Monday, 25 May 2020

ਸ਼੍ਰੀ ਗੁਰੂ ਗੋਬਿੰਦ ਸਿੰਘ

ਖ਼ਲਕਤਾਂ ਦਾ ਆਸਰਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ
ਜ਼ਾਲਮਾਂ ਦਾ ਖ਼ਾਤਮਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ

ਬਾ-ਖ਼ਬਰ ਮਰਦ-ਏ-ਖ਼ੁਦਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ
ਪਾਕ, ਖ਼ਾਲਸ, ਬਾ-ਸਫ਼ਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ

ਸੁੱਕੀ, ਵੀਰਾਨ ਇਕ ਜ਼ਮੀਨ-ਏ-ਨਾ ਉਮੀਦ ਉੱਤੇ ਕੋਈ
ਮਿਹਰ ਦੀ ਵਰ੍ਹਦੀ ਘਟਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ

ਹਿੰਦ ਦੀ ਧਰਤੀ ਦਾ ਜ਼ੱਰਾ-ਜ਼ੱਰਾ ਇਸ ਗੱਲ ਦਾ ਗਵਾਹ
ਡਾਢੇ ਰੋਗਾਂ ਦੀ ਦਵਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ

ਜਾਬਰਾਂ ਦੇ ਰਾਜ ਅੰਦਰ ਘੁੱਪ ਹਨੇਰੀ ਰਾਤ ਵਿਚ
ਹੱਕ ਦੀ ਦਿੰਦੇ ਸਦਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ

ਪੁੱਤ ਚਾਰੇ ਵਾਰ ਕੇ ਰਾਜ਼ੀ ਨੇ ਉਹ ਭਾਣੇ ਦੇ ਵਿਚ
ਕਿੰਨਾ ਵੱਡਾ ਹੌਸਲਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ !

ਸਖ਼ਤ, ਔਖੇ ਰਾਹ ਉੱਤੇ ਸੱਭੋ ਕੁਝ ਕਰਕੇ ਨਿਸਾਰ
ਰਹਿੰਦੇ ਵਿਚ ਚੜ੍ਹਦੀਕਲਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ

ਲੋੜ ਪੈਵਣ 'ਤੇ ਵਿਖਾਉਂਦੇ ਰਹਿੰਦੇ ਜਲਵਾ ਆਪਣਾ
ਸੱਚੇ, ਸੁੱਚੇ ਖ਼ਾਲਸਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ

Saturday, 25 April 2020

ਪੰਚਮ ਪਾਤਸ਼ਾਹ- ਬਾਣੀ ਅਤੇ ਸ਼ਹਾਦਤ

ਬਾਣੀ ਤੇਰੀ ਹੈ ਖੋਲਦੀ ਗੁੱਝੇ ਹੋਏ ਅਸਰਾਰ
ਬਾਣੀ ਤੇਰੀ ਵਿਚ ਬਰਕਤਾਂ ਦੇ ਨੇ ਭਰੇ ਭੰਡਾਰ
ਬਾਣੀ ਤੇਰੀ ਜੋ ਹੌਲਾ ਕਰੇ ਜ਼ਿੰਦਗੀ ਦਾ ਭਾਰ
ਬਾਣੀ ਤੇਰੀ ਸੁੱਖਾਂ ਦੀ ਮਣੀ, ਜਿੰਦ ਦਾ ਆਧਾਰ
ਬਾਣੀ ਤੇਰੀ ਜੋ ਨਾਮ ਦੇ ਰਸ ਨਾਲ ਹੈ ਲਬਰੇਜ਼
ਬਾਣੀ ਤੇਰੀ ਜੋ ਖ਼ਤਮ ਕਰੇ ਭਰਮ ਗ਼ਮ-ਅੰਗੇਜ਼
ਬਾਣੀ ਤੇਰੀ ਜੋ ਪਾਵੇ ਭਟਕਦੇ ਨੂੰ ਸਹੀ ਰਾਹ
ਬਾਣੀ ਤੇਰੀ ਜਦ ਪੜ੍ਹਦੇ, ਸਫ਼ਲ ਹੁੰਦੇ ਉਦੋਂ ਸਾਹ
ਬਾਣੀ ਤੇਰੀ ਦਿੰਦੀ ਹੈ ਜਗਾ ਨ੍ਹੇਰੇ 'ਚ ਦੀਵੇ
ਬਾਣੀ ਤੇਰੀ ਦੀ ਓਟ ਤੇ ਹੀ ਰੂਹ ਇਹ ਜੀਵੇ
ਬਾਣੀ ਜੋ ਮਨੁੱਖਾਂ ਦੀ ਸਮਝਦੀ ਇਕੋ ਜਾਤੀ
ਬਾਣੀ ਗੁਰੂ ਅਰਜਨ ਤੁਸਾਂ ਦੀ ਆਬ-ਏ-ਹਯਾਤੀ

ਤੱਤੀ ਤਵੀ 'ਤੇ ਜਾਪ 'ਚ ਮਸ਼ਗ਼ੂਲ ਗੁਰੂ ਜੀ
ਅੱਜ ਇਕ ਨਵਾਂ ਉਹਨਾਂ ਨੇ ਸਬਕ ਸਿੱਖੋ ਪੜ੍ਹਾਉਣਾ
ਉਹ ਵਾਹਿਗੁਰੂ ਦੀ ਰਜ਼ਾ ਵਿਚ ਰਾਜ਼ੀ-ਖ਼ੁਸ਼ੀ ਨੇ
ਕੁਹਰਾਮ ਕਿਸੇ ਵੀ ਤਰ੍ਹਾਂ ਦਾ ਨਾ ਹੈ ਮਚਾਉਣਾ
ਰੇਤਾ ਵਰ੍ਹੇ ਤੱਤਾ ਤੇ ਬਲੇ ਅੱਗ ਵੀ ਹੇਠਾਂ
ਪਰ ਰਹਿ ਕੇ ਅਡੋਲ ਉਹਨਾਂ ਨੇ ਕਰਤੇ ਨੂੰ ਧਿਆਉਣਾ
ਭਾਣੇ ਦੀ ਮੀਆਂ ਮੀਰ ਨੂੰ ਅਜ਼ਮਤ ਪਏ ਦੱਸਣ
ਵੇਖੀ ਚਲੋ ਕੁਰਬਾਨੀ ਨੇ ਕੀ ਰੰਗ ਲਿਆਉਣਾ!
ਇਸ ਤੱਤੀ ਤਵੀ ਤੋਂ ਜੋ ਛਬੀਲਾਂ ਨੇ ਹੈ ਵਗਣਾ
ਇਸ ਜੇਠ ਦੇ ਸੂਰਜ ਦਾ ਉਨ੍ਹਾਂ ਕਹਿਰ ਮੁਕਾਉਣਾ
ਇਤਿਹਾਸ ਨਹੀਂ ਭੁੱਲ ਸਕੇਗਾ ਕਦੇ ਜਿਸ ਨੂੰ
ਉਹਨਾਂ ਨੇ ਨਵਾਂ ਸਿਲਸਿਲਾ ਇਕ ਅੱਜ ਚਲਾਉਣਾ
ਸਿੱਖਾਂ ਨੂੰ ਸ਼ਹਾਦਤ ਦਾ ਪੜ੍ਹਾ ਜੋ ਗਏ ਨੇ ਪਾਠ
ਲੱਖਾਂ ਨੇ ਇਹ ਪੜ੍ਹ ਸਿੱਖੀ ਦਾ ਹੈ ਬਾਗ਼ ਸਜਾਉਣਾ
ਹਾਲੇ ਤਾਂ ਹਜ਼ਾਰਾਂ ਨੇ ਫ਼ਨਾ ਹੋਣਾ ਹੈ ਹੱਸ ਹੱਸ
ਸਿੱਖੀ ਦੇ ਨਿਸ਼ਾਨਾਂ ਨੂੰ ਹੈ ਹੋਰ ਉੱਚਾ ਚੜ੍ਹਾਉਣਾ 

Saturday, 28 March 2020

ਸ਼ਹਿਰ ਚੰਡੀਗੜ੍ਹ ਨੂੰ

ਤੂੰ ਵਿਖਾਇਆ ਹੈ ਸਾਨੂੰ ਅਨੋਖਾ ਤਜ਼ਾਦ,
ਲੋਕ ਕਿਉਂ ਖ਼ੁਦ ਤੋਂ ਹੀ ਵਿੱਛੜੇ ਹੋਏ ਨੇ?
ਡੂੰਗੀਆਂ ਤੇਰੇ ਰੁੱਖਾਂ ਦੀਆਂ ਨੇ ਜੜ੍ਹਾਂ,
ਵਾਸੀ ਤੇਰੇ ਜੜ੍ਹੋਂ ਉੱਖੜੇ ਹੋਏ ਨੇ !

Friday, 27 March 2020

ਕਸੂਤੇ ਫੱਸੇ

(2020 ਵਿੱਚ ਨਨਕਾਣਾ ਸਾਹਿਬ ਅਤੇ ਕਾਬੁਲ ਦੇ ਗੁਰਦੁਆਰਿਆਂ ਉੱਤੇ ਹੋਏ ਦਹਿਸ਼ਤਗਰਦੀ ਹਮਲਿਆਂ ਦੀ ਯਾਦ ਵਿੱਚ)

ਅਸੀਂ ਹੁਣ ਜਾਈਏ ਕਿੱਥੇ, ਤੇ ਡੇਰਾ ਲਾਈਏ ਕਿੱਥੇ?
ਕੋਈ ਗ਼ਮ-ਖ਼ਵਾਰ ਨਾ ਸਾਡਾ, ਨਾ ਕੋਈ ਦੇਸ ਸਾਡਾ ਹੈ,
ਉਮੀਦ ਇਨਸਾਫ਼ ਦੀ ਕਰੀਏ ਤਾਂ ਕਿਸ ਥਾਂਵੇਂ ਜਾ ਕੇ ਕਰੀਏ,
ਕਿ ਹਰ ਮੁਨਸਿਫ਼ ਨੂੰ ਇੱਥੇ ਚੁੱਭਦਾ ਹੁਣ ਭੇਸ ਸਾਡਾ ਹੈ।

ਅਸਾਡੇ ਪੁਰਖਿਆਂ ਦੀ ਭਾਗਸ਼ਾਲੀ ਧਰਤੀ ਜਿੱਥੇ ਹੁਣ,
ਨਾ ਰਹਿ ਸਕਦੇ ਹਾਂ ਤੇ ਨਾ ਛੱਡ ਕੇ ਜਾ ਸਕਦੇ ਹਾਂ ਇਹਨੂੰ,
ਤੂੰ ਲੈਣੇ ਹੋਰ ਕਿੰਨੇ ਇਮਤਿਹਾਂ ਰੱਬਾ ਕਿ ਜਾਂ ਨੂੰ ਵੀ,
ਵਿਖਾ ਦਿੱਤਾ ਕਿ ਲੇਖੇ ਕੌਮ ਦੇ ਲਾ ਸਕਦੇ ਹਾਂ ਇਹਨੂੰ!

ਇਹ ਤਾਂ ਦੋਵੇਂ ਧਿਰਾਂ ਵਿਚਕਾਰ ਫੱਸ ਚੁੱਕੇ ਕਸੂਤੇ ਨੇ,
ਭਲਾ ਸਰਬੱਤ ਦਾ ਮੰਗਣ ਦੇ ਲੋਕੀਂ ਜਿਹੜੇ ਆਦੀ ਨੇ,
ਸਿਖਾਇਆ ਨਾ ਗਿਆ ਹੈ ਸਾਨੂੰ ਇਉਂ ਸ਼ਿਕਵੇ ਗਿਲੇ ਕਰਨੇ ,
ਕਿ ਬੇ-ਵੱਸ ਕੀਤਾ ਹੈ 'ਜਮਹੂਰੀਅਤ' ਤੇ ਇਸ 'ਅਜ਼ਾਦੀ' ਨੇ ।

ਨਾ ਕੋਈ ਤਖ਼ਤ ਸਾਡਾ ਹੈ, ਨਾ ਕੋਈ ਤਾਜ ਸਾਡਾ ਹੈ,
ਵੇ ਕੋਈ ਮੁਲਕ ਤਾਂ ਹੋਵੇ ਕਿ ਜਿਹਨੂੰ ਘਰ ਅਸੀਂ ਕਹੀਏ,
ਕੋਈ ਮੀਤ ਆਵੇ ਤੇ ਆ ਕੇ ਫੜੇ ਹੁਣ ਹੱਥ ਸਾਡਾ ਵੀ,
ਅਸੀਂ ਥੱਕੇ ਪਏ, ਕਿਸ ਕਿਸ ਨੂੰ ਹੁਣ ਜਾਬਰ ਅਸੀਂ ਕਹੀਏ?

Tuesday, 24 March 2020

ਜਾਣੇ ਜੋ ਨੀਤਾਂ ਸਾਰੀਆਂ
ਫਿਰ ਵੀ ਢਕੇ ਗੁਨਾਹਾਂ ਨੂੰ
ਉਹਨੂੰ ਵਿਸਾਰ ਕੇ ਕਰੇਂ 
ਕਾਹਤੋਂ ਵਿਅਰਥ ਸਾਹਾਂ ਨੂੰ?

ਮਹਿਲ-ਮੁਨਾਰੇ ਬੇ-ਸ਼ੁਮਾਰ
ਦੌਲਤਾਂ ਕੁੱਲ ਜਹਾਂ ਦੀਆਂ
ਪਰ ਜਮ੍ਹਾਂ ਕਰ ਕੇ ਵੀ ਇਹ ਸਭ
ਚੈਨ ਪਵੇ ਨਾ ਸ਼ਾਹਾਂ ਨੂੰ

ਪੀਰ, ਗੁਰੂ, ਵਲੀ ਨਹੀਂ
ਐਸ਼ ਪਰਸਤ ਠੱਗ ਨੇ
ਸਾਹਵੇਂ ਇਨ੍ਹਾਂ ਦੇ ਭੁੱਲ ਕੇ ਵੀ 
ਨਾ ਝੁਕਾ ਤੂੰ ਨਿਗਾਹਾਂ ਨੂੰ

ਯਾਦ ਸਜਾ ਕੇ ਉਹਨਾਂ ਦੀ
ਚਿੱਤ 'ਚ ਰੱਖ ਮੁਸਾਫ਼ਿਰਾ!
ਜੋ ਲਹੂ ਨਾਲ ਆਪਣੇ
ਰੁਸ਼ਨਾ ਗਏ ਨੇ ਰਾਹਾਂ ਨੂੰ

ਡੁੱਬਦੇ ਬੇੜੇ ਸਾਂਭਦੀ 
ਮਿਹਰ ਭਰੀ ਨਜ਼ਰ ਜਿਨ੍ਹਾਂ
ਸਤਿਗੁਰੂ ਸਾਹਿਬਾਨ ਦੀ,
ਸਜਦਾ ਉਨ੍ਹਾਂ ਮਲਾਹਾਂ ਨੂੰ !

Wednesday, 11 March 2020

ਮਨੁੱਖ ਤੇ ਧਰਤੀ

                    ਮਨੁੱਖ
ਹੈ ਬਾਦਸ਼ਾਹੀ ਅਸਾਡੀ ਹੀ ਕਾਇਨਾਤ ਉੱਤੇ ,
ਹਵਾ ਜ਼ਮੀਨ ਤੇ ਜਲ ਉੱਤੇ, ਦਿਨ ਤੇ ਰਾਤ ਉੱਤੇ ,
ਕਿ ਡਾਢੇ ਸ਼ੂਕਦੇ ਦਰਿਆ ਮੈਂ ਬੰਨ੍ਹ ਸਕਦਾ ਹਾਂ ,
ਤੇ ਵੱਡੇ ਵੱਡੇ ਪਹਾੜਾਂ ਨੂੰ ਭੰਨ੍ਹ ਸਕਦਾ ਹਾਂ ,
ਉਜਾੜ ਸਕਦਾ ਹਾਂ ਤੇਰੇ ਹਰੇ ਭਰੇ ਜੰਗਲ ,
ਜੇ ਚਾਹਾਂ ਤਾਂ ਵਸਾ ਸਕਦਾ ਹਾਂ ਤੇਰੇ ਮਾਰੂਥਲ ,
ਬਣੇ ਸਾਂ ਧਰਤ ਲਈ ਪਰ ਹੁਨਰ ਅਸਾਡਾ ਵੇਖ ,
ਸਿਤਾਰਿਆਂ ਤੋਂ ਪਰ੍ਹੇ ਵੀ ਗੁਜ਼ਰ ਅਸਾਡਾ, ਵੇਖ !
ਜਹਾਨ ਸਾਰੇ 'ਚ ਰੁਤਬਾ ਮਹਾਨ ਸਾਡਾ ਦਿਸੇ ,
ਤੇ ਅੰਬਰਾਂ ਤੋਂ ਚਮਕਦਾ ਮਕਾਨ ਸਾਡਾ ਦਿਸੇ ,
ਅਜਬ ਕਰਿਸ਼ਮਾ ਇਹ ਤਕਨਾਲਜੀ ਅਸਾਂ ਦੀ ਹੈ,
ਅਨੋਖੀ ਗਾਥਾ ਇਹ ਤਕਨਾਲਜੀ ਅਸਾਂ ਦੀ ਹੈ ,
ਹੈ ਹਰ ਬਿਮਾਰੀ ਦਾ ਇੱਥੇ ਇਲਾਜ ਸਾਡੇ ਕੋਲ ,
ਕਿ ਸਰਜ਼ਮੀਨ ਤੇਰੀ ਦਾ ਹੈ ਰਾਜ ਸਾਡੇ ਕੋਲ ,
ਇਹ ਤੇਗ਼ ਅਕਲ ਦੀ ਹੁਣ ਹਰ ਘੜੀ ਨਿਖਾਰ 'ਚ ਹੈ,
ਕਿ ਜ਼ੱਰਾ-ਜ਼ੱਰਾ ਇਧਰ ਸਾਡੇ ਇਖ਼ਤਿਆਰ 'ਚ ਹੈ,
ਤੁਸੀਂ ਹੀ ਦੱਸੋ ਕਿ ਹੈ ਸਾਡੇ ਜਿੰਨਾ ਕਾਬਿਲ ਕੌਣ?
ਬੁਲੰਦੀਆਂ ਨੂੰ ਅਸਾਡੀ ਕਰੇ ਗਾ ਹਾਸਿਲ ਕੌਣ?
ਦਿਮਾਗ਼ ਸਾਡੇ ਦੀ ਉਸਤਤ ਬਿਆਨ ਕਰ ਨਾ ਹੋਈ ,
ਅਧੀਨ ਸਾਡੇ ਹੈ ਧਰਤੀ ਤੇ ਜੀਵ ਹਰ ਕੋਈ । 

                       ਧਰਤੀ
ਵੇ ਭੋਲਿਆ! ਤਿਰੀ ਗ਼ਫ਼ਲਤ ਤੋਂ ਸਦਕੇ ਜਾਵਾਂ ਮੈਂ
ਤੇ ਤੇਰੀ ਹਉਮੈਂ ਦੀ ਤਾਕਤ ਤੋਂ ਸਦਕੇ ਜਾਵਾਂ ਮੈਂ ,
ਸਿਆਣਾ ਖ਼ੁਦ ਨੂੰ ਕਹੇ, ਸਮਝੇ ਖ਼ੁਦ ਨੂੰ ਤੂੰ ਉੱਚਾ,
ਹੈ ਪਰ ਗ਼ੁਲਾਮ ਤੂੰ, ਲੋਭੀ ਤੂੰ, ਪੈਸੇ ਦਾ ਭੁੱਖਾ,
ਉਹ ਕਾਹਦਾ ਸ਼ਾਹ ਹੈ ਭੋਰਾ ਵੀ ਜੀਹਨੂੰ ਸਾਰ ਨਹੀਂ?
ਮਨ ਆਪਣੇ ਤੇ ਤਾਂ ਉੱਕਾ ਵੀ ਇਖ਼ਤਿਆਰ ਨਹੀਂ,
ਟੁਰੇ ਗ਼ੁਲਾਮਾਂ ਦੇ ਵਾਂਗੂੰ ਤੂੰ, ਕੀ ਪਤਾ ਤੈਨੂੰ !
ਜਿਵੇਂ ਜਿਵੇਂ ਵੀ ਚਲਾਵੇ ਤਿਰੀ ਅਨਾ ਤੈਨੂੰ,
ਤੂੰ ਖੋਲ੍ਹ ਅੱਖਾਂ ਨੂੰ ਤੇ ਵੇਖ ਆਪਣੇ ਕਾਰੇ,
ਕਿ ਅੱਗੇ ਚੱਲ ਕੇ ਤੈਨੂੰ ਇਹ ਪੈਣੇ ਬਹੁ ਭਾਰੇ,
ਵਿਗਾੜੀ ਆਲੇ-ਦੁਆਲੇ ਦੀ ਕਿਸ ਤਰ੍ਹਾਂ ਤਸਵੀਰ,
ਤੇ ਕੀਤਾ ਕਿੱਦਾਂ ਤੂੰ ਕੁਦਰਤ ਦਾ ਜਾਮਾ ਲੀਰੋ-ਲੀਰ!


ਜਵਾਬ ਉਹਨਾਂ ਸਵਾਲਾਂ ਦਾ ਕੀ ਦਵੇਗਾ ਤੂੰ ?
ਜੋ ਆਉਣ ਵਾਲੀਆਂ ਨਸਲਾਂ ਨੇ ਪੁੱਛਣੇ ਤੈਨੂੰ,
"ਉਹ ਠੰਡੀ ਠੰਡੀ ਦਰਖ਼ਤਾਂ ਦੀ ਛਾਂ ਗਈ ਕਿੱਥੇ?
ਪਰਿੰਦਿਆਂ ਦੀ ਉਹ ਚੀਂ ਚੀਂ ਚਾਂ ਚਾਂ ਗਈ ਕਿੱਥੇ?
ਪਹਾੜਾਂ, ਵਾਦੀਆਂ ਤੋਂ ਬਰਫ਼ ਕਿੱਥੇ ਉੱਡ ਗਈ?
ਵਣਾਂ ਦੀ ਦੌਲਤ-ਏ-ਨਾਯਾਬ ਕਿੱਥੇ ਖ਼ਰਚ ਲਈ?
ਕਿਵੇਂ ਬਣੀ ਭਲਾ ਜ਼ਰਖੇਜ਼ ਧਰਤੀ ਮਾਰੂਥਲ?
ਹਜ਼ਾਰ ਮਸਲੇ ਖੜੇ ਕੀਤੇ ਇਕ ਨੂੰ ਕਰਕੇ ਹੱਲ!
ਹਵਾ ਦਾ ਹੁਸਨ, ਅਦਾ ਕੌਣ ਲੁੱਟ ਕੇ ਲੈ ਗਿਆ?
ਤੇ ਖ਼ਵਾਬ ਸਾਡੇ ਭਲਾ ਕੌਣ ਲੁੱਟ ਕੇ ਲੈ ਗਿਆ?
ਵੇ ਅਕਲਮੰਦਾ ਅਸਾਨੂੰ ਤੂੰ ਹੁਣ ਲਭਾ ਕੇ ਤਾਂ ਜਾ,
ਪਲਾਸਟਿਕ ਦੇ ਹਜੂਮਾਂ 'ਚ ਕਿੱਥੇ ਗੁੰਮ ਦਰਿਆ?"


ਮੈਂ ਬੋਲਣਾ ਨਹੀਂ ਕੁਝ ਨਾ ਹੀ ਤਬਸਰਾ ਕਰਨਾ,
ਸਿਆਣਾ ਹੈ ਜਾ ਨਹੀਂ ਤੂੰ, ਜੇ ਇਹ ਪਤਾ ਕਰਨਾ,
ਉਡੀਕ ਕਰ ਲਈ ਕੁਝ ਚਿਰ ਜਵਾਬ ਦੀ ਕਿਉਂਕਿ,
ਇਦ੍ਹਾ ਤਾਂ ਅਗਲੀਆਂ ਨਸਲਾਂ ਨੇ ਫ਼ੈਸਲਾ ਕਰਨਾ।

Sunday, 3 November 2019

ਜ਼ਮੀਨਾਂ, ਪੌਣਾਂ ਦੀ ਬੋਲੀ
ਦਰਖ਼ਤਾਂ, ਤ੍ਰੇਲਾਂ ਦੀ ਬੋਲੀ ।
ਗੁਲਾਬਾਂ, ਖ਼ਾਰਾਂ ਦੀ ਬੋਲੀ 
ਵਿਜੋਗਾਂ, ਮੇਲਾਂ ਦੀ ਬੋਲੀ । 

ਸਿਆੜਾਂ, ਖੇਤਾਂ ਦੀ ਬੋਲੀ 
ਲਹੂ, ਦਿਲ, ਸਾਹਾਂ ਦੀ ਬੋਲੀ ।
ਕਿ ਧੁੱਪਾਂ, ਛਾਵਾਂ ਦੀ ਬੋਲੀ 
ਕਿ ਸੁੰਞੇ ਰਾਹਾਂ ਦੀ ਬੋਲੀ । 

ਜਨੌਰਾਂ, ਡਾਰਾਂ ਦੀ ਬੋਲੀ 
ਖ਼ੁਦਾ ਦੇ ਜੀਵਾਂ ਦੀ ਬੋਲੀ । 
ਅਵਾਰਾ ਧੂੜਾਂ ਦੀ ਬੋਲੀ
ਥਲਾਂ, ਦਰਿਆਵਾਂ ਦੀ ਬੋਲੀ ।

ਬਸੰਤਾਂ, ਫੁੱਲਾਂ ਦੀ ਬੋਲੀ 
ਨਸੀਮਾਂ, ਬਾਦਾਂ ਦੀ ਬੋਲੀ ।
ਸ਼ਮੀਮਾਂ, ਬਾਗ਼ਾਂ ਦੀ ਬੋਲੀ 
ਖਰੀ ਦਿਲਸ਼ਾਦਾਂ ਦੀ ਬੋਲੀ । 

ਉਕਾਬਾਂ, ਸ਼ਾਹਾਂ ਦੀ ਬੋਲੀ 
ਅਕਾਲੀ ਵਾਕਾਂ ਦੀ ਬੋਲੀ । 
ਗੁਰਾਂ ਦੇ ਸਿੱਖਾਂ ਦੀ ਬੋਲੀ 
ਹੈ ਪਾਕੰ ਪਾਕਾਂ ਦੀ ਬੋਲੀ ।  

ਕੋਈ ਅੱਖਰ ਪੜ੍ਹਾ ਸਾਨੂੰ 
ਇਹ ਬੋਲੀ ਤੂੰ ਸਿਖਾ ਸਾਨੂੰ ।
ਕਿ ਰਮਜ਼ਾਂ ਗੁੱਝੀਆਂ ਖੁੱਲ੍ਹਣ 
ਨਵੇਂ ਨਗ਼ਮੇ ਸੁਣਾ ਸਾਨੂੰ । 
ਅਸਾਡੇ ਤੇ ਕਰਮ ਹੋਵੇ 
ਤੇਰੀ ਕੁਦਰਤ ਦੀ ਗੱਲ ਸੁਣੀਏ ,
ਭੁਲਾ ਕੇ ਅਕਲਾਂ ਦੀ ਬੋਲੀ 
ਤੇਰੀ ਧਰਤੀ ਦੀ ਗੱਲ ਸੁਣੀਏ !

ਗ਼ਜ਼ਲ

ਵੇਖਣੇ ਜੱਗ ਦੇ ਨਜ਼ਾਰੇ ਔਖੇ, ਰੋਕਣੇ ਅੱਥਰੂ ਖਾਰੇ ਔਖੇ। ਬੰਦਿਆ! ਪਾਏ ਜੋ ਤੂੰ ਧਰਤੀ 'ਤੇ, ਕੱਠੇ ਕਰਨੇ ਉਹ ਖਿਲਾਰੇ ਔਖੇ। ਸਿਰਫ਼ ਧਰਤੀ ਨਹੀਂ ਆਦਮ ਤੋਂ ਤੰਗ, ਇਹਦੇ ਤੋ...