਸ ਦੇ ਮਨ ਨੂੰ ਭਾਵੇ
ਖ਼ੁਸ਼ ਬੜਾ ਸੋਨਾ ਤੇ ਹੈਰਾਨ ਵੀ ਵਾਹਵਾ ਹੈ ਉਹ
ਸੋਚਾਂ ਵਿਚ ਡੁੱਬਾ, ਪਰੇਸ਼ਾਨ ਵੀ ਵਾਹਵਾ ਹੈ ਉਹ
ਵੇਖ ਕੇ ਕਦਰ-ਸ਼ਨਾਸ ਆਪਣੇ ਦੇ ਮੁਖ ਦਾ ਜਲਾਲ
ਸ਼ਾਂਤ ਰਹਿ ਸਕਿਆ ਨਾ 'ਤੇ ਪਾਰਖੂ ਨੂੰ ਕੀਤਾ ਸਵਾਲ
"ਓ ਭਲੇ ਮਾਣਸਾ ਕਿੱਥੋਂ ਇਹ ਹੁਨਰ ਸਿੱਖਿਆ ਤੂੰ?
ਭਾਰੀ ਜ਼ੁਲਮਤ ਤੋਂ ਵੀ ਗੁਮਰਾਹ ਨਾ ਹੋ ਸਕਿਆ ਤੂੰ
ਕੀਤਾ ਕਿੱਦਾਂ ਨਾ ਤਿਰੇ ਉੱਤੇ ਹਨੇਰੇ ਨੇ ਅਸਰ?
ਕਿਸ ਦੀ ਬਖ਼ਸ਼ੀ ਹੋਈ ਹੈ ਦਾਤ ਤਿਰਾ ਨੂਰ-ਏ-ਨਜ਼ਰ?
ਆਮ ਬੰਦਾ ਤਾਂ ਨਹੀਂ, ਕੋਈ ਕਲੰਦਰ ਹੈ ਤੂੰ
ਸ਼ਾਨ-ਓ-ਸ਼ੌਕਤ ਤੋਂ ਜਿਵੇਂ ਰਸ਼ਕ-ਏ-ਸਿਕੰਦਰ ਹੈ ਤੂੰ"

੩ (ਪਾਰਖੂ ਦਾ ਜਵਾਬ)
ਨਾ ਕਲੰਦਰ, ਨਾ ਵਲੀ 'ਤੇ ਨਾ ਹੀ ਮੈਂ ਕੋਈ ਫ਼ਕੀਰ
ਮੈਂ ਨਿਮਾਣਾ ਤਾਂ ਗੁਰੂ ਸੱਚੇ ਦੇ ਭਾਣੇ ਦਾ ਅਸੀਰ
ਅਕਲ ਦੀ ਰੌਸ਼ਨੀ 'ਤੇ ਨਜ਼ਰਾਂ ਦਾ ਹੈ ਨੂਰ ਗੁਰੂ
ਫ਼ਿਕਰਾਂ, ਸੰਸੇ 'ਤੇ ਹਨੇਰੇ ਨੂੰ ਕਰੇ ਦੂਰ ਗੁਰੂ
ਮੇਰੇ ਚਿਹਰੇ 'ਚ ਜੇ ਹੈ ਕੋਈ ਵੀ ਖਿੱਚ ਤਾਂ ਉਸ ਤੋਂ
ਜੇ ਕੋਈ ਸੋਚ ਸਮਝ ਹੈ ਮਿਰੇ ਵਿਚ ਤਾਂ ਉਸ ਤੋਂ
ਮੱਤ ਥੋੜ੍ਹੀ ਮਿਰੀ, ਕੀ ਕੋਈ ਕਰਾਂ ਫ਼ੈਸਲਾ ਮੈਂ?
ਗੁਰੂ ਜੇ ਹੱਥ ਦਵੇ ਸਿਰਫ਼ ਤਾਂ ਹੀ ਸੰਭਲਾਂ ਮੈਂ
ਭਲਾ ਮੈਨੂੰ ਕੀ ਸਮਝ? ਹੈ ਖਰਾ ਕੀ, ਖੋਟਾ ਕੀ?
ਕਹੇ ਜਿੱਦਾਂ ਗੁਰੂ, ਮੈਂ ਬੱਸ ਕਰਾਂ ਓਦਾਂ ਹੀ
ਪੀਰਾਂ ਦਾ ਪੀਰ ਗੁਰੂ ਮੇਰਾ ਅਤੇ ਸ਼ਾਹਾਂ ਦਾ ਸ਼ਾਹ
ਨ੍ਹੇਰਿਆਂ ਵਿੱਚ ਉਹੀ ਮੈਨੂੰ ਵਿਖਾਉਂਦਾ ਹਰ ਰਾਹ 
ਗੁਰੂ ਦੇ ਚਰਨਾਂ 'ਚ ਸੀਸ ਆਪਣਾ ਜੋ ਵੀ ਧਰਦਾ
ਖ਼ੁਦ ਦਾ ਤਨ ਮਨ ਜੋ ਗੁਰੂ ਨੂੰ ਦਿਲੋਂ ਅਰਪਣ ਕਰਦਾ
ਡੋਲਦਾ ਨਾ ਕਦੇ ਉਹ ਪ੍ਰਾਣੀ ਇਹ ਕਲਜੁਗ ਅੰਦਰ
ਬੇ ਅਸਰ ਸਾਮ੍ਹਣੇ ਉਹਦੇ ਹੋ ਜਵੇ ਭਵ ਸਾਗਰ

