Monday 2 April 2018

ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ

ਪੀਰਾਂ ਦੀ ਭਾਗਸ਼ਾਲੀ ਖ਼ਾਕ ਹੈ ਜੋ,
ਧਰਤੀ ਪਵਿੱਤਰ, ਜ਼ਮੀਨ ਪਾਕ ਹੈ ਜੋ,
ਮਿਜ਼ਾਜ ਤੋਂ ਪੂਰੀ ਬੇ ਬਾਕ ਹੈ ਜੋ,
ਹਿੰਦ ਦੀ ਦਿਲਕਸ਼ ਪੋਸ਼ਾਕ ਹੈ ਜੋ,
ਸ਼ਾਲਾ ਇਹ ਧਰਤੀ ਸਦਾ ਸ਼ਾਦਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ ।

ਵੱਜੇ ਮੂਲ ਮੰਤਰ ਹਰੇਕ ਮਨ ਵਿੱਚ,
ਵੱਸੇ ਗੁਰੂ ਦਾ ਸ਼ਬਦ ਮਨ ਤਨ ਵਿੱਚ,
ਦਰਿਆ ਹੋਣ ਰੁੱਝੇ ਸਿਮਰਨ ਵਿੱਚ,
ਬਸੰਤ ਰੁੱਤ ਰਹੇ ਹਰ ਗੁਲਸ਼ਨ ਵਿੱਚ,
ਸਦਾ ਮਰਦਾਨੇ ਦੀ ਵੱਜਦੀ ਰਬਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ ।

ਜਿੱਥੇ ਮਾਂ ਬੋਲੀ ਦੀ ਇੱਜ਼ਤ ਹੋਵੇ,
ਫੈਲੀ ਚਹੁੰ ਪਾਸੇ ਮਿੱਠਤ ਹੋਵੇ,
ਪੰਜਾਬੀ ਚ ਹਰੇਕ ਲਿਖਤ ਹੋਵੇ,
ਜੀਹਦੀ ਸੇਵਾ ਵਿੱਚ ਪੂਰੀ ਸ਼ਿੱਦਤ ਹੋਵੇ,
ਜਿੱਥੇ ਪੰਜਾਬੀ ਦਾ ਹੁਸਨ-ਏ-ਸ਼ਬਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ ।

ਪਾਣੀ ਸਦਾ ਸੁੱਚਾ ਰਹੇ ਦਰਿਆਵਾਂ ਦਾ,
ਖੇਤਾਂ ਵਿੱਚ ਨਜ਼ਾਰੇ ਕਰਾਏ ਅਦਾਵਾਂ ਦਾ,
ਸਹਾਰਾ ਰਹੇ ਦਰੱਖਤਾਂ ਦੀਆਂ ਛਾਵਾਂ ਦਾ,
ਚਿੜੀਆਂ, ਘੁੱਗੀਆ, ਕਬੂਤਰਾਂ,ਕਾਵਾਂ ਦਾ,
ਆਬ-ਓ-ਹਵਾ ਵਾਂਗ ਮੁਕੱਦਸ ਕਿਤਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ।

ਮੁੜ ਕੇ ਨਾ ਖੰਡ ਜ਼ਹਿਰ ਹੋ ਜਾਵੇ,
ਖ਼ਤਮ ਨਸ਼ਿਆਂ ਦਾ ਕਹਿਰ ਹੋ ਜਾਵੇ,
ਖ਼ੁਸ਼ਹਾਲ ਸ਼ਹਿਰ ਦਾ ਸ਼ਹਿਰ ਹੋ ਜਾਵੇ,
ਉਹ ਰੁੱਸੀ ਹੋਈ ਸਹਿਰ ਹੋ ਜਾਵੇ,
ਨਾ ਜਿੰਦ ਜੀਹਦੀ ਕਦੇ ਅਜ਼ਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ ।

ਇਹ ਧਰਤੀ ਇੱਕ ਵੱਖਰੀ ਮਿਸਾਲ ਬਣੇ,
ਨਾ ਇਹਦੀ ਪਵਿੱਤਰਤਾ ਉੱਤੇ ਸਵਾਲ ਬਣੇ,
ਨਾ ਮੁੜ ਕੇ ਫਿਰ ਕਦੇ ਨਿਢਾਲ ਬਣੇ,
ਇਹਦੀ ਸ਼ਾਨ ਅਤੇ ਸੁਹਜ ਲਾ ਜ਼ਵਾਲ ਬਣੇ,
ਜੀਹਦਾ ਦਰ ਸਵਰਗ ਦਾ ਬਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ ।

ਹਰਸਿਮਰਨ ਹੱਥ ਵਿੱਚ ਕਲਮ ਲੈ ਕੇ,
ਇੱਕੋ ਇੱਕ ਦਿਲ ਦੀ ਰੀਝ ਕਹਿ ਕੇ,
ਪਿਆਰ ਦੇ ਦਰਿਆ ਵਿੱਚ ਵਹਿ ਕੇ,
ਇਸ ਸਰਜ਼ਮੀਨ ਦੀ ਗੋਦ 'ਚ ਬਹਿ ਕੇ,
ਲਹੂ 'ਚ ਪੰਜਾਬ, ਪੰਜਾਬ , ਪੰਜਾਬ ਵੇਖਾਂ,
ਮੈਂ ਉਸ ਪੰਜਾਬ ਦਾ ਖ਼ਵਾਬ ਵੇਖਾਂ ।

No comments:

Post a Comment

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...