Monday, 3 July 2017

ਇੱਕ ਚੀਜ਼ ਦੀ ਥੋੜ੍ਹ


ਅੱਜ ਕਰ ਰਿਹਾ ਹਾਂ ਆਪਣੀ ਮਾਂ ਬੋਲੀ ਦੀ ਗੱਲ ,
ਖਿੱਚਦੀ ਵਾਰ-ਵਾਰ ਮੈਨੂੰ ਜਿਹੜੀ ਆਪਣੇ ਵੱਲ ,
ਸੰਘਣੀ ਹੈ ਬੜੀ ਇਹਦੇ ਰੁੱਖ ਦੀ ਛਾਂ ,
ਕਈ ਪੀਰਾਂ ਫ਼ਕੀਰਾਂ ਨੇ ਵੀ ਛਕੇ ਜੀਹਦੇ ਫਲ ,
ਵੱਡੇ ਵੱਡੇ ਵਿਦਵਾਨਾਂ ਦੇ ਮਨ ਨੂੰ ਮੋਹ ਲਿਆ ,
ਦੁੱਖੀ ਆਸ਼ਿਕਾ ਦੇ ਵੀ ਇਹਨੇ ਜ਼ਖ਼ਮ ਦਿੱਤੇ ਮੱਲ੍ਹ ,
ਪੰਜਾਬ ਨੂੰ ਰੰਗਲਾ ਬਣਾਇਆ ਪੰਜਾਬੀ ਨੇ ,
ਇਸ ਦੀ ਨਿਰੋਲ ਮਿੱਟੀ ਦੀ ਖੁਸ਼ਬੂ ਨਾਲ ਰਲ ,
ਕਿਵੇਂ ਬਿਆਨ ਕਰਾਂ ਮੈਂ ਇਹਦੇ ਸਾਹਿਤ ਦੀ ਵਡਿਆਈ ,
ਅਫਸੋਸ ਕਿ ਮੇਰੇ ਲਫ਼ਜ਼ਾਂ ਵਿੱਚ ਨਹੀਂ ਹੈ ਇੰਨਾ ਬਲ ,
ਵੇਖੋ ਇਸ ਅੱਧ-ਖਿੜੇ ਫੁੱਲ ਨੇ ਤਾਰੀਫ਼ ਕਿਹਦੀ ਕਰਨੀ ਚਾਹੀ,
ਉਸ ਬੇ-ਕਿਨਾਰ ਬਾਗ਼ ਦੀ ਜਿਹਦੀ ਸ਼ਾਨ ਹੈ ਅਟੱਲ ।
।।
ਹਾਂ ਪਰ ਹੈ ਇਹਦੇ ਕੋਲ ਇੱਕ ਚੀਜ਼ ਦੀ ਥੋੜ੍ਹ ,
ਵੱਧਣ-ਫੁੱਲਣ ਦੇ ਲਈ ਹੈ ਜਿਸਦੀ ਬੜੀ ਲੋੜ ,
ਅੱਜ ਕੋਲ ਨਹੀਂ ਹੈ ਇਹਦੇ ਪਿਆਰ ਆਪਣੇ ਬੱਚਿਆਂ ਦਾ,
ਅੱਜ ਕੋਲ ਨਹੀਂ ਹੈ ਇਹਦੇ ਸਤਿਕਾਰ ਆਪਣੇ ਬੱਚਿਆਂ ਦਾ,
ਮੰਜ਼ਿਲ ਸੀ ਇਹਦੀ ਅਸਮਾਨ ਦੇ ਤਾਰਿਆਂ ਤੋਂ ਪਾਰ ,
ਇਹਦੇ ਖੰਬਾਂ ਦੇ ਜ਼ੋਰ ਨੂੰ ਤੱਕਦਾ ਸਾਰਾ ਸੰਸਾਰ ,
ਕੱਟ ਛੱਡੇ ਖੰਬ ਇਹਦੇ ਖੁਦ ਦੀ ਔਲਾਦ ਨੇ ,
ਵੱਡਾ ਧੋਖਾ ਖਾਇਆ ਇਸ ਪੰਛੀ ਆਜ਼ਾਦ ਨੇ ,
ਪਰ ਸੰਘਰਸ਼ ਇਸ ਪੰਛੀ ਦਾ ਅਜੇ ਵੀ ਜਾਰੀ ਹੈ ,
ਲਾ ਸਕਦਾ ਇਹ ਅੱਜ ਵੀ ਲੰਬੀ ਉਡਾਰੀ ਹੈ ,
ਪਰ ਆਪਣਾ ਜਲਵਾ ਕਿਵੇਂ ਵਿਖਾਏ, ਪਿੰਜਰੇ ਵਿੱਚ ਕੈਦ ਹੈ, 
ਇਹਦੇ ਬੱਚਿਆਂ ਦਾ ਖੂਨ ਅਜੇ ਵੀ ਸਫੈਦ ਹੈ ।
।।।
ਤੁਹਾਡੀ ਸੋਚ ਮੇਰੇ ਦਿਲ ਨੂੰ ਬਹੁਤ ਰੁਲਾਉਂਦੀ ਹੈ ,
ਮੇਰੇ ਹੰਜੂਆਂ ਦੀ ਨਦੀ ਲਹੂ-ਲੁਹਾਣ ਹੋ ਜਾਂਦੀ ਹੈ ,
ਤੁਹਾਡੇ ਵਿੱਚੋ ਕੋਈ ਉੱਚਾ ਸੋਚਦਾ ਹੀ ਨਹੀਂ ,
ਮਾਂ ਬੋਲੀ ਵਿੱਚ ਗੱਲ ਕਰਨ ਨੂੰ ਦਿਲ ਲੋਚਦਾ ਹੀ ਨਹੀਂ,
ਵੇਖ ਤੂੰ ਇਸ ਦੁਨੀਆ ਦੇ ਨਜ਼ਾਰੇ ਪੂਰੇ ਧਿਆਨ ਨਾਲ ,
ਕੌਮਾਂ ਵਧੀਆਂ ਅੱਗੇ ਜਿਹੜੀਆਂ ਮਾਂ ਬੋਲੀ ਬੋਲਦੀਆਂ ਸ਼ਾਨ ਨਾਲ ,
ਆਪਣੇ ਬੱਚਿਆਂ ਨੂੰ ਤੂੰ ਪੰਜਾਬੀ ਸਿਖਾ ਕੇ ਨਹੀਂ ਰਾਜ਼ੀ ,
ਲਗਦਾ ਹੈ ਤੂੰ ਹੋਵੇਗਾ ਆਪਣੀ ਪਹਿਚਾਣ ਮਿਟਾ ਕੇ ਹੀ ਰਾਜ਼ੀ ,
ਨਾ ਸੀਨੇ ਵਿੱਚ ਅੱਗ , ਨਾ ਕੋਈ ਜੋਸ਼, ਨਾ ਉਤਸ਼ਾਹ ਹੈ ,
ਨਾ ਮਾਂ ਬੋਲੀ ਨੂੰ ਅੱਗੇ ਵਧਾਉਣ ਦਾ ਤੈਨੂੰ ਚਾਅ ਹੈ ,
ਨਾ ਧਰਤੀ ਲਈ ਪਿਆਰ , ਨਾ ਅੱਖਾਂ ਵਿੱਚ ਸੁਪਨਾ ਹਸੀਨ ਹੈ,
ਤੇਰੇ ਵਰਗਿਆਂ ਨੂੰ ਜੰਮ ਕੇ ਕੋਸਦੀ ਖੁਦ ਨੂੰ ਜ਼ਮੀਨ ਹੈ ।
IV
ਹਾਲੇ ਵੀ ਹੈ ਵੇਲਾ , ਤੂੰ ਪਛਾਣ ਆਪਣੇ ਆਪ ਨੂੰ ,
ਮਾਂ ਬੋਲੀ ਦੇ ਨਾਲ ਵਧਾ ਆਪਣੇ ਮੇਲ ਮਿਲਾਪ ਨੂੰ ,
ਹੌਂਸਲੇ ਪੂਰੇ ਰੱਖ ਕਿ ਤੂੰ ਕਿਸੇ ਤੋਂ ਘੱਟ ਨਾ ,
ਤੇ ਮਾਂ ਬੋਲੀ ਦੀ ਸੇਵਾ ਕਰਨੋਂ ਤੂੰ ਹੱਟ ਨਾ ,
ਉਪਰਾਲੇ ਕਰ ਤਾਂ ਜੋ ਸਿਰ ਉੱਚਾ ਹੋਵੇ ਪੰਜਾਬੀ ਦਾ ,
ਮਮਤਾ ਦਾ ਦਰਿਆ ਹੋਰ ਸੁੱਚਾ ਹੋਵੇ ਪੰਜਾਬੀ ਦਾ ,
ਇੱਜਤ ਨਾਲ ਵੇਖੇ ਗੀ ਦੁਨੀਆ ਪੰਜਾਬ ਨੂੰ ,
ਜੇ ਕਰੇਗਾ ਮਾਂ ਬੋਲੀ ਨਾਲ ਪਿਆਰ ਬੇ ਹਿਸਾਬ ਤੂੰ ,
ਵੇਖੀ ਕਿਵੇਂ ਬਦਲਣਗੇ ਫੇਰ ਇਹ ਚਾਰ ਚੁਫੇਰੇ ,
ਜਦ ਮਾਂ ਬੋਲੀ ਦੀਆਂ ਅਸੀਸਾਂ ਨਾਲ ਹੋਵਣਗੀਆਂ ਤੇਰੇ ।

Friday, 16 June 2017

ਸਵੇਰ

ਮੈਨੂੰ ਬਖਸ਼ੀ ਰੱਬਾ ਹਰ ਸਵੇਰ ਤੂੰ ਇੰਨੀ ਹਸੀਨ ,
ਅੰਮ੍ਰਿਤ ਵੇਲੇ ਦੇ ਤਾਰਿਆਂ ਨੂੰ ਵੀ ਹੋਵੇ ਮੇਰੇ ਤੇ ਯਕੀਨ ।

ਆਲਸ ਨਾਂ ਦੇ ਸ਼ੈਤਾਨ ਨੂੰ ਮਾਰ ਮੁਕਾ ਕੇ ,
ਜਾਗਾਂ ਮੈਂ ਅੱਖਾਂ ਵਿੱਚ ਸੁਪਣੇ ਹਸੀਨ ਸਜਾ ਕੇ,
ਅਜਿਹੀ ਅੱਗ ਮੇਰੇ ਦਿਲ ਵਿੱਚ ਸਦਾ ਬਲਦੀ ਰੱਖੀਂ ,
ਭੁੱਲ ਕੇ ਵੀ ਨਾ ਰਹਾਂ ਝੂਠੇ ਸੁਪਣਿਆਂ ਵਿੱਚ ਲੀਨ ।

ਗੁਰੂਆਂ ਦੀ ਬਾਣੀ ਨਾਲ ਰੂਹ ਦੀ ਤ੍ਰੇਹ ਬੁਝਾਵਾਂ ,
ਮੱਤ ਆਪਣੀ ਨੂੰ ਤੇਰੀ ਯਾਦ ਨਾਲ ਸਜਾਵਾਂ ,
ਭੇਜ ਮੈਨੂੰ ਤੂੰ ਉਸ ਅਣਡਿੱਠੇ ਮੁਕਾਮ ਉੱਤੇ ,
ਕਿ ਰੱਖਾਂ ਆਪਣੇ ਅਮਲ ਗੁਰੂਆਂ ਦੀ ਬਾਣੀ ਦੇ ਅਧੀਨ ।

ਹੋਵਣ ਮੇਰੀ ਨਿਗਾਹ ਵਿੱਚ ਰੰਗੀਨ ਖਵਾਬ ,
ਦਿਲ ਵਿੱਚ ਪੈਦਾ ਹੁੰਦੇ ਰਹਿਣ ਇਨਕਲਾਬ ,
ਨਜ਼ਰ ਪੂਰੀ ਪਾਕ ਅਤੇ ਦਿਲ ਮੇਰਾ ਸੁੱਚਾ ਰੱਖੀਂ ,
ਫੇਰ ਵੇਖੀਂ ਕਿਵੇਂ ਧੰਨਵਾਦ ਕਰੇਗੀ ਮੇਰਾ ਇਹ ਸਰਜ਼ਮੀਨ ।

ਪੈਦਾ ਹੋਵੇ ਮੇਰੇ ਮੁੱਖੜੇ ਤੇ ਵੱਖਰਾ ਜਲਾਲ ,
ਆਉਂਦੇ ਰਹਿਣ ਮੇਰੇ ਜ਼ਿਹਨ ਵਿੱਚ ਉੱਚੇ ਸੁੱਚੇ ਖਿਆਲ ,
ਪੇਸ਼ ਆਵਾਂ ਦੁਨੀਆ ਸਾਮ੍ਹਣੇ ਅਜਿਹੀ ਬੇਬਾਕੀ ਨਾਲ ,
ਕਿ ਸੁਣ ਕੇ ਮੇਰੇ ਵਿਚਾਰ ਪਾਕ ਹੋ ਜਾਣ ਪੁਰਾਣੇ ਮਲੀਨ।

ਮੰਨਿਆ ਅਜੀਬ ਲੱਗਦਾ ਹੈੈ ਵਿਚਾਰ ਸੁਣ ਕੇ ਨਿਮਾਣੇ ਤੋਂ,
ਗੱਲਾਂ ਜਿੰਨੀਆਂ ਮਰਜ਼ੀਆਂ ਕਰਾ ਲਵੋ ਇਸ ਨਿਤਾਣੇ ਤੋਂ ,
ਪਰ ਆਸ ਤੇਰੇ ਉੱਤੇ ਰੱਖੀਂ ਹੈ ਮੈਂ ,
ਕਿ ਤੂੰ ਤਾਂ ਨਿੱਕੀਆਂ ਚਿੜੀਆਂ ਨੂੰ ਵੀ ਬਣਾ ਦਿੰਦਾ ਹੈ ਸ਼ਾਹੀਨ।

Tuesday, 6 June 2017

ਕੀ ਤੁਹਾਡਾ ਜੀਅ ਨਹੀਂ ਕਰਦਾ ?

I
ਦੁਨੀਆ ਵਾਲਿਓ, ਤੁਹਾਡੇ ਲਈ ਹੈ ਇੱਕ ਮੇਰੇ ਕੋਲ ਸਵਾਲ ,
ਆਪਣੇ ਮਨ ਵਿੱਚ ਡੁੱਬ ਕੇ ਕਰਨਾ ਜਵਾਬ ਦੀ ਭਾਲ ।
ਮੰਨਿਆ ਬੜੇ ਰੁੱਝੇ ਹੋਏ ਹੋ ਤੁਸੀਂ ਕੰਮ-ਕਾਰੇ ਵਿੱਚ,
ਪਰ ਕੁਝ ਸਮਾਂ ਕੱਢ, ਸੈਰ ਕਰੋ ਦਿਲ ਦੇ ਗਲਿਆਰੇ ਵਿੱਚ ।
ਮੇਰੇ ਨਾਲ ਨਾਲ ਤੁਸੀਂ ਵੀ ਖ਼ੂਬ ਤਸੱਵੁਰ ਕਰੋ ,
ਆਨੰਦਮਈ ਖਿਆਲਾਂ ਨਾਲ ਦਿਲ ਨੂੰ ਭਰੋ ।
II
ਸ਼ੀਸ਼ੇ ਵਰਗਾ ਪਾਣੀ ਲੈ ਕੇ ਨਦੀ ਵੱਗ ਰਹੀ ਹੈ ,
ਮਨਮੋਹਣਾ ਰਾਗ ਗਾਉਂਦੀ ਲੱਗ ਰਹੀ ਹੈ।
ਜਿਹਨੂੰ ਵੇਖ ਕੇ ਮਸਤੀ ਚੜ੍ਹ ਰਹੀ ਹੈ ਠੰਡੀਆਂ ਹਵਾਵਾਂ ਨੂੰ ,
ਚੰਗੀ ਤਰ੍ਹਾਂ ਬਿਆਨ ਕਰ ਰਹੀਆਂ ਰੱਬ ਦੀਆਂ ਅਦਾਵਾਂ ਨੂੰ ।
ਇੱਕ ਨਿਗਾਹ ਪੈ ਜਾਵੇ ਦਰਿਆ ਤੇ, ਹਟਾਉਣੀ ਬੜੀ ਔਖੀ ਹੈ ,
ਜ਼ਾਲਮ ਦੁਨੀਆ ਦੀ ਚਿੰਤਾ ਮਨ ਵਿੱਚ ਲਿਆਉਣੀ ਬੜੀ ਔਖੀ ਹੈ ।
ਇੰਜ ਜਾਪਦਾ ਗੋਦੀ ਵਿੱਚ ਬਿਠਾਇਆ ਮੈਨੂੰ ਸੱਚੇ ਪਰਵਰਦਗਾਰ ਨੇ ,
ਜਿਸ ਦੇ ਹੁਸਨ ਦੀ ਸਿਫਤ ਕਰਨ ਲਈ ਮੇਰੇ ਸ਼ਬਦ ਬੇਕਾਰ ਨੇ ।
III
ਤੁਰ ਰਿਹਾ ਹਾਂ ਮੈਂ ਜੱਗ ਦੇ ਸਭ ਤੋਂ ਸੋਹਣੇ ਰਾਹ ਉੱਤੇ ,
ਦੋਹੇਂ ਪਾਸੇ ਉੱਚੇ ਲੰਮੇ ਦਰੱਖਤ, ਬਖਸ਼ਿਸ਼ ਮੇਰੇ ਹਰ ਸਾਹ ਉੱਤੇ ,
ਛੇਤੀ ਕਦੇ ਨਹੀਂ ਮੈਂ ਇਸ ਰਾਹ ਉੱਤੇ ਥੱਕਾਂਗਾਂ ,
ਰੁੱਖਾਂ ਦੀ ਇਸ ਛਾਂ ਤੋਂ ਕਦੇ ਨਹੀਂ ਅੱਕਾਂਗਾਂ ,
ਤੱਪਦੀ ਧੁੱਪ ਉੱਤੇ ਵੀ ਮੈਂ ਖਿੜ ਖਿੜ ਕੇ ਹੱਸ ਰਿਹਾ ਹਾਂ,
ਰੁੱਖਾਂ ਦੀ ਇਸ ਸੰਗਤ ਵਿੱਚ ਆਰਾਮ ਨਾਲ ਵੱਸ ਰਿਹਾ ਹਾਂ ।
"ਉਹ ਧੁੱਪਾ, ਜਿੰਨਾ ਮਰਜ਼ੀ ਜ਼ੋਰ ਲਾ ਲੈ , ਤੂੰ ਮੈਨੂੰ ਨਹੀਂ ਸਾੜ ਸਕਦੀ ,
ਮੇਰੇ ਰਾਖਣਹਾਰ ਮੇਰੇ ਨਾਲ ਨੇ , ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ । "
IV
ਰੱਬ ਦੀ ਖੁਸ਼ਬੂ ਹੈ ਉਸ ਸ਼ਹਿਰ ਦੀ ਹਰ ਥਾਂ ਵਿੱਚ ,
ਆਬਾਦ ਹੈ ਜਿਹੜਾ ਰੁੱਖਾਂ ਦੀ ਸੰਘਣੀ ਛਾਂ ਵਿੱਚ ।
ਭਾਂਤ ਭਾਂਤ ਦੇ ਪੰਛੀ ਆਲ੍ਹਣਿਆਂ ਚੋਂ ਆ ਜਾ ਰਹੇ ਹਨ,
ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਭੋਜਨ ਛਕਾ ਰਹੇ ਹਨ ।
ਜਿੱਥੇ ਮਨੁੱਖ ਜੀਅ-ਜੰਤਾਂ ਨੂੰ ਵੇਖ ਕੇ ਨਹੀਂ ਸੜਦਾ ਹੈ,
ਕੋਈ ਰੋਗ ਆ ਕੇ ਬੰਦੇ ਦੇ ਗਲ ਨੂੰ ਨਹੀਂ ਫੜ੍ਹਦਾ ਹੈ।
ਜੰਗਲ ਮੌਜੂਦ ਨੇ ਉਸ ਸ਼ਹਿਰ ਦੇ ਕਿਨਾਰੇ ਤੇ ,
ਜਿੱਥੇ ਨੱਚਦੇ ਸਾਰੇ ਜੀਅ-ਜੰਤ ਰੱਬ ਦੇ ਇਸ਼ਾਰੇ ਤੇ ।
ਸੱਚੇ ਪਰਮਾਤਮਾ ਕੋਲੋਂ ਮੈਂ ਇਹ ਹੀ ਫਰਿਆਦ ਕਰਾਂ,
ਅਜਿਹੀ ਇੱਕ ਨਗਰੀ ਨੂੰ ਮੈਂ ਆਬਾਦ ਕਰਾਂ।
V
ਮੇਰੇ ਮਨ ਨੂੰ ਭਾਉਂਦੀ ਬਸ ਓਹੀ ਇੱਕ ਸ਼ਾਮ ,
ਸਾਰੇ ਰੌਲੇ-ਰੱਪੇ ਤੋਂ ਦੂਰ ਪੈਦਾ ਕਰਾਂ ਫੁੱਲਾਂ ਨਾਲ ਕਲਾਮ।
ਅਜਿਹੀ ਸ਼ਾਂਤੀ ਤੋਂ ਕੁਰਬਾਨ ਮੈਂ ਜਾਵਾਂ ,
ਦਿਲ ਦੀਆਂ ਗਹਿਰਾਈਆਂ ਵਿੱਚ ਡੁੱਬ ਮੈਂ ਜਾਵਾਂ।
ਇਸ ਸਕੂਤ ਦੇ ਵਿੱਚ ਮੈਂ ਆਨੰਦ ਬਹੁਤ ਮਾਣਦਾ ਹਾਂ ,
ਇਸੇ ਦੀ ਬਦੌਲਤ ਮੈਂ ਖ਼ੁਦ ਨੂੰ ਪਛਾਣਦਾ ਹਾਂ ।
ਮੈਨੂੰ ਪਤਾ ਲੱਗਿਆ ਮੇਰੇ ਅੰਦਰ ਕੀ ਕੀ ਲੁਕਿਆ ਹੋਇਆ ਸੀ ,
ਦੁਨੀਆ ਦੇ ਹੰਗਾਮੇ ਕਰਕੇ ਸਭ ਅੰਦਰ ਹੀ ਰੁੱਕਿਆ ਹੋਇਆ ਸੀ ।
VI
ਪਰ ਅੱਜ ਇਹ ਸ਼ੌਂਕ ਪੂਰੇ ਕਰਨੇ ਔਖੇ ਲਗਦੇ ਨੇ,
ਅਜਿਹੇ ਨਜ਼ਾਰੇ ਅੱਜ-ਕੱਲ੍ਹ ਵੇਖਣ ਨੂੰ ਕਿੱਥੇ ਲੱਭਦੇ ਨੇ?
ਇੰਜ ਜਾਪਦਾ ਜਿਵੇਂ ਮਨੁੱਖ ਦਾ ਕੁਦਰਤ ਨਾਲ ਵੈਰ ਹੋਵੇ ,
ਇਸ ਧਰਤੀ ਉੱਤੇ ਸਿਰਫ ਉਸੇ ਦਾ ਜੰਮਿਆ ਪੈਰ ਹੋਵੇ ?
ਰੱਬ ਵੱਲੋਂ ਬਖਸ਼ੇ ਜੰਗਲ ਅੰਨ੍ਹੇਵਾਹ ਪੱਟ ਰਹੇ ਹਾਂ ,
ਇੰਨੀ ਤਬਾਹੀ ਕਰ ਕੇ ਦੱਸੋ , ਕੀ ਅਸੀਂ ਖੱਟ ਰਹੇ ਹਾਂ ?
ਸਮਝਦਾ ਹੈ ਆਪਣੇ ਆਪ ਨੂੰ ਤੂੰ ਵੱਡਾ ਵਿਦਵਾਨ,
ਪਰ ਖ਼ੂਬਸੂਰਤ ਨਦੀਆਂ ਤੈਨੂੰ ਦਿਸਦੀਆਂ ਕੂੜਾਦਾਨ।
ਕੁਦਰਤ ਅਵਾਜ਼ਾਂ ਮਾਰਦੀ ਤੈਨੂੰ , ਕਿਉਂ ਨਹੀਂ ਸੁਣਦਾ ਪਿਆ ਤੂੰ ?
ਲਗਦਾ ਹੈ ਮਸ਼ੀਨਾਂ ਦੇ ਰੌਲੇ ਕਰਕੇ ਬੋਲਾ ਹੋ ਗਿਆ ਤੂੰ।
ਕੈਦ ਕਰ ਲਿਆ ਹੈ ਤੈਨੂੰ ਸਵਾਰਥ ਦੀ ਜ਼ੰਜੀਰ ਨੇ,
ਇੰਜ ਜਾਪਦਾ ਜਿਵੇਂ ਹਾਰ ਮੰਨ ਲਈ ਹੈ ਤੇਰੀ ਜ਼ਮੀਰ ਨੇ ।
ਆਪਣੇ ਬਣਾਏ ਸਾਧਨਾਂ ਵਿੱਚੋਂ ਖੁਸ਼ੀ ਭਾਲ ਰਿਹਾ ਹੈ,
ਪਰ ਦਿੱਸ ਨਹੀਂ ਤੈਨੂੰ ਕੁਦਰਤ ਦਾ ਜਮਾਲ ਰਿਹਾ ਹੈ।
ਕੀ ਤੁਹਾਡਾ ਜੀਅ ਨਹੀਂ ਕਰਦਾ ਰੱਬ ਦੀ ਆਗੋਸ਼ ਵਿੱਚ ਬਹਿਣ ਨੂੰ ?
ਆਪਣੇ ਅੰਦਰੋਂ ਲੋਭ ਅਤੇ ਸਵਾਰਥ ਨੂੰ ਅਲਵਿਦਾ ਕਹਿਣ ਨੂੰ ?

Saturday, 27 May 2017

ਫਿਤਰਤ

ਓ ਰੱਬਾ! ਤੂੰ ਮਨੁੱਖ ਦੀ ਫਿਤਰਤ ਵੀ ਅਜੀਬ ਬਣਾਈ ਹੈ ,
ਬੜੀ ਅਨੋਖੀ ਖੇਡ ਇਸ ਜੱਗ ਉੱਤੇ ਤੂੰ ਰਚਾਈ ਹੈ ,
ਜਦ ਕਦੇ ਵੀ ਇਨ੍ਹਾਂ ਵਿਚਾਰਾਂ ਵਿੱਚ ਡੁੱਬਿਆ ਹਾਂ ਮੈਂ ,
ਮੇਰੀ ਸੋਚ ਉੱਤੇ ਸਿਰਫ ਹੈਰਤ ਹੀ ਹੈਰਤ ਛਾਈ ਹੈ ।

ਹਰ ਕੋਈ ਚਲਾਉਣਾ ਚਾਹੁੰਦਾ ਹੈ ਆਪਣੀ ਚਾਲ ਨੂੰ ,
ਮਹੱਤਤਾ ਦਿੰਦਾ ਸਭ ਤੋਂ ਵੱਧ ਦੌਲਤ ਦੀ ਭਾਲ ਨੂੰ ,
ਕਿੱਥੇ ਰਾਜ਼ੀ ਹੈ ਕੋਈ ਸੁਣ ਕੇ ਵਿਚਾਰ ਹੋਰਾਂ ਦੇ ,
ਬਸ ਲਫ਼ਜ਼ ਦੇਣਾ ਚਾਹੁੰਦਾ ਹੈ ਆਪਣੇ ਦਿਲ ਵਿੱਚ ਆਏ ਖਿਆਲ ਨੂੰ ।

ਕੋਈ ਥਾਂ ਅਬਾਦ ਕਰਦਾ , ਬਸ ਆਪਣੇ ਮਤਲਬ ਲਈ ,
ਦੂਜਿਆਂ ਦੇ ਘਰ ਬਰਬਾਦ ਕਰਦਾ , ਬਸ ਆਪਣੇ ਮਤਲਬ ਲਈ ,
ਇਹਦੇ ਸਵਾਰਥ ਦੇ ਦਰਿਆ ਦਾ ਕੋਈ ਕੰਢਾ ਨਜ਼ਰ ਨਹੀਂ ਆਉਂਦਾ ,
ਰੱਬਾ ਤੈਨੂੰ ਵੀ ਯਾਦ ਕਰਦਾ , ਬਸ ਆਪਣੇ ਮਤਲਬ ਲਈ ।

ਜਾਤ-ਪਾਤ ਦੇ ਨਾਂ ਤੇ ਇਹਨੂੰ ਵੰਡਣਾ ਖੂਬ ਆਉਂਦਾ ਹੈ ,
ਸਰਹੱਦਾਂ ਬਣਾ ਕੇ ਆਪਸ ਵਿੱਚ ਦੂਰੀਆਂ ਵਧਾਉਂਦਾ ਹੈ ,
ਸਭ ਨੂੰ ਇੱਕ ਅੱਖ ਨਾਲ ਵੇਖਣ ਲਈ ਕਹਿੰਦੇ ਨੇ ਧਰਮ ,
ਪਰ ਗ਼ਾਫ਼ਿਲ ਇਹ , ਧਰਮ ਦੇ ਨਾਂ ਤੇ ਲਹੂੰ ਵਗਾਉਂਦਾ ਹੈ।

ਕਾਮ, ਕ੍ਰੋਧ , ਲੋਭ , ਮੋਹ , ਹੰਕਾਰ ਦੀ ਗ਼ੁਲਾਮ ਹੈ ਫਿਤਰਤ ,
ਮਾਇਆ ਦੇ ਮੋਹ ਵਿੱਚੋਂ ਨਿਕਲਣ ਤੋਂ ਨਾਕਾਮ ਹੈ ਫਿਤਰਤ ,
ਜਿਹੜੀ ਦੁੱਖਾਂ ਵਿੱਚ ਨੇੜੇ ਅਤੇ ਸੁੱਖਾਂ ਵਿੱਚ ਦੂਰ ਰੱਖਦੀ ,
ਅਕਿਰਤਘਣ ਬਣਾਉਣ ਵਾਲੀ ਸ਼ੈਅ ਦਾ ਨਾਮ ਹੈ ਫਿਤਰਤ ।

ਜਿਸ ਬੰਦੇ ਨੇ ਤੇਰੇ ਨਾਲ ਲਗਾਈ ਗੂੜ੍ਹੀ ਪ੍ਰੀਤ,
ਤੇਰੀ ਸਿਫਤ-ਸਲਾਹ ਵਿੱਚ ਆਪਣਾ ਜੀਵਨ ਕੀਤਾ ਬਤੀਤ ,
"ਮਨ ਨੀਵਾਂ, ਮੱਤ ਉੱਚੀ" ਦੀ ਸਿਖਿਆ ਉੱਤੇ ਅਮਲ ਜਿਹਨੇ ਕੀਤਾ ,
ਫਿਤਰਤ ਨੂੰ ਸਰ ਕਰਕੇ ਬਣ ਗਿਆ ਉਹ ਅਜੀਤ ।

ਹਾਲੇ ਮੇਰੀ ਮੰਜ਼ਿਲ ਹੈ ਬੜੀ ਦੂਰ ,
ਫਿਤਰਤ ਦੇ ਅੱਗੇ ਅਜੇ ਵੀ ਹਾਂ ਮਜਬੂਰ ,
ਹੌਂਸਲੇ ਪੂਰੇ ਕਾਇਮ ਅਤੇ ਮਿਹਰ ਭਰਿਆ ਹੱਥ ਰੱਖੀ ,
ਆਪਣੇ ਅੰਦਰੋਂ ਸ਼ੈਤਾਨ ਦਾ ਖਾਤਮਾ ਕਰ ਲਵਾਂਗਾ ਜ਼ਰੂਰ।

Monday, 8 May 2017

ਪੰਜਾਬੀਏ ਜ਼ੁਬਾਨੇ

ਪੰਜਾਬੀਏ ਜ਼ੁਬਾਨੇ, ਤੇਰੀ ਸਿਫਤ ਲਈ ਸਦਾ ਜੀਭ ਭੁੱਖੀ ਰਹੇ,
ਤੇਰੀਆਂ ਅਸੀਸਾਂ ਅਤੇ ਦੁਆਵਾਂ ਨਾਲ ਰੂਹ ਮੇਰੀ ਸੁੱਖੀ ਰਹੇ ।

ਮੇਰੇ ਦਿਲ ਅੰਦਰ ਖ਼ਾਸ ਥਾਂ ਤੂੰ ਮੱਲ੍ਹ ਬੈਠੀ,
ਕੀ ਜੁੱਰਅਤ ਕਿਸੀ ਓਪਰੀ ਬੋਲੀ ਦੀ ਕਿ ਇੱਥੇ ਬਣ ਮੁਖੀ ਰਹੇ ?

ਸ਼ਹਿਦ ਨਾਲੋਂ ਮਿੱਠੇ ਨੇ ਤੇਰੇ ਲੋਕ ਗੀਤਾਂ ਦੇ ਬੋਲ ,
ਤੇਰੀ ਮਮਤਾ ਦੀ ਨਦੀ ਇੱਕ ਪਲ ਲਈ ਵੀ ਨਾ ਸੁੱਕੀ ਰਹੇ ।

ਸੱਚੀ ਬਾਣੀ ਰਚਾ ਕੇ ਗੁਰੂਆਂ ਨੇ ਸ਼ਿੰਗਾਰਿਆ ਤੈਨੂੰ,
ਪੂਰਾ ਖਿਆਲ ਰੱਖਿਆ ਕਿ ਸੱਚੀ ਬਾਤ ਨਾ ਕੋਈ ਲੁਕੀ ਰਹੇ ।

ਰੱਬ ਦੇ ਗੁਣ ਗਾਉਣ ਲਈ ਹੁੰਦੀ ਰਹੀ ਤੇਰੀ ਵਰਤੋਂ,
ਪੀਰਾਂ, ਫਕੀਰਾਂ ਤੇ ਸੂਫ਼ੀਆਂ ਦੀ ਬੋਲੀ ਲਈ ਅੱਖ ਮੇਰੀ ਝੁਕੀ ਰਹੇ।

ਸ਼ਾਲਾ ਹਰ ਪੰਜਾਬੀ ਦੇ ਬੁੱਲ੍ਹਾਂ ਉੱਤੇ ਤੇਰਾ ਰਾਜ ਹੋਵੇ ,
ਪੰਜਾਬ ਦੀ ਗਲੀ- ਗਲੀ ਦੇ ਵਿੱਚ ਲਿਖੀ ਗੁਰਮੁਖੀ ਰਹੇ ।

ਪੰਜ ਦਰਿਆਵਾਂ ਦੀ ਪਹਿਚਾਣ ਸਦਾ ਕਾਇਮ ਰਹੇ ,
ਹਰੇ ਭਰੇ ਖੇਤਾਂ ਵਿੱਚ ਤੇਰੀ ਮਹਿਕ ਨਾ ਕਦੇ ਮੁੱਕੀ ਰਹੇ ।

ਤੇਰੀ ਸੇਵਾ ਦੇ ਵਿੱਚ ਹਰ ਪਲ ਹਾਜ਼ਿਰ ਹੈ 'ਹਰਸਿਮਰਨ',
ਰੱਬ ਕਰੇ ਕਿ ਹਰ ਪੰਜਾਬੀ ਵੱਲੋਂ ਇਹ ਸਹੁੰ ਚੁੱਕੀ ਰਹੇ ।

Wednesday, 5 April 2017

ਮੈਂ ਹਿਮਾਲਿਆ ਬੋਲਦਾ

ਸਮਝਦੇ ਹੋ ਤੁਸੀਂ ਜਿਸ ਨੂੰ ਸਵਰਗ ਦੇ ਕੋਲ ਦਾ ,
ਸੁਣੋ ਦੁਨੀਆ ਵਾਲਿਓ ਅੱਜ ਮੈਂ ਹਿਮਾਲਿਆ ਬੋਲਦਾ,
ਜਿਹੜੇ ਗਿਲੇ ਸ਼ਿਕਵੇ ਨੇ ਤੁਹਾਡੇ ਨਾਲ, ਉਹ ਸੁਣਾਉਣਾ ਚਾਹੁੰਦਾ ਹਾਂ,
ਤੁਹਾਡੇ ਨਾਲ ਆਪਣੇ ਰਿਸ਼ਤੇ ਦਾ ਅਹਿਸਾਸ ਕਰਾਉਣਾ ਚਾਹੁੰਦਾ ਹਾਂ ।

ਵੱਡੇ ਵੱਡੇ ਸ਼ਾਇਰਾਂ ਵਿਦਵਾਨਾਂ ਨੇ ਲਿਖੇ ਮੇਰੀਆਂ ਸਿਫ਼ਤਾਂ ਦੇ ਗੀਤ,
ਭੁੱਲ ਗਏ ਜਗ ਦੇ ਝਗੜੇ ਝੇੜੇ ਉਹ, ਜਦ ਲੱਗੀ ਮੇਰੇ ਨਾਲ ਪ੍ਰੀਤ,
ਆਪਣੀਆਂ ਮਹਿਕਦੀਆਂ ਬਹਾਰਾਂ ਨਾਲ ਲੋਕਾਂ ਨੂੰ ਦੀਵਾਨਾ ਬਣਾ ਛੱਡਿਆ,
ਵੱਡੀਆਂ ਆਕੜਾਂ ਵਾਲਿਆਂ ਕੋਲੋਂ ਵੀ ਸਜਦਾ ਕਰਾ ਛੱਡਿਆ ।

ਨਸ਼ੀਲੀਆਂ ਹਵਾਵਾਂ ਨਾਲ ਮਸਤ ਹੋਏ ਤੁਹਾਡੇ ਵੱਡੇ ਵਡੇਰੇ,
ਮਨਮੋਹਣੇ ਜੀਵ ਲਾਉਂਦੇ ਰਹੇ ਮੇਰੇ ਆਲੇ-ਦੁਆਲੇ ਗੇੜੇ,
ਪਰ ਭੈੜੇ ਤੋਂ ਭੈੜੇ ਵੇਲੇ ਵੀ ਉਨ੍ਹਾਂ ਨੂੰ ਨਹੀਂ ਆਇਆ ਹੋਵੇਗਾ ਇਹ ਖ਼ਿਆਲ,
ਕਿ ਇੱਕ ਦਿਨ ਮੇਰਾ ਇੰਨਾ ਮੰਦੜਾ ਹੋਵੇਗਾ ਹਾਲ ।

ਸੋਹਣੇ ਦਰੱਖਤਾਂ ਅਤੇ ਫੁੱਲਾਂ ਨਾਲ ਰੱਬ ਨੇ ਫੈਲਾਈ ਮੇਰੀ ਸੁਗੰਧੀ ,
ਬਰਫ਼ ਦੀ ਸੋਹਣੀ ਚਿੱਟੀ ਦਸਤਾਰ ਨਾਲ ਕੀਤੀ ਮੇਰੀ ਦਸਤਾਰਬੰਧੀ ,
ਅੱਜ ਕਿਉਂ ਉਹ ਦਸਤਾਰ ਉਧੇੜ ਕੇ ਮੇਰੀ ਸ਼ਾਨ ਵਿਗਾੜ ਰਹੇ ਹੋ ?
ਮੈਨੂੰ ਬਖਸ਼ੇ ਗਏੇ ਖੂਬਸੂਰਤ ਜੰਗਲਾਂ ਨੂੰ ਕਿਉਂ ਉਜਾੜ ਰਹੇ ਹੋ ?

ਉਹ ਵੀ ਨਿਰਾਲੇ ਦਿਨ ਸੀ ਜਦੋਂ ਜੀਵ ਸੁੱਖੀ-ਸਾਂਦੀਂ ਵੱਸਦੇ ਸਨ,
ਮੇਰੇ ਦਾਮਨ ਵਿੱਚ ਸਾਰੇ ਖੇਡਦੇ, ਟੱਪਦੇ ਅਤੇ ਹੱਸਦੇ ਸਨ ,
ਅੱਜ ਥਾਂ ਉਨ੍ਹਾਂ ਦੀ ਮੱਲ੍ਹ ਲਈ ਹੈ ਤੁਹਾਡੀਆਂ ਰੇਲਗੱਡੀਆਂ ਨੇ,
ਸੁਰੰਗਾਂ ਨੇ, ਸੜਕਾਂ ਨੇ , ਇਮਾਰਤਾਂ ਵੱਡੀਆਂ ਵੱਡੀਆਂ ਨੇ ।

ਕਿਸੇ ਵੇਲੇ ਸੀ ਹੱਸ ਕੇ ਜਾਂਦੀਆਂ ਖੇਤਾਂ ਵਲ ਮੇਰੀਆਂ ਨਦੀਆਂ,
ਆਪਣੇ ਆਪਣੇ ਸ਼ਹਿਰਾਂ ਵਿੱਚ ਸੀ ਸ਼ਾਨ ਨਾਲ ਵਗਦੀਆਂ,
ਹੱਸ ਕੇ ਜਾਂਦੀਆਂ ਸਨ ਮੇਰੀ ਗੋਦੀ ਵਿੱਚੋਂ ਤੁਹਾਡੀ ਸੇਵਾ ਕਰਨ ਲਈ ,
ਤੁਹਾਡੇ ਨਗਰਾਂ ਦੀਆਂ ਹਵਾਵਾਂ ਵਿੱਚ ਰੱਬ ਦੀ ਮਹਿਕ ਭਰਨ ਲਈ ।

ਰਹਿੰਦੇ ਹੋ ਤੁਸੀਂ ਹਰ ਵੇਲੇ ਕੋਈ ਨਾ ਕੋਈ ਥੋੜ ਵਿੱਚ,
ਆਪਣਾ ਤੇ ਜੀਵਾਂ ਦਾ ਖਾਤਮਾ ਕਰ ਰਹੇ ਹੋ ਤਰੱਕੀ ਦੀ ਹੋੜ ਵਿੱਚ,
'ਦੇਵੀਆਂ' ਵਰਗੀਆਂ ਨਦੀਆਂ ਦੀ ਕਰਦੇ ਹੋ ਕੂੜੇਦਾਨ ਵਾਂਗ ਵਰਤੋਂ,
ਅੱਜ ਕੰਬਦੀਆਂ ਨੇ ਉਹ ਜਾਣ ਲੱਗ ਤੁਹਾਡੇ ਕੋਲ ਮੇਰੇ ਦਰ ਤੋਂ ।

ਸੁਣਾਈ ਰੋ-ਰੋ ਕੇ ਜਦ ਧਰਤੀ ਮਾਤਾ ਨੂੰ ਮੈਂ ਆਪਣੀ ਦਾਸਤਾਨ,
ਪਹਿਲਾਂ ਤੋਂ ਹੀ ਉਦਾਸ ਮਾਤਾ ਨੂੰ ਹੋਰ ਕਰ ਦਿੱਤਾ ਪਰੇਸ਼ਾਨ,
ਓਹਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਵਗਣੋਂ ਨਹੀਂ ਰੁੱਕਦੇ ਸਨ ,
ਓਹਦੇ ਬੱਚਿਆਂ ਦੇ ਦੁੱਖ ਭਰੇ ਕਿੱਸੇ ਹੀ ਨਹੀਂ ਮੁੱਕਦੇ ਸਨ ।

ਮਾਤਾ ਕੋਲੋਂ ਜਾਣਿਆ ਮੈਂ ਆਪਣੇ ਵੱਡੇ ਵੀਰਾਂ ਦਾ ਹਾਲ,
'ਅੰਟਾਰਕਟਿਕ' ਅਤੇ 'ਆਰਕਟਿਕ' ਵੀ ਤੜਪ ਰਹੇ ਮੇਰੇ ਨਾਲ ਨਾਲ,
ਸੁਨੇਹਾ ਭੇਜ ਕੇ ਮਾਤਾ ਰਾਹੀਂ ਉਨ੍ਹਾਂ ਨੂੰ ਵੀ ਦੱਸੇ ਆਪਣੇ ਜਜ਼ਬਾਤ,
ਪਾਣੀ ਪਾਣੀ ਹੋ ਗਿਆ ਮੈਂ ਸੁਣ ਕੇ ਉਨ੍ਹਾਂ ਦਾ ਜਵਾਬ ।

"ਕਿਹੜੇ ਸ਼ੈਤਾਨਾਂ ਨੂੰ ਹਿਮਾਲਿਆ ਤੂੰ ਦੇ ਦਿੱਤੀ ਪਨਾਹ?
ਸਾਡੇ ਦਾਮਨ ਵਿੱਚ ਵੱਸਦੇ ਜੀਵਾਂ ਨੂੰ ਰਹੇ ਮਾਰ ਮੁਕਾ,
ਗੁਜ਼ਾਰਾ ਕਰਦੇ ਸੀ ਸਾਡੇ ਕੋਲ ਮਨੁੱਖਾਂ ਤੋਂ ਲੱਖਾਂ ਕੋਹਾਂ ਦੂਰ,
ਇਹਨਾਂ ਕਰਕੇ ਬੇ-ਘਰ ਹੋ ਰਹੇ ਨਿਰਦੋਸ਼, ਬੇ ਕਸੂਰ ।

ਕੀ ਅਸੀਂ ਮਨੁੱਖ ਦਾ ਵਿੰਗਾ ਇੱਕ ਵੀ ਵਾਲ ਕੀਤਾ ਸੀ?
ਬਿਨਾ ਕੁਝ ਵਿਗਾੜੇ ਇਹਨਾਂ ਦਾ, ਗੁਜ਼ਾਰਾ ਲੱਖਾਂ ਸਾਲ ਕੀਤਾ ਸੀ,
ਕੀ ਸਿਰਫ ਹੈ ਇਸੇ ਦਾ ਸਾਰੀ ਦੁਨੀਆ ਤੇ ਹੱਕ?
ਬਾਕੀ ਜੀਵ ਜੰਤਾਂ ਨੂੰ ਇਹ ਸਮਝਦਾ ਨਹੀਂ ਕੱਖ ।

ਸਵਾਰਥ ਵਿੱਚ ਅੰਨ੍ਹਾ ਇਹ ਤਾਂ ਕਿਸੇ ਦੈਂਤ ਤੋਂ ਘੱਟ ਨਹੀਂ,
ਲਹੂ ਵਗਾਉਂਦਾ ਦੂਜਿਆਂ ਦਾ ਸ਼ਰੇਆਮ, ਪਰ ਜਰਦਾ ਇੱਕ ਵੀ ਸੱਟ ਨਹੀਂ,
ਮਨੁੱਖ ਦੇ ਕਰਕੇ ਸਾਡਾ ਸਭ ਕੁਝ ਸੜਦਾ ਪਿਆ ਹੈ,
ਪਰ ਫਿਰ ਵੀ ਤੂੰ ਇਸ ਦੀ ਹਿਮਾਇਤ ਕਰਦਾ ਪਿਆ ਹੈ।"

ਮੇਰੇ ਵੀਰਾਂ ਨੇ ਤਾਂ ਛੱਡ ਦਿੱਤੀ ਹੈ ਸਾਰੀ ਆਸ,
ਪਰ ਮੈਂ ਮਨੁੱਖ ਦੀ ਛੋਹ ਦਾ ਕੀਤਾ ਹੈ ਅਹਿਸਾਸ,
ਮੈਨੂੰ ਪਤਾ ਹੈ ਤੁਹਾਡੇ ਦਿਲਾਂ ਦੇ ਕਈ ਰਾਜ਼,
ਮੈਨੂੰ ਵੇਖ ਕੇ ਤੁਸੀਂ ਬਣਾਏ ਆਪਣੇ ਸਾਜ਼ ।

ਇਸ ਡੁੱਬਦੀ ਹੋਈ ਦੁਨੀਆ ਨੂੰ ਤੁਸੀਂ ਅੱਜ ਵੀ ਬਚਾ ਸਕਦੇ ਹੋ ,
ਬਿਨਾ ਕੁਝ ਵਿਗਾੜੇ ਧਰਤੀ ਦਾ, ਤੁਸੀਂ ਕਈ ਸੁੱਖ ਪਾ ਸਕਦੇ ਹੋ ,
ਆਪਣੇ ਸਿਰ ਉੱਤੋਂ ਪਾਪਾਂ ਦਾ ਬੋਝ ਉਤਾਰੋ,
ਜ਼ਰਾ ਇਕੱਲੇ ਬਹਿ ਕੇ ਤੁਸੀਂ ਇਸ ਵਾਰੇ ਸੋਚ ਵਿਚਾਰੋ ।

Friday, 17 March 2017

ਕੀ ਇਹ ਕਾਬਿਲ ਸਨ ?

ਓ ਰੱਬਾ! ਤੇਰੇ ਲਈ ਹੈ ਇੱਕ ਸਵਾਲ ਮੇਰੇ ਕੋਲ,
ਮਰਨ ਤੀਕਰ ਉਡੀਕਾਂ ਗਾਂ ਤੇਰੇ ਜਵਾਬੀ ਬੋਲ,
ਮੇਰੀ ਸਮਝ ਤੋਂ ਬਾਹਰ ਦੇ ਕੁਝ ਰਾਜ਼ ਤੂੰ ਖੋਲ,
ਹੁਣ ਰਿਹਾ ਇੱਕ ਕਵਿਤਾ ਹੰਝੂਆਂ ਵਿੱਚ ਘੋਲ,
ਉਂਜ ਤਾਂ ਤੇਰੀ ਰਹਿਮਤ ਦੇ ਰੰਗ ਹਰ ਇੱਕ ਉੱਤੇ ਨੇ,
ਪਰ ਜਿਨ੍ਹਾਂ ਉੱਤੇ ਖਾਸ ਬਖ਼ਸ਼ਿਸ਼ ਕੀਤੀ, ਅੱਜ ਉਹ ਪਏ ਸੁੱਤੇ ਨੇ।

ਰੁੱਝਿਆ ਪਿਆ ਸੀ ਜਾਤ ਪਾਤ ਦੇ ਵਿੱਚ ਹਿੰਦੁਸਤਾਨ,
ਨਾ ਕੋਈ ਸੱਚਾ ਹਿੰਦੂ ਸੀ, ਨਾ ਸੱਚਾ ਮੁਸਲਮਾਨ,
ਤੇਰਾ ਨਾਂ ਲੈਣਾ ਭੁੱਲ ਗਈ ਸੀ ਇਨ੍ਹਾਂ ਦੀ ਜ਼ੁਬਾਨ,
ਸਾਰਿਆਂ ਉੱਤੇ ਚੜ੍ਹਾਈ ਕਰਕੇ ਅੰਧ ਵਿਸ਼ਵਾਸ ਸੀ ਸੁਲਤਾਨ,
ਭੇਜਿਆ ਫਿਰ ਤੂੰ ਗੁਰੂ ਨਾਨਕ ਹੱਥੋਂ ਆਪਣਾ ਸੁਨੇਹਾ,
ਮੈਂ ਮੈਂ ਨੂੰ ਤਿਆਗ ਕੇ ਜਿਹਨੇ ਤੇਰਾ ਤੇਰਾ ਕਿਹਾ।

ਗੁਰੂਆਂ ਨੇ ਫਿਰ ਕੀਤਾ ਸੱਚ ਦਾ ਪ੍ਰਚਾਰ,
ਉਜਾੜ ਕੇ ਰੱਖ ਦਿੱਤੇ ਪਖੰਡੀਆਂ ਦੇ ਬਜ਼ਾਰ,
ਫੋਕੀਆਂ ਰਸਮਾਂ ਉੱਤੇ ਕੀਤਾ ਕੱਸ ਕੇ ਵਾਰ,
ਤੇਰੇ ਤੱਕ ਪਹੁੰਚਣ ਦਾ ਸੱਚਾ ਰਾਹ ਕੀਤਾ ਤਿਆਰ,
ਸੱਚ ਆਖਿਆ ਕਿ ਨਿਰੇ ਪੱਥਰ ਨੇ ਬੁੱਤ,
ਜੇ ਦਰਗਾਹ ਥਾਂ ਚਾਹੁੰਦਾ, ਭੇਡ ਚਾਲ ਤੋਂ ਉੱਤੇ ਉੱਠ ।

ਹਾਕਮ ਤੋੜ ਰਹੇ ਸੀ ਜਦੋਂ ਮਜ਼ਲੂਮਾਂ ਦੇ ਸਾਹ,
ਹਿੰਦੁਸਤਾਨੀਆਂ ਦੀ ਹੋਂਦ ਨੂੰ ਰਹੇ ਸੀ ਮਿਟਾ,
ਧੱਕੇ ਨਾਲ ਸੀ ਆਪਣਾ ਦੀਨ ਰਹੇ ਮਨਵਾ,
ਸਭ ਤੋਂ ਪਹਿਲਾਂ ਚੜ੍ਹਿਆ ਸਿੱਖਾਂ ਨੂੰ ਲੜਨ ਦਾ ਚਾਹ,
ਦੇਸ਼ ਦੀ ਰਾਖੀ ਲਈ ਸ਼ਹੀਦਾਂ ਦੀਆਂ ਕਤਾਰਾਂ ਲਗਾ ਛੱਡੀਆਂ,
ਹਜ਼ਾਰਾਂ ਪਾਪੀਆਂ ਅਤੇ ਗੁਨਹਗਾਰਾਂ ਦੀਆਂ ਗਰਦਨਾਂ ਉਡਾ ਛੱਡੀਆਂ ।

ਜੇਕਰ ਅਸੀਂ ਸੁੱਖਾਂ ਅਤੇ ਆਰਾਮਾਂ ਦੇ ਚਾਹਵਾਨ ਹੁੰਦੇ,
ਕਿਉਂ ਫਿਰ ਜ਼ਾਲਮ ਹਾਕਮਾਂ ਦੇ ਕਰਦੇ ਨੁਕਸਾਨ ਹੁੰਦੇ?
ਜੇਕਰ ਸਲਾਮਤ ਇਹਨਾਂ ਹਾਕਮਾਂ ਦੇ ਈਮਾਨ ਹੁੰਦੇ,
ਕਿਓਂ ਫਿਰ ਅਸੀਂ ਤੇਗ਼ ਰੱਖਦੇ ਵਿੱਚ ਮਿਆਨ ਹੁੰਦੇ?
ਸਮਾਜ ਨੂੰ ਸੁਧਾਰਨ ਦਾ ਸੀ ਅਸੀਂ ਟੀਚਾ ਮਿਥਿਆ,
ਤਾਂਹੀਉੰ ਸਿਆਣਿਆਂ ਨੇ ਸਾਡੇ ਵਾਰੇ ਸਤਿਕਾਰ ਨਾਲ ਲਿਖਿਆ ।

ਤੇਰੇ ਨਾਮ ਦਾ ਗੂੜ੍ਹਾ ਰੰਗ ਚੜ੍ਹਾ ਕੇ,
ਬਾਣੀ ਨਾਲ ਰੂਹ ਦੀ ਤ੍ਰੇਹ ਬੁਝਾ ਕੇ,
ਪੰਜ ਕਕਾਰਾਂ ਦਾ ਧਾਰਨੀ ਬਣਾ ਕੇ,
ਮਜ਼ਲੂਮਾਂ ਨੂੰ ਗਿੱਦੜਾਂ ਤੋਂ ਸ਼ੇਰ ਬਣਾ ਕੇ,
ਸੰਤ ਸਿਪਾਹੀ ਬਣਨ ਦਾ ਕਲਗੀਧਰ ਨੇ ਪੈਗ਼ਾਮ ਸੁਣਾਇਆ,
ਤੇਰੀਆਂ ਸਿਫ਼ਤਾਂ ਨਾਲ ਸ਼ਿੰਗਾਰਿਆ ਆਪਣਾ ਕਲਾਮ ਸੁਣਾਇਆ ।

ਆਪਣੇ ਧਰਮ ਦੇ ਪੂਰੇ ਪੱਕੇ ਗੁਰਸਿੱਖ ਰਹੇ ,
ਘੱਲੂਘਾਰਿਆਂ ਵਿੱਚ ਵੀ ਜਪਦੇ ਤੇਰਾ ਨਾਮ ਰਹੇ,
ਆਪਣੇ ਸ਼ਰੀਰਾਂ ਉੱਤੇ ਅਣਗਿਣਤ ਤਸੀਹੇ ਸਹੇ,
ਹਾਕਮਾਂ ਵੱਲੋਂ ਉਨ੍ਹਾਂ ਸਿਰਾਂ ਦੇ ਭਾਰੇ ਮੁੱਲ ਪਏ,
ਆਰਿਆਂ ਨਾਲ ਚਿਰਾਏ ਗਏ ਤੇ ਕਟਾਏੇ ਬੰਦ ਬੰਦ,
ਸੀਸ ਤਿਆਗ ਦਿੱਤੇ ਪਰ ਸਲਾਮਤ ਰੱਖੇ ਕੇਸ ਅੰਗ ਅੰਗ।

ਕੋਈ ਕਸਰ ਨਹੀਂ ਛੱਡੀ ਜ਼ਾਲਮ ਬਾਹਵਾਂ ਨੇ,
ਤੱਪਦੀ ਧੁੱਪਾਂ ਤੋਂ ਨਹੀਂ ਸਹਾਰਾ ਦਿੱਤਾ ਛਾਵਾਂ ਨੇ,
ਪਰ ਸਿਦਕ ਨਹੀਂ ਹਾਰਿਆ ਸਿੱਖ ਭਰਾਵਾਂ ਨੇ,
ਨਿੱਕੇ ਪੁੱਤ ਵੀ ਤੀਰਾਂ ਦੀ ਭੇਟ ਚੜ੍ਹਾਏ ਮਾਵਾਂ ਨੇ,
ਜੇ ਛੱਡ ਦਿੰਦੇ ਸਿੱਖੀ, ਤਾਂ ਵਕ਼ਤ ਬੜਾ ਸੌਖਾ ਹੁੰਦਾ,
ਪਰ ਗੁਰੂ ਦੀ ਰਾਹ ਤੇ ਤੁਰਨ ਦਾ ਆਨੰਦ ਅਨੋਖਾ ਹੁੰਦਾ।

ਹਕੂਮਤਾਂ ਨੇ ਕੀਤਾ ਸਿੱਖਾਂ ਦਾ ਅੰਨ੍ਹੇਵਾਹ ਕਤਲ-ਏ-ਆਮ,
ਵਿੱਚ ਗਲ੍ਹੀਆਂ ਦੇ ਵਰਸਾਇਆ ਲਹੂ ਦਾ ਮੀਂਹ ਸ਼ਰ-ਏ-ਆਮ,
ਸਿੱਖਾਂ ਦੀ ਹੋਂਦ ਮਿਟਾਉਣ ਤੋਂ ਰਹੇ ਫਿਰ ਵੀ ਨਾਕਾਮ,
ਕੰਡਿਆਂ ਦੀ ਸੇਜ ਵਿਛਾਈ, ਕੀਤਾ ਜੰਗਲਾਂ ਵਿੱਚ ਆਰਾਮ,
ਚੜ੍ਹਦੀਕਲਾ ਵਿੱਚ ਰਹਿਣ ਦੀ ਕਲਾ ਸਿਖਾਈ ਸਿੱਖਾਂ ਨੇ,
ਮੁਗ਼ਲ ਤੇ ਅਫ਼ਗ਼ਾਨੀ ਲਸ਼ਕਰਾਂ ਉੱਤੇ ਕੀਤੀ ਚੜ੍ਹਾਈ ਸਿੱਖਾਂ ਨੇ ।

ਪਰ ਕੀ ਦੱਸਾਂ ਮੈਂ ਅੱਜ ਕੱਲ੍ਹ ਦੇ ਸਿੱਖਾਂ ਦਾ ਹਾਲ,
ਕੌਮ ਦਾ ਭਵਿੱਖ ਸੋਚ ਕੇ ਆਉਂਦੇ ਡਰਾਉਣੇ ਖ਼ਿਆਲ,
ਨਹੀਂ ਹੋ ਰਹੀ ਇਨ੍ਹਾਂ ਤੋਂ ਵਿਰਾਸਤ ਦੀ ਸੰਭਾਲ,
ਪਤਾ ਨਹੀਂ ਦੇ ਰਹੇ ਨੇ ਕਿਹੜੀ ਸਿੱਖੀ ਦੀ ਮਿਸਾਲ,
ਘੁੰਮਦੇ ਪਏ ਨੇ ਫਿਰ ਪਖੰਡੀਆਂ ਦੇ ਆਲੇ ਦੁਆਲੇ,
ਆਪਣੇ ਦਿਮਾਗ ਵਿੱਚ ਲੱਖਾਂ ਵਹਿਮ ਭਰਮ ਪਾਲੇ।

ਅੱਜ ਫਿਰ ਇਹ ਬੁੱਤਾਂ ਨੂੰ ਮੱਥੇ ਟੇਕ ਰਹੇ ਨੇ,
ਫੋਕੀਆਂ ਰਸਮਾਂ ਦੇ ਬਹਾਨੇ ਅੱਗਾਂ ਸੇਕ ਰਹੇ ਨੇ,
ਬੇਲੋੜੇ ਵਰਤ ਰੱਖਣ ਵਿੱਚ ਸੁੱਖ ਵੇਖ ਰਹੇ ਨੇ,
ਪਖੰਡੀਆਂ ਦੀਆਂ ਸਿਫ਼ਤਾਂ ਦੇ ਲਿਖ ਲੇਖ ਰਹੇ ਨੇ,
ਗੁਰੂਆਂ ਦੀਆਂ ਸਿੱਖਿਆਵਾਂ ਤੋਂ ਨੇ ਅਣਜਾਣ,
ਆਖਿਰ ਕਿਉਂ ਨਹੀਂ ਇਹ ਸੱਚ ਨੂੰ ਰਹੇ ਪਛਾਣ?

ਕੇਸ ਕਟਾਉਣ ਦੇ ਨੇ ਇਨ੍ਹਾਂ ਕੋਲ ਬਹਾਨੇ ਹਜ਼ਾਰ,
ਲਾਹ ਕੇ ਸੁੱਟ ਛੱਡਿਆ ਗੁਰੂ ਦਾ ਬਖਸ਼ਿਆ ਸ਼ਿੰਗਾਰ,
ਬੇਅਦਬੀ ਕਰਦਿਆਂ ਕੇਸਾਂ ਦੀ ਨਹੀਂ ਡਰਦੇ ਇੱਕ ਵਾਰ,
ਤੇਰਾ ਸਾਬਤ ਸੂਰਤ ਰੂਪ ਵਿਗਾੜ ਛੱਡਦੇ ਵਾਰ ਵਾਰ,
ਸਿੱਖਾਂ ਦੇ ਕੀਤੇ ਸੰਘਰਸ਼ਾਂ ਨੂੰ ਪੁਰਾਣੇ ਜ਼ਮਾਨੇ ਸਮਝਦੇ,
ਆਪਣੇ ਆਪ ਨੂੰ ਗੁਰੂ ਤੋਂ ਵੱਧ ਸਿਆਣੇ ਸਮਝਦੇ ।

ਮਾਵਾਂ ਨੂੰ ਔਖੇ ਲੱਗਦੇ ਨੇ ਪੁੱਤ ਪਾਲਣੇ,
ਨਹੀਂ ਆਉਂਦੇ ਇਨ੍ਹਾਂ ਨੂੰ ਬੱਚੇ ਦੇ ਕੇਸ ਸੰਭਾਲਣੇ,
ਕਿਵੇਂ ਯਾਦ ਰੱਖਣਗੇ ਇਹ ਸਿੱਖੀ ਕਿੱਸੇ ਸੁਣਾਵਣੇ,
ਇਹ ਭੁੱਲ ਜਾਂਦੇ ਨੇ ਗੁਰੂਆਂ ਦੇ ਨਾਮ ਬਤਾਵਣੇ ,
ਗਿੱਝ ਗਏ ਨੇ ਬੱਚੇ ਇਨ੍ਹਾਂ ਦੇ ਲਾਡ ਪਿਆਰ ਨਾਲ,
ਕਿੱਦਾਂ ਕਰਨਗੇ ਆਸ਼ਿਕੀ ਸਰਹਿੰਦ ਦੀ ਦੀਵਾਰ ਨਾਲ?

ਮੰਨਿਆ ਸ਼ਾਮਿਲ ਨੇ ਕੌਮ ਵਿੱਚ ਕਈ ਹੁਸ਼ਿਆਰ,
ਜੀਅ ਜਾਨ ਨਾਲ ਕਰਦੇ ਜਿਹੜੇ ਸਿੱਖੀ ਦਾ ਪ੍ਰਚਾਰ,
ਤੇਰੇ ਬਖ਼ਸ਼ੇ ਸਾਬਤ ਸੂਰਤ ਰੂਪ ਨਾਲ ਕਰਦੇ ਪਿਆਰ,
ਸੱਚੇ ਮਨ ਨਾਲ ਕਰਦੇ ਗੁਰੂ ਦੀ ਬਾਣੀ ਦਾ ਵਿਚਾਰ,
ਪਰ ਲੱਖਾਂ ਉੱਤੇ ਤੇਰੀਆਂ ਪਹਿਲਾਂ ਵਰਗੀਆਂ ਬਰਕਤਾਂ ਨਹੀਂ,
ਪਹਿਲਾਂ ਵਰਗੀਆਂ ਉੱਚੀਆਂ ਸੁੱਚੀਆਂ ਇਨ੍ਹਾਂ ਦੀਆਂ ਹਰਕਤਾਂ ਨਹੀਂ।

ਤੈਨੂੰ ਵੀ ਹੈ ਪਤਾ, ਨਹੀਂ ਹੈ ਸੌਖਾ ਸਿੱਖੀ ਦਾ ਰਾਹ,
ਉਹ ਹੀ ਤੁਰ ਸਕਦਾ ਹੈ ਜਿਹਨੂੰ ਹੈ ਗੁਰੂ ਦੀ ਸ਼ਰਨ ਦਾ ਚਾਹ,
ਇਹ ਅੱਜ ਜਿਹੜੇ ਆਪਣੇ ਆਪ ਨੂੰ ਸਿੱਖ ਰਹੇ ਕਹਾ,
ਧੱਕੇ ਨਾਲ ਆਪਣੀ ਰੂਹ ਨੂੰ ਝੂਠੀ ਗੱਲ ਰਹੇ ਮਨਵਾ,
ਸਿੱਖੀ ਵਿੱਚ ਜੰਮੇ, ਵੱਡੇ ਭਾਗ ਇਨ੍ਹਾਂ ਕੋਲ ਹਾਸਿਲ ਸਨ,
ਪਰ ਸਵਾਲ ਇਹ, ਕੀ ਇਹ ਇਸ ਦੇ ਕਾਬਿਲ ਸਨ ?

ਗ਼ਜ਼ਲ

ਵੇਖਣੇ ਜੱਗ ਦੇ ਨਜ਼ਾਰੇ ਔਖੇ, ਰੋਕਣੇ ਅੱਥਰੂ ਖਾਰੇ ਔਖੇ। ਬੰਦਿਆ! ਪਾਏ ਜੋ ਤੂੰ ਧਰਤੀ 'ਤੇ, ਕੱਠੇ ਕਰਨੇ ਉਹ ਖਿਲਾਰੇ ਔਖੇ। ਸਿਰਫ਼ ਧਰਤੀ ਨਹੀਂ ਆਦਮ ਤੋਂ ਤੰਗ, ਇਹਦੇ ਤੋ...