Saturday, 9 December 2017

ਉਹ ਦਿਨ ਨਾ ਵੇਖਣਾ ਪਵੇ

ਉਹ ਦਿਨ ਨਾ ਵੇਖਣਾ ਪਵੇ ਜਦੋਂ ਵਿਛੋੜਾ ਪੈ ਜਾਏ ਖ਼ਵਾਬ ਅੰਦਰ,
ਨਹੀਂ ਤਾਂ ਰੁਲ ਜਾਵੇਗੀ ਮੇਰੀ ਜਿੰਦੜੀ ਦੁੱਖਾਂ ਦੇ ਅਜ਼ਾਬ ਅੰਦਰ।

ਉਸ ਆਨੰਦਮਈ ਰਸ ਦੀ ਤਾਂਘ ਨਾ ਰਹੀ ਭੌਰਿਆਂ ਵਿੱਚ ,
ਪਰ ਸਲਾਮਤ ਨੇ ਸਾਰੇ ਗੁਣ ਚੰਗੀ ਤਰ੍ਹਾਂ ਗੁਲਾਬ ਅੰਦਰ ।

ਦਿਵਾਨਿਆਂ ਪਰਵਾਨਿਆਂ ਨੂੰ ਪੁੱਛੋ ਕਿਹੜੇ ਕੰਮੀਂ-ਧੰਦੀਂ ਰੁੱਝੇ ਨੇ ,
ਸ਼ਮ੍ਹਾ ਅੱਜ ਵੀ ਲੈ ਕੇ ਬੈਠੀ ਹੈ ਨੂਰ ਬੇ-ਹਿਸਾਬ ਅੰਦਰ ।

ਤੇਰੀ ਦੀਦ ਕਰ ਲਵੇਗਾ ਹਰਸਿਮਰਨ, ਪਹਿਲਾਂ ਇਹ ਬੁੱਝ ਲਵੇ,
ਮੇਰੀਆਂ ਅੱਖਾਂ ਉੱਤੇ ਪੱਟੀ ਹੈ ਕਿ ਤੇਰਾ ਹੁਸਨ ਹੈ ਹਿਜਾਬ ਅੰਦਰ?

Tuesday, 28 November 2017

ਵੇਖਦਾ ਹਾਂ ਮੈਂ

ਆਪਣੇ ਸੀਨੇ 'ਚ ਖੁੱਭਦਾ ਹੋਇਆ ਇੱਕ ਕਿੱਲ ਵੇਖਦਾ ਹਾਂ ਮੈਂ,
ਤੁਹਾਨੂੰ ਅਵੇਸਲਾ ਤੇ ਸਾਰੇ ਮਸਲਿਆਂ ਤੋਂ ਗ਼ਾਫ਼ਿਲ ਵੇਖਦਾ ਹਾਂ ਮੈਂ।
ਪਾਣੀ ਨਾਰਾਜ਼ ਹੈ ਤੈਥੋਂ, ਹਵਾ ਵੀ ਰੁੱਸੀ ਬੈਠੀ ਹੈ ,
ਤੇਰੀਆਂ ਕਰਤੂਤਾਂ ਸਦਕੇ ਦੋ ਟੋਟੇ ਧਰਤੀ ਦਾ ਦਿਲ ਵੇਖਦਾ ਹਾਂ ਮੈਂ ।
ਸਭ ਕੁਝ ਕੁਰਬਾਨ ਕਰ ਦਿੱਤਾ ਤੂੰ ਪੈਂਡੇ ਤੇ ਤੁਰਦੇ ਤੁਰਦੇ,
ਫੇਰ ਵੀ ਲੱਖਾਂ ਮੀਲ ਦੂਰ ਤੈਥੋਂ ਤੇਰੀ ਮੰਜ਼ਿਲ ਵੇਖਦਾ ਹਾਂ ਮੈਂ ।
ਸਭ ਉਤਲੀ ਉਤਲੀ ਬਾਤ ਕਰਦੇ,ਗੱਲ ਜੜ੍ਹੋਂ ਕੋਈ ਸਮਝਦਾ ਨਹੀਂ,
ਕਿੱਦਾਂ ਟਾਲੇਗਾ ਹੋਣੀ ਨੂੰ, ਗ਼ਰਕ ਤੇਰੀ ਮਹਿਫ਼ਿਲ ਵੇਖਦਾ ਹਾਂ ਮੈਂ ।
ਕੋਈ ਹੀਲਾ-ਵਸੀਲਾ ਕਰ ਬੰਦਿਆ , ਇਹ ਨਾਜ਼ੁਕ ਵੇਲਾ ਹੈ,
ਜੇ ਅੱਖਾਂ ਮੀਟਦੇ ਰਹੇ ਤਾਂ ਇੱਕ ਮੰਦੜਾ ਮੁਸਤਕਬਿਲ ਵੇਖਦਾ ਹਾਂ ਮੈਂ ।

Thursday, 21 September 2017

ਚਲੋ ਕਾਬਿਲ ਬਣੀਏ


ਕਦੋਂ ਤਕ ਕਰੇਗਾ ਨਵੀਂ ਸਵੇਰ ਦੀ ਉਡੀਕ ,
ਰਹੇਗਾ ਹਨੇਰੀ ਰਾਤ ਵਿੱਚ ਬੇਪਰਵਾਹ ਕਦ ਤੀਕ,
ਕਿਸੇ ਕਰਾਮਾਤ ਨੇ ਨਹੀਂ ਕਰਨੇ ਹਾਲਾਤ ਠੀਕ ,
ਨਾ ਰੱਖ ਹਿੱਕ 'ਚ ਦਬਾ ਕੇ ਆਪਣੇ ਦਿਲ ਦੀ ਚੀਕ,
ਸਜਾ ਦੇ ਕਲਮ ਨੂੰ 'ਹਰਸਿਮਰਨ' ਦੇ ਕੇ ਆਪਣੇ ਖਿਆਲ,
ਸ਼ਾਇਦ ਦੀਵੇ ਜੱਗ ਜਾਣ ਤੇਰੇ ਇਸ ਉਪਰਾਲੇ ਨਾਲ਼ ।

ਰੱਖਦੀ ਸੀ ਜਿਹੜੀ ਕੌਮ ਮੱਤ ਨੂੰ ਰੱਬ ਦੇ ਨਾਂ 'ਚ ਲੀਨ,
ਵੱਡੇ ਵੱਡੇ ਹਾਕਮ ਜਿਸ ਨੂੰ ਨਾ ਕਰ ਸਕੇ ਆਪਣੇ ਅਧੀਨ ,
ਅੱਜ ਨਾ ਉਹ ਪੁਰਾਣੇ ਜਜ਼ਬੇ ਨੇ, ਨਾ ਉਹ ਸੁਪਨੇ ਹਸੀਨ,
ਵੇਖ ਕੇ ਅੱਜ ਸਿੱਖਾਂ ਨੂੰ ਨਹੀਂ ਹੁੰਦਾ ਅੱਖਾਂ ਤੇ ਯਕੀਨ,
ਨਾ ਉਹ ਅਣਖ ਰਹੀ , ਨਾ ਸਾਬਤ ਸੂਰਤ ਪਹਿਰਾਵਾ ਹੈ ,
ਫਿਰ ਆਪਣੇ ਆਪ ਨੂੰ ਸਿੱਖ ਅਖਵਾਉਣਾ ਇੱਕ ਵਿਖਾਵਾ ਹੈ ।