ਐਸਾ ਕਾਮਿਲ ਗੁਰੂ ਪਰ ਹਰ ਕਿਸੇ ਨੂੰ ਮਿਲਦਾ ਨਹੀਂ
ਪ੍ਰੀਤ ਦਾ ਤੀਰ ਹਰ ਇਕ ਹਿੱਕ ਨੂੰ ਤਾਂ ਛਿਲਦਾ ਨਹੀਂ
ਕੌਮ ਸਾਡੀ ਦੇ ਹੀ ਭਾਗ ਇਸ ਕਦਰ ਉੱਚੇ ਰਹੇ ਨੇ
ਗੁਰਾਂ ਦੇ ਮਿਹਰਾਂ ਭਰੇ ਹੱਥ ਜੋ ਉੱਤੇ ਰਹੇ ਨੇ
ਧੁੰਦ ਨੂੰ ਉਹਨੇ ਹੈ ਹੁਣ ਤੱਕ ਡਰਾਇਆ ਹੋਇਆ
ਸਿਲਸਿਲਾ ਜੋ ਗੁਰੂ ਨਾਨਕ ਦਾ ਚਲਾਇਆ ਹੋਇਆ
ਮਿਹਰਬਾਨ ਇਸ ਜ਼ਮੀਂ ਉੱਤੇ ਬੜਾ ਹੋਇਆ ਹੈ ਖ਼ੁਦਾ
ਦੱਸ ਦੇਹਾਂ 'ਚ ਉਦ੍ਹੀ ਜੋਤ ਹੋਈ ਜਲਵਾ-ਨੁਮਾ
'ਤੇ ਸਮਾਈ ਹੋਈ ਉਹ ਜੋਤ ਗਰੰਥ ਅੰਦਰ ਅੱਜ
ਜਿਸ ਦੇ ਦਰਸ਼ਨ ਹੀ ਸਮਝਦੇ ਅਸੀਂ ਤੀਰਥ ਜਾਂ ਹੱਜ
ਅੱਜ ਕੋਈ ਵੀ ਨਹੀਂ ਸੱਚਾ ਗੁਰੂ ਬਾਝ ਗਰੰਥ
ਅੱਜ ਦੇ ਘੁੱਪ ਹਨੇਰੇ 'ਚ ਉਹੀ ਰਹਿਬਰ-ਏ-ਪੰਥ

੪ (ਸੋਨਾ)
ਸ਼ੱਕ ਕੋਈ ਨਹੀਂ ਇਹ ਕੌਮ ਬੜੀ ਖ਼ੁਸ਼ ਕਿਸਮਤ
ਪਰ ਕਰਾਂ ਮੈਂ ਨਵਾਂ ਕੁਝ ਪੁੱਛਣੇ ਦੀ ਫਿਰ ਹਿੰਮਤ
ਤੁਸਾਂ ਦੀ ਕੌਮ ਦੀ ਵੀ ਵੱਖਰੀ ਕੁਝ ਤੋਰ ਨਹੀਂ 
ਠੇਡੇ ਖਾਂਦੇ ਪਏ ਨੇ ਜੋ ਉਹ ਕੋਈ ਹੋਰ ਨਹੀਂ  
ਦੌਰ ਕਲਜੁਗ ਦਾ ਹੈ ਫਿਰ ਪਹਿਲਾਂ ਹੀ ਵਾਂਗੂ ਮਾਰੂ
ਹੋ ਗਿਆ ਸੱਭੇ ਜਵਾਨਾਂ 'ਤੇ ਇਹ ਨ੍ਹੇਰਾ ਭਾਰੂ
ਖਰੇ ਖੋਟੇ ਦੀ ਸਮਝ ਨਾ 'ਤੇ ਨਾ ਰੱਖਣ ਚੀਰੇ
ਵੇਖੇ ਅਣਜਾਣ ਬੜੇ ਇੱਥੇ ਮੈਂ ਕੌਮੀ ਹੀਰੇ
ਵੇਖ ਲੈ ਆਪਣੀ ਇਸ ਕੌਮ ਨੂੰ 'ਤੇ ਗ਼ੈਰਾਂ ਨੂੰ
ਫ਼ਰਕ ਮਸਲਕ 'ਚ ਕੋਈ ਦਿੱਸੇ ਤਾਂ ਕੁਝ ਦੱਸ ਦੇ ਤੂੰ

੫ (ਪਾਰਖੂ)
ਸੱਚ ਜਾਣੋ ਤੁਸੀਂ ਉਸ ਸਿੱਖ ਨੂੰ ਸਮਝੋ ਮੋਇਆ
ਜੀਹਨੇ ਨਾਹੀ ਗੁਰੂ ਦਾ ਪੱਲੜਾ ਫੜ੍ਹਿਆ ਹੋਇਆ
ਹੋਂਦ ਇਸ ਕੌਮ ਦੀ ਕਾਇਮ ਗੁਰੂ ਦੀ ਓਟ ਦੇ ਨਾਲ
ਹੋ ਕੇ ਬੇ-ਮੁਖ ਗੁਰੂ ਤੋਂ ਹਿੱਸੇ ਇਹਦੇ ਆਇਆ ਜ਼ਵਾਲ
ਡੇਰਿਆਂ ਉੱਤੇ ਅਖੌਤੀ ਗੁਰਾਂ ਨੂੰ ਲੱਭਦੇ ਹਨ
ਅੰੰਨ੍ਹਿਆਂ ਆਗੂਆਂ ਦੀ ਰਹਿਬਰੀ ਇਹ ਮੰਗਦੇ ਹਨ
ਗੁਰੂ ਦੇ ਬਾਜ਼ਾਂ 'ਚ ਉਹਨਾਂ ਦਾ ਕਿਵੇਂ ਹੋਵੇ ਸ਼ੁਮਾਰ?
ਕੁੱਤਿਆਂ ਵਾਂਗਰਾਂ ਦਰ ਦਰ ਪਏ ਹੁੰਦੇ ਨੇ ਜੋ ਖ਼ਵਾਰ!
ਰਾਜ ਸੀ, ਦਬਦਬਾ ਸੀ, ਪੱਤ ਸੀ, ਗ਼ੈਰਤ ਵੀ ਸੀ
ਗੁਰੂ ਦਿਲ ਵਿਚ ਸੀ ਤਾਂ ਖੁੱਲ੍ਹਾ ਦਰ-ਏ-ਰਹਿਮਤ ਵੀ ਸੀ
ਰੋ ਪਈ ਧਰਤੀ ਜਦੋਂ ਗਾਥਾ ਸੁਣਾਈ ਸਾਰੀ
ਸਾਡੀ ਗ਼ਫ਼ਲਤ ਨੇ ਲੁਟਾ ਦਿੱਤੀ ਕਮਾਈ ਸਾਰੀ

ਅੱਜ ਵੀ ਜੇ ਗੁਰੂ ਦੇ ਵੱਲ ਕਰੇ ਕੋਈ ਮੁੱਖ
ਸਤਿਗੁਰੂ ਸਾਡਾ ਮੁਕਾ ਦਿੰਦਾ ਉਦ੍ਹੇ ਸਾਰੇ ਦੁੱਖ
ਗੁਰੂ ਦੇ ਦਰ 'ਤੇ ਕਦੇ ਬਰਕਤਾਂ ਨੇ ਨਾ ਘਟਣਾ
ਉਸ ਦੀਆਂ ਅਜ਼ਮਤਾਂ 'ਤੇ ਇੱਜ਼ਤਾਂ ਨੇ ਨਾ ਘਟਣਾ
ਜੋ ਕੋਈ ਵੀ ਲਵੇ ਗਾ ਉਸ ਦਿਆਂ ਕਦਮਾਂ 'ਚ ਪਨਾਹ
ਬਖ਼ਸ਼ ਦੇਵੇ ਗਾ ਗੁਰੂ ਉਹਦੇ ਕਰੋੜਾਂ ਹੀ ਗੁਨਾਹ 

Thursday, 9 July 2020

ਕੰਬਦਾ ਸਰਹਿੰਦ

(ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ)

ਚੈਨ, ਨੀਂਦਰਾਂ ਨਾ ਸੁੱਖ, 'ਤੇ ਕਰਾਰ ਉੱਡ ਚੁੱਕਾ
ਕੰਬਦੀ ਪਈ ਦੇਹੀ, ਸਭ ਵਕਾਰ ਉੱਡ ਚੁੱਕਾ
ਵਾਪਰੀ ਜੋ ਹੋਣੀ ਹੁਣ ਮੁਗ਼ਲਾਂ ਦੀ ਹਕੂਮਤ ਵਿਚ
ਖ਼ਾਲਸੇ ਦਾ ਇਸ ਉੱਤੋਂ ਐਤਬਾਰ ਉੱਡ ਚੁੱਕਾ

ਆਉਂਦੀ ਹੈ ਸਦਾ ਮੈਨੂੰ ਖੰਡਿਆਂ 'ਤੇ ਤੀਰਾਂ ਦੀ
ਘੋੜਿਆਂ, ਨਿਹੰਗਾਂ ਦੀ, ਸਿੰਘਾਂ ਸੂਰਬੀਰਾਂ ਦੀ
ਲਸ਼ਕਰ-ਏ-ਅਕਾਲੀ ਦਾ ਪੱਕਾ ਦ੍ਰਿੜ ਇਰਾਦਾ ਹੈ
ਬਾਦਸ਼ਾਹੀ ਮਿੱਟੀ ਵਿਚ ਰੋਲਣੀ ਅਮੀਰਾਂ ਦੀ

ਸਾਰ ਕੋਈ ਨਾ ਹਾਲੇ ਬੇ-ਖ਼ਬਰ ਨਵਾਬਾਂ ਨੂੰ
ਤਖ਼ਤਾਂ 'ਤੇ ਅਜੇ ਬੈਠੇ ਮਾਣਦੇ ਕਬਾਬਾਂ ਨੂੰ
ਕੀਤੇ ਸਭ ਗੁਨਾਹਾਂ ਦਾ ਲੇਖਾ ਜੋਖਾ ਹੋਵੇਗਾ
ਰੋਕ ਕੌਣ ਸਕਦਾ ਹੈ ਰੱਬ ਦਿਆਂ ਅਜ਼ਾਬਾਂ ਨੂੰ?

ਤਖ਼ਤ ਹੋਣੇ ਢਹਿ ਢੇਰੀ 'ਤੇ ਇਮਾਰਤਾਂ ਖੰਡਰ
ਜਦ ਗੁਰੂ ਦੇ ਬੰਦੇ ਨੇ ਕੂਚ ਕਰਨਾ ਸ਼ਹਿਰ ਅੰਦਰ
ਇਹਨਾਂ ਜ਼ਾਲਮਾਂ ਨੂੰ ਤੱਦ ਮਿਲਣੀ ਢੋਈ ਕੋਈ ਨਾ
ਚੜ੍ਹਿਆ ਜਦ ਇਹ ਧਰਤੀ 'ਤੇ ਠਾਠਾਂ ਮਾਰਦਾ ਸਾਗਰ

ਵਾਰ ਹਿਰਨਾਂ ਨੇ ਦੱਸੋ ਸ਼ੇਰਾਂ ਦਾ ਕਿਵੇਂ ਸਹਿਣਾ?
ਜਾਬਰਾਂ ਦਾ ਕੋਈ ਵੀ ਨਾਂ-ਨਿਸ਼ਾਂ ਨਹੀਂ ਰਹਿਣਾ !
ਗਾਉਂਦੀ ਪਰ ਰਹੂ ਧਰਤੀ ਸੋਹਿਲੇ ਸ਼ਹੀਦਾਂ ਦੇ
ਹੋ ਗਏ ਅਮਰ ਨੇ ਜੋ, ਬਣ ਕੇ ਸਿੱਖੀ ਦਾ ਗਹਿਣਾ

ਗ਼ਜ਼ਲ

ਵੇਖਣੇ ਜੱਗ ਦੇ ਨਜ਼ਾਰੇ ਔਖੇ, ਰੋਕਣੇ ਅੱਥਰੂ ਖਾਰੇ ਔਖੇ। ਬੰਦਿਆ! ਪਾਏ ਜੋ ਤੂੰ ਧਰਤੀ 'ਤੇ, ਕੱਠੇ ਕਰਨੇ ਉਹ ਖਿਲਾਰੇ ਔਖੇ। ਸਿਰਫ਼ ਧਰਤੀ ਨਹੀਂ ਆਦਮ ਤੋਂ ਤੰਗ, ਇਹਦੇ ਤੋ...