Wednesday, 20 February 2019

ਮੀਡੀਆ

ਕੀ ਰਹਿ ਗਿਆ ਹੈ ਹੁਣ ਤੇਰਾ ਇਤਬਾਰ ਮੀਡੀਆ ?
ਸਭ ਹੱਦਾਂ ਨੂੰ ਹੀ ਕਰਦਾ ਪਿਆ ਪਾਰ ਮੀਡੀਆ ।
ਇੱਕੋਂ ਹੀ ਪਾਸਿਓਂ ਦੀ ਇਹ ਤਸਵੀਰ ਨੂੰ ਵਿਖਾ
ਕਰਦਾ ਹੈ ਸਾਹਿਬਾਂ ਦਾ ਤੂੰ ਸਤਿਕਾਰ ਮੀਡੀਆ ।
ਮਜ਼ਲੂਮਾਂ ਦੀ ਨਾ ਪੀੜ ਵਿਖਾਵੇ ਤੂੰ ਭੁੱਲ ਕੇ ਵੀ
ਨਫ਼ਰਤ ਦਾ ਖੁੱਲ੍ਹ ਕੇ ਕਰੇ ਪਰਚਾਰ ਮੀਡੀਆ ।
ਜਾਹਲ ਵੀ ਕਰਦੇ ਨੇ ਬੜਾ ਉਸ ਬੋਲੀ ਤੋਂ ਗੁਰੇਜ਼
ਤੂੰ ਜਿਹੜੇ ਲਫ਼ਜ਼ਾਂ ਵਿਚ ਕਰੇ ਗੁਫ਼ਤਾਰ ਮੀਡੀਆ ।

ਦਸਤੂਰ ਹੀ ਨਿਰਾਲੇ ਨੇ ਇਸ ਮੁਲਕ ਦੇ ਜਦੋਂ
ਫਿਰ ਹੁਣ ਕਰੇ ਵੀ ਤਾਂ ਕੀ ਇਹ ਲਾਚਾਰ ਮੀਡੀਆ ?
ਹਿੱਸੇ 'ਚ ਉਹਦੇ ਸਿਰਫ਼ ਮਲਾਮਤ ਹੀ ਤਾਂ ਪਵੇ
ਜੇ ਸੱਚੀ ਗੱਲ ਦਾ ਕਰੇ ਇਜ਼ਹਾਰ ਮੀਡੀਆ ।

Monday, 18 February 2019

ਜਗ ਵੇਖ ਕੇ ਤਾਂ ਦਿਲ ਮਿਰਾ ਭਾਰਾ ਹੋ ਹੀ ਜਾਂਦੈ ।
ਨੇਕੀ ਦੇ ਵਪਾਰਾਂ 'ਚ ਖ਼ਸਾਰਾ ਹੋ ਹੀ ਜਾਂਦੈ ।

ਮੈਂ ਪੂਰਾ ਜਤਨ ਕਰਦਾਂ ਕਿ ਲੱਭਾਂ ਖ਼ੁਸ਼ੀ ਇੱਥੇ
ਪਰ ਫੇਰ ਵੀ ਗ਼ਮ ਦਾ ਤਾਂ ਨਜ਼ਾਰਾ ਹੋ ਹੀ ਜਾਂਦੈ ।

ਤੂੰ ਹੌਸਲਾ ਨਾ ਹਾਰ ਕਿ ਇਸ ਵਕਤ ਦੇ ਹੱਥੀਂ
ਪੀੜਾਂ ਦਾ ਕੋਈ ਨਾ ਕੋਈ ਚਾਰਾ ਹੋ ਹੀ ਜਾਂਦੈ ।

ਦੁਨੀਆ ਬੜੀ ਦਿਲਕਸ਼ ਤੇ ਫ਼ਰੇਬੀ ਸਹੀ ਪਰ ਜਦ
ਆਸ਼ਕ ਹੋਏ ਸੱਚਾ ਤਾਂ ਕਿਨਾਰਾ ਹੋ ਹੀ ਜਾਂਦੈ ।

ਕਿੱਡਾ ਵੀ ਸਿਆਣਾ ਜਾਂ ਹੁਨਰਮੰਦ ਉਹ ਹੋਵੇ
ਵੇਹਲਾ ਜੇ ਉਹ ਬੈਠੇ ਤਾਂ ਨਕਾਰਾ ਹੋ ਹੀ ਜਾਂਦੈ ।

Tuesday, 25 December 2018

ਬਹਾਦਰੀ ਦਾ ਨਾਂ , ਮਰਦ-ਏ-ਖ਼ੁਦਾ ਗੁਰੂ ਗੋਬਿੰਦ ,
ਹੈ ਸਬਰ , ਸ਼ੁਕਰ ਦੀ ਤੂੰ ਇੰਤਹਾ ਗੁਰੂ ਗੋਬਿੰਦ ।

ਕਿ ਹੱਕ ਸੱਚ ਦੀ ਖ਼ਾਤਰ ਨਿਸਾਰ ਹੋਣਾ ਕਿਵੇਂ ,
ਇਹ ਕੁਲ ਜਹਾਂ ਨੂੰ ਤੂੰ ਦਿੱਤਾ ਸਿਖਾ ਗੁਰੂ ਗੋਬਿੰਦ ।

ਨਿਤਾਣਿਆਂ , ਡਰੇ ਮਜ਼ਲੂਮਾਂ ਤੇ ਵਿਚਾਰਿਆਂ ਨੂੰ ,
ਗਿਆ ਤੂੰ ਸੰਤ ਸਿਪਾਹੀ ਬਣਾ ਗੁਰੂ ਗੋਬਿੰਦ ।

ਜ਼ਮੀਨ ਸੁੱਕੀ ਹੋਈ ਤੇ ਉਮੀਦ ਤੋਂ ਖ਼ਾਲੀ ,
ਵਰ੍ਹੇ ਉਹ ਧਰਤੀ ਤੇ ਬਣ ਕੇ ਘਟਾ ਗੁਰੂ ਗੋਬਿੰਦ ।

ਹਕੂਮਤ-ਏ-ਸਿਤਮ ਆਰਾ ਦੇ ਖ਼ਾਤਮੇ ਦੇ ਲਈ,
ਤੂੰ ਰੂਹ ਖ਼ਲਕ ਦੀ ਦਿੱਤੀ ਜਗਾ ਗੁਰੂ ਗੋਬਿੰਦ ।

ਨਾ ਡੋਲਿਆ ਸੀ ਪਿਤਾ ਦੀ ਸ਼ਹੀਦੀ ਦੇ ਮਗਰੋਂ ,
ਤੇ ਸ਼ੁਕਰ ਕਰਦਾ ਹੈ ਪੁੱਤ ਵੀ ਲੁਟਾ ਗੁਰੂ ਗੋਬਿੰਦ ।

ਕਲਮ ਤੇ ਤੇਗ਼ ਦੇ ਜੌਹਰ ਜੋ ਤੂੰ ਵਿਖਾ ਕੇ ਗਿਆ ,
ਬਿਆਨ ਕਰਦੇ ਤੇਰਾ ਹੌਸਲਾ ਗੁਰੂ ਗੋਬਿੰਦ ।

ਜੋ ਕਾਰਨਾਮੇ ਅਜ਼ੀਮ ਆਦਮੀ ਨੇ ਨਾ ਸੀ ਸੁਣੇ ,
ਗਿਆ ਉਹ ਅੱਧੀ ਸਦੀ ਵਿਚ ਵਿਖਾ ਗੁਰੂ ਗੋਬਿੰਦ ।

Sunday, 9 December 2018

ਪੰਜਾਬ ਤੈਨੂੰ ਪੁੱਤ ਪਏ ਸੂਲੀ ਤੇ ਚਾੜ੍ਹ ਦੇ ,
ਤਸਵੀਰ ਰੰਗਲੀ ਜਿਹੀ ਜਾਂਦੇ ਵਿਗਾੜ ਦੇ ।

ਧਰਤੀ ਦਾ ਦਿਲ ਹੈ ਟੁੱਟਦਾ, ਮਿੱਟੀ ਦੀ ਕੂਕ ਸੁਣ ,
ਖੇਤਾਂ 'ਚ ਜਦ ਕਦੇ ਵੀ ਪਰਾਲੀ ਨੂੰ ਸਾੜ ਦੇ ।

ਲਾਲਚ ਨੇ ਹੀ ਇਹ ਪਾਠ ਪੜ੍ਹਾਇਆ ਮਨੁੱਖ ਨੂੰ ,
ਸ਼ਹਿਰ ਆਪਣੇ ਉਸਾਰ ਤੂੰ ਜੰਗਲ ਉਜਾੜ ਦੇ ।

ਸੋਚਾਂ ਦਿਆਂ ਪਰਾਂ ਨੂੰ ਵਧਾ ਵੀ ਲਈ ਜ਼ਰੂਰ ,
ਪਹਿਲਾਂ ਤੂੰ ਇਹਦੇ ਉੱਤੇ ਲਗੀ ਧੂੜ ਝਾੜ ਦੇ ।

ਸਰਦ ਉਹਦਾ ਦਿਲ ਹੈ ਪੋਹਾਂ ਤੇ ਮਾਘਾਂ ਦੇ ਵਾਂਗਰਾਂ ,
ਪਰ ਉਹ ਵਿਖਾਵੇ ਕਰਦਾ ਪਿਆ ਜੇਠ ਹਾੜ ਦੇ ।

Wednesday, 24 October 2018

ਕਿਸੇ ਵੱਲੋਂ ਤਾਂ ਸੀ ਤਕਸੀਰ ਹੋਈ,
ਨਵੀਂ ਦੁਨੀਆ ਜਦੋਂ ਤਾਮੀਰ ਹੋਈ ।

ਇਹ ਦਰਿਆ ਵੀ ਕਦੇ ਦਰਿਆ ਸੀ ਹੁੰਦੇ ,
ਬੜੀ ਗ਼ਮਗੀਨ ਹੁਣ ਤਸਵੀਰ ਹੋਈ ।

ਗ਼ੁਲਾਮੀ ਕਰਦਾ ਬੰਦਾ ਥੱਕਿਆ ਨਾ ,
ਰਹੀ ਧਨ ਨੇ ਕਸੀ ਜ਼ੰਜੀਰ ਹੋਈ ।

ਤਿਰੇ ਲੋਭੀ ਸੁਭਾਅ ਦੀ ਹੈ ਗਵਾਹੀ ,
ਕੁੜੱਤਣ ਜਿਹੜੀ ਆਲਮਗੀਰ ਹੋਈ ।

ਵਿਰਾਸਤ ਵਿਚ ਮਿਲੀ ਹਰ ਚੀਜ਼ ਸਾਨੂੰ,
ਅਸਾਡੀ ਕੀਮਤੀ ਜਾਗੀਰ ਹੋਈ ।

Monday, 22 October 2018

ਵੇਖੋ ਖ਼ਾਲਕ ਦੀ ਇਨਾਇਤ ਤੇ ਸਹਾਰੇ ਵੇਖੋ ,
ਤੇ ਕਿਵੇਂ ਕੰਮ ਬਣਨ ਆਪ ਮੁਹਾਰੇ ਵੇਖੋ ।

ਮਾਲੋ ਜ਼ਰ ਦੇ ਨਾ ਇਲਾਵਾ ਜਿਨ੍ਹਾਂ ਨੂੰ ਕੁਝ ਵੀ ਦਿਸੇ,
ਸੱਖਣੇ ਰੂਹ ਤੇ ਦਿਲ ਤੋਂ ਉਹ ਵਿਚਾਰੇ ਵੇਖੋ ।

ਉਹਨਾਂ ਨੇ ਕਿੱਦਾਂ ਬਸਰ ਕੀਤੀ ਹੈ ਭਾਗਾਂ ਦੇ ਬਿਨਾਂ,
ਦੋਜ਼ਖ਼ਾਂ ਵਿਚ ਵੀ ਕਿਵੇਂ ਹੁੰਦੇ ਗੁਜ਼ਾਰੇ ਵੇਖੋ ।

ਲੋੜ ਤੋਂ ਵੱਧ ਕੇ ਸੱਚਾ ਨਹੀਂ ਹੋਵਣ ਦਿੱਤਾ,
ਏਸ ਚਿੰਤਾ ਨੇ ਕਿ ਰੁਸ ਜਾਣ ਨਾ ਪਿਆਰੇ ਵੇਖੋ ।

ਚੰਨ ਦੇ ਬਾਝੋਂ ਵੀ ਹੁੰਦਾ ਹੈ ਗਗਨ ਚੰਗਾ ਭਲਾ,
ਸ਼ਾਨ ਅੰਬਰ ਦੀ ਤਾਂ ਹੁੰਦੇ ਨੇ ਸਿਤਾਰੇ ਵੇਖੋ ।

ਵਕਤ ਨੇ ਸਾਰੇ ਗ਼ਰੂਰਾਂ 'ਚ ਹੀ ਡੁੱਬੇ ਬੰਦੇ ,
ਕਿੱਦਾਂ ਉੱਤੇ ਚੜ੍ਹਾ ਕੇ ਥੱਲੇ ਉਤਾਰੇ ਵੇਖੋ ।

ਸੂਫ਼ੀਆਂ ਸੰਤਾਂ ਦੀ ਵੀ ਮੰਨੋ ਤੇ ਉਸ ਮਾਲਕ ਦੇ,
ਝਾਤੀਆਂ ਮਾਰ ਕੇ ਦਿਲ ਵਿੱਚ ਇਸ਼ਾਰੇ ਵੇਖੋ ।

ਜਾਣਦੇ ਨੇ ਕਿ ਤਲਾਤੁਮ ਨੇ ਬੜੇ ਸਾਗਰ ਵਿਚ ,
ਫਿਰ ਵੀ ਆਬਾਦ ਕਰੀ ਬੈਠੇ ਕਿਨਾਰੇ ਵੇਖੋ ।

ਇਸ ਜ਼ਮਾਨੇ ਦੀਆਂ ਹੀਰਾਂ ਦੇ ਵੀ ਖੇੜੇ ਵੇਖੋ ,
ਅੱਜ ਦੇ ਰਾਂਝਿਆਂ ਦੇ ਤਖ਼ਤ ਹਜ਼ਾਰੇ ਵੇਖੋ ।

ਮਨ ਤਾਂ ਭਰਦਾ ਹੀ ਨਹੀਂ ਭਾਵੇਂ ਤੁਸੀਂ ਜਗ ਉੱਤੇ,
ਜਿੰਨੇ ਮਰਜ਼ੀ ਹੀ ਤਮਾਸ਼ੇ ਤੇ ਨਜ਼ਾਰੇ ਵੇਖੋ ।

Saturday, 29 September 2018

ਉਦਾਸ ਹਾਂ ਬੜਾ ਪਰ ਸ਼ਿਕਵੇ ਦੀ ਮਜਾਲ ਨਹੀਂ ,
ਜਹਾਨ ਉੱਤੇ ਤਾਂ ਕੋਈ ਸ਼ੈਅ ਲਾ ਜ਼ਵਾਲ ਨਹੀਂ ।

ਇਕੋ ਹੀ ਧਰਤ ਹੈ ਪਰ ਲੋਕ ਐਂਵੇਂ ਤੁਰ ਰਹੇ ਨੇ ,
ਜਿਵੇਂ ਕਿ ਸਾਨੀ ਕੋਈ ਲੱਭਣਾ ਮੁਹਾਲ ਨਹੀਂ ।

ਜੋ ਰਾਹ-ਏ-ਹੱਕ ਤੇ ਤੁਰਦਾ ਹੈ ਔਕੜਾਂ ਦੇ ਨਾਲ ,
ਨਿਢਾਲ ਭਾਵੇਂ ਦਿਸੇ ਹੁੰਦਾ ਪਰ ਨਿਢਾਲ ਨਹੀਂ। 

ਕਿਵੇਂ ਸੁਣੇਗਾ ਮਨੁੱਖ ਧਰਤੀ ਦੇ ਇਹ ਨਗ਼ਮੇ ਹੁਣ ,
ਜ਼ਮਾਨੇ ਵਿਚ ਤਾਂ ਇਹਨੂੰ ਖ਼ੁਦ ਦਾ ਵੀ ਖ਼ਿਆਲ ਨਹੀਂ ।

ਬਗ਼ੈਰ ਟਾਲ ਮਟੋਲਾਂ ਦੇ ਵੀ ਜਵਾਬ ਦਿਓ !
ਦਿਲਾਂ ਲਈ ਹੈ ਇਹ ਅਕਲਾਂ ਲਈ ਸਵਾਲ ਨਹੀਂ ।

ਪਲੀਤੀ ਜਿਹੜੀ ਭਰੀ ਹੋਈ ਹੈ ਮਨਾਂ ਅੰਦਰ,
ਇਹਨੂੰ ਮਿਟਾਉਣ ਤੋਂ ਵੱਡਾ ਕੋਈ ਕਮਾਲ ਨਹੀਂ। 

ਅਵੇਸਲਾ ਨਾ ਹੋ ਯਾਰਾ ਵੇ ਗ਼ੌਰ ਫ਼ਰਮਾ ਤੂੰ,
ਉਹ ਕਿਹੜੀ ਥਾਂ ਹੈ ਕਿ ਜਿੱਥੇ ਉਹਦਾ ਜਮਾਲ ਨਹੀਂ ?

ਗ਼ਜ਼ਲ

ਵੇਖਣੇ ਜੱਗ ਦੇ ਨਜ਼ਾਰੇ ਔਖੇ, ਰੋਕਣੇ ਅੱਥਰੂ ਖਾਰੇ ਔਖੇ। ਬੰਦਿਆ! ਪਾਏ ਜੋ ਤੂੰ ਧਰਤੀ 'ਤੇ, ਕੱਠੇ ਕਰਨੇ ਉਹ ਖਿਲਾਰੇ ਔਖੇ। ਸਿਰਫ਼ ਧਰਤੀ ਨਹੀਂ ਆਦਮ ਤੋਂ ਤੰਗ, ਇਹਦੇ ਤੋ...