ਪਛਾਣ ਸਿੰਘਾ ਹੁਣ ਕਿ ਤੇਰਾ ਉੱਚਾ ਮੁਕਾਮ ਹੈ ,
ਗੁਰੂਆਂ ਨੇ ਦਿੱਤਾ ਤੈਨੂੰ ਹੱਕ ਸੱਚ ਦਾ ਪੈਗ਼ਾਮ ਹੈ,
ਕਿਉਂ ਤੁੱਛ ਵਹਿਮਾਂ ਭਰਮਾਂ ਦਾ ਤੂੰ ਬਣਿਆ ਗ਼ੁਲਾਮ ਹੈ ?
ਕਿਉਂ ਆਪਣੇ ਆਪ ਨੂੰ ਤੂੰ ਸਮਝਿਆ ਬੰਦਾ-ਏ-ਆਮ ਹੈ?
ਰੱਬ ਵੱਲੋਂ ਅਤਾ ਹੋਈ ਜਿਹਨੂੰ ਇੱਕ ਅਮੀਰ ਵਿਰਾਸਤ , ਤੂੰ ਹੈ,
ਮਜ਼ਲੂਮ ਹਿੰਦੁਸਤਾਨ ਦੀ ਜਿਸ ਨਾਲ ਪੂਰੀ ਹੋਈ ਹਾਜਤ, ਤੂੰ ਹੈ।

ਮੁੱਢੋਂ ਕਰਦੀ ਆਈ ਜਿਹੜੀ ਕੌਮ ਸੱਚ ਦੀ ਰਖਵਾਲੀ ਹੈ,
ਇਨਸਾਫ ਕਰਨ ਦੀ ਜਿਸ ਦੀ ਆਦਤ ਨਿਰਾਲੀ ਹੈ,
ਘੱਲੂਘਾਰਿਆਂ ਵਿੱਚ ਵੀ ਰੱਬ ਦੇ ਗੁਣ ਗਾਉਣ ਵਾਲੀ ਹੈ,
ਜਾਤ ਪਾਤ ਅਤੇ ਰੂਪ ਰੰਗ ਤੋਂ ਜਿਹੜੀ ਖਾਲੀ ਹੈ ,
ਵਾਰਿਸ ਹੈ ਤੂੰ ਉਸ ਕੌਮ ਦਾ , ਜਾਗ ਸਿੰਘਾ ਜਾਗ,
ਹਰ ਕਿਸੇ ਕੋਲ ਨਹੀਂ ਹਨ ਤੇਰੇ ਜਿੰਨੇ ਵੱਡੇ ਭਾਗ।

ਸੁਖੀ ਵਸਦਾ ਹੈ ਹਿੰਦੁਸਤਾਨ ਜਿਸ ਦੀਆਂ ਸ਼ਹਾਦਤਾਂ ਨਾਲ਼,
ਦੇਸ਼ ਤੇ ਧਰਮ ਦੀ ਰਾਖੀ ਲਈ ਕਰਦੀ ਰਹੀ ਕਮਾਲ,
ਤੇਰੇ ਵੱਡੇ ਵਡੇਰਿਆਂ ਨੇ ਕੀਤਾ ਜ਼ਾਲਮਾਂ ਦਾ ਮਾੜਾ ਹਾਲ,
ਉਸ ਖੂਨ ਦੇ ਰੰਗ ਨਾਲ ਹੈ ਇਹ ਧਰਤੀ ਵਾਂਗ ਗੁਲਾਬ ਲਾਲ ,
ਕਿਉਂ ਅੱਜ ਤੂੰ ਬੇ-ਸ਼ੁਮਾਰ ਸ਼ੱਕਾਂ ਵਿੱਚ ਹੈ ਖੋਇਆ?
ਬਸ ਤਰੀਕਾ ਬਦਲਿਆ ਹੈ, ਸੰਘਰਸ਼ ਖ਼ਤਮ ਨਹੀਂ ਹੋਇਆ ।

ਲਾਹੌਰ ਦੀ ਤੱਤੀ ਤਵੀ ਨੇ ਪਹਿਲਾਂ ਪਰਖਿਆ ਗੁਰੂ ਦਾ ਸਬਰ,
ਦਿੱਲੀ ਦੇ ਤਖ਼ਤ ਨੇ ਵੇਖੀ ਗੁਰੂ ਤੇਗ਼ ਬਹਾਦਰ ਦੀ ਬੇਬਾਕ ਨਜ਼ਰ ,
ਚਮਕੌਰ ਅਤੇ ਸਰਹਿੰਦ ਦੀ ਧਰਤੀ ਵੀ ਹੋ ਗਈ ਅਮਰ,
ਜਦ ਰੱਬ ਦੇ ਭਾਣੇ ਸਾਰਾ ਸਰਬੰਸ ਵਾਰ ਗਿਆ ਕਲਗੀਧਰ ,
ਇਸ ਧਰਤੀ ਨੇ ਰਹਿਣਾ ਅਬਦ ਤਕ ਉਨ੍ਹਾਂ ਦਾ ਕਰਜ਼ਦਾਰ ਹੈ ,
ਹੋਣਾ ਅਕਿਰਤਘਣਾਂ ਨੇ ਦਰਗਾਹ-ਏ-ਹੱਕ 'ਚ ਸ਼ਰਮਸਾਰ ਹੈ ।

ਗੁਰੂ ਗੋਬਿੰਦ ਸਿੰਘ ਨੇ ਬਣਾਇਆ ਸੀ ਸ਼ੇਰ ਤੈਨੂੰ,
ਕਈ ਇਮਤਿਹਾਨਾਂ ਚੋਂ ਵੀ ਲੰਘਾਇਆ ਗਿਆ ਫੇਰ ਤੈਨੂੰ,
ਲੱਖਾਂ ਕੁਰਬਾਨੀਆਂ ਦੇਣ ਮਗਰੋਂ ਬਖ਼ਸ਼ੀ ਗਈ ਸਵੇਰ ਤੈਨੂੰ,
ਮੰਜ਼ਿਲ ਤੋਂ ਭਟਕਾ ਨਾ ਸਕਿਆ ਕਦੇ ਹਨੇਰ ਤੈਨੂੰ,
ਰੁਤਬਾ ਜਿਸ ਦਾ ਸਭ ਤੋਂ ਉੱਚਾ ਅਤੇ ਸ਼ਾਹੀ ਢੰਗ ਦਾ ਹੈ,
ਅੱਜ ਕਿਉਂ ਉਹ ਆਪਣੇ ਜੰਗਲ 'ਚ ਤੁਰਦਾ ਹੋਇਆ ਸੰਗਦਾ ਹੈ ?

ਵੇਖ ਧਿਆਨ ਨਾਲ ਤੂੰ ਗੁਰੂ ਗੋਬਿੰਦ ਸਿੰਘ ਦਾ ਬਾਜ਼,
ਸਾਫ ਸਾਫ ਦਰਸਾਉਂਦਾ ਹੈ ਜੋ ਤੇਰੀ ਫਿਤਰਤ ਦਾ ਰਾਜ਼,
ਉੱਡ ਕੇ ਇਹਦੇ ਵਿਰੁੱਧ ਕਰਦਾ ਹਵਾ ਨੂੰ ਨਰਾਜ਼,
ਲਹੂ ਗਰਮ ਕਰਕੇ ਨਿੱਤ ਕਰਦਾ ਬੁਲੰਦ ਪਰਵਾਜ਼,
ਦੂਜਿਆਂ ਵਰਗਾ ਤੂੰ ਖ਼ੁਦ ਨੂੰ ਸ਼ਾਇਦ ਇਸਲਈ ਸਮਝ ਲਿਆ ਹੈ,
ਕਿਓਂਕਿ ਅੱਜ ਇਹ ਤੇਰੇ ਅੰਦਰ ਡੂੰਘੀ ਨੀਂਦਰ ਸੁੱਤਾ ਪਿਆ ਹੈ ।

ਗੁਰੂਆਂ ਨੇ ਬਣਾਇਆ ਸੱਚਾ ਰਾਹ ਤੇਰੇ ਵਾਸਤੇ ,
ਪੁਰਾਣੇ ਰੀਤ-ਰਿਵਾਜ ਦਿੱਤੇ ਮਿਟਾ ਤੇਰੇ ਵਾਸਤੇ ,
ਗੁਰੂ ਗ੍ਰੰਥ ਸਾਹਿਬ ਦਿੱਤਾ ਰਚਾ ਤੇਰੇ ਵਾਸਤੇ ,
ਮੱਤ ਤੇਰੀ ਨੂੰ ਦਿੱਤੇ ਖੰਬ ਲਗਾ ਤੇਰੇ ਵਾਸਤੇ ,
ਜਦ ਰੱਬ ਤਕ ਪਹੁੰਚਣ ਦਾ ਤੇਰੇ ਕੋਲ ਸੱਚਾ ਸੁੱਚਾ ਰਾਹ ਹੈ ,
ਕਿਉਂ ਮੁੜ ਮੁੜ ਕੇ ਜੰਗਲ - ਬੇਲਿਆਂ ਵਿੱਚ ਲੈ ਰਿਹਾ ਪਨਾਹ ਹੈ ?

ਆਪਣੀਆਂ ਅੱਖਾਂ ਤੋਂ ਲਾਹ ਦੇ ਮੈਂ ਤੇ ਤੂੰ ਦਾ ਰੰਗ,
ਤੋੜ ਭੰਨ੍ਹ ਕੇ ਸਵਾਰਥ ਨੂੰ ਦੇ ਛਿੱਕਿਆਂ ਉੱਤੇ ਟੰਗ,
ਆਪਣੇ ਲਈ ਅਰਦਾਸ ਵਿੱਚ ਬੱਸ ਇਹੋ ਗੁਣ ਮੰਗ,
ਪੰਥ ਦੀ ਸੇਵਾ ਵਿੱਚ ਰੁੱਝਿਆ ਰਹੇ ਮੇਰਾ ਅੰਗ ਅੰਗ,
ਇਹ ਧਨ ਦੌਲਤ ਨੇ ਦੇਣੀ ਤੈਨੂੰ ਖੁਸ਼ੀ ਥੁੜ-ਚਿਰੀ ਹੈ,
ਸਿਰੇ ਚੜ੍ਹ ਕੇ ਇਹਨੇ ਫੂਕ ਦੇਣੀ ਜਿੰਦੜੀ ਤੇਰੀ ਹੈ ।

ਭਾਵੇਂ ਹਜ਼ਾਰਾਂ ਹੀ ਤੁਸੀਂ ਪੱਕੇ ਗੁਰਦੁਆਰੇ ਬਣਾ ਲਵੋ ,
ਧਰਮ ਦੀ ਵਡਿਆਈ ਬਾਰੇ ਲੱਖਾਂ ਕਿਤਾਬਾਂ ਲਿਖਾ ਲਵੋ ,
ਘਰ ਦਫਤਰਾਂ ਵਿੱਚ ਗੁਰੂਆਂ ਦੀਆਂ ਤਸਵੀਰਾਂ ਟੰਗਾ ਲਵੋ,
ਸ਼ਹੀਦਾਂ ਦੀਆਂ ਸਿਫ਼ਤਾਂ ਵਿੱਚ ਲੱਖਾਂ ਗੀਤ ਗਾ ਲਵੋ ,
ਪਰ ਸਜਾਈ ਜੇਕਰ ਨਾ ਤੁਸੀਂ ਸਿਰ ਉੱਤੇ ਦਸਤਾਰ ਹੋਵੇਗੀ,
ਨਹੀਂ ਪੰਥ ਦੇ ਪ੍ਰਚਾਰ ਦੀ ਹੋਰ ਤੇਜ਼ ਰਫਤਾਰ ਹੋਵੇਗੀ ।

ਹਰ ਇੱਕ ਸਿੰਘ ਦੇ ਸਿਰ ਦਾ ਸ਼ਿੰਗਾਰ ਹੈ ,
ਗੁਰੂ ਗੋਬਿੰਦ ਸਿੰਘ ਦਾ ਉੱਚਾ ਸੁੱਚਾ ਵਿਚਾਰ ਹੈ,
ਸ਼ਹੀਦਾਂ ਦੇ ਲਹੂ ਨਾਲ ਹੁੰਦੀ ਰਹਿੰਦੀ ਰੰਗਦਾਰ ਹੈ,
ਲੱਖਾਂ ਹੀ ਕਿੱਸੇ ਸੁਣਾਉਂਦੀ ਸਿੰਘ ਦੀ ਦਸਤਾਰ ਹੈ ,
ਕੁੱਲ ਸੰਸਾਰ ਵਿੱਚ ਨਹੀਂ ਕਿਧਰੇ ਇਸ ਦੀਆਂ ਕੋਈ ਰੀਸਾਂ ਨੇ,
ਗੁਰੂਆਂ ਤੇ ਸ਼ਹੀਦਾਂ ਦੀਆਂ ਸਾਡੇ ਸਿਰ ਉੱਤੇ ਵਰ੍ਹਦੀਆਂ ਅਸੀਸਾਂ ਨੇ ।

ਅਸੀਸਾਂ ਲੈ ਕੇ, ਮੱਥੇ ਟੇਕ ਕੇ ਗੁਰੂ ਦੇ ਦਰ ਉੱਤੇ ,
ਰੱਖ ਕੇ ਰੰਗੀਨ ਖਵਾਬ ਆਪਣੀ ਪਾਕ ਨਜ਼ਰ ਉੱਤੇ,
ਆ ਸਿੰਘਾ, ਹੁਣ ਚੱਲੀਏ ਅਸੀਂ ਆਨੰਦਮਈ ਸਫ਼ਰ ਉੱਤੇ,
ਸੁੱਕੀ ਪਈ ਹੈ ਇਹ ਧਰਤੀ , ਬੱਦਲ ਬਣ ਕੇ ਵਰ੍ਹ ਉੱਤੇ,
ਸਾਫ਼ ਕਰ ਦੇ ਜ਼ਮੀਨ ਤੇ ਲੱਗੇ ਇੱਕ ਇੱਕ ਦਾਗ਼ ਨੂੰ ,
ਹਰਿਆਲੀ ਨਾਲ ਫਿਰ ਆਬਾਦ ਕਰ ਦੇ ਸੁੱਕੇ ਬਾਗ਼ ਨੂੰ ।

ਸੜ ਰਿਹਾ ਹੈ ਸੰਸਾਰ ਪੰਜ ਐਬਾਂ ਦੀ ਬਲਦੀ ਅੱਗ ਵਿੱਚ ,
ਬਲ ਰਹੀ ਹੈ ਹਰ ਧਰਮੀ ਵਿੱਚ, ਪਖੰਡੀ ਵਿੱਚ,ਠੱਗ ਵਿੱਚ ,
ਪਛਾਣ ਕਿਹੜਾ ਖੂਨ ਵੱਗ ਰਿਹਾ ਹੈ ਤੇਰੀ ਰੱਗ ਰੱਗ ਵਿੱਚ,
ਛਾ ਜਾ ਆਪਣੇ ਹੁਨਰ ਅਤੇ ਦਲੇਰੀ ਨਾਲ ਸਾਰੇ ਜੱਗ ਵਿੱਚ,
ਗੁਰੂਆਂ ਦੀ ਬਾਣੀ ਦੇ ਇਲਮ ਨਾਲ ਮੋਹਕਮ ਬਣਾ ਚਿੱਤ ਲੈ ,
'ਮਨ ਜੀਤੈ, ਜਗ ਜੀਤ' ਦੀ ਸਿੱਖਿਆ ਨਾਲ ਸਜਾ ਚਿੱਤ ਲੈ ।

ਹੋ ਜਾ ਪੰਥ 'ਚ ਲੀਨ ਢਾਹ ਕੇ ਕੰਧਾਂ ਜਾਤ-ਪਾਤ ਦੀਆਂ ,
ਹਰ ਪਿੰਡ ਨਗਰੀ ਪੈਣ ਕਣੀਆਂ ਇਸ ਨਵੀਂ ਬਰਸਾਤ ਦੀਆਂ ,
ਇਤਿਹਾਸ ਦੀਆਂ ਪੰਕਤੀਆਂ ਨੇ ਗਵਾਹ ਇਸ ਬਾਤ ਦੀਆਂ ,
ਸਾਡੇ ਭਾਈਚਾਰੇ ਤੋਂ ਡਰਦੀਆਂ ਭੈੜੀਆਂ ਤਾਕਤਾਂ ਕਾਇਨਾਤ ਦੀਆਂ ,
ਝੱਖੜਾਂ ਵਿੱਚ ਵੀ ਬੇਫ਼ਿਕਰੀ ਨਾਲ ਬਲਦਾ ਇਸ ਕੌਮ ਦਾ ਦੀਵਾ ਰਵੇਗਾ ,
ਜਦ ਸਾਰੇ ਸਿੰਘ ਹੋਵਣਗੇ , ਨਾ ਕੋਈ ਉੱਚਾ , ਨਾ ਕੋਈ ਨੀਵਾਂ ਰਵੇਗਾ ।

ਕਰਾ ਆਪਣੇ ਮਨ ਨੂੰ ਇਸ ਗੱਲ ਦਾ ਅਹਿਸਾਸ ,
ਕਿ ਤੇਰੇ ਤੋਂ ਹੈ ਇਸ ਧਰਤੀ ਨੂੰ ਬੜੀ ਆਸ ,
ਗੁਰੂ ਦੇ ਨਾਂ ਕਰਕੇ ਆਪਣਾ ਇੱਕ ਇੱਕ ਸੁਆਸ ,
ਰਲ ਮਿਲ ਕੇ ਅਸੀਂ ਰਚਾਉਣਾ ਹੈ ਨਵਾਂ ਇਤਿਹਾਸ ,
ਆਪਣੇ ਪੰਥ ਦੀ ਸ਼ਾਨ ਹੋਰ ਵਧਾਉਣ ਦੇ ਕਾਬਿਲ ਬਣੀਏ ,
ਆਪਣੇ ਆਪ ਨੂੰ ਗੁਰੂ ਦੇ ਸਿੱਖ ਅਖਵਾਉਣ ਦੇ ਕਾਬਿਲ ਬਣੀਏ |

Wednesday, 2 August 2017

ਤੇਰੇ ਹੱਥ ਹੀ ਮੇਰੀ ਡੋਰ ਹੈ

ਭੁੱਲਿਆ ਮੈਂ ਕਰਦਾ ਰਿਹਾ ਤਦਬੀਰਾਂ ,
ਭਵਿੱਖ ਦੀਆਂ ਬਣਾਈਆਂ ਖਿਆਲੀ ਤਸਵੀਰਾਂ ,
ਪਰ ਤੇਰੇ ਹੀ ਹੱਥੀਂ ਸਭ ਦੀਆਂ ਤਕਦੀਰਾਂ ,
ਅਸਲੀਅਤ ਨਹੀਂ ਕੁਝ ਹੋਰ ਹੈ ,
ਤੇਰੇ ਹੱਥ ਵਿੱਚ ਹੀ ਮੇਰੀ ਡੋਰ ਹੈ ।

ਤੂੰ ਹੀ ਸਭ ਦਾ ਪਰਵਰਦਗਾਰ ਹੈ ,
ਤੇਰਾ ਫ਼ੈਜ਼ ਬੇਅੰਤ ਅਪਾਰ ਹੈ ,
ਤੂੰ ਮੁੱਢੋਂ ਮੇਰਾ ਰਾਖਣਹਾਰ ਹੈ ,
ਹੁਣ ਕਿਉਂ ਪਾਇਆ ਅਕਲ ਨੇ ਸ਼ੋਰ ਹੈ,
ਤੇਰੇ ਹੱਥ ਵਿੱਚ ਹੀ ਮੇਰੀ ਡੋਰ ਹੈ ।

ਇਹ ਜੋ ਮਾਰੀ ਮਾਰੀ ਫਿਰਦੀ ਖ਼ਲਕਤ ,
ਇਹ ਵੀ ਹੈ ਸਿਰਫ ਤੇਰੀ ਹੀ ਬਰਕਤ ,
ਸਭ ਦੇ ਵਿੱਚ ਇੱਕ ਤੇਰੀ ਹੀ ਹਰਕਤ,
ਸਾਰਿਆਂ ਨੂੰ ਚਲਾਉਂਦਾ ਆਪਣੀ ਤੋਰ ਹੈ ,
ਤੇਰੇ ਹੱਥ ਵਿੱਚ ਹੀ ਮੇਰੀ ਡੋਰ ਹੈ ।

ਸਮਝ ਨਹੀਂ ਆਉਂਦਾ ਤੈਥੋਂ ਕੀ ਮੰਗਾਂ ,
ਜਿਹੜੇ ਰਾਹ ਤੂੰ ਚਲਾਵੇ ਓਹੀ ਚੰਗਾ ,
ਤੇਰੇ ਹੀ ਵੱਸ ਵਿੱਚ ਸਾਰੀਆਂ ਪਤੰਗਾਂ ,
ਮੰਦਾ ਚੰਗਾ ਵੇਖਣ ਦਾ ਨਹੀਂ ਮੇਰੇ 'ਚ ਜ਼ੋਰ ਹੈ ,
ਤੇਰੇ ਹੱਥ ਵਿੱਚ ਹੀ ਮੇਰੀ ਡੋਰ ਹੈ ।

Monday, 3 July 2017

ਇੱਕ ਚੀਜ਼ ਦੀ ਥੋੜ੍ਹ


ਅੱਜ ਕਰ ਰਿਹਾ ਹਾਂ ਆਪਣੀ ਮਾਂ ਬੋਲੀ ਦੀ ਗੱਲ ,
ਖਿੱਚਦੀ ਵਾਰ-ਵਾਰ ਮੈਨੂੰ ਜਿਹੜੀ ਆਪਣੇ ਵੱਲ ,
ਸੰਘਣੀ ਹੈ ਬੜੀ ਇਹਦੇ ਰੁੱਖ ਦੀ ਛਾਂ ,
ਕਈ ਪੀਰਾਂ ਫ਼ਕੀਰਾਂ ਨੇ ਵੀ ਛਕੇ ਜੀਹਦੇ ਫਲ ,
ਵੱਡੇ ਵੱਡੇ ਵਿਦਵਾਨਾਂ ਦੇ ਮਨ ਨੂੰ ਮੋਹ ਲਿਆ ,
ਦੁੱਖੀ ਆਸ਼ਿਕਾ ਦੇ ਵੀ ਇਹਨੇ ਜ਼ਖ਼ਮ ਦਿੱਤੇ ਮੱਲ੍ਹ ,
ਪੰਜਾਬ ਨੂੰ ਰੰਗਲਾ ਬਣਾਇਆ ਪੰਜਾਬੀ ਨੇ ,
ਇਸ ਦੀ ਨਿਰੋਲ ਮਿੱਟੀ ਦੀ ਖੁਸ਼ਬੂ ਨਾਲ ਰਲ ,
ਕਿਵੇਂ ਬਿਆਨ ਕਰਾਂ ਮੈਂ ਇਹਦੇ ਸਾਹਿਤ ਦੀ ਵਡਿਆਈ ,
ਅਫਸੋਸ ਕਿ ਮੇਰੇ ਲਫ਼ਜ਼ਾਂ ਵਿੱਚ ਨਹੀਂ ਹੈ ਇੰਨਾ ਬਲ ,
ਵੇਖੋ ਇਸ ਅੱਧ-ਖਿੜੇ ਫੁੱਲ ਨੇ ਤਾਰੀਫ਼ ਕਿਹਦੀ ਕਰਨੀ ਚਾਹੀ,
ਉਸ ਬੇ-ਕਿਨਾਰ ਬਾਗ਼ ਦੀ ਜਿਹਦੀ ਸ਼ਾਨ ਹੈ ਅਟੱਲ ।
।।
ਹਾਂ ਪਰ ਹੈ ਇਹਦੇ ਕੋਲ ਇੱਕ ਚੀਜ਼ ਦੀ ਥੋੜ੍ਹ ,
ਵੱਧਣ-ਫੁੱਲਣ ਦੇ ਲਈ ਹੈ ਜਿਸਦੀ ਬੜੀ ਲੋੜ ,
ਅੱਜ ਕੋਲ ਨਹੀਂ ਹੈ ਇਹਦੇ ਪਿਆਰ ਆਪਣੇ ਬੱਚਿਆਂ ਦਾ,
ਅੱਜ ਕੋਲ ਨਹੀਂ ਹੈ ਇਹਦੇ ਸਤਿਕਾਰ ਆਪਣੇ ਬੱਚਿਆਂ ਦਾ,
ਮੰਜ਼ਿਲ ਸੀ ਇਹਦੀ ਅਸਮਾਨ ਦੇ ਤਾਰਿਆਂ ਤੋਂ ਪਾਰ ,
ਇਹਦੇ ਖੰਬਾਂ ਦੇ ਜ਼ੋਰ ਨੂੰ ਤੱਕਦਾ ਸਾਰਾ ਸੰਸਾਰ ,
ਕੱਟ ਛੱਡੇ ਖੰਬ ਇਹਦੇ ਖੁਦ ਦੀ ਔਲਾਦ ਨੇ ,
ਵੱਡਾ ਧੋਖਾ ਖਾਇਆ ਇਸ ਪੰਛੀ ਆਜ਼ਾਦ ਨੇ ,
ਪਰ ਸੰਘਰਸ਼ ਇਸ ਪੰਛੀ ਦਾ ਅਜੇ ਵੀ ਜਾਰੀ ਹੈ ,
ਲਾ ਸਕਦਾ ਇਹ ਅੱਜ ਵੀ ਲੰਬੀ ਉਡਾਰੀ ਹੈ ,
ਪਰ ਆਪਣਾ ਜਲਵਾ ਕਿਵੇਂ ਵਿਖਾਏ, ਪਿੰਜਰੇ ਵਿੱਚ ਕੈਦ ਹੈ, 
ਇਹਦੇ ਬੱਚਿਆਂ ਦਾ ਖੂਨ ਅਜੇ ਵੀ ਸਫੈਦ ਹੈ ।
।।।
ਤੁਹਾਡੀ ਸੋਚ ਮੇਰੇ ਦਿਲ ਨੂੰ ਬਹੁਤ ਰੁਲਾਉਂਦੀ ਹੈ ,
ਮੇਰੇ ਹੰਜੂਆਂ ਦੀ ਨਦੀ ਲਹੂ-ਲੁਹਾਣ ਹੋ ਜਾਂਦੀ ਹੈ ,
ਤੁਹਾਡੇ ਵਿੱਚੋ ਕੋਈ ਉੱਚਾ ਸੋਚਦਾ ਹੀ ਨਹੀਂ ,
ਮਾਂ ਬੋਲੀ ਵਿੱਚ ਗੱਲ ਕਰਨ ਨੂੰ ਦਿਲ ਲੋਚਦਾ ਹੀ ਨਹੀਂ,
ਵੇਖ ਤੂੰ ਇਸ ਦੁਨੀਆ ਦੇ ਨਜ਼ਾਰੇ ਪੂਰੇ ਧਿਆਨ ਨਾਲ ,
ਕੌਮਾਂ ਵਧੀਆਂ ਅੱਗੇ ਜਿਹੜੀਆਂ ਮਾਂ ਬੋਲੀ ਬੋਲਦੀਆਂ ਸ਼ਾਨ ਨਾਲ ,
ਆਪਣੇ ਬੱਚਿਆਂ ਨੂੰ ਤੂੰ ਪੰਜਾਬੀ ਸਿਖਾ ਕੇ ਨਹੀਂ ਰਾਜ਼ੀ ,
ਲਗਦਾ ਹੈ ਤੂੰ ਹੋਵੇਗਾ ਆਪਣੀ ਪਹਿਚਾਣ ਮਿਟਾ ਕੇ ਹੀ ਰਾਜ਼ੀ ,
ਨਾ ਸੀਨੇ ਵਿੱਚ ਅੱਗ , ਨਾ ਕੋਈ ਜੋਸ਼, ਨਾ ਉਤਸ਼ਾਹ ਹੈ ,
ਨਾ ਮਾਂ ਬੋਲੀ ਨੂੰ ਅੱਗੇ ਵਧਾਉਣ ਦਾ ਤੈਨੂੰ ਚਾਅ ਹੈ ,
ਨਾ ਧਰਤੀ ਲਈ ਪਿਆਰ , ਨਾ ਅੱਖਾਂ ਵਿੱਚ ਸੁਪਨਾ ਹਸੀਨ ਹੈ,
ਤੇਰੇ ਵਰਗਿਆਂ ਨੂੰ ਜੰਮ ਕੇ ਕੋਸਦੀ ਖੁਦ ਨੂੰ ਜ਼ਮੀਨ ਹੈ ।
IV
ਹਾਲੇ ਵੀ ਹੈ ਵੇਲਾ , ਤੂੰ ਪਛਾਣ ਆਪਣੇ ਆਪ ਨੂੰ ,
ਮਾਂ ਬੋਲੀ ਦੇ ਨਾਲ ਵਧਾ ਆਪਣੇ ਮੇਲ ਮਿਲਾਪ ਨੂੰ ,
ਹੌਂਸਲੇ ਪੂਰੇ ਰੱਖ ਕਿ ਤੂੰ ਕਿਸੇ ਤੋਂ ਘੱਟ ਨਾ ,
ਤੇ ਮਾਂ ਬੋਲੀ ਦੀ ਸੇਵਾ ਕਰਨੋਂ ਤੂੰ ਹੱਟ ਨਾ ,
ਉਪਰਾਲੇ ਕਰ ਤਾਂ ਜੋ ਸਿਰ ਉੱਚਾ ਹੋਵੇ ਪੰਜਾਬੀ ਦਾ ,
ਮਮਤਾ ਦਾ ਦਰਿਆ ਹੋਰ ਸੁੱਚਾ ਹੋਵੇ ਪੰਜਾਬੀ ਦਾ ,
ਇੱਜਤ ਨਾਲ ਵੇਖੇ ਗੀ ਦੁਨੀਆ ਪੰਜਾਬ ਨੂੰ ,
ਜੇ ਕਰੇਗਾ ਮਾਂ ਬੋਲੀ ਨਾਲ ਪਿਆਰ ਬੇ ਹਿਸਾਬ ਤੂੰ ,
ਵੇਖੀ ਕਿਵੇਂ ਬਦਲਣਗੇ ਫੇਰ ਇਹ ਚਾਰ ਚੁਫੇਰੇ ,
ਜਦ ਮਾਂ ਬੋਲੀ ਦੀਆਂ ਅਸੀਸਾਂ ਨਾਲ ਹੋਵਣਗੀਆਂ ਤੇਰੇ ।

Friday, 16 June 2017

ਸਵੇਰ

ਮੈਨੂੰ ਬਖਸ਼ੀ ਰੱਬਾ ਹਰ ਸਵੇਰ ਤੂੰ ਇੰਨੀ ਹਸੀਨ ,
ਅੰਮ੍ਰਿਤ ਵੇਲੇ ਦੇ ਤਾਰਿਆਂ ਨੂੰ ਵੀ ਹੋਵੇ ਮੇਰੇ ਤੇ ਯਕੀਨ ।

ਆਲਸ ਨਾਂ ਦੇ ਸ਼ੈਤਾਨ ਨੂੰ ਮਾਰ ਮੁਕਾ ਕੇ ,
ਜਾਗਾਂ ਮੈਂ ਅੱਖਾਂ ਵਿੱਚ ਸੁਪਣੇ ਹਸੀਨ ਸਜਾ ਕੇ,
ਅਜਿਹੀ ਅੱਗ ਮੇਰੇ ਦਿਲ ਵਿੱਚ ਸਦਾ ਬਲਦੀ ਰੱਖੀਂ ,
ਭੁੱਲ ਕੇ ਵੀ ਨਾ ਰਹਾਂ ਝੂਠੇ ਸੁਪਣਿਆਂ ਵਿੱਚ ਲੀਨ ।

ਗੁਰੂਆਂ ਦੀ ਬਾਣੀ ਨਾਲ ਰੂਹ ਦੀ ਤ੍ਰੇਹ ਬੁਝਾਵਾਂ ,
ਮੱਤ ਆਪਣੀ ਨੂੰ ਤੇਰੀ ਯਾਦ ਨਾਲ ਸਜਾਵਾਂ ,
ਭੇਜ ਮੈਨੂੰ ਤੂੰ ਉਸ ਅਣਡਿੱਠੇ ਮੁਕਾਮ ਉੱਤੇ ,
ਕਿ ਰੱਖਾਂ ਆਪਣੇ ਅਮਲ ਗੁਰੂਆਂ ਦੀ ਬਾਣੀ ਦੇ ਅਧੀਨ ।

ਹੋਵਣ ਮੇਰੀ ਨਿਗਾਹ ਵਿੱਚ ਰੰਗੀਨ ਖਵਾਬ ,
ਦਿਲ ਵਿੱਚ ਪੈਦਾ ਹੁੰਦੇ ਰਹਿਣ ਇਨਕਲਾਬ ,
ਨਜ਼ਰ ਪੂਰੀ ਪਾਕ ਅਤੇ ਦਿਲ ਮੇਰਾ ਸੁੱਚਾ ਰੱਖੀਂ ,
ਫੇਰ ਵੇਖੀਂ ਕਿਵੇਂ ਧੰਨਵਾਦ ਕਰੇਗੀ ਮੇਰਾ ਇਹ ਸਰਜ਼ਮੀਨ ।

ਪੈਦਾ ਹੋਵੇ ਮੇਰੇ ਮੁੱਖੜੇ ਤੇ ਵੱਖਰਾ ਜਲਾਲ ,
ਆਉਂਦੇ ਰਹਿਣ ਮੇਰੇ ਜ਼ਿਹਨ ਵਿੱਚ ਉੱਚੇ ਸੁੱਚੇ ਖਿਆਲ ,
ਪੇਸ਼ ਆਵਾਂ ਦੁਨੀਆ ਸਾਮ੍ਹਣੇ ਅਜਿਹੀ ਬੇਬਾਕੀ ਨਾਲ ,
ਕਿ ਸੁਣ ਕੇ ਮੇਰੇ ਵਿਚਾਰ ਪਾਕ ਹੋ ਜਾਣ ਪੁਰਾਣੇ ਮਲੀਨ।

ਮੰਨਿਆ ਅਜੀਬ ਲੱਗਦਾ ਹੈੈ ਵਿਚਾਰ ਸੁਣ ਕੇ ਨਿਮਾਣੇ ਤੋਂ,
ਗੱਲਾਂ ਜਿੰਨੀਆਂ ਮਰਜ਼ੀਆਂ ਕਰਾ ਲਵੋ ਇਸ ਨਿਤਾਣੇ ਤੋਂ ,
ਪਰ ਆਸ ਤੇਰੇ ਉੱਤੇ ਰੱਖੀਂ ਹੈ ਮੈਂ ,
ਕਿ ਤੂੰ ਤਾਂ ਨਿੱਕੀਆਂ ਚਿੜੀਆਂ ਨੂੰ ਵੀ ਬਣਾ ਦਿੰਦਾ ਹੈ ਸ਼ਾਹੀਨ।

Tuesday, 6 June 2017

ਕੀ ਤੁਹਾਡਾ ਜੀਅ ਨਹੀਂ ਕਰਦਾ ?

I
ਦੁਨੀਆ ਵਾਲਿਓ, ਤੁਹਾਡੇ ਲਈ ਹੈ ਇੱਕ ਮੇਰੇ ਕੋਲ ਸਵਾਲ ,
ਆਪਣੇ ਮਨ ਵਿੱਚ ਡੁੱਬ ਕੇ ਕਰਨਾ ਜਵਾਬ ਦੀ ਭਾਲ ।
ਮੰਨਿਆ ਬੜੇ ਰੁੱਝੇ ਹੋਏ ਹੋ ਤੁਸੀਂ ਕੰਮ-ਕਾਰੇ ਵਿੱਚ,
ਪਰ ਕੁਝ ਸਮਾਂ ਕੱਢ, ਸੈਰ ਕਰੋ ਦਿਲ ਦੇ ਗਲਿਆਰੇ ਵਿੱਚ ।
ਮੇਰੇ ਨਾਲ ਨਾਲ ਤੁਸੀਂ ਵੀ ਖ਼ੂਬ ਤਸੱਵੁਰ ਕਰੋ ,
ਆਨੰਦਮਈ ਖਿਆਲਾਂ ਨਾਲ ਦਿਲ ਨੂੰ ਭਰੋ ।
II
ਸ਼ੀਸ਼ੇ ਵਰਗਾ ਪਾਣੀ ਲੈ ਕੇ ਨਦੀ ਵੱਗ ਰਹੀ ਹੈ ,
ਮਨਮੋਹਣਾ ਰਾਗ ਗਾਉਂਦੀ ਲੱਗ ਰਹੀ ਹੈ।
ਜਿਹਨੂੰ ਵੇਖ ਕੇ ਮਸਤੀ ਚੜ੍ਹ ਰਹੀ ਹੈ ਠੰਡੀਆਂ ਹਵਾਵਾਂ ਨੂੰ ,
ਚੰਗੀ ਤਰ੍ਹਾਂ ਬਿਆਨ ਕਰ ਰਹੀਆਂ ਰੱਬ ਦੀਆਂ ਅਦਾਵਾਂ ਨੂੰ ।
ਇੱਕ ਨਿਗਾਹ ਪੈ ਜਾਵੇ ਦਰਿਆ ਤੇ, ਹਟਾਉਣੀ ਬੜੀ ਔਖੀ ਹੈ ,
ਜ਼ਾਲਮ ਦੁਨੀਆ ਦੀ ਚਿੰਤਾ ਮਨ ਵਿੱਚ ਲਿਆਉਣੀ ਬੜੀ ਔਖੀ ਹੈ ।
ਇੰਜ ਜਾਪਦਾ ਗੋਦੀ ਵਿੱਚ ਬਿਠਾਇਆ ਮੈਨੂੰ ਸੱਚੇ ਪਰਵਰਦਗਾਰ ਨੇ ,
ਜਿਸ ਦੇ ਹੁਸਨ ਦੀ ਸਿਫਤ ਕਰਨ ਲਈ ਮੇਰੇ ਸ਼ਬਦ ਬੇਕਾਰ ਨੇ ।
III
ਤੁਰ ਰਿਹਾ ਹਾਂ ਮੈਂ ਜੱਗ ਦੇ ਸਭ ਤੋਂ ਸੋਹਣੇ ਰਾਹ ਉੱਤੇ ,
ਦੋਹੇਂ ਪਾਸੇ ਉੱਚੇ ਲੰਮੇ ਦਰੱਖਤ, ਬਖਸ਼ਿਸ਼ ਮੇਰੇ ਹਰ ਸਾਹ ਉੱਤੇ ,
ਛੇਤੀ ਕਦੇ ਨਹੀਂ ਮੈਂ ਇਸ ਰਾਹ ਉੱਤੇ ਥੱਕਾਂਗਾਂ ,
ਰੁੱਖਾਂ ਦੀ ਇਸ ਛਾਂ ਤੋਂ ਕਦੇ ਨਹੀਂ ਅੱਕਾਂਗਾਂ ,
ਤੱਪਦੀ ਧੁੱਪ ਉੱਤੇ ਵੀ ਮੈਂ ਖਿੜ ਖਿੜ ਕੇ ਹੱਸ ਰਿਹਾ ਹਾਂ,
ਰੁੱਖਾਂ ਦੀ ਇਸ ਸੰਗਤ ਵਿੱਚ ਆਰਾਮ ਨਾਲ ਵੱਸ ਰਿਹਾ ਹਾਂ ।
"ਉਹ ਧੁੱਪਾ, ਜਿੰਨਾ ਮਰਜ਼ੀ ਜ਼ੋਰ ਲਾ ਲੈ , ਤੂੰ ਮੈਨੂੰ ਨਹੀਂ ਸਾੜ ਸਕਦੀ ,
ਮੇਰੇ ਰਾਖਣਹਾਰ ਮੇਰੇ ਨਾਲ ਨੇ , ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ । "
IV
ਰੱਬ ਦੀ ਖੁਸ਼ਬੂ ਹੈ ਉਸ ਸ਼ਹਿਰ ਦੀ ਹਰ ਥਾਂ ਵਿੱਚ ,
ਆਬਾਦ ਹੈ ਜਿਹੜਾ ਰੁੱਖਾਂ ਦੀ ਸੰਘਣੀ ਛਾਂ ਵਿੱਚ ।
ਭਾਂਤ ਭਾਂਤ ਦੇ ਪੰਛੀ ਆਲ੍ਹਣਿਆਂ ਚੋਂ ਆ ਜਾ ਰਹੇ ਹਨ,
ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਭੋਜਨ ਛਕਾ ਰਹੇ ਹਨ ।
ਜਿੱਥੇ ਮਨੁੱਖ ਜੀਅ-ਜੰਤਾਂ ਨੂੰ ਵੇਖ ਕੇ ਨਹੀਂ ਸੜਦਾ ਹੈ,
ਕੋਈ ਰੋਗ ਆ ਕੇ ਬੰਦੇ ਦੇ ਗਲ ਨੂੰ ਨਹੀਂ ਫੜ੍ਹਦਾ ਹੈ।
ਜੰਗਲ ਮੌਜੂਦ ਨੇ ਉਸ ਸ਼ਹਿਰ ਦੇ ਕਿਨਾਰੇ ਤੇ ,
ਜਿੱਥੇ ਨੱਚਦੇ ਸਾਰੇ ਜੀਅ-ਜੰਤ ਰੱਬ ਦੇ ਇਸ਼ਾਰੇ ਤੇ ।
ਸੱਚੇ ਪਰਮਾਤਮਾ ਕੋਲੋਂ ਮੈਂ ਇਹ ਹੀ ਫਰਿਆਦ ਕਰਾਂ,
ਅਜਿਹੀ ਇੱਕ ਨਗਰੀ ਨੂੰ ਮੈਂ ਆਬਾਦ ਕਰਾਂ।
V
ਮੇਰੇ ਮਨ ਨੂੰ ਭਾਉਂਦੀ ਬਸ ਓਹੀ ਇੱਕ ਸ਼ਾਮ ,
ਸਾਰੇ ਰੌਲੇ-ਰੱਪੇ ਤੋਂ ਦੂਰ ਪੈਦਾ ਕਰਾਂ ਫੁੱਲਾਂ ਨਾਲ ਕਲਾਮ।
ਅਜਿਹੀ ਸ਼ਾਂਤੀ ਤੋਂ ਕੁਰਬਾਨ ਮੈਂ ਜਾਵਾਂ ,
ਦਿਲ ਦੀਆਂ ਗਹਿਰਾਈਆਂ ਵਿੱਚ ਡੁੱਬ ਮੈਂ ਜਾਵਾਂ।
ਇਸ ਸਕੂਤ ਦੇ ਵਿੱਚ ਮੈਂ ਆਨੰਦ ਬਹੁਤ ਮਾਣਦਾ ਹਾਂ ,
ਇਸੇ ਦੀ ਬਦੌਲਤ ਮੈਂ ਖ਼ੁਦ ਨੂੰ ਪਛਾਣਦਾ ਹਾਂ ।
ਮੈਨੂੰ ਪਤਾ ਲੱਗਿਆ ਮੇਰੇ ਅੰਦਰ ਕੀ ਕੀ ਲੁਕਿਆ ਹੋਇਆ ਸੀ ,
ਦੁਨੀਆ ਦੇ ਹੰਗਾਮੇ ਕਰਕੇ ਸਭ ਅੰਦਰ ਹੀ ਰੁੱਕਿਆ ਹੋਇਆ ਸੀ ।
VI
ਪਰ ਅੱਜ ਇਹ ਸ਼ੌਂਕ ਪੂਰੇ ਕਰਨੇ ਔਖੇ ਲਗਦੇ ਨੇ,
ਅਜਿਹੇ ਨਜ਼ਾਰੇ ਅੱਜ-ਕੱਲ੍ਹ ਵੇਖਣ ਨੂੰ ਕਿੱਥੇ ਲੱਭਦੇ ਨੇ?
ਇੰਜ ਜਾਪਦਾ ਜਿਵੇਂ ਮਨੁੱਖ ਦਾ ਕੁਦਰਤ ਨਾਲ ਵੈਰ ਹੋਵੇ ,
ਇਸ ਧਰਤੀ ਉੱਤੇ ਸਿਰਫ ਉਸੇ ਦਾ ਜੰਮਿਆ ਪੈਰ ਹੋਵੇ ?
ਰੱਬ ਵੱਲੋਂ ਬਖਸ਼ੇ ਜੰਗਲ ਅੰਨ੍ਹੇਵਾਹ ਪੱਟ ਰਹੇ ਹਾਂ ,
ਇੰਨੀ ਤਬਾਹੀ ਕਰ ਕੇ ਦੱਸੋ , ਕੀ ਅਸੀਂ ਖੱਟ ਰਹੇ ਹਾਂ ?
ਸਮਝਦਾ ਹੈ ਆਪਣੇ ਆਪ ਨੂੰ ਤੂੰ ਵੱਡਾ ਵਿਦਵਾਨ,
ਪਰ ਖ਼ੂਬਸੂਰਤ ਨਦੀਆਂ ਤੈਨੂੰ ਦਿਸਦੀਆਂ ਕੂੜਾਦਾਨ।
ਕੁਦਰਤ ਅਵਾਜ਼ਾਂ ਮਾਰਦੀ ਤੈਨੂੰ , ਕਿਉਂ ਨਹੀਂ ਸੁਣਦਾ ਪਿਆ ਤੂੰ ?
ਲਗਦਾ ਹੈ ਮਸ਼ੀਨਾਂ ਦੇ ਰੌਲੇ ਕਰਕੇ ਬੋਲਾ ਹੋ ਗਿਆ ਤੂੰ।
ਕੈਦ ਕਰ ਲਿਆ ਹੈ ਤੈਨੂੰ ਸਵਾਰਥ ਦੀ ਜ਼ੰਜੀਰ ਨੇ,
ਇੰਜ ਜਾਪਦਾ ਜਿਵੇਂ ਹਾਰ ਮੰਨ ਲਈ ਹੈ ਤੇਰੀ ਜ਼ਮੀਰ ਨੇ ।
ਆਪਣੇ ਬਣਾਏ ਸਾਧਨਾਂ ਵਿੱਚੋਂ ਖੁਸ਼ੀ ਭਾਲ ਰਿਹਾ ਹੈ,
ਪਰ ਦਿੱਸ ਨਹੀਂ ਤੈਨੂੰ ਕੁਦਰਤ ਦਾ ਜਮਾਲ ਰਿਹਾ ਹੈ।
ਕੀ ਤੁਹਾਡਾ ਜੀਅ ਨਹੀਂ ਕਰਦਾ ਰੱਬ ਦੀ ਆਗੋਸ਼ ਵਿੱਚ ਬਹਿਣ ਨੂੰ ?
ਆਪਣੇ ਅੰਦਰੋਂ ਲੋਭ ਅਤੇ ਸਵਾਰਥ ਨੂੰ ਅਲਵਿਦਾ ਕਹਿਣ ਨੂੰ ?

ਗ਼ਜ਼ਲ

ਵੇਖਣੇ ਜੱਗ ਦੇ ਨਜ਼ਾਰੇ ਔਖੇ, ਰੋਕਣੇ ਅੱਥਰੂ ਖਾਰੇ ਔਖੇ। ਬੰਦਿਆ! ਪਾਏ ਜੋ ਤੂੰ ਧਰਤੀ 'ਤੇ, ਕੱਠੇ ਕਰਨੇ ਉਹ ਖਿਲਾਰੇ ਔਖੇ। ਸਿਰਫ਼ ਧਰਤੀ ਨਹੀਂ ਆਦਮ ਤੋਂ ਤੰਗ, ਇਹਦੇ ਤੋ